Page 777

ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥
ਮੇਰੇ ਦਿਲ ਤੇ ਦੇਹ ਅੰਦਰ ਗੁਰਾਂ ਦਾ ਮੁਖਾਰਬਿੰਦ ਵੇਖਣ ਦੀ ਅਭਿਲਾਸ਼ਾ ਹੈ ਤੇ ਇਸ ਲਈ ਮੈਂ ਪਿਆਰ ਭਰੇ ਭਰੋਸੇ ਦਾ ਬਿਸਤਰਾ ਵਿਛਾਇਆ ਹੈ, ਹੇ ਮੇਰੇ ਪਾਤਿਸ਼ਾਹ, ਪਰਮੇਸ਼ਰ, ਵਾਹਿਗੁਰੂ!

ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥
ਜਦ, ਹੇ ਗੋਲੇ ਨਾਨਕ! ਪਤਨੀ ਆਪਣੇ ਸੁਆਮੀ ਮਾਲਕ ਪਾਤਿਸ਼ਾਹ ਪਰਮੇਸ਼ਰ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਉਹ ਸੁਭਾਵਕ ਹੀ ਉਸ ਨੂੰ ਆ ਕੇ ਮਿਲ ਪੈਂਦਾ ਹੈ।

ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥
ਉਸ ਇਕੋ ਹੀ ਸੇਜ ਉਤੇ ਮੇਰਾ ਸੁਆਮੀ ਮਾਲਕ ਪਾਤਿਸ਼ਾਹ ਪਰਮੇਸ਼ਰ ਹੈ। ਗੁਰਾਂ ਦੀ ਦਰਸਾਈ ਹੋਈ ਮੈਂ ਆਪਣੇ ਵਾਹਿਗੁਰੂ ਨਾਲ ਮਿਲ ਪਵਾਂਗੀ।

ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥
ਮੇਰੀ ਆਤਮਾ ਤੇ ਦੇਹ ਅੰਦਰ ਪਾਤਿਸ਼ਾਹ ਪਰਮੇਸ਼ਰ ਦੀ ਪ੍ਰੀਤ ਦੇ ਪਿਰਹੜੀ ਹੈ। ਮੇਰੇ ਤੇ ਤਰਸ ਖਾ ਕੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।

ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥
ਮੈਂ ਬਲਿਹਾਰ ਜਾਂਦਾ ਹਾਂ ਆਪਣੇ ਗੁਰਦੇਵ ਜੀ ਉਤੋਂ ਹੇ ਪਾਤਿਸ਼ਾਹ ਪਰਮੇਸ਼ਰ! ਆਪਣੀ ਜਿੰਦੜੀ ਮੈਂ ਸੱਚੇ ਗੁਰਾਂ ਮੂਹਰੇ ਸਮਰਪਨ ਕਰਦਾ ਹਾਂ।

ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥
ਹੇ ਨਫਰ ਨਾਨਕ! ਜਦ ਗੁਰੂ ਜੀ ਪਪਰਮ ਪਰਸੰਨ ਹੋ ਜਾਂਦੇ ਹਨ, ਤਾਂ ਉਹ ਪ੍ਰਾਣੀ ਨੂੰ ਪਾਤਿਸ਼ਾਹ ਪਰਮੇਸ਼ਰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ।

ਰਾਗੁ ਸੂਹੀ ਛੰਤ ਮਹਲਾ ੫ ਘਰੁ ੧
ਰਾਗ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥
ਕੰਨ ਕਰ ਤੂੰ, ਹੇ ਪਗਲੇ ਪੁਰਸ਼! ਜਗਤ ਨੂੰ ਵੇਖ ਕੇ ਤੂੰ ਕਿਉਂ ਕੁਰਾਹੇ ਪੈ ਗਿਆ ਹੈ?

ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥
ਕੰਨ ਕਰ ਤੂ ਹੇ ਝੱਲੇ ਇਨਸਾਨ! ਤੂੰ ਕਸੁੰਭੇ ਦੇ ਫੁੱਲ ਦੀ ਰੰਗਤ ਨਾਲ ਝੂਠਾ ਪਿਆਰ ਪਾ ਲਿਆ ਹੈ।

ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥
ਝੂਠੀ ਦੁਨੀਆਂ ਨੂੰ ਵੇਖ ਕੇ ਤੂੰ ਭੁੱਲ ਗਿਆ ਹੈਂ। ਇਸ ਦਾ ਅੱਧੀ-ਕੌਡੀ ਭੀ ਮੁੱਲ ਨਹੀਂ ਪੈਂਣਾ। ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਮਜੀਠ ਵਰਗਾ ਪੱਕਾ ਰੰਗਾ ਹੈ।

ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥
ਗੁਰਾਂ ਦੀ ਮਿੱਠੀ ਬਾਣੀ ਦਾ ਵੀਚਾਰ ਕਰਨ ਦੁਆਰਾ ਤੂੰ ਪੋਸਤ ਦੇ ਫੁੱਲ ਦੀ ਤਰ੍ਹਾਂ ਪਰਮ ਗੂੜ੍ਹਾ ਲਾਲ ਹੋ ਜਾਵੇਗਾ।

ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥
ਤੂੰ ਝੂਠੀ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਰਹਿੰਦਾ ਹੈਂ ਅਤੇ ਕੁੜ ਨਾਲ ਚਿਮੜਿਆ ਹੋਇਆ ਹੈ।

ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥
ਮਸਕੀਨ ਨਾਨਕ ਰਹਿਮਤ ਦੇ ਖਜਾਨੇ ਵਾਹਿਗੁਰੂ ਦੀ ਪਨਾਹ ਲੋੜਦਾ ਹੈ ਜੋ ਆਪਣੇ ਸਾਧੂਆਂ ਦੀ ਇੱਜ਼ਤ ਆਬਰੂ ਰੱਖਦਾ ਹੈ।

ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥
ਸੁਣ ਤੂੰ ਹੇ ਕਮਲੇ ਪ੍ਰਾਣੀ! ਤੂੰ ਜਿੰਦ-ਜਾਨ ਦੇ ਸੁਆਮੀ ਆਪਣੇ ਮਾਲਕ ਦੀ ਟਹਿਲ ਸੇਵਾ ਕਰ।

ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥
ਸੁਣ ਤੂੰ, ਹੇ ਕਮਲੇ ਪ੍ਰਾਣੀ! ਜਿਹੜਾ ਕੋਈ ਭੀ ਜਹਾਨ ਵਿੱਚ ਆਇਆ ਹੈ, ਉਸ ਨੇ ਟੁਰ ਜਾਣਾ ਹੈ।

ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥
ਹੇ ਬਿਦੇਸੀਆ! ਜਿਸ ਨੂੰ ਤੂੰ ਸਦੀਵੀ ਸਥਿਰ ਸਮਝਦਾ ਹੈਂ, ਉਹ ਸਮੂਹ ਹੀ ਟੁਰ ਜਾਵੇਗਾ। ਇਸ ਲਈ ਤੂੰ ਸਾਧ ਸੰਗਤ ਨਾਲ ਜੁੜਿਆ ਰਹੁ।

ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥
ਤੂੰ ਸੁਣ, ਹੇ ਸੰਸਾਰ ਦੇ ਤਿਆਗੀ! ਚੰਗੇ ਨਸੀਬਾਂ ਦੁਆਰਾ ਤੂੰ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਕਰ ਅਤੇ ਉਸ ਦੇ ਪੈਰਾਂ ਨਾਲ ਪੱਕੀ ਤਰ੍ਹਾਂ ਜੁੜਿਆ ਰਹੁ।

ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥
ਤੂੰ ਆਪਣੀ ਇਹ ਜਿੰਦੜੀ ਸਾਈਂ ਨੂੰ ਅਰਪਨ ਕਰ ਦੇ ਅਤੇ ਸੰਦੇਹ ਨਾਂ ਧਾਰ। ਗੁਰਾਂ ਦੇ ਰਾਹੀਂ ਤੂੰ ਆਪਣੀ ਭਾਰੀ ਹੰਗਤਾ ਨੂੰ ਛੱਡ ਦੇ।

ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥
ਹੇ ਨਾਨਕ! ਮਸਕੀਨਾਂ ਅਤੇ ਸਾਧੂਆਂ ਨੂੰ ਸੁਆਮੀ, ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਉਚਾਰਨ ਤੇ ਵਰਣਨ ਕਰਾਂ, ਹੇ ਮਾਲਕ?

ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥
ਤੂੰ ਸੁਣ ਹੇ ਝੱਲੇ ਇਨਸਾਨ! ਤੂੰ ਝੂਠਾ ਹੰਕਾਰ ਕਿਉਂ ਕਰਦਾ ਹੈਂ?

ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥
ਤੁੰ ਸੁਣ ਝੱਲੇ ਮਨੁੱਖ! ਤੇਰੀ ਸਾਰੀ ਹੰਗਤਾ ਅਤੇ ਆਕੜ ਫੁੱਟ ਜਾਏਗੀ?

ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥
ਜਿਸ ਨੂੰ ਤੂੰ ਮੁਸਤਕਿਲ ਖਿਆਲ ਕਰਦਾ ਹੈਂ, ਉਹ ਸਮੂਹੀ ਹੀ ਟੁਰ ਜਾਏਗਾ। ਕੂੜਾ ਹੈ ਹੰਕਾਰ, ਇਸ ਲਈ ਤੂੰ ਸੁਆਮੀ ਦੇ ਸਾਧੂਆਂ ਦਾ ਸੇਵਕ ਹੋ ਜਾ।

ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥
ਜੇਕਰ ਤੇਰੀ ਇਹੋ ਜਿਹੀ ਲਿਖੀ ਹੋਈ ਪਰਾਲਭਧ ਹੋਵੇ, ਤੂੰ ਜੀਉਂਦੇ ਜੀ ਮਰਿਆ ਰਹੁ ਅਤੇ ਭਿਆਨਕ ਸਮੁੰਦਰ ਤੋਂ ਪਾਰ ਹੋ ਜਾ।

ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥
ਜੀਹਦੇ ਪਾਸੋਂ ਪ੍ਰਭੂ ਆਪਣਾ ਸਿਮਰਨ ਕਰਵਾਉਂਦਾ ਹੈ, ਉਹ ਗੁਰਾਂ ਦੀ ਟਹਿਲ ਕਮਾਉਂਦਾ ਤੇ ਸੁਧਾਰਸ ਪਾਨ ਕਰਦਾ ਹੈ।

ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥
ਨਾਨਕ ਨੇ ਵਾਹਿਗੁਰੂ ਦੇ ਦਰ ਦੀ ਪਨਾਹ ਲਈ ਹੈ। ਅਤੇ ਉਹ ਸਦੀਵ ਹੀ ਆਪਣੇ ਸਾਹਿਬ ਉਤੋਂ ਘੋਲੀ, ਘੋਲੀ, ਘੋਲੀ ਜਾਂਦਾ ਹੈ।

ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥
ਤੂੰ ਕੰਨ ਕਰ, ਹੇ ਕਮਲੇ ਇਨਸਾਨ! ਤੂੰ ਖਿਆਲ ਨਾਂ ਕਰ ਕਿ ਤੂੰ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।

ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥
ਤੂੰ ਕੰਨ ਕਰ! ਹੇ ਅਹਿਮਕ ਇਨਸਾਨ! ਤੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਹੋ ਜਾ, ਜੋ ਸੁਆਮੀ ਦਾ ਸਿਮਰਨ ਕਰਦੇ ਹਨ।

ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥
ਜੋ ਆਪਣੇ ਸਾਹਿਬ ਦਾ ਆਰਾਧਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ। ਪਰਮ ਚੰਗੇ ਨਸੀਬਾਂ ਦੁਆਰਾ ਉਨ੍ਹਾਂ ਦਾ ਦੀਦਾਰ ਪਰਾਪਤ ਹੁੰਦਾ ਹੈ।

ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥
ਤੂੰ ਅਜਿਜ਼ ਬਣ ਕੇ ਸਦੀਵ ਹੀ ਸਾਹਿਬ ਉਤੋਂ ਸਦਕੇ ਹੋ ਅਤੇ ਤੂੰ ਆਪਣੀ ਸਾਰੀ ਸਵੈ-ਹੰਗਤਾ ਨੂੰ ਮੇਟ ਦੇ।

ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥
ਉਹ ਪਵਿੱਤਰ ਅਤੇ ਸੁਲੱਖਣ ਕਰਮਾਂ ਵਾਲਾ ਹੈ, ਜਿਸ ਨੇ ਆਪਣਾ ਸਾਈਂ ਲੱਭ ਲਿਆ ਹੈ। ਮੈਂ ਉਸ ਕੋਲ ਵਿਕਿਆ ਹੋਇਆ ਹਾਂ।

ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥
ਮਸਕੀਨ ਨਾਨਕ ਨੇ ਆਰਾਮ ਦੇ ਸਮੁੰਦਰ ਦੀ ਪਨਾਹ ਲਈ ਹੈ। ਹੇ ਸੁਆਮੀ ਤੂੰ ਉਸ ਨੂੰ ਆਪਣਾ ਬਣਾ ਲੈ ਅਤੇ ਉਸ ਦੀ ਇੱਜ਼ਤ ਆਬਰੂ ਰੱਖ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
ਪ੍ਰਮ ਪਰਸੰਨ ਹੋ ਕੇ, ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਕੰਵਲ ਪੈਰਾਂ ਦਾ ਆਸਰਾ ਬਖਸ਼ਿਆ ਹੈ। ਮਹਾਰਾਜ ਮਾਲਕ ਦੇ ਉਤੋਂ ਮੈਂ ਘੋਲੀ ਜਾਂਦਾ ਹਾਂ।

copyright GurbaniShare.com all right reserved. Email