Page 792

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥
ਜਦ ਤਾਂਈਂ ਤੂੰ ਮੇਰੇ ਮਨ ਵਿੱਚ ਨਹੀਂ ਆਉਂਦਾ, ਮੈਂ ਰੋ ਰੋ ਕੇ ਕਿਉਂ ਨਾਂ ਮਰ ਜਾਵਾਂ।

ਮਃ ੨ ॥
ਦੂਜੀ ਪਾਤਿਸ਼ਾਹੀ।

ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥
ਜਦ ਖੁਸ਼ੀ ਹੈ ਤਦ ਤੂੰ ਆਪਣੇ ਕੰਤ ਨੂੰ ਯਾਦ ਕਰ। ਗਮੀ ਵਿੱਚ ਭੀ ਤੂੰ ਉਸ ਦਾ ਹੀ ਧਿਆਨ ਧਾਰ।

ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥
ਗੁਰੂ ਜੀ ਆਖਦੇ ਹਨ, ਹੇ ਬੁਧਵਾਨ ਪਤਨੀਏ! ਇਸ ਤਰੀਕੇ ਨਾਲ ਤੂੰ ਆਪਣੇ ਪਤੀ ਨੂੰ ਮਿਲ ਪਵੇਂਗੀ।

ਪਉੜੀ ॥
ਪਉੜੀ।

ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥
ਮੈਂ ਕੀੜੇ ਵਰਗਾ ਜੀਵ ਤੇਰੀ ਕਿਸ ਤਰ੍ਹਾਂ ਸਿਫ਼ਤ ਕਰ ਸਕਦਾ ਹਾਂ? ਵਿਸ਼ਾਲ ਹੈ ਤੇਰੀ ਵਿਸ਼ਾਲਤਾ, ਹੇ ਸਾਈਂ।

ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥
ਤੂੰ ਪਹੁੰਚੇ ਤੋਂ ਪਰੇ, ਮਿਹਰਬਾਨ ਅਤੇ ਅਥਾਹ ਹੈਂ। ਖੁਦ ਹੀ ਤੂੰ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥
ਤੇਰੇ ਬਾਂਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਅਖੀਰ ਵਿੱਚ ਕੇਵਲ ਤੂੰ ਹੀ ਮੇਰਾ ਸਹਾਇਕ ਹੋਵੇਂਗਾ।

ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥
ਜਿਹੜੇ ਤੇਰੀ ਛੱਤ੍ਰ-ਛਾਇਆ ਹੇਠ ਆਉਂਦੇ ਹਨ, ਉਨ੍ਹਾਂ ਨੂੰ ਤੂੰ ਬੰਦ-ਖਲਾਸ ਕਰਾ ਦਿੰਦਾ ਹੈਂ।

ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥
ਨਾਨਕ, ਮੁਛੰਦਗੀ-ਰਹਿਤ ਹੈ ਮੇਰਾ ਮਾਲਕ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥
ਰਾਗ ਸੂਹੀ। ਬਾਣੀ ਪੂਜ਼ਯ ਮਹਾਰਾਜ ਕਬੀਰ ਅਤੇ ਸਮੂੲ ਸੰਤਾਂ ਦੀ।

ਕਬੀਰ ਕੇ
ਕਬੀਰ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਅਵਤਰਿ ਆਇ ਕਹਾ ਤੁਮ ਕੀਨਾ ॥
ਜਨਮ ਧਾਰ ਕੇ, ਤੂੰ ਕੀ ਕੀਤਾ ਹੈ?

ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥
ਸੁਆਮੀ ਦਾ ਨਾਮ, ਤੂੰ ਕਦੇ ਭੀ ਉਚਾਰਨ ਨਹੀਂ ਕੀਤਾ।

ਰਾਮ ਨ ਜਪਹੁ ਕਵਨ ਮਤਿ ਲਾਗੇ ॥
ਤੂੰ ਸਾਹਿਬ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੀਆਂ ਮੰਦ ਰੁਚੀਆਂ ਨਾਲ ਜੁੜਿਆ ਹੋਇਆ ਹੈ।

ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥
ਤੂੰ ਆਪਣੀ ਮੌਤ ਲਈ ਕੀ ਤਿਆਰੀਆਂ ਕਰ ਰਿਹਾ ਹੈਂ, ਹੇ ਨਿਕਰਮਣ ਬੰਦੇ? ਠਹਿਰਾਉ।

ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥
ਤਕਲੀਫ ਅਤੇ ਖੁਸ਼ੀ ਰਾਹੀਂ ਤੂੰ ਆਪਣੇ ਟੱਬਰ-ਕਬੀਲੇ ਦਾ ਪਾਲਣ-ਪੋਸਣ ਕੀਤਾ ਹੈ।

ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥
ਮਰਨ ਵਾਲੇ ਤੂੰ ਆਪਣਾ ਕਸ਼ਟ ਕੱਲਮਕੱਲਾ ਹੀ ਸਹਾਰੇਂਗਾ।

ਕੰਠ ਗਹਨ ਤਬ ਕਰਨ ਪੁਕਾਰਾ ॥
ਜਦ ਮੌਤ ਦੇ ਫ਼ਰਿਸ਼ਤੇ ਨੇ ਤੈਨੂੰ ਗਿੱਚੀਓ ਆ ਫੜਿਆ ਤਦ ਤੂੰ, ਚੀਕ-ਚਿਹਾੜਾ ਪਾਵੇਂਗਾ।

ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥੩॥੧॥
ਕਬੀਰ ਜੀ ਆਖਦੇ ਹਨ, ਤੂੰ ਪਹਿਲੋਂ ਹੀ ਕਿਉਂ ਸਾਹਿਬ ਦਾ ਸਿਮਰਨ ਨਾਂ ਕੀਤਾ?

ਸੂਹੀ ਕਬੀਰ ਜੀ ॥
ਸੂਹੀ ਕਬੀਰ ਜੀ।

ਥਰਹਰ ਕੰਪੈ ਬਾਲਾ ਜੀਉ ॥
ਮੇਰੀ ਇੰਞਾਣੀ ਜਿੰਦੜੀ ਧੜਕਦੀ ਅਤੇ ਕੰਬਦੀ ਹੈ,

ਨਾ ਜਾਨਉ ਕਿਆ ਕਰਸੀ ਪੀਉ ॥੧॥
ਮੈਂ ਨਹੀਂ ਜਾਣਦੀ ਕਿ ਮੇਰਾ ਖਸਮ ਮੇਰੇ ਨਾਲ ਕੀ ਸਲੂਕ ਕਰੇਗਾ?

ਰੈਨਿ ਗਈ ਮਤ ਦਿਨੁ ਭੀ ਜਾਇ ॥
ਤੇਰੀ ਜੁਆਨੀ ਦੀ ਰਾਤ੍ਰੀ ਬੀਤ ਗਈ ਹੈ। ਆਪਣੀ ਬਿਰਧ ਅਵਸਥਾ ਦਾ ਦਿਹਾੜਾ ਭੀ ਤੂੰ ਵਿਆਰਥ ਬੀਤਣ ਨਾਂ ਦੇਈਂ।

ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥
ਕਾਲੇ ਭਾਉਰ ਚਲੇ ਗਏ ਹਨ ਅਤੇ ਚਿੱਟੇ ਬਗਲੇ ਆ ਕੇ ਬਹਿ ਗਏ ਹਨ। ਠਹਿਰਾਉ।

ਕਾਚੈ ਕਰਵੈ ਰਹੈ ਨ ਪਾਨੀ ॥
ਅਣਪੱਕੇ ਮਿੱਟੀ ਦੇ ਲੋਟੇ ਵਿੱਚ ਜਲ ਨਹੀਂ ਰਹਿੰਦਾ।

ਹੰਸੁ ਚਲਿਆ ਕਾਇਆ ਕੁਮਲਾਨੀ ॥੨॥
ਜਦ ਰੂਹ ਪਾ ਰਾਜ-ਹੰਸ ਟੁਰ ਜਾਂਦਾ ਹੈ ਤਾਂ ਦੇਹ ਮੁਰਝਾ ਜਾਂਦੀ ਹੈ।

ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥
ਮੈਂ ਅਣਵਿਆਹੀ ਜੁਆਨ ਕੁੜੀ ਦੀ ਤਰ੍ਹਾਂ ਹਾਰ-ਸ਼ਿੰਗਾਰ ਲਾਉਂਦੀ ਹਾਂ,

ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥
ਪਰ ਆਪਣੇ ਕੰਤ ਦੇ ਬਿਨਾ ਮੈਂ ਕਿਸ ਤਰ੍ਹਾਂ ਰੰਗ ਰਲੀਆ ਮਾਣ ਸਕਦੀ ਹਾਂ?

ਕਾਗ ਉਡਾਵਤ ਭੁਜਾ ਪਿਰਾਨੀ ॥
ਕਾਂ ਉਡਾਉਂਦੀ ਦੀ ਮੇਰੀ ਬਾਂਹ ਪੀੜ ਕਰਨ ਲੱਗ ਪਈ ਹੈ।

ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥
ਕਬੀਰ ਜੀ ਆਖਦੇ ਹਨ, ਇਸ ਤਰ੍ਹਾਂ ਜੀਵਨ ਦੀ ਕਹਾਣੀ ਮੁੱਕ ਜਾਂਦੀ ਹੈ।

ਸੂਹੀ ਕਬੀਰ ਜੀਉ ॥
ਸੂਹੀ ਕਬੀਰ ਜੀ।

ਅਮਲੁ ਸਿਰਾਨੋ ਲੇਖਾ ਦੇਨਾ ॥
ਤੇਰੀ ਅਮਲਦਾਰੀ, ਮੁੱਕ ਗਈ ਹੈ। ਤੈਨੂੰ ਹੁਣ ਆਪਣਾ ਹਿਸਾਬ-ਕਿਤਾਬ ਦੇਣਾ ਪਏਗਾ।

ਆਏ ਕਠਿਨ ਦੂਤ ਜਮ ਲੇਨਾ ॥
ਮੌਤ ਦੇ ਸਖਤ ਦਿਲ ਫ਼ਰਿਸ਼ਤੇ ਤੈਨੂੰ ਲੈਣ ਲਈ ਆਏ ਹਨ।

ਕਿਆ ਤੈ ਖਟਿਆ ਕਹਾ ਗਵਾਇਆ ॥
ਤੂੰ ਕੀ ਕਮਾਇਆ ਹੈ ਅਤੇ ਤੈਨੂੰ ਕਿਥੇ ਘਾਟਾ ਪਿਆ ਹੈ?

ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥
ਛੇਤੀ ਤੁਰ। ਤੈਨੂੰ ਕਚਹਿਰੀ ਵਿੱਚ ਸੱਦਿਆ ਗਿਆ ਹੈ।

ਚਲੁ ਦਰਹਾਲੁ ਦੀਵਾਨਿ ਬੁਲਾਇਆ ॥
ਏਸੇ ਹਾਲਤ ਵਿੱਚ ਹੀ ਟੁਰ ਪਉ। ਧਰਮਰਾਜ ਨੇ ਤੈਨੂੰ ਸੱਦਿਆ ਹੈ।

ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥
ਵਾਹਿਗੁਰੂ ਦੀ ਕਚਹਿਰੀ ਦਾ ਹੁਕਮ-ਨਾਮਾ ਤੇਰੇ ਲਈ ਆਇਆ ਹੈ।

ਕਰਉ ਅਰਦਾਸਿ ਗਾਵ ਕਿਛੁ ਬਾਕੀ ॥
(ਉਹ ਜਮ ਨੂੰ ਆਖਦਾ ਹੈ) ਮੈਂ ਬੇਨਤੀ ਕਰਦਾ ਹਾਂ, ਮੈਂ ਪਿੰਡ ਵਿਚੋਂ ਅਜੇ ਕੁਝ ਉਗਰਾਹੀ ਕਰਨੀ ਹੈ,

