ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥
ਵਾਹਿਗੁਰੂ ਆਪਣੇ ਅਨਿੰਨ ਉਪਾਸ਼ਕਾਂ ਨੂੰ ਪਰਸੰਨਤਾ ਪ੍ਰਦਾਨ ਕਰਦਾ ਹੈ ਤੇ ਉਨ੍ਹਾਂ ਨੂੰ ਅਬਿਨਾਸੀ ਗ੍ਰਹਿ ਅੰਦਰ ਬਹਾਲਦਾ ਹੈ। ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥ ਗੁਨਾਹਗਾਰਾਂ ਨੂੰ ਉਹ ਸਥਿਰਤਾ ਨਹੀਂ ਦਿੰਦਾ ਉਨ੍ਹਾਂ ਨੂੰ ਚੁਣ ਕੇ ਉਹ ਭਿਆਨਕ ਦੋਜ਼ਖ਼ ਵਿੱਚ ਪਾਉਂਦਾ ਹੈ। ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥ ਆਪਣੇ ਅਨੁਰਾਗੀਆਂ ਨੂੰ ਸਾਹਿਬ ਆਪਣੀ ਪ੍ਰੀਤ ਦੀ ਦਾਤ ਦਿੰਦਾ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਉਨ੍ਹਾਂ ਦੀ ਰਖਿਆ ਕਰਦਾ ਹੈ। ਸਲੋਕ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ ਮੰਦੀ-ਮੱਤ, ਤਪਲ ਬਾਜਨੀ ਬੇ-ਤਰਸੀ ਬੁਚੜਨੀ, ਦਿਲ ਅੰਦਰ ਹੋਰਨਾਂ ਦੀ ਨਿੰਦਾ-ਚੁਗਲੀ, ਭੰਗਣ, ਅਤੇ ਧੋਖੇਬਾਜ, ਗੁੱਸਾ ਨੀਚ-ਤ੍ਰੀਮਤ ਹੈ। ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਲਕੀਰਾਂ ਖਿੱਚਣ ਦਾ ਤੈਨੂੰ ਕੀ ਲਾਭ ਹੈ ਜਦ ਇਹ ਚਾਰੋਂ ਹੀ ਤੇਰੇ ਸਾਥ ਬੈਠੀਆਂ ਹਨ? ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ ਸਚਾਈ ਨੂੰ ਆਪਣਾ ਪ੍ਰਹੇਜ਼, ਪਵਿੱਤਰ ਜੀਵਨ ਰਹੁਰੀਤੀ ਨੂੰ ਆਪਣੀਆਂ ਲਕੀਰਾਂ ਅਤੇ ਨਾਮ ਦੇ ਸਿਮਰਨ ਨੂੰ ਆਪਣਾ ਇਸ਼ਨਾਨ ਬਣਾ। ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥ ਨਾਨਕ ਪ੍ਰਲੋਕ ਵਿੱਚ ਕੇਵਲ ਉਹੀ ਉਤਕ੍ਰਿਸ਼ਟਤ ਹੋਣਗੇ ਜੋ ਗੁਨਾਹਾਂ ਦੇ ਰਾਹੀਂ ਨਹੀਂ ਟੁਰਦੇ। ਮਃ ੧ ॥ ਪਹਿਲੀ ਪਾਤਸ਼ਾਹੀ। ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਕੀ ਹੰਸ ਹੈ ਤੇ ਕੀ ਇਕ ਬੱਗ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ। ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥ ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਉਸ ਨੂੰ ਉਹ ਕਾਂ ਤੋਂ ਰਾਜ ਹੰਸ ਬਣਾ ਦਿੰਦਾ ਹੈ। ਪਉੜੀ ॥ ਪਉੜੀ। ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ ਜਿਹੜਾ ਕਾਰਜ ਭੀ ਤੂੰ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਭੂ ਦੇ ਕੋਲ ਕਹੁ। ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥ ਉਹ ਤੇਰਾ ਕੰਮ ਰਾਸ ਕਰ ਦਏਗਾ। ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ। ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ ਸਾਧੂਆਂ ਦੀ ਸੰਗਤ ਦੁਆਰਾ ਤੂੰ ਨਾਮ ਸੁਧਾਰਸ ਦੇ ਖ਼ਜ਼ਾਨੇ ਨੂੰ ਚਖ ਲਵੇਗਾ। ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ ਡਰ ਨਾਸ ਕਰਨ ਵਾਲਾ, ਮਇਆਵਾਨ ਮਾਲਕ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ। ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥ ਨਾਨਕ, ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੂੰ ਅਦ੍ਰਿਸ਼ਟ ਸਾਹਿਬ ਨੂੰ ਵੇਖ ਲਵੇਗਾ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥ ਸਾਡੀ ਆਤਮਾ ਤੇ ਦੇਹਿ ਸਮੂਹ ਉਸ ਦੀਆਂ ਹਨ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ। ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥ ਗੁਰਾਂ ਦੇ ਉਪਦੇਸ਼ ਦੁਆਰਾ, ਉਸ ਦੀ ਘਾਲ ਕਮਾ ਜੋ ਸਦੀਵ ਤੇ ਹਮੇਸ਼ਾਂ ਹੀ ਦੇਣਹਾਰ ਹੈ। ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਰੂਪ-ਰੰਗ-ਰਹਿਤ ਸੁਆਮੀ ਦਾ ਸਿਮਰਨ ਕਰਦੇ ਹਨ। ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥ ਉਨ੍ਹਾਂ ਦੇ ਚਿਹਰੇ ਸਦੀਵ ਹੀ ਰੋਸ਼ਨ ਹਨ ਅਤੇ ਸਾਰਾ ਜਹਾਨ ਉਨ੍ਹਾਂ ਨੂੰ ਪਰਣਾਮ ਕਰਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥ ਸੱਚੇ ਗੁਰਾਂ ਨੂੰ ਮਿਲ ਪੈਣ ਤੇ ਮੈਂ ਬਿਲਕੁਲ ਹੀ ਬਦਲ ਗਿਆ ਹਾਂ ਅਤੇ ਮੈਨੂੰ ਖਰਚਣ ਤੇ ਖਾਣ ਨੂੰ ਨੌ ਖ਼ਜ਼ਾਨੇ ਪਰਾਪਤ ਹੋ ਗਏ ਹਨ। ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥ ਅਠਾਰਾ ਕਰਾਮਾਤਾਂ ਮੇਰੇ ਮਗਰ ਤੁਰੀਆਂ ਫਿਰਦੀਆਂ ਹਨ ਤੇ ਮੈਂ ਆਪਣੇ ਨਿੱਜ ਦੇ ਗ੍ਰਹਿ ਤੇ ਨਿਜ ਦੇ ਥਾਂ ਵਿੱਚ ਵਸਦਾ ਹਾਂ। ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥ ਬਿਨਾ ਆਲਾਪਿਆਂ ਬੈਕੁੰਠੀ ਕੀਰਤਨ ਹਮੇਸ਼ਾਂ ਮੇਰੇ ਲਈ ਹੁੰਦਾ ਹੈ ਅਤੇ ਪਰਮ-ਅਨੰਦ ਦੀ ਹਾਲਤ ਵਿੱਚ ਮੈਂ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹਾਂ। ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥ ਨਾਨਕ, ਵਾਹਿਗੁਰੂ ਦੀ ਬੰਦਗੀ ਉਨ੍ਹਾਂ ਦੇ ਦਿਲ ਅੰਦਰ ਵਸਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਕਿਸਮਤ ਐਨ ਪ੍ਰਾਰੰਭ ਤੋਂ ਉਕਰੀ ਹੋਈ ਪਾਈ ਜਾਂਦੀ ਹੈ। ਪਉੜੀ ॥ ਪਉੜੀ। ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥ ਮੈਂ ਵਾਹਿਗੁਰੂ ਸੁਆਮੀ, ਮਾਲਕ, ਦਾ ਭੱਟ ਹਾਂ ਅਤੇ ਵਾਹਿਗੁਰੂ ਦੇ ਬੂਹੇ ਤੇ ਆਇਆ ਹਾਂ। ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥ ਵਾਹਿਗੁਰੂ ਨੇ ਅੰਦਰਵਾਰੋਂ ਮੇਰੀ ਉਚੀ ਫਰਿਆਦ ਸਰਵਣ ਕੀਤੀ ਤੇ ਮੈਂ, ਭੱਟ ਨੂੰ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ। ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥ ਯਸ਼ ਗਾਉਣ ਵਾਲੇ ਨੂੰ ਅੰਦਰ ਬੁਲਾ ਕੇ, ਵਾਹਿਗੁਰੂ ਨੇ ਉਸ ਨੂੰ ਉਸ ਦੇ ਉਥੇ ਆਉਣ ਦਾ ਮਨੋਰਥ ਪੁਛਿਆ। ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥ ਹੈ ਮੇਰੇ ਮਿਹਰਬਾਨ ਮਾਲਕ ਵਾਹਿਗੁਰੂ! ਮੈਨੂੰ ਸਦੀਵ ਹੀ ਆਪਣੇ ਨਾਮ ਦੇ ਸਿਮਰਨ ਦੀ ਦਾਤ ਪ੍ਰਦਾਨ ਕਰ। ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ ਵਾਹਿਗੁਰੂ, ਦਾਤਾਰ ਨੇ ਨਾਨਕ ਪਾਸੋਂ ਸੁਆਮੀ ਦੇ ਨਾਮ ਦਾ ਸਿਮਰਨ ਕਰਵਾਇਆ ਅਤੇ ਉਸ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ। ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ਸਿਰੀ ਰਾਗ, ਮਾਣਨੀਯ ਕਬੀਰ ਜੀ ਦਾ। ਏਕ-ਸੁਆਨ ਦੀ ਸੁਰ ਵਿਚ ਗਾਵਣਾ। ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਏਕ ਸੁਆਨ ਦੇ ਸੁਰ ਵਿੱਚ ਆਲਾਪਣਾ। ਮਾਤਾ ਖਿਆਲ ਕਰਦੀ ਹੈ ਕਿ ਉਸ ਦਾ ਪੁਤ ਵਡਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਉਹ ਐਨਾ ਕੁ ਨਹੀਂ ਸਮਝਦੀ ਕਿ ਰੋਜ-ਬ-ਰੋਜ ਉਸ ਦੀ ਉਮਰ ਘਟ ਹੁੰਦੀ ਜਾ ਰਹੀ ਹੈ। ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥ ਉਸ ਨੂੰ "ਮੇਰਾ, ਮੇਰਾ ਆਪਣਾ" ਆਖ ਕੇ ਉਹ ਉਸ ਨੂੰ ਘਣਾ ਪਿਆਰ ਕਰਦੀ ਹੈ। ਮੌਤ ਦੇ ਦੂਤਾਂ ਦਾ ਰਾਜਾ ਵੇਖਦਾ ਅਤੇ ਹੱਸਦਾ ਹੈ।
|