Page 865

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਰਾਮ ਰਾਮ ਸੰਗਿ ਕਰਿ ਬਿਉਹਾਰ ॥
ਤੂੰ ਕੇਵਲ ਸੁਆਮੀ ਮਾਲਕ ਨਾਲ ਹੀ ਵਣਜ ਵਪਾਰ ਕਰ।

ਰਾਮ ਰਾਮ ਰਾਮ ਪ੍ਰਾਨ ਅਧਾਰ ॥
ਸੁਆਮੀ ਮਾਲਕ ਦਾ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ।

ਰਾਮ ਰਾਮ ਰਾਮ ਕੀਰਤਨੁ ਗਾਇ ॥
ਤੂੰ ਸੁਆਮੀ ਮਾਲਕ ਦੇ ਨਾਮ ਦਾ ਜੱਸ ਗਾਇਨ ਕਰ।

ਰਮਤ ਰਾਮੁ ਸਭ ਰਹਿਓ ਸਮਾਇ ॥੧॥
ਸਰਬ-ਵਿਆਪਕ ਸੁਆਮੀ ਸਾਰੇ ਹੀ ਰਮ ਰਿਹਾ ਹੈ।

ਸੰਤ ਜਨਾ ਮਿਲਿ ਬੋਲਹੁ ਰਾਮ ॥
ਪਵਿੱਤਰ ਪੁਰਸ਼ਾਂ ਨੂੰ ਮਿਲ ਕੇ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।

ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥
ਸਾਰਿਆਂ ਨਾਲੋਂ ਇਹ ਪਰਮ ਪਵਿੱਤਰ ਅਤੇ ਮੁਕੰਮਲ ਕਾਰ ਵਿਹਾਰ ਹੈ। ਠਹਿਰਾਉ।

ਰਾਮ ਰਾਮ ਧਨੁ ਸੰਚਿ ਭੰਡਾਰ ॥
ਤੂੰ ਰੱਬ ਦੇ ਨਾਮ ਦੀ ਦੌਲਤ ਦਾ ਖਜਾਨਾ ਇਕੱਤਰ ਕਰ।

ਰਾਮ ਰਾਮ ਰਾਮ ਕਰਿ ਆਹਾਰ ॥
ਤੂੰ ਸੁਆਮੀ ਮਾਲਕ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾ।

ਰਾਮ ਰਾਮ ਵੀਸਰਿ ਨਹੀ ਜਾਇ ॥
ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ।

ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥
ਮਿਹਰ ਧਾਰ ਕੇ, ਗੁਰਾਂ ਨੇ ਮੈਨੂੰ ਨਾਮ ਦਰਸਾ ਦਿੱਤਾ ਹੈ।

ਰਾਮ ਰਾਮ ਰਾਮ ਸਦਾ ਸਹਾਇ ॥
ਸੁਆਮੀ ਮਾਲਕ ਦਾ ਨਾਮ ਸਦੀਵ ਹੀ ਮੇਰਾ ਸਹਾਇਤ ਹੈ।

ਰਾਮ ਰਾਮ ਰਾਮ ਲਿਵ ਲਾਇ ॥
ਤੂੰ ਸੁਆਮੀ ਮਾਲਕ ਦੇ ਨਾਮ ਨਾਲ ਪਿਰਹੜੀ ਪਾ।

ਰਾਮ ਰਾਮ ਜਪਿ ਨਿਰਮਲ ਭਏ ॥
ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਪਵਿੱਤਰ ਹੋ ਗਿਆ ਹਾਂ,

ਜਨਮ ਜਨਮ ਕੇ ਕਿਲਬਿਖ ਗਏ ॥੩॥
ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।

ਰਮਤ ਰਾਮ ਜਨਮ ਮਰਣੁ ਨਿਵਾਰੈ ॥
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣੇ ਅਤੇ ਮਰਨੇ ਮੁੱਕ ਜਾਂਦੇ ਹਨ।

ਉਚਰਤ ਰਾਮ ਭੈ ਪਾਰਿ ਉਤਾਰੈ ॥
ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਾਣੀ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਸਭ ਤੇ ਊਚ ਰਾਮ ਪਰਗਾਸ ॥
ਪ੍ਰਕਾਸ਼ਵਾਨ ਪ੍ਰਭੂ ਸਾਰਿਆਂ ਨਾਲੋਂ ਉਚਾ ਹੈ।

ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥
ਰਾਤ ਦਿਨ ਨਫਰ ਨਾਨਕ ਉਸ ਦਾ ਆਰਾਧਨ ਕਰਦਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਉਨ ਕਉ ਖਸਮਿ ਕੀਨੀ ਠਾਕਹਾਰੇ ॥
ਮੇਰੇ ਮਾਲਕ ਨੇ ਉਨ੍ਹਾਂ ਪੰਜਾਂ ਭੂਤਨਿਆਂ ਨੂੰ ਰੋਕ ਰੱਖਿਆ ਹੈ।

