ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥
ਮੁਬਾਰਕ, ਮੁਬਾਰਕ ਹਨ ਰੱਬ ਦੇ ਗੋਲੇ, ਜਿਹੜੇ ਵਾਹਿਗੁਰੂ ਸੁਆਮੀ ਨੂੰ ਸਮਝਦੇ ਹਨ। ਜਾਇ ਪੁਛਾ ਜਨ ਹਰਿ ਕੀ ਬਾਤਾ ॥ ਮੈਂ ਜਾ ਕੇ ਐਸੇ ਗੋਲਿਆਂ ਪਾਸੋਂ ਵਾਹਿਗੁਰੂ ਦੀਆਂ ਗੱਲਾਂ ਪੁਛਦਾ ਹਾਂ। ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥ ਮੈਂ ਉਨ੍ਹਾਂ ਦੇ ਪੈਰਾਂ ਦੀ ਮੁਠੀ-ਚਾਪੀ ਕਰਦਾ ਅਤੇ ਉਨ੍ਹਾਂ ਨੂੰ ਸਾਫ ਕਰਦਾ ਤੇ ਧੋਦਾ ਹਾਂ