Page 881

ਰਾਮ ਜਨ ਗੁਰਮਤਿ ਰਾਮੁ ਬੋਲਾਇ ॥
ਹੇ ਪ੍ਰਭੂ ਦੇ ਬੰਦੇ! ਤੂੰ ਗੁਰਾਂ ਦੀ ਅਗਵਾਈ ਤਾਬੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।

ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥
ਜੋ ਕੋਈ ਭੀ ਪ੍ਰਭੂ ਦੇ ਨਾਮ ਨੂੰ ਸੁਣਦਾ, ਉਚਾਰਦਾ ਅਤੇ ਸਿਮਰਦਾ ਹੈ, ਉਹ ਸ਼ਸ਼ੋਭਤ ਅਤੇ ਮੁਕਤ ਹੋ ਜਾਂਦਾ ਹੈ। ਠਹਿਰਾਓ।

ਜੇ ਵਡ ਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥
ਜੇਕਰ ਪਰਮ ਚੰਗੇ ਨਸੀਬ ਮੱਥੇ ਉਤੇ ਲਿਖੇ ਹੋਏ ਹੋਣ ਤਾਂ ਹੀ ਪ੍ਰਭੂ ਬੰਦੇ ਨੂੰ ਆਪਣੇ ਗੋਲਿਆਂ (ਸੰਤਾਂ) ਨਾਲ ਮਿਲਾਉਂਦਾ ਹੈ।

ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥
ਮੇਰੇ ਮਾਲਕ, ਮਿਹਰਬਾਨੀ ਕਰਕੇ ਮੈਨੂੰ ਆਪਣੇ ਸਾਧੂਆਂ ਦਾ ਦੀਦਾਰ ਬਖਸ਼ ਤਾਂ ਜੋ ਮੇਰੀ ਸਾਰੀ ਗਰੀਬੀ ਤੇ ਦੁਖ ਦੂਰ ਹੋ ਜਾਣ।

ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥
ਸ੍ਰੇਸ਼ਟ ਹਨ ਵਾਹਿਗੁਰੂ ਦੇ ਬੰਦੇ ਅਤੇ ਸੁਆਮੀ ਦੇ ਗੋਲੇ! ਪ੍ਰੰਤੂ, ਨਿਕਰਮਣ ਉਨ੍ਹਾਂ ਨਾਲ ਪਿਆਰ ਨਹੀਂ ਕਰਦੇ।

ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥
ਜਿੰਨੀ ਬਹੁਤੀ ਉਚੀ ਗੋਲੇ, ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਓਨਾ ਹੀ ਬਹੁਤਾ ਬਦਖੋਈ ਕਰਨ ਵਾਲੇ ਪੁਰਸ਼ ਉਹਨਾਂ ਨੂੰ ਡੰਗ ਮਾਰਦੇ ਹਨ।

ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥
ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹਨ, ਕਲੰਕ ਲਾਉਣ ਵਾਲੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਮਿੱਤਰ, ਸਾਥੀ ਤੇ ਸਾਧੂ ਚੰਗੇ ਨਹੀਂ ਲਗਦੇ।

ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥
ਜਿਨ੍ਹਾਂ ਨੂੰ ਗੁਰਾਂ ਦੀ ਪ੍ਰਭਤਾ ਸੁਖਾਉਂਦੀ ਨਹੀਂ, ਉਹ ਸਿਆਹ ਚਿਹਰੇ ਵਾਲੇ ਤੇ ਅਧਰਮੀ, ਹਰੀ ਦੇ ਚੋਰ ਹਨ।

ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥
ਮਿਹਰ, ਮਿਹਰ ਧਾਰ ਕੇ, ਤੂੰ ਮੇਰੀ ਰੱਖਿਆ ਕਰ, ਹੇ ਮਹਾਰਾਜ ਮਾਲਕ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ।

ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥
ਮੈਂ ਤੇਰਾ ਬੱਚਾ ਹਾਂ ਤੇ ਤੂੰ ਹੇ ਸਾਹਿਬ! ਮੈਡਾਂ ਪਿਤਾ ਹੈਂ। ਤੂੰ ਆਪਣੇ ਨਫਰ ਨਾਨਕ ਨੂੰ ਮਾਫ ਕਰ ਦੇ ਅਤੇ ਉਸ ਨੂੰ ਆਪਣੇ ਨਾਲ ਅਭੇਦ ਕਰ ਲੈ।

ਰਾਮਕਲੀ ਮਹਲਾ ੪ ॥
ਰਾਮਕਲੀ ਚੌਥੀ ਪਾਤਿਸ਼ਾਹੀ।

ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥
ਸ੍ਰੇਸ਼ਟ ਹਨ, ਵਾਹਿਗੁਰੂ ਦੇ ਮਿੱਤਰ, ਸੰਤ। ਉਹਨਾਂ ਦੇ ਉਤੇ ਰੱਖਿਆ ਕਰਨ ਵਾਲਾ ਪ੍ਰਭੂ ਦਾ ਹੱਥ ਹੈ।

ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥੧॥
ਗੁਰੂ ਅਨੁਸਾਰੀ ਹੀ ਸੰਤ ਹਨ ਤੇ ਊਹ ਸੁਆਮੀ ਨੂੰ ਚੰਗੇ ਲਗਦੇ ਹਨ। ਉਹਨਾਂ ਨੂੰ ਊਹ ਦਇਆ ਧਾਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ।

ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ ॥
ਮੇਰੇ ਸੁਆਮੀ, ਮੇਰੀ ਜਿੰਦੜੀ ਰੱਬ ਦੇ ਗੋਲਿਆਂ ਨੂੰ ਮਿਲਣ ਨੂੰ ਲੋਚਦੀ ਹੈ।

ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥
ਅਮਰ ਕਰ ਦੇਣ ਵਾਲਾ, ਅਮਰ ਕਰ ਦੇਣ ਵਾਲਾ ਹੈ ਪ੍ਰਭੂ ਦਾ ਮਿੱਠਾ ਅੰਮ੍ਰਿਤ ਸਾਧੂਆਂ ਨਾਲ ਮਿਲ ਕੇ, ਬੰਦਾ ਨੂੰ ਆਪਣੇ ਮੂੰਹ ਨਾਲ ਪਾਨ ਕਰਦਾ ਹੈ। ਠਹਿਰਾਓ।

ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ ॥
ਸ੍ਰੇਸ਼ਟ ਹਨ ਰੱਬ ਦੇ ਬੰਦੇ, ਪਵਿੱਤਰ ਪੁਰਸ਼। ਉਹਨਾਂ ਦੀ ਸੰਗਤ ਦੁਆਰਾ ਪ੍ਰਾਣੀ ਸ੍ਰੇਸ਼ਟ ਮਰਤਬੇ ਨੂੰ ਪਾ ਲੈਂਦਾ ਹੈ।

ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰੁ ਖੁਸੀ ਕਰਾਵੈ ॥੨॥
ਮੈਂ ਵਾਹਿਗੁਰੂ ਦੇ ਗੋਲਿਆਂ ਦੇ ਗੋਲਿਆਂ ਦੀ ਦਾਸੀ ਹਾਂ ਅਤੇ ਮੇਰਾ ਸੁਆਮੀ ਮੇਰੇ ਉਤੇ ਪ੍ਰਸੰਨ ਹੈ।

ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥
ਦਾਸ-ਮਨੁੱਖ ਆਪਣੇ ਸੁਆਮੀ ਦੀ ਟਹਿਲ ਕਮਾਉਂਦਾ ਹੈ। ਵੱਡੇ ਨਸੀਬਾਂ ਵਾਲਾ ਹੈ ਊਹ, ਜੋ ਆਪਣੇ ਹਿਰਦੇ, ਦਿਲ ਤੇ ਦੇਹ ਅੰਦਰ ਆਪਣੇ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।

ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥
ਜੋ ਬਿਨਾ ਪ੍ਰਭੂ ਨੂੰ ਪਿਆਰ ਕਰਨ ਦੇ ਸ਼ੇਖੀ ਨਾਲ ਬਹੁਤੀਆਂ ਗੱਲਾਂ ਕਰਦਾ ਹੈ। ਉਹ ਝੂਠ ਬਕਦਾ ਹੈ ਅਤੇ ਝੂਠਾ ਹੀ ਸਿਲਾ ਪਾਉਂਦਾ ਹੈ।

ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ ॥
ਹੇ ਸ਼੍ਰਿਸ਼ਟੀ ਦੀ ਜਿੰਦ ਜਾਨ, ਦਾਤਾਰ ਪ੍ਰਭੂ! ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਆਪਣੇ ਸਾਧੂਆਂ ਦੇ ਪੈਰੀਂ ਪਾ ਦੇ।

ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥
ਮੈਂ ਆਪਣਾ ਸੀਸ ਵੱਢ ਅਤੇ ਵੱਖਰਾ ਕਰ ਕੇ ਰਸਤੇ ਤੇ ਰੱਖਦਾ ਹਾਂ ਤਾਂ ਜੋ ਸਾਧੂ ਜਨ ਆਰਾਮ ਨਾਲ ਉਸ ਉਤੇ ਤੁਰਿਆ ਆਵੇ, ਹੇ ਨਾਨਕ!

