ਮਾਝ ਮਹਲਾ ੪ ॥
ਮਾਝ, ਚਉਥੀ ਪਾਤਸ਼ਾਹੀ। ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਵਾਹਿਗੁਰੂ ਦੀ ਕੀਰਤੀ ਵਾਚ ਅਤੇ ਵਾਹਿਗੁਰੂ ਦੀ ਕੀਰਤੀ ਦਾ ਹੀ ਤੂੰ ਧਿਆਨ ਧਾਰ। ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥ ਤੂੰ ਹੇ ਬੰਦੇ! ਸੁਆਮੀ ਮਾਲਕ ਦੇ ਨਾਮ ਦੀ ਸਦੀਵ ਹੀ ਧਰਮ-ਵਾਰਤਾ ਸਰਵਣ ਕਰ। ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥ ਸਾਧ-ਸਭਾ ਨਾਲ ਜੁੜਣ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਕਠਨ ਤੇ ਭੈ-ਦਾਇਕ ਸੰਸਾਰ-ਸਮੁੰਦਰ ਤਰਿਆ ਜਾਂਦਾ ਹੈ। ਆਉ ਸਖੀ ਹਰਿ ਮੇਲੁ ਕਰੇਹਾ ॥ ਆਓ ਮੇਰੀਓ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਿਲੀਏ। ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥ ਉਹ ਮੈਨੂੰ ਮੇਰੇ ਪਿਆਰੇ ਦਾ ਸੰਦੇਸਾ ਦੇਣਗੀਆਂ। ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥ ਕੇਵਲ ਉਹੀ ਮੇਰਾ ਸਜਣ ਸਾਥੀ, ਪਿਆਰਾ ਤੇ ਵੀਰ ਹੈ, ਜੋ ਮੈਨੂੰ ਸ਼ੇਰ-ਮਨੁਸ਼ ਸਰੂਪ ਵਾਹਿਗੁਰੂ ਦਾ ਰਾਹ ਵਿਖਾਲਦਾ ਹੈ। ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥ ਮੇਰੀ ਬੀਮਾਰੀ ਨੂੰ ਪੂਰਨ ਰਬ-ਰੂਪ ਗੁਰੂ ਜੀ ਸਮਝਦੇ ਹਨ। ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥ ਮੈਂ ਸੁਆਮੀ ਦਾ ਨਾਮ ਉਚਾਰਨ ਕਰਨ ਬਗੈਰ ਬਚ ਨਹੀਂ ਸਕਦਾ। ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥ ਮੈਨੂੰ ਵਾਹਿੁਗਰੂ ਦੇ ਨਾਮ ਦੀ ਦਵਾਈ ਦੇਹ, ਹੇ ਮੇਰੇ ਮੁਕੰਮਲ ਗੁਰਦੇਵ ਜੀ! ਵਾਹਿਗੁਰੂ ਸੁਆਮੀ ਦੇ ਨਾਮ ਰਾਹੀਂ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ। ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥ ਮੈਂ ਗਰੀਬ ਪਪੀਹਾ ਸੱਚੇ ਗੁਰਾਂ ਦੀ ਤਾਬੇ ਹਾਂ। ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥ ਗੁਰਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦੀ ਕਣੀ ਮੇਰੇ ਮੂੰਹ ਵਿੱਚ ਚੋਈ ਹੈ। ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥ ਵਾਹਿਗੁਰੂ ਪਾਣੀ ਦਾ ਭੰਡਾਰ ਹੈ ਤੇ ਮੈਂ ਉਸ ਪਾਣੀ ਦੀ ਮੱਛੀ। ਇਸ ਪਾਣੀ ਦੇ ਬਾਝੋਂ ਨਫਰ ਨਾਨਕ ਮਰ ਜਾਂਦਾ ਹੈ। ਮਾਝ ਮਹਲਾ ੪ ॥ ਮਾਝ, ਚਉਥੀ ਪਾਤਸ਼ਾਹੀ। ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥ ਹੇ ਸਾਧੂਓ, ਹੇ ਵਾਹਿਗੁਰੂ ਦੇ ਸੇਵਕੋ! ਮੈਨੂੰ ਮਿਲੋ ਮੇਰੇ ਵੀਰਨੋ। ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਗੱਲ ਦਸੋ। ਮੈਨੂੰ ਉਸ ਦੀ ਖੁਦਿਆਂ ਲੱਗੀ ਹੋਈ ਹੈ। ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥ ਮੇਰੇ ਦਾਤਾਰ, ਜਗਤ ਦੀ ਜਿੰਦ ਜਾਨ, ਮੇਰੀ ਸੱਧਰ ਪੂਰੀ ਕਰ। ਵਾਹਿਗੁਰੂ ਦਾ ਦੀਦਾਰ ਪਰਾਪਤ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ। ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥ ਸਾਧ ਸੰਗਤ ਨਾਲ ਜੁੜ ਕੇ ਮੈਂ ਰੱਬ-ਰੂਪ ਗੁਰਾਂ ਦੀ ਬਾਣੀ ਉਚਾਰਦਾ ਹਾਂ। ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥ ਸੁਆਮੀ ਮਾਲਕ ਦੀ ਧਰਮ-ਵਾਰਤਾ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ! ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥ ਵਾਹਿਗੁਰੂ ਦੇ ਨਾਮ ਦਾ ਸੁਧਾ-ਰਸ ਹਰ ਤਰ੍ਹਾਂ ਨਾਲ ਮੇਰੀ ਆਤਮਾ ਨੂੰ ਮਿਠੜਾ ਲਗਦਾ ਹੈ। ਸੱਚੇ ਗੁਰਾਂ ਨੂੰ ਭੇਟ ਕੇ ਮੈਂ ਨਾਮ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ। ਵਡਭਾਗੀ ਹਰਿ ਸੰਗਤਿ ਪਾਵਹਿ ॥ ਭਾਰੇ ਚੰਗੇ ਕਰਮਾਂ ਦੁਆਰਾ ਇਨਸਾਨ ਵਾਹਿਗੁਰੂ ਦੀ ਸਭਾ ਨੂੰ ਪਰਾਪਤ ਕਰਦਾ ਹੈ। ਭਾਗਹੀਨ ਭ੍ਰਮਿ ਚੋਟਾ ਖਾਵਹਿ ॥ ਨਿਕਰਮਣ ਬੰਦਾ ਵਹਿਮ ਅੰਦਰ ਭਟਕਦੇ ਅਤੇ ਸੱਟਾਂ ਸਹਾਰਦੇ ਹਨ। ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥ ਚੰਗੇ ਕਰਮਾਂ ਦੇ ਬਗੈਰ ਸੱਚਿਆਂ ਦੀ ਸੰਗਤ ਨਹੀਂ ਲਭਦੀ। ਐਸੀ ਸੁਹਬਤ ਦੇ ਬਾਝੋਂ ਇਨਸਾਨ ਪਾਪਾਂ ਦੀ ਮਲੀਨਤਾ ਨਾਲ ਲਿਬੜ ਜਾਂਦਾ ਹੈ। ਮੈ ਆਇ ਮਿਲਹੁ ਜਗਜੀਵਨ ਪਿਆਰੇ ॥ ਆ ਕੇ ਮੈਨੂੰ ਦਰਸ਼ਨ ਦੇ, ਹੇ ਮੇਰੇ ਪ੍ਰੀਤਮ! ਜਗਤ ਦੀ ਜਿੰਦ-ਜਾਨ। ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥ ਮਿਹਰਬਾਨ ਹੋ ਜਾਓ, ਹੇ ਵਾਹਿਗੁਰੂ ਸੁਆਮੀ! ਅਤੇ ਮੇਰੇ ਦਿਲ ਅੰਦਰ ਆਪਣਾ ਨਾਮ ਅਸਥਾਪਨ ਕਰੋ। ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥ ਗੁਰਾਂ ਦੇ ਉਪਦੇਸ਼ ਤਾਬੇ ਮਿੱਠੜਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਣ ਲਗ ਗਿਆ ਹੈ ਅਤੇ ਗੋਲੇ ਨਾਨਕ ਦੀ ਆਤਮਾ ਨਾਮ ਨਾਲ ਪਰਮ ਪਰਸੰਨ ਹੋ ਗਈ ਹੈ। ਮਾਝ ਮਹਲਾ ੪ ॥ ਮਾਝ, ਚਉਥੀ ਪਾਤਸਾਹੀ। ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥ ਗੁਰਾਂ ਪਾਸੋਂ ਮੈਂ ਵਾਹਿਗੁਰੂ ਦੀ ਗਿਆਤ ਅਤੇ ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਪਰਾਪਤ ਕੀਤਾ ਹੈ। ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥ ਮੇਰੀ ਆਤਮਾ ਵਾਹਿੁਗਰੂ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹੈ। ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥ ਆਪਣੇ ਮੂੰਹ ਨਾਮ ਮੈਂ ਪ੍ਰਭੂ ਤੇ ਪ੍ਰਮੇਸ਼ਰ ਦੇ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰੀ-ਪੂਰਨ ਹੋ ਰਿਹਾ ਹੈ। ਆਵਹੁ ਸੰਤ ਮੈ ਗਲਿ ਮੇਲਾਈਐ ॥ ਹੇ ਸਾਧੂਓ! ਆਓ ਤੇ ਮੈਨੂੰ ਆਪਣੇ ਸੁਆਮੀ ਦੇ ਗਲ ਨਾਲ ਮਿਲਾਓ। ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥ ਮੇਰੇ ਪਿਆਰੇ ਦੀ ਮੈਨੂੰ ਧਰਮ-ਵਾਰਤਾ ਸੁਣਾਓ। ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥ ਜੇਕਰ ਮੈਂ ਰੱਬ ਦੇ ਐਸੇ ਸਾਧੂਆਂ ਨੂੰ ਮਿਲ ਪਵਾਂ ਜਿਹੜੇ ਆਪਣੇ ਮੂੰਹ ਨਾਲ ਗੁਰਬਾਣੀ ਦਾ ਉਚਾਰਣ ਕਰਦੇ ਹਨ, ਮੈਂ ਉਨ੍ਹਾਂ ਨੂੰ ਆਪਣੀ ਆਤਮਾ ਅਰਪਣ ਕਰ ਦੇਵਾਂਗਾ। ਵਡਭਾਗੀ ਹਰਿ ਸੰਤੁ ਮਿਲਾਇਆ ॥ ਪੂਰਨ ਚੰਗੇ ਨਸੀਬਾਂ ਰਾਹੀਂ, ਵਾਹਿਗੁਰੂ ਨੇ ਮੈਨੂੰ ਆਪਣੇ ਸਾਧੂ ਨਾਲ ਮਿਲਾ ਦਿੱਤਾ ਹੈ। ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥ ਪੂਰਨ-ਗੁਰਾਂ ਨੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਪਾ ਦਿੱਤਾ ਹੈ। ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥ ਨਿਕਰਮਣ ਬੰਦਾ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰਤੀਕੂਲ ਪੁਰਸ਼ ਹਮੇਸ਼ਾਂ ਰਹਿਮ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਕਰਦਾ ਹੈ। ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥ ਮਿਹਰਬਾਨ ਸੁਆਮੀ ਨੇ ਆਪ ਹੀ ਰਹਿਮਤ ਕੀਤੀ ਹੈ, ਮਲੁ ਹਉਮੈ ਬਿਖਿਆ ਸਭ ਨਿਵਾਰੀ ॥ ਅਤੇ ਉਸ ਨੇ ਹੰਕਾਰ ਦੀ ਸਾਰੀ ਜ਼ਹਿਰੀਲੀ ਮਲੀਨਤਾ ਲਾਹ ਸੁੱਟੀ ਹੈ। ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥ ਨਾਨਕ, ਗੁਰੂ-ਅਨੁਸਾਰੀ ਮਨੁੱਖੀ ਦੇਹਿ ਦੇ ਸ਼ਹਿਰ ਦੀਆਂ ਦੁਕਾਨਾਂ ਵਿਚੋਂ ਰੱਬ ਦੇ ਨਾਮ ਦਾ ਸੌਦਾ ਸੂਤ ਖਰੀਦਦੇ ਹਨ। ਮਾਝ ਮਹਲਾ ੪ ॥ ਮਾਝ, ਚਉਥੀ ਪਾਤਸਾਹੀ। ਹਉ ਗੁਣ ਗੋਵਿੰਦ ਹਰਿ ਨਾਮੁ ਧਿਆਈ ॥ ਮੈਂ ਹਰੀ, ਸ੍ਰਿਸ਼ਟੀ ਦੇ ਮਾਲਕ, ਦੀਆਂ ਉਤਕ੍ਰਿਸ਼ਟਤਾਈਆਂ ਤੇ ਨਾਮ ਦਾ ਅਰਾਧਨ ਕਰਦਾ ਹਾਂ। ਮਿਲਿ ਸੰਗਤਿ ਮਨਿ ਨਾਮੁ ਵਸਾਈ ॥ ਸਾਧ-ਸਮਾਗਮ ਨਾਲ ਜੁੜ ਕੇ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਨੂੰ ਟਿਕਾਉਂਦਾ ਹਾਂ। ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥ ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਗਾਧ ਮਾਲਕ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮੈਂ ਈਸ਼ਵਰੀ ਅਨੰਦ ਨੂੰ ਮਾਣਦਾ ਹਾਂ।
|