Page 90
ਮਃ ੩ ॥
ਸਲੋਕ, ਤੀਜੀ ਪਾਤਸ਼ਾਹੀ।

ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥
ਜੋ ਗੁਰਬਾਣੀ ਨਾਲ ਰੰਗੀਜੀ ਹੈ ਅਤੇ ਸੱਚੇ ਗੁਰਾਂ ਨਾਲ ਪ੍ਰੀਤ ਤੇ ਪਰੇਮ ਕਰਦੀ ਹੈ, ਉਹ ਖੁਸ਼-ਬਾਸ਼ ਪਤਨੀ ਹੈ।

ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥
ਸੱਚੀ ਲਗਨ ਤੇ ਮੁਹੱਬਤ ਨਾਲ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ।

ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥
ਉਹ ਪ੍ਰਮ ਸੁਹਣੀ ਸੁਨੱਖੀ ਅਤੇ ਸ਼ਲਾਘਾ-ਯੋਗ ਵਹੁਟੀ ਹੈ।

ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥੨॥
ਨਾਨਕ, ਆਪਣੇ ਸੁਆਮੀ ਦੇ ਨਾਮ ਨਾਲ ਉਹ ਸੱਚੀ ਪਤਨੀ ਬਣ ਜਾਂਦੀ ਹੈ ਤੇ ਅਭੇਦ ਕਰਨ ਵਾਲਾ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਪਉੜੀ ॥
ਪਊੜੀ।

ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥
ਸਾਰੇ ਤੇਰੀ ਮਹਿਮਾਂ ਗਾਇਨ ਕਰਦੇ ਹਨ, ਹੇ ਵਾਹਿਗੁਰੂ! ਜਿਸ ਨੇ ਫਸਿਆਂ ਹੋਇਆਂ ਨੂੰ ਆਜ਼ਾਦ ਕਰ ਦਿਤਾ ਹੈ।

ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥
ਹਰ ਕੋਈ ਤੈਨੂੰ ਬੰਦਨਾਂ ਕਰਦਾ ਹੈ, ਹੇ ਪ੍ਰਭੂ! ਜਿਸ ਨੇ ਉਸ ਨੂੰ ਗੁਨਾਹਾਂ ਤੋਂ ਬਚਾ ਲਿਆ ਹੈ।

ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥
ਹੇ ਹਰੀ! ਤੂੰ ਬੇਇਜ਼ਤਿਆਂ ਦੀ ਇਜ਼ਤ ਹੈ। ਤੂੰ ਤਾਕਤਵਰਾਂ ਦਾ ਪਰਮ-ਤਾਕਤਵਰ ਹੈ।

ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥
ਮੇਰਾ ਮਾਲਕ ਵਾਹਿਗੁਰੂ ਮਗ਼ਰੂਰਾਂ ਨੂੰ ਨਿਸਲ ਕਰਕੇ ਨੀਚਾ ਦਿਖਾ ਦਿੰਦਾ ਹੈ ਅਤੇ ਮੂੰਹ-ਜ਼ੋਰ ਮੂਰਖਾਂ ਨੂੰ ਦਰੁਸਤ ਕਰ ਦਿੰਦਾ ਹੈ।

ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥
ਵਾਹਿਗੁਰੂ ਆਪਣੇ ਸੰਤਾਂ, ਗਰੀਬੜਿਆਂ ਅਤੇ ਨਿਖਸਮਿਆਂ ਨੂੰ ਪ੍ਰਭਤਾ ਬਖਸ਼ਦਾ ਹੈ।

ਸਲੋਕ ਮਃ ੩ ॥
ਸਲੋਕ, ਤੀਜੀ ਪਾਤਸ਼ਾਹੀ।

ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥
ਜਿਹੜਾ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਭਾਰੀ ਇੱਜ਼ਤ ਪਾਉਂਦਾ ਹੈ।

ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥
ਵਾਹਿਗੁਰੂ ਦਾ ਉਤਕ੍ਰਿਸ਼ਟਤ ਨਾਮ ਉਸ ਦੇ ਦਿਲ ਵਿੱਚ ਵਸਦਾ ਹੈ ਅਤੇ ਉਸ ਦੀ ਨਾਮਵਰੀ ਨੂੰ ਕੋਈ ਭੀ ਮੇਸ ਨਹੀਂ ਸਕਦਾ।

ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥
ਜਿਸ ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ, ਉਹ ਸ਼੍ਰੇਸ਼ਟ ਅਮਲਾਂ ਰਾਹੀਂ ਉਸ ਦੇ ਨਾਮ ਨੂੰ ਪਾ ਲੈਂਦਾ ਹੈ।

ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥
ਨਾਨਕ, ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਹ ਅਨੁਭਵ ਕਰਦਾ ਹੈ।

ਮਃ ੩ ॥
ਤੀਜੀ ਪਾਤਸ਼ਾਹੀ।

ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥
ਨਾਨਕ, ਜੋ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਰੈਣ-ਦਿਹੁੰ ਸਾਈਂ ਦੇ ਇਹ ਰਸ ਸਨੇਹ ਵਿੱਚ ਵਸਦੇ ਹਨ।

ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥
ਮੋਹਣੀ, ਮਾਲਕ ਦੀ ਬਾਂਦੀ, ਉਨ੍ਹਾਂ ਮੂਹਰੇ ਟਹਿਲ ਕਮਾਉਂਦੀ ਹੈ।

ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥
ਸੁਧਾਰ ਕਰਨ ਵਾਲੇ ਪੂਰਨ ਪੁਰਖ ਨੇ ਆਪਣੇ ਫੁਰਮਾਨ ਦੁਆਰਾ ਉਨ੍ਹਾਂ ਨੂੰ ਮੁਕੰਮਲ ਕਰ ਦਿਤਾ ਹੈ।

ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥
ਜਿਹੜੇ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਮਝਦੇ ਹਨ, ਉਹ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।

ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥
ਆਪ-ਹੁਦਰੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਮੌਤ ਦਾ ਦੂਤ ਡੰਡੇ ਨਾਲ ਕੁਟਦਾ ਹੈ।

ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥
ਜੋ ਗੁਰਾਂ ਦੀ ਮਿਹਰ ਸਦਕਾ, ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥
ਗੁਰੂ ਜੀ ਜੋ ਆਪ ਹੀ ਮਾਫੀ ਦੇਣ ਵਾਲੇ ਹਨ, ਉਨ੍ਹਾਂ ਦੀਆਂ ਸਾਰੀਆਂ ਬਦੀਆਂ, ਚੰਗਿਆਈਆਂ ਨਾਲ ਮੇਸ ਛਡਦੇ ਹਨ।

ਪਉੜੀ ॥
ਪਊੜੀ।

ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥
ਉਸ ਦੇ ਨਫਰਾਂ ਨੂੰ ਰੱਬ ਤੇ ਭਰੋਸਾ ਹੈ। ਸਾਹਿਬ ਸਾਰਾ ਕੁਝ ਸਮਝਦਾ ਹੈ।

ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥
ਵਾਹਿਗੁਰੂ ਜਿੱਡਾ ਵੱਡਾ ਕੋਈ ਜਾਣਕਾਰ ਨਹੀਂ। ਸੁਆਮੀ ਪੂਰਾ ਇਨਸਾਫ ਕਰਦਾ ਹੈ।

ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥
ਅਸੀਂ ਕਿਉਂ ਸਾੜਾ ਤੇ ਫਿਕਰ ਮਹਿਸੂਸ ਕਰੀਏ ਜਦ ਸੁਆਮੀ ਕੋਈ ਅਨਿਆਈ ਦੰਡ ਨਹੀਂ ਦਿੰਦਾ।

ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥
ਸੱਚਾ ਹੈ ਮਾਲਕ ਅਤੇ ਸੱਚਾ ਹੈ ਉਸ ਦਾ ਇਨਸਾਫ ਕੇਵਲ ਗੁਨਾਹਗਾਰ ਬੰਦਾ ਹੀ ਸ਼ਿਕਸਤ ਉਠਾਉਂਦਾ ਹੈ।

ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥
ਆਪਣੇ ਹੱਥ ਬੰਨ੍ਹ ਕੇ, ਹੈ ਸੰਤੋ! ਤੁਸੀਂ ਸਾਹਿਬ ਦੀ ਪਰਸੰਸਾ ਕਰੋ। ਹਰੀ ਸਾਧ-ਰੂਪ ਪੁਰਸ਼ਾਂ ਨੂੰ ਪਾਰ ਕਰ ਦਿੰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਸ਼ਾਹੀ।

ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥
ਰੱਬ ਕਰੇ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ ਅਤੇ ਉਸ ਨੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖਾਂ।

ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥
ਗੁਰਾਂ ਦੀ ਪ੍ਰੀਤ ਤੇ ਪ੍ਰੇਮ ਰਾਹੀਂ, ਮੈਂ ਸਦੀਵ ਤੇ ਹਮੇਸ਼ਾਂ ਹੀ ਉਸ ਸਾਹਿਬ ਦੀ ਸਿਫ਼ਤ-ਸਨਾ ਕਰਦਾ ਹਾਂ।

ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥
ਨਾਨਕ, ਜਿਸ ਉਤੇ ਉਸ ਦੀ ਰਹਿਮਤ ਹੈ, ਉਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਕੇਵਲ ਉਹੀ ਸਾਹਿਬ ਦੀ ਜਾਂ-ਨਿਸਾਰ ਪਤਨੀ ਹੈ।

ਮਃ ੩ ॥
ਤੀਜੀ ਪਾਤਸ਼ਾਹੀ।

ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਗੁਰਾਂ ਦੀ ਟਹਿਲ ਕਮਾ ਕੇ, ਉਸ ਨੂੰ ਪਾ ਲੈਂਦਾ ਹੈ।

ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥
ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪ੍ਰਾਣੀਆਂ ਤੋਂ ਉਹ ਸੁਰ ਬਣ ਜਾਂਦੇ ਹਨ।

ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥
ਉਹ ਆਪਣੀ ਹੰਗਤਾ ਨੂੰ ਮੇਸ ਦਿੰਦੇ ਹਨ, ਸਾਈਂ ਨਾਲ ਮਿਲ ਜਾਂਦੇ ਹਨ ਅਤੇ ਗੁਰਬਾਣੀ ਦੁਆਰਾ ਪਾਰ ਉਤਰ ਜਾਂਦੇ ਹਨ।

ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥
ਨਾਨਕ, ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਹ ਸੂਖੈਨ ਹੀ ਉਸ ਵਿੱਚ ਲੀਨ ਹੋ ਜਾਂਦੇ ਹਨ।

ਪਉੜੀ ॥
ਪਊੜੀ।

ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥
ਇਨਸਾਨ ਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਕੇ ਵਾਹਿਗੁਰੂ ਨੇ ਆਪਣੀ ਕੀਰਤੀ ਪਰਗਟ ਕੀਤੀ ਹੈ।

ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥
ਵਾਹਿਗੁਰੂ ਭਗਤ ਦਾ ਆਪਣੇ ਵਿੱਚ ਨਿਸਚਾ ਬਨ੍ਹਾਉਂਦਾ ਹੈ ਅਤੇ ਉਸ ਦੇ ਰਾਹੀਂ ਆਪਣੇ ਆਪ ਦੀ ਟਹਿਲ ਕਰਦਾ ਹੈ।

copyright GurbaniShare.com all right reserved. Email:-