ਰਾਮਕਲੀ ਮਹਲਾ ੪ ॥
ਰਾਮਕਲੀ ਚੌਥੀ ਪਾਤਿਸ਼ਾਹੀ।

ਜੇ ਵਡ ਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥
ਜੇਕਰ ਮੇਰੀ ਪਰਮ ਸ੍ਰੇਸ਼ਟ, ਚੰਗੀ ਪ੍ਰਾਲਬਧ ਹੋਵੇ, ਤਾਂ ਮੈਂ ਬਿਨਾ ਦੇਰੀ ਦੇ ਰੱਬ ਦੇ ਗੋਲੇ ਨੂੰ ਮਿਲ ਪਵਾਂਗਾ।

ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥੧॥
ਰੱਬ ਦੇ ਗੋਲੇ ਅੰਮ੍ਰਿਤ ਦੇ ਕੁੰਡ ਦੇ ਤਾਲਾਬ ਹਨ। ਭਾਰੇ ਚੰਗੇ ਨਸੀਬਾਂ ਦੁਆਰਾ ਬੰਦਾ ਉਸ ਅੰਦਰ ਇਸ਼ਨਾਨ ਕਰਦਾ ਹੈ।

ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ॥
ਹੇ ਸੁਆਮੀ! ਮੈਨੂੰ ਰੱਬ ਦੇ ਗੋਲੇ ਦੀ ਸੇਵਾ ਅੰਦਰ ਜੋੜ ਦੇ।

ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥
ਮੈਂ ਸੰਤਾਂ ਲਈ ਜਲ ਢੋਦਾਂ ਹਾਂ, ਉਹਨਾਂ ਨੂੰ ਪੱਖੀ ਝੱਲਦਾ ਹਾਂ, ਉਹਨਾਂ ਦੇ ਦਾਣੇ ਪੀਹਦਾਂ ਹਾਂ ਤੇ ਉਹਨਾਂ ਦੇ ਪੈਰਾਂ ਨੂੰ ਮੁੱਠੀ ਚਾਪੀ ਕਰਕੇ ਧੋਦਾਂ ਹਾਂ ਅਤੇ ਉਹਨਾਂ ਦੀ ਰੇਣ ਆਪਦੇ ਚਿਹਰੇ ਤੇ ਮਲਦਾ ਹਾਂ। ਠਹਿਰਾਓ।

ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ ॥
ਬਹੁਤ ਵਿਸ਼ਾਲ ਤੇ ਬਹੁਤ ਬੁਲੰਦ ਹਨ ਵਾਹਿਗੁਰੂ ਦੇ ਸਾਧੂ ਜਿਹੜੇ ਬੰਦੇ ਨੂੰ ਸੱਚੇ ਗੁਰਾਂ ਦੀ ਸੰਗਤ ਨਾਲ ਮਿਲਾ ਦਿੰਦੇ ਹਨ।

ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ ॥੨॥
ਕੋਈ ਭੀ ਸੱਚੇ ਗੁਰਾਂ ਜਿੱਡਾ ਵੱਡਾ ਨਹੀਂ। ਸੱਚੇ ਗੁਰਾਂ ਨਾਲ ਮਿਲ ਕੇ ਸੁਆਮੀ ਸਿਮਰਿਆ ਜਾਂਦਾ ਹੈ।

ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ॥
ਜੋ ਸੱਚੇ ਗੁਰਾਂ ਦੀ ਓਟ ਲੈਂਦੇ ਹਨ, ਉਹ ਵਾਹਿਗੁਰੂ ਨੂੰ ਪਾ ਲੈਂਦੇ ਹਨ, ਮੇਰਾ ਸੁਆਮੀ ਉਹਨਾਂ ਦੀ ਪਤਿ ਰੱਖਦਾ ਹੈ।

ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ ॥੩॥
ਕਈ ਆਪਣੇ ਨਿਜ ਦੇ ਮਨੋਰਥ ਲਈ ਆਉਂਦੇ ਹਨ ਅਤੇ ਬਗਲੇ ਦੀ ਮਾਨੰਦ ਧਿਆਨ ਅਵਸਥਾ ਅੰਦਰ ਗੁਰਾਂ ਦੇ ਮੂਹਰੇ ਬੈਠ ਜਾਂਦੇ ਹਨ।

ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥
ਬਗਲੇ ਅਤੇ ਕਾਂ ਵਰਗੇ ਕਮੀਣਿਆਂ ਨਾਲ ਮਿਲ ਕੇ, ਇਨਸਾਨ ਜ਼ਹਿਰੀਲੇ ਮੁਰਦਾਰ ਨੂੰ ਜਾ ਮੂੰਹ ਪਾਉਂਦਾ ਹੈ।

ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥
ਹੇ ਮੇਰੇ ਸੁਆਮੀ! ਮੈਨੂੰ ਸਤਿ ਸੰਗਤ ਨਾਲ ਜੋੜ ਦੇ। ਸਤਿ ਸੰਗਤ ਨਾਲ ਮਿਲ ਕੇ ਮੈਂ ਰਾਜਹੰਸ ਹੋ ਜਾਂਵਾਂਗਾ।

copyright GurbaniShare.com all right reserved. Email