ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ ਜੋ ਆਪਣੇ ਅੰਦਰੋਂ ਮੰਦੀ, ਅਕਲ ਅਤੇ ਦਵੈਤ-ਪਾਵ ਨੂੰ ਕੱਢ ਦਿੰਦਾ ਹੈ, ਉਸ ਇਨਸਾਨ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ। ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥ ਜਿਨ੍ਹਾਂ ਉਤੇ ਮੇਰਾ ਮਾਲਕ ਰਹਿਮਤ ਧਾਰਦਾ ਹੈ, ਰਾਤ ਦਿਨ ਉਹ ਸਾਈਂ ਦਾ ਜੱਸ ਗਾਇਨ ਕਰਦੇ ਹਨ। ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥ ਸਾਹਿਬ ਬਾਰੇ ਸੁਣ ਕੇ, ਮੇਰੀ ਜਿੰਦੜੀ ਸੁਭਾਵਕ ਹੀ ਉਸ ਦੀ ਸਰੇਸ਼ਟ ਪ੍ਰੀਤ ਨਾਲ ਮੋਮ ਹੋ ਗਈ ਹੈ। ਜੁਗ ਮਹਿ ਰਾਮ ਨਾਮੁ ਨਿਸਤਾਰਾ ॥ ਇਸ ਯੁੱਗ ਅੰਦਰ ਕੇਵਲ ਪ੍ਰਭੂ ਦੇ ਨਾਮ ਰਾਹੀਂ ਹੀ ਮੁਕਤੀ ਪਰਾਪਤ ਹੁੰਦੀ ਹੈ। ਗੁਰ ਤੇ ਉਪਜੈ ਸਬਦੁ ਵੀਚਾਰਾ ॥ ਗੁਰਾਂ ਤੋਂ ਹੀ ਸੁਆਮੀ ਦਾ ਸਿਮਰਨ ਉਤਪੰਨ ਹੁੰਦਾ ਹੈ। ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥ ਗੁਰਾਂ ਦੀ ਬਾਣੀ ਦੀ ਵੀਚਾਰ ਕਰਨ ਦੁਆਰਾ, ਪ੍ਰਭੂ ਦੇ ਨਾਮ ਨਾਲ ਪਿਰਹੜੀ ਪੈ ਜਾਂਦੀ ਹੈ। ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਹੀ ਇਸ ਨੂੰ ਪਰਾਪਤ ਕਰਦਾ ਹੈ। ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥ ਅਡੋਲਤਾ ਅੰਦਰ ਉਹ ਦਿਨ ਰਾਤ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਉਸ ਦੇ ਸਾਰੇ ਪਾਪ ਧੋਂਤੇ ਜਾਂਦੇ ਹਨ। ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥ ਸਾਰੇ ਤੇਰੇ ਹਨ ਤੂੰ ਸਾਰਿਆਂ ਦਾ ਹੈਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈਂ, ਹੇ ਠਾਕੁਰ! ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥ ਇਸ ਯੁੱਗ ਅੰਦਰ ਪ੍ਰਾਣੀ ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਪਾਰ ਉਤਰ ਜਾਂਦਾ ਹੈ। ਸਾਜਨ ਆਇ ਵੁਠੇ ਘਰ ਮਾਹੀ ॥ ਜਿਨ੍ਹਾਂ ਦੇ ਹਿਰਦੇ ਅੰਦਰ ਮਿੱਤਰ ਆ ਕੇ ਨਿਵਾਸ ਕਰ ਲੈਂਦਾ ਹੈ, ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ। ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥ ਵਾਹਿਗੁਰੂ ਦਾ ਜੱਸ ਗਾਇਨ ਕਰ ਕੇ, ਉਹ ਹਮੇਸ਼ਾਂ ਲਈ ਸੰਤੁਸ਼ਟ ਹੋ ਜਾਂਦੀ ਹੈ ਤੇ ਮੁੜ ਉਸ ਨੂੰ ਭੁੱਖ ਨਹੀਂ ਲੱਗਦੀ। ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥ ਸਾਹਿਬ ਦਾ ਗੋਲਾ, ਜਿਹੜਾ ਸੁਆਮੀ, ਵਾਹਿਗੁਰੂ ਦੇ ਨਾਮ ਨੂੰ ਆਰਾਧਦਾ ਹੈ, ਉਸ ਦੀ ਦੱਸੀ ਪਾਸੀਂ ਉਪਾਸਨਾ ਹੁੰਦੀ ਹੈ। ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥ ਨਾਨਕ, ਵਾਹਿਗੁਰੂ ਖੁਦ ਹੀ ਮਿਲਾਉਂਦਾ ਤੇ ਜੁਦਾ ਕਰਦਾ ਹੈ। ਵਾਹਿਗੁਰੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਸਾਜਨ ਆਇ ਵੁਠੇ ਘਰ ਮਾਹੀ ॥੪॥੧॥ ਮਿੱਤਰ ਆ ਕੇ ਮੇਰੇ ਦਿਲ-ਗ੍ਰਹਿ ਅੰਦਰ ਵੱਸ ਗਿਆ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਰਾਗੁ ਸੂਹੀ ਮਹਲਾ ੩ ਘਰੁ ੩ ॥ ਰਾਗੁ ਸੂਹੀ ਤੀਜੀ ਪਾਤਿਸ਼ਾਹੀ। ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥ ਮਹਾਰਾਜ ਮਾਲਕ ਆਪਣੇ ਜਾਂਨਿਸਾਰ ਗੋਲਿਆਂ ਦੀ ਲੱਜਿਆ ਰੱਖਦਾ ਹੈ। ਸਾਰਿਆਂ ਯੁੱਗਾਂ ਅੰਦਰ, ਉਹ ਇਯ ਨੂੰ ਰੱਖਦਾ ਰਿਹਾ ਹੈ। ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥ ਕੇਵਲ ਓਹੀ ਸਾਧੂ ਹੈ, ਜੋ ਗੁਰੂ-ਅਨੁਸਾਰੀ ਹੈ ਅਤੇ ਆਪਣੀ ਹੰਗਤਾ ਨੂੰ ਨਾਮ ਨਾਲ ਸਾੜ ਸੁੱਟਦਾ ਹੈ। ਹਉਮੈ ਸਬਦਿ ਜਲਾਇਆ ਮੇਰੇ ਹਰਿ ਭਾਇਆ ਜਿਸ ਦੀ ਸਾਚੀ ਬਾਣੀ ॥ ਜੋ ਆਪਣੀ ਸਵੈ-ਹੰਗਤਾ ਨੂੰ ਨਾਮ ਨਾਲ ਸਾੜ ਸੁੱਟਦਾ ਹੈ ਅਤੇ ਜਿਸ ਦੀ ਬੋਲ-ਬਾਣੀ ਸੱਚੀ ਹੈ, ਉਹ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ। ਸਚੀ ਭਗਤਿ ਕਰਹਿ ਦਿਨੁ ਰਾਤੀ ਗੁਰਮੁਖਿ ਆਖਿ ਵਖਾਣੀ ॥ ਦਿਨ ਰਾਤ ਉਹ ਸਾਹਿਬ ਦੀ ਸੱਚੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ, ਜੋ ਮੁੱਖੀ ਗੁਰਾਂ ਨੇ ਵਰਣਨ ਅਤੇ ਬਿਆਨ ਕੀਤੀ ਹੈ। ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥ ਸੱਚੀ ਅਤੇ ਪਰਮ ਪਵਿੱਤਰ ਹੈ ਸੰਤਾਂ ਦੀ ਜੀਵਨ-ਰਹੁ-ਰੀਤੀ ਅਤੇ ਸੱਚਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਨਾਨਕ ਭਗਤ ਸੋਹਹਿ ਦਰਿ ਸਾਚੈ ਜਿਨੀ ਸਚੋ ਸਚੁ ਕਮਾਇਆ ॥੧॥ ਨਾਨਕ ਸ਼ਰਧਾਲੂ, ਜੋ ਨਿਰੋਲ ਸੱਚ ਦੀ ਕਿਰਤ ਕਰਦੇ ਹਨ, ਸੱਚੇ ਦਰਬਾਰ ਅੰਦਰ ਸੁਹਣੇ ਲੱਗਦੇ ਹਨ। ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥ ਵਾਹਿਗੁਰੂ ਆਪਣੇ ਸੰਤਾਂ ਦੀ ਜਾਤੀ ਅਤੇ ਇੱਜ਼ਤ ਆਬਰੂ ਹੈ ਅਤੇ ਸੰਤ ਵਾਹਿਗੁਰੂ ਦੇ ਨਾਮ ਵਿੱਚ ਠੀਨ ਹੋਏ ਹੋਏ ਹਨ। ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ॥ ਉਹ ਰੱਬ ਦੀ ਉਪਾਸਨਾ ਕਰਦੇ ਹਨ, ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰਦੇ ਹਨ ਅਤੇ ਨੇਕੀਆਂ ਤੇ ਬਦੀਆਂ ਨੂੰ ਪਹਿਚਾਣਦੇ ਹਨ। ਗੁਣ ਅਉਗਣ ਪਛਾਣੈ ਹਰਿ ਨਾਮੁ ਵਖਾਣੈ ਭੈ ਭਗਤਿ ਮੀਠੀ ਲਾਗੀ ॥ ਉਹ ਚੰਗੇ ਅਤੇ ਮੰਦੇ ਦੀ ਪਛਾਣ ਕਰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ, ਅਤੇ ਸਾਈਂ ਦਾ ਡਰ ਤੇ ਭਗਤੀ ਉਨ੍ਹਾਂ ਨੂੰ ਮਿੱਠੇ ਲੱਗਦੇ ਹਨ। ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਘਰ ਹੀ ਮਹਿ ਬੈਰਾਗੀ ॥ ਰਾਤ ਦਿਨ ਉਹ ਹਮੇਸ਼ਾਂ ਸੁਆਮੀ ਦੀ ਸੇਵਾ ਕਮਾਉਂਦੇ ਹਨ ਅਤੇ ਆਪਣੇ ਘਰ ਅੰਦਰ ਹੀ ਨਿਰਲੇਪ ਰਹਿੰਦੇ ਹਨ। ਭਗਤੀ ਰਾਤੇ ਸਦਾ ਮਨੁ ਨਿਰਮਲੁ ਹਰਿ ਜੀਉ ਵੇਖਹਿ ਸਦਾ ਨਾਲੇ ॥ ਉਸ ਦੀ ਸੇਵਾ ਵਿੱਚ ਰੰਗੀ ਹੋਈ ਉਨ੍ਹਾਂ ਦੀ ਆਤਮਾ ਸਦੀਵ ਹੀ ਪਵਿੱਤਰ ਹੈ ਅਤੇ ਉਹ ਹਮੇਸ਼ਾਂ ਸੁਆਮੀ ਨੂੰ ਆਪਣੇ ਰੰਗ ਸੰਗ ਦੇਖਦੇ ਹਨ। ਨਾਨਕ ਸੇ ਭਗਤ ਹਰਿ ਕੈ ਦਰਿ ਸਾਚੇ ਅਨਦਿਨੁ ਨਾਮੁ ਸਮ੍ਹ੍ਹਾਲੇ ॥੨॥ ਨਾਨਕ ਉਹ ਸਾਧੂ ਸਾਈਂ ਦੇ ਦਰਬਾਰ ਅੰਦਰ ਸੱਚੇ ਹਨ ਅਤੇ ਉਹ ਰਾਤ ਦਿਨ ਨਾਮ ਨੂੰ ਸਿਮਰਦੇ ਹਨ। ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥ ਪ੍ਰਤੀਕੂਲ ਪੁਰਸ਼ ਸੱਚੇ ਗੁਰਾਂ ਦੇ ਬਗੈਰ ਸੁਆਮੀ ਦੀ ਉਪਾਸ਼ਨਾ ਕਰਦੇ ਹਨ ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਪ੍ਰੇਮ-ਮਈ ਸੇਵਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਹਉਮੈ ਮਾਇਆ ਰੋਗਿ ਵਿਆਪੇ ਮਰਿ ਜਨਮਹਿ ਦੁਖੁ ਹੋਈ ਰਾਮ ॥ ਉਨ੍ਹਾਂ ਨੂੰ ਹੰਗਤਾ ਅਤੇ ਸੰਸਾਰੀ ਲਗਨ ਦੀਆਂ ਬੀਮਾਰੀਆਂ ਚਿਮੜੀਆਂ ਹੋਈਆਂ ਹਨ ਅਤੇ ਮਰਨ ਤੇ ਜੰਮਣ ਅੰਦਰ ਉਹ ਕਸ਼ਟ ਉਠਾਉਂਦੇ ਹਨ। ਮਰਿ ਜਨਮਹਿ ਦੁਖੁ ਹੋਈ ਦੂਜੈ ਭਾਇ ਪਰਜ ਵਿਗੋਈ ਵਿਣੁ ਗੁਰ ਤਤੁ ਨ ਜਾਨਿਆ ॥ ਜਾਣ ਅਤੇ ਆਉਣ ਅੰਦਰ ਸੰਸਾਰ ਤਕਲੀਫ ਉਠਾਉਂਦਾ ਹੈ ਅਤੇ ਦਵੈਤ-ਭਾਵ ਵਿੱਚ ਬਰਬਾਦ ਹੋ ਜਾਂਦਾ ਹੈ। ਗੁਰਾਂ ਦੇ ਬਾਝੋਂ ਇਸ ਨੂੰ ਅਸਲੀਅਤ ਪਰਾਪਤ ਨਹੀਂ ਹੁੰਦੀ। ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥ ਪ੍ਰਭੂ ਦੇ ਅਨੁਰਾਗ ਦੇ ਬਾਝੋਂ ਸਾਰਾ ਸੰਸਾਰ ਭਟਕਦਾ ਫਿਰਦਾ ਹੈ ਅਤੇ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ। copyright GurbaniShare.com all right reserved. Email |