ਦਾਸ ਸੰਗ ਤੇ ਮਾਰਿ ਬਿਦਾਰੇ ॥
ਉਸ ਨੇ ਉਨ੍ਹਾਂ ਆਪਣੇ ਗੋਲੇ (ਮੇਰੇ) ਨਾਲ ਮਿਲਣ ਤੋਂ ਮਾਰ ਕੇ ਪਰੇ ਹਟਾ ਦਿੱਤਾ ਹੈ।

ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥
ਉਹ ਸੁਆਮੀ ਦੇ ਸੰਤ ਦੇ ਮੰਦਰ ਨੂੰ ਲੱਭ ਨਹੀਂ ਸਕਦੇ।

ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥
ਇਕੱਠੇ ਹੋ ਕੇ, ਸਾਹਿਬ ਦੇ ਗੋਲੇ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ।

ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥
ਪੰਜ ਭੂਤਨੇ ਸਾਰੇ ਜਹਾਨ ਦੇ ਹਾਕਮ ਹਨ,

ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥
ਪਰ ਸੁਆਮੀ ਦੇ ਸਾਧੂ ਦੇ ਉਹ ਪਾਣੀ ਭਰਨ ਵਾਲੇ ਹਨ। ਠਹਿਰਾਉ।

ਜਗਤ ਪਾਸ ਤੇ ਲੇਤੇ ਦਾਨੁ ॥
ਸੰਸਾਰ ਪਾਸੋਂ ਉਹ ਖਿਰਾਜ ਲੈਂਦੇ ਹਨ।

ਗੋਬਿੰਦ ਭਗਤ ਕਉ ਕਰਹਿ ਸਲਾਮੁ ॥
ਸੁਆਮੀ ਦੇ ਸ਼ਰਧਾਲੂ ਨੂੰ ਇਹ ਪਰਣਾਮ ਕਰਦੇ ਹਨ।

ਲੂਟਿ ਲੇਹਿ ਸਾਕਤ ਪਤਿ ਖੋਵਹਿ ॥
ਉਹ ਮਾਇਆ ਦੇ ਉਪਾਸ਼ਕਾਂ ਨੂੰ ਲੁੱਟ ਪੁੱਟ ਕੇ ਬੇਇੱਜ਼ਤਤ ਕਰਦੇ ਹਨ।

ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥
ਉਹ ਸੰਤ ਸਰੂਪ ਪੁਰਸ਼ਾਂ ਦੇ ਪੈਰ ਮਲਦੇ ਅਤੇ ਧੋਂਦੇ ਹਨ।

ਪੰਚ ਪੂਤ ਜਣੇ ਇਕ ਮਾਇ ॥
ਇਕ ਵਾਹਿਗੁਰੂ ਮਾਤਾ ਨੇ ਪੰਜਾਂ ਪੁਤਰਾਂ ਨੂੰ ਜਨਮ ਦਿੱਤਾ ਹੈ,

ਉਤਭੁਜ ਖੇਲੁ ਕਰਿ ਜਗਤ ਵਿਆਇ ॥
ਅਤੇ ਧਰਤੀ-ਉਤਪੰਨ ਆਦਿ, ਚਾਰ ਉਤਪਤੀ ਦੇ ਸੋਮਿਆਂ ਦੀ ਖੇਡ ਜਾਰੀ ਕਰਕੇ, ਸੰਸਾਰ ਨੂੰ ਰਚਿਆ ਹੈ।

ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥
ਤਿੰਨਾਂ ਲੱਛਣਾਂ ਨਾਲ ਜੁੜ ਕੇ ਪ੍ਰਾਣੀ ਅਨੰਦ ਮਾਣਦੇ ਹਨ।

ਇਨ ਕਉ ਛੋਡਿ ਊਪਰਿ ਜਨ ਬਸੇ ॥੩॥
ਇਨ੍ਹਾਂ ਤਿੰਨਾਂ ਹੀ ਅਵਸਥਾਵਾਂ ਨੂੰ ਤਿਆਗ ਕੇ, ਸਾਈਂ ਦੇ ਗੋਲੇ ਉਨ੍ਹਾਂ ਤੋਂਹ ਉਚੇਰੇ ਨਿਵਾਸ ਕਰਦੇ ਹਨ।

ਕਰਿ ਕਿਰਪਾ ਜਨ ਲੀਏ ਛਡਾਇ ॥
ਸੁਆਮੀ ਨੇ ਮਿਹਰ ਧਾਰ ਕੇ ਆਪਣੇ ਗੋਲਿਆਂ ਨੂੰ ਛੁਡਾ ਲਿਆ ਹੈ।

ਜਿਸ ਕੇ ਸੇ ਤਿਨਿ ਰਖੇ ਹਟਾਇ ॥
ਜਿਸ ਦੀ ਉਹ ਮਲਕੀਅਤ ਹਨ, ਉਸ ਨੇ ਪਾਪਾਂ ਨੂੰ ਪਰੇ ਹਟਾ ਕੇ, ਉਨ੍ਹਾਂ ਦੀ ਰੱਖਿਆ ਕੀਤੀ ਹੈ।

ਕਹੁ ਨਾਨਕ ਭਗਤਿ ਪ੍ਰਭ ਸਾਰੁ ॥
ਗੁਰੂ ਜੀ ਆਖਦੇ ਹਨ, ਸਰੇਸ਼ਟ ਹੈ ਉਨ੍ਹਾਂ ਦੀ ਪ੍ਰੇਮ-ਭਾਵਨਾ।

ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥
ਸਾਈਂ ਦੇ ਸਿਮਰਨ ਦੇ ਬਾਝੋਂ ਸਾਰੇ ਹੀ ਦੁਖੀ ਹੁੰਦੇ ਹਨ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਕਲਿ ਕਲੇਸ ਮਿਟੇ ਹਰਿ ਨਾਇ ॥
ਵਾਹਿਗੁਰੂ ਦੇ ਨਾਮ ਦੇ ਰਾਹੀਂ ਸਾਰੇ ਦੁੱਖਣੇ ਅਤੇ ਝਗੜੇ ਦੂਰ ਹੋ ਜਾਂਦੇ ਹਨ।

ਦੁਖ ਬਿਨਸੇ ਸੁਖ ਕੀਨੋ ਠਾਉ ॥
ਮੁਸੀਬਤਾਂ ਮੁੱਕ ਜਾਂਦੀਆਂ ਹਨ ਤੇ ਆਰਾਮ ਉਨ੍ਹਾਂ ਦੀ ਥਾਂ ਪਾ ਲੈਂਦਾ ਹੈ।

ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥
ਸੁਧਾਸਰੂਪ-ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ, ਮੈਂ ਤ੍ਰਿਪਤ ਹੋ ਗਿਆ ਹਾਂ।

ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥
ਸਾਧੂਆਂ ਦੀ ਦਇਆ ਦੁਆਰਾ, ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ।

ਰਾਮ ਜਪਤ ਜਨ ਪਾਰਿ ਪਰੇ ॥
ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਸ ਦੇ ਗੋਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ,

ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥
ਅਤੇ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਕਸਮਲ ਧੋਤੇ ਜਾਂਦੇ ਹਨ।

ਗੁਰ ਕੇ ਚਰਨ ਰਿਦੈ ਉਰਿ ਧਾਰੇ ॥
ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ ਕੇ,

ਅਗਨਿ ਸਾਗਰ ਤੇ ਉਤਰੇ ਪਾਰੇ ॥
ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ ਹਾਂ।

ਜਨਮ ਮਰਣ ਸਭ ਮਿਟੀ ਉਪਾਧਿ ॥
ਮੈਂ ਆਉਣ ਤੇ ਜਾਣ ਦਿਆਂ ਸਾਰਿਆਂ ਰੋਗਾਂ ਤੋਂ ਖਲਾਸੀ ਪਾ ਗਿਆ ਹਾਂ,

ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥
ਤੇ ਅਫੁਰ ਤਾੜੀ ਅਦਰ ਸੁਆਮੀ ਨਾਲ ਜੁੜ ਗਿਆ ਹਾਂ।

ਥਾਨ ਥਨੰਤਰਿ ਏਕੋ ਸੁਆਮੀ ॥
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾ ਅੰਦਰ ਇਕ ਪ੍ਰਭੂ ਰਮਿਆ ਹੋਇਆ ਹੈ।

ਸਗਲ ਘਟਾ ਕਾ ਅੰਤਰਜਾਮੀ ॥
ਪ੍ਰਭੂ ਸਮੂਹ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ।

ਕਰਿ ਕਿਰਪਾ ਜਾ ਕਉ ਮਤਿ ਦੇਇ ॥
ਜਿਸ ਨੂੰ ਸੁਆਮੀ ਮਿਹਰ ਧਾਰ ਕੇ ਯਥਾਰਥ ਸਮਝ ਪਰਦਾਨ ਕਰਦਾ ਹੈ,

ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥
ਉਹ ਅੱਠੇ ਪਹਿਰ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।

ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥
ਜਿਸ ਦੇ ਅੰਦਰ ਸਾਹਿਬ ਖੁਦ ਨਿਵਾਸ ਰੱਖਦਾ ਹੈ;

ਤਾ ਕੈ ਹਿਰਦੈ ਹੋਇ ਪ੍ਰਗਾਸੁ ॥
ਉਸ ਦੇ ਮਨ ਵਿੱਚ ਈਸ਼ਵਰੀ ਨੂਰ ਉਦੈ ਹੋ ਆਉਂਦਾ ਹੈ।

ਭਗਤਿ ਭਾਇ ਹਰਿ ਕੀਰਤਨੁ ਕਰੀਐ ॥
ਸ਼ਰਧਾ ਅਤੇ ਪ੍ਰੇ ਨਾਲ, ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ।

ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥
ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਤੇਰੀ ਕਲਿਆਣ ਹੋ ਜਾਵੇਗੀ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

copyright GurbaniShare.com all right reserved. Email