Page 872

ਗੋਂਡ ॥
ਗੋਂਡ।

ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥
ਜਿਸ ਦੇ ਘਰ ਵਿੱਚ ਮਾਇਆ ਦੀ ਪ੍ਰਭਤਾ ਨਹੀਂ,

ਆਵਤ ਪਹੀਆ ਖੂਧੇ ਜਾਹਿ ॥
ਉਥੋਂ ਪ੍ਰਾਹੁਣਾ ਆ ਕੇ ਭੁੱਖੇਭਾਣੇ ਹੀ ਟੁਰ ਜਾਂਦੇ ਹਨ।

ਵਾ ਕੈ ਅੰਤਰਿ ਨਹੀ ਸੰਤੋਖੁ ॥
ਉਸ ਦੇ ਮਨ ਅੰਦਰ ਸੰਤੁਸ਼ਟਤਾ ਨਹੀਂ।

ਬਿਨੁ ਸੋਹਾਗਨਿ ਲਾਗੈ ਦੋਖੁ ॥੧॥
ਉਸ ਦੀ ਪਤਨੀ, ਧਨ-ਦੌਲਤ ਦੇ ਬਾਝੋਂ ਉਸ ਨੂੰ ਦੁੱਖ ਹੁੰਦਾ ਹੈ।

ਧਨੁ ਸੋਹਾਗਨਿ ਮਹਾ ਪਵੀਤ ॥
ਸ਼ਾਬਾਸ਼ ਹੇ ਮਾਇਆ ਨੂੰ! ਜੋ ਪਰਮ ਪਵਿੱਤਰ ਪੁਰਸ਼ਾਂ,

ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥
ਤਪੱਸਵੀਆਂ ਅਤੇ ਵੱਡੇ ਰਿਸ਼ੀਆ ਦੇ ਮਨ ਨੂੰ ਭੀ ਡੁਲਾ ਦਿੰਦੀ ਹੈ। ਠਹਿਰਾਉ।

ਸੋਹਾਗਨਿ ਕਿਰਪਨ ਕੀ ਪੂਤੀ ॥
ਮਾਇਆ ਕੰਜੂਸ ਦੀ ਪੁੱਤ੍ਰੀ ਹੈ।

ਸੇਵਕ ਤਜਿ ਜਗਤ ਸਿਉ ਸੂਤੀ ॥
ਸਾਈਂ ਦੇ ਗੋਲੇ ਨੂੰ ਛੱਡ ਕੇ, ਉਹ ਸੰਸਾਰ ਨਾਲ ਸੌਂਦੀ ਹੈ।

ਸਾਧੂ ਕੈ ਠਾਢੀ ਦਰਬਾਰਿ ॥
ਸੰਤ ਦੇ ਬੂਹੇ ਦੇ ਖਲੋ ਕੇ ਉਹ ਆਖਦੀ ਹੈ,

ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥
ਮੈਂ ਪਨਾਹ ਲਈ ਹੈ, ਹੁਣ ਤੂੰ ਮੇਰੀ ਰੱਖਿਆ ਕਰ।

ਸੋਹਾਗਨਿ ਹੈ ਅਤਿ ਸੁੰਦਰੀ ॥
ਪਤਨੀ ਨਿਹਾਇਤ ਹੀ ਸੁਹਣੀ ਸੁਨੱਖੀ ਹੈ।

ਪਗ ਨੇਵਰ ਛਨਕ ਛਨਹਰੀ ॥
ਉਸ ਦੀਆਂ ਬਾਂਕਾਂ ਉਸ ਦੇ ਪੈਂਰਾਂ ਤੇ ਛਣਛਣ ਕਰਦੀਆਂ ਹਨ।

ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥
ਜਦ ਤਾਂਈਂ ਆਦਮੀ ਜੀਉਂਦਾ ਹੈ, ਤਦ ਤਾਈਂ ਉਹ ਉਸ ਨਾਲ ਜੁੜੀ ਰਹਿੰਦੀ ਹੈ।

ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥
ਜਦ ਜਾਨ ਨਿਕਲ ਜਾਂਦੀ ਹੈ, ਉਹ ਝੱਟਪੱਟ ਖੜੀ ਹੋ ਨੰਗੇ ਪੈਰੀ ਹੀ ਟੁਰ ਜਾਂਦੀ ਹੈ।

ਸੋਹਾਗਨਿ ਭਵਨ ਤ੍ਰੈ ਲੀਆ ॥
ਮਾਇਆ ਨੇ ਤਿੰਨੇ ਹੀ ਜਹਾਨ ਜਿੱਤ ਲਏ ਹਨ।

ਦਸ ਅਠ ਪੁਰਾਣ ਤੀਰਥ ਰਸ ਕੀਆ ॥
ਅਠਾਰਾਂ ਪੁਰਾਣ ਅਤੇ ਯਾਤ੍ਰਾ ਅਸਥਾਨ ਭੀ ਉਸ ਨੂੰ ਪਿਆਰ ਕਰਦੇ ਹਨ।

ਬ੍ਰਹਮਾ ਬਿਸਨੁ ਮਹੇਸਰ ਬੇਧੇ ॥
ਉਸ ਨੇ ਬ੍ਰਹਿਮਾ, ਵਿਸ਼ਨੂੰ ਅਤੇ ਸ਼ਿਵਜੀ ਦੇ ਦਿਲ ਵਿੰਨ੍ਹ ਛੱਡੇ ਹਨ।

ਬਡੇ ਭੂਪਤਿ ਰਾਜੇ ਹੈ ਛੇਧੇ ॥੪॥
ਉਸ ਨੇ ਜਿਮੀਂ ਦੇ ਭਾਰੇ ਸੁਆਮੀਆਂ ਅਤੇ ਪਾਤਿਸ਼ਾਹਾਂ ਨੂੰ ਤਬਾਹ ਕਰ ਦਿੱਤਾ ਹੈ।

ਸੋਹਾਗਨਿ ਉਰਵਾਰਿ ਨ ਪਾਰਿ ॥
ਮਾਇਆ ਦਾ ਕੋਈ ਇਹ ਜਾਂ ਉਹ ਕਿਨਾਰਾ ਨਹੀਂ।

ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥
ਉਸ ਦੀ ਨਾਰਦ ਵਰਗੇ ਚੰਚਲ ਪੰਜੇ ਵਿਸ਼ੇ ਵੇਗਾਂ ਨਾਲ ਸਾਜ਼ਿਸ਼ ਹਨ।

ਪਾਂਚ ਨਾਰਦ ਕੇ ਮਿਟਵੇ ਫੂਟੇ ॥
ਜਦ ਪੰਜੇ ਵਿਸ਼ੇ-ਵੇਗਾਂ ਦੇ ਮਿੱਟੀ ਦੇ ਭਾਂਡੇ ਟੁੱਟ ਜਾਂਦੇ ਹਨ,

ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥
ਤਦ ਕਬੀਰ ਜੀ ਆਖਦੇ ਹਨ, ਇਨਸਾਨ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।

ਗੋਂਡ ॥
ਗੋਂਡ।

ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥
ਜਿਸ ਤਰ੍ਹਾਂ ਘਰ ਨਹੀਂ ਠਹਿਰਦਾ, ਜੇਕਰ ਉਸ ਦੇ ਅੰਦਰੋਂ ਸ਼ਤੀਰ ਖਿੱਚ ਲਏ ਜਾਣ,

ਨਾਮ ਬਿਨਾ ਕੈਸੇ ਪਾਰਿ ਉਤਰੈ ॥
ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਉਤਰ ਸਕਦਾ ਹੈ?