ਲੇਉ ਨਿਬੇਰਿ ਆਜੁ ਕੀ ਰਾਤੀ ॥
ਅਤੇ ਅੱਜ ਰਾਤ ਨੂੰ ਮੈਂ ਉਸ ਨੂੰ ਨਿਬੇੜ ਲਵਾਂਗਾ।

ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥
ਮੈਂ ਤੁਹਾਨੂੰ ਭੀ ਕੁਝ ਨਾਂ ਕੁਝ ਖਰਚ ਵੱਜੋਂ ਦੇਵਾਂਗਾ,

ਸੁਬਹ ਨਿਵਾਜ ਸਰਾਇ ਗੁਜਾਰਉ ॥੨॥
ਅਤੇ ਸਵੇਰ ਦੀ ਨਵਾਜ਼ ਮੈਂ ਤੁਹਾਡੇ ਨਾਲ ਰਸਤੇ ਦੀ ਸਰਾਂ ਵਿੱਚ ਪੜ੍ਹਾਂਗਾ।

ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥
ਉਹ ਸਾਹਿਬ ਦਾ ਗੋਲਾ ਜੋ ਸਤਿਸੰਗਤ ਅੰਦਰ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ,

ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥
ਉਹ ਸੁਲੱਖਣਾ, ਸੁਲੱਖਣਾ ਅਤੇ ਭਾਰੇ ਨਸੀਬਾਂ ਵਾਲਾ ਹੈ।

ਈਤ ਊਤ ਜਨ ਸਦਾ ਸੁਹੇਲੇ ॥
ਏਥੇ ਅਤੇ ਉਥੋ ਸਾਈਂ ਦੇ ਗੋਲੇ ਹਮੇਸ਼ਾਂ ਹੀ ਖੁਸ਼ ਹਨ।

ਜਨਮੁ ਪਦਾਰਥੁ ਜੀਤਿ ਅਮੋਲੇ ॥੩॥
ਉਹ ਮਨੁੱਖਾ-ਜੀਵਨ ਦੀ ਅਣਮੁੱਲੀ ਦੌਲਤ ਨੂੰ ਜਿੱਤ ਲੈਂਦੇ ਹਨ।

ਜਾਗਤੁ ਸੋਇਆ ਜਨਮੁ ਗਵਾਇਆ ॥
ਜਾਗਦਿਆਂ ਹੋਇਆਂ ਵੀ ਇਨਸਾਨ ਸੁੱਤਾ ਪਿਆ ਹੈ। ਇੰਜ ਉਹ ਆਪਣਾ ਜੀਵਨ ਗੁਆ ਲੈਂਦਾ ਹੈ।

ਮਾਲੁ ਧਨੁ ਜੋਰਿਆ ਭਇਆ ਪਰਾਇਆ ॥
ਜਾਇਦਾਦ ਤੇ ਦੌਲਤ, ਜੋ ਉਸ ਨੇ ਇਕੱਤਰ ਕੀਤੀ ਹੈ, ਹੋਰਸ ਦੀ ਹੋ ਜਾਂਦੀ ਹੈ।

ਕਹੁ ਕਬੀਰ ਤੇਈ ਨਰ ਭੂਲੇ ॥
ਕਬੀਰ ਜੀ ਆਖਦੇ ਹਨ, ਕੇਵਲ ਉਹ ਪੁਰਸ਼ ਹੀ ਗੁੰਮਰਾਹ ਹੁੰਦੇ ਹਨ,

ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥
ਜੋ ਆਪਣੇ ਕੰਤ ਨੂੰ ਭੁਲਾ ਕੇ ਮਿੱਟੀ ਨਾਲ ਖੇਡਦੇ ਹਨ।

copyright GurbaniShare.com all right reserved. Email