ਕੁੰਭ ਬਿਨਾ ਜਲੁ ਨਾ ਟੀਕਾਵੈ ॥
ਜਿਸ ਤਰ੍ਹਾਂ ਖੜੇ ਦੇਬ ਬਗੈਰ ਪਾਣੀ ਨਹੀਂ ਠਹਿਰਦਾ,

ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥
ਇਸੇ ਤਰ੍ਹਾਂ ਹੀ ਸੰਤ ਦੇ ਬਗੈਰ ਇਨਸਾਨ ਬੁਰੀ ਹਾਲਤ ਵਿੱਚ ਟੁਰ ਜਾਂਦਾ ਹੈ।

ਜਾਰਉ ਤਿਸੈ ਜੁ ਰਾਮੁ ਨ ਚੇਤੈ ॥
ਉਸ ਨੂੰ ਸਾੜ ਸੁੱਟ ਜੋ ਸਾਹਿਬ ਨੂੰ ਯਾਦ ਨਹੀਂ ਕਰਦਾ,

ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥
ਅਤੇ ਜਿਸ ਦਾ ਚਿੱਤ ਉਸ ਦੀ ਦੇਹ ਦੀ ਪੈਲੀ ਅਦਰ ਹੀ ਲੀਨ ਰਹਿੰਦਾ ਹੈ। ਠਹਿਰਾਉ।

ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥
ਜਿਸ ਤਰ੍ਹਾਂ ਹਾਲੀ ਦੇ ਬਗੈਰ ਜ਼ਮੀਨ ਬੀਜੀ ਨਹੀਂ ਜਾਂਦੀ,

ਸੂਤ ਬਿਨਾ ਕੈਸੇ ਮਣੀ ਪਰੋਈਐ ॥
ਜਿਸ ਤਰ੍ਹਾਂ ਧਾਗੇ ਦੇ ਬਾਝੋਂ ਮਣਕੇ ਕਿਸ ਤਰ੍ਹਾਂ ਪਰੋਤੇ ਜਾ ਸਕਦੇ ਹਨ,

ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥
ਤੇ ਜਿਸ ਤਰ੍ਹਾਂ ਮਰੋੜ ਦੇ ਬਿਨਾਂ ਗੰਢ ਕਿਵੇਂ ਦਿੱਤੀ ਜਾ ਸਕਦੀ ਹੈ,

ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥
ਇਸੇ ਤਰ੍ਹਾਂ ਹੀ ਸੰਤ ਦੀ ਮਿਹਰ ਦੇ ਬਾਝੋਂ ਬੰਦਾ ਮੁਕਤੀ ਦੇ ਬਿਨਾ ਹੀ ਟੁਰ ਜਾਂਦਾ ਹੈ।

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥
ਜਿਸ ਤਰ੍ਹਾਂ ਮਾਂ ਤੇ ਪਿਓ ਦੇ ਬਗੈਰ ਬੱਚਾ ਨਹੀਂ ਹੋ ਸਕਦਾ;

ਬਿੰਬ ਬਿਨਾ ਕੈਸੇ ਕਪਰੇ ਧੋਈ ॥
ਜਿਸ ਤਰ੍ਹਾਂ ਪਾਣੀ ਦੇ ਬਗੈਰ ਕਪੜੇ ਕਿਸ ਤਰ੍ਹਾਂ ਧੋਂਤੇ ਜਾ ਸਕਦੇ ਹਨ,

ਘੋਰ ਬਿਨਾ ਕੈਸੇ ਅਸਵਾਰ ॥
ਤੇ ਜਿਸ ਤਰ੍ਹਾਂ ਘੋੜੇ ਦੇ ਬਗੈਰ ਬੰਦਾ ਘੋੜ-ਸਵਾਰ ਕਿਸ ਤਰ੍ਹਾਂ ਹੋ ਸਕਦਾ ਹੈ,

ਸਾਧੂ ਬਿਨੁ ਨਾਹੀ ਦਰਵਾਰ ॥੩॥
ਏਸੇ ਤਰ੍ਹਾਂ ਹੀ ਸੰਤ ਦੇ ਰਹਿਮਤ ਦੇ ਬਾਝੋਂ ਇਨਸਾਨ ਸੁਆਮੀ ਦੀ ਦਰਗਾਹ ਨੂੰ ਪੁੱਜ ਨਹੀਂ ਸਕਦਾ।

ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥
ਜਿਸ ਤਰ੍ਹਾਂ ਸੁਰ-ਤਾਲ ਦੇ ਬਗੈਰ ਨਾਚ ਨਹੀਂ ਹੋ ਸਕਦਾ,

ਖਸਮਿ ਦੁਹਾਗਨਿ ਤਜਿ ਅਉਹੇਰੀ ॥
ਇਸ ਤਰ੍ਹਾਂ ਹੀ ਕੰਤ ਦੀ ਛੱਡੀ ਹੋਈ ਅਪਵਿੱਤਰ ਪਤਨੀ ਬੇਇੱਜ਼ਤ ਹੁੰਦੀ ਹੈ।

ਕਹੈ ਕਬੀਰੁ ਏਕੈ ਕਰਿ ਕਰਨਾ ॥
ਕਬੀਰ ਜੀ ਆਖਦੇ ਹਨ, ਤੂੰ ਕੇਵਲ ਇਕ ਕੰਮ ਹੀ ਕਰ,

ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥
ਤੂੰ ਗੁਰਾਂ ਦੀ ਰਜ਼ਾ ਦਾ ਅਨੁਸਾਰੀ ਹੋ ਜਾ, ਇੰਜ ਤੂੰ ਮੁੜ ਕੇ ਮਰੇਂਗਾ ਨਹੀਂ।

ਗੋਂਡ ॥
ਗੋਂਡ।

ਕੂਟਨੁ ਸੋਇ ਜੁ ਮਨ ਕਉ ਕੂਟੈ ॥
ਕੇਵਲ ਉਹ ਹੀ ਦਲਾ ਹੈ, ਜੋ ਆਪਣੇ ਮਨੂਏ ਨੂੰ ਕੁੱਟ ਕੇ ਠੀਕ ਕਰਦਾ ਹੈ।

ਮਨ ਕੂਟੈ ਤਉ ਜਮ ਤੇ ਛੂਟੈ ॥
ਜੇਕਰ ਇਨਸਾਨ ਆਪਣੇ ਮਨੂਏ ਨੂੰ ਸੁਧਾਰ ਲਵੇ, ਤਾਂ ਉਹ ਮੌਤ ਦੇ ਦੂਤ ਤੋਂ ਖਲਾਸੀ ਪਾ ਜਾਂਦਾ ਹੈ।

ਕੁਟਿ ਕੁਟਿ ਮਨੁ ਕਸਵਟੀ ਲਾਵੈ ॥
ਜੋ ਆਪਣੇ ਮਨੂਏ ਨੂੰ ਮਾਰ ਕੁੱਟ ਕੇ, ਇਸ ਨੂੰ ਪ੍ਰਭੂ ਦੀ ਪ੍ਰੀਤ ਦੀ ਕਸੌਟੀ ਤੇ ਚਾੜ੍ਹਦਾ ਹੈ,

ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥
ਉਹ ਭੜੂਆ ਪੂਰਨ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ।

ਕੂਟਨੁ ਕਿਸੈ ਕਹਹੁ ਸੰਸਾਰ ॥
ਇਸ ਜਹਾਨ ਅੰਦਰ ਤੁਸੀਂ ਕਿਸ ਨੂੰ ਦਲਾ ਆਖਦੇ ਹੋ?

ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥
ਹਰ ਇਕ ਗੱਲਬਾਤ ਜੋ ਕਹੀ ਜਾਂਦੀ ਹੈ, ਵਿੱਚ ਵਿਸ਼ੇਸ਼ ਸੋਚ ਵਿਚਾਰ ਕਰਨੀ ਉਚਿਤ ਹੈ। ਠਹਿਰਾਉ।

ਨਾਚਨੁ ਸੋਇ ਜੁ ਮਨ ਸਿਉ ਨਾਚੈ ॥
ਕੇਵਲ ਉਹ ਹੀ ਨਚਾਰ ਹੈ ਜੋ ਆਪਣੇ ਮਨੂਏ ਨਾਲ ਨੱਚਦਾ ਹੈ।

ਝੂਠਿ ਨ ਪਤੀਐ ਪਰਚੈ ਸਾਚੈ ॥
ਪ੍ਰਭੂ ਕੂੜ ਨਾਲ ਪਤਿਆਇਆ ਨਹੀਂ ਜਾਂਦਾ, ਪ੍ਰੰਤੂ ਕੇਵਲ ਸੱਚ ਦੇ ਰਾਹੀਂ ਪਰਸੰਨ ਹੁੰਦਾ ਹੈ।

ਇਸੁ ਮਨ ਆਗੇ ਪੂਰੈ ਤਾਲ ॥
ਆਪਣੀ ਇਸ ਆਤਮਾ ਨਾਲ ਨਚਾਰ ਨੂੰ ਸੁਆਮੀ ਮੂਹਰੇ ਸੁਰਤਾਲ ਮੇਲਣਾ ਉਚਿਤ ਹੈ।

ਇਸੁ ਨਾਚਨ ਕੇ ਮਨ ਰਖਵਾਲ ॥੨॥
ਇਹੋ ਜਿਹੇ ਨੱਚਣ ਵਾਲੇ ਦੀ ਆਤਮਾ ਦਾ ਸੁਆਮੀ ਖੁਦ ਹੀ ਰੱਖਿਆ ਕਰਨ ਵਾਲਾ ਹੈ।

ਬਜਾਰੀ ਸੋ ਜੁ ਬਜਾਰਹਿ ਸੋਧੈ ॥
ਕੇਵਲ ਉਹ ਹੀ ਬਜ਼ਾਰ ਦਾ ਨਚਾਰ ਹੈ ਜੋ ਆਪਣੀ ਦੇਹ ਦੇ ਬਜ਼ਾਰ ਨੂੰ ਸਾਫ ਕਰਦਾ ਹੈ,

ਪਾਂਚ ਪਲੀਤਹ ਕਉ ਪਰਬੋਧੈ ॥
ਅਤੇ ਆਪਣੇ ਪੰਜੇ ਮੰਦੇ ਵਿਸ਼ੇ-ਵੇਗਾਂ ਨੂੰ ਸਿੱਖ-ਮਤ ਦਿੰਦਾ ਹੈ।

ਨਉ ਨਾਇਕ ਕੀ ਭਗਤਿ ਪਛਾਨੈ ॥
ਜੋ ਨੌਆਂ ਮਹਾਂਦੀਪਾਂ ਦੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਧਾਰਨ ਕਰਦਾ ਹੈ,

ਸੋ ਬਾਜਾਰੀ ਹਮ ਗੁਰ ਮਾਨੇ ॥੩॥
ਉਸ ਮਸਖਰੇ ਨੂੰ ਮੈਂ ਆਪਣਾ ਗੁਰੂ ਸਵੀਕਾਰ ਕਰਦਾ ਹਾਂ।

ਤਸਕਰੁ ਸੋਇ ਜਿ ਤਾਤਿ ਨ ਕਰੈ ॥
ਚੋਰ ਉਹ ਹੈ ਜੋ ਈਰਖਾ ਨਹੀਂ ਕਰਦਾ,

ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥
ਅਤੇ ਜੋ ਆਪਣੇ ਗਿਆਨ-ਇੰਦ੍ਰਿਆਂ ਦੇ ਉਪਰਾਲੇ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।

ਕਹੁ ਕਬੀਰ ਹਮ ਐਸੇ ਲਖਨ ॥
ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ ਕਿ,

ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥
ਮੁਬਾਰਕ ਪਰਮ ਸੁੰਦਰ ਅਤੇ ਸਿਆਣਾ ਹੈ ਮੇਰਾ ਗੁਰੂ-ਪਰਮੇਸ਼ਰ।

copyright GurbaniShare.com all right reserved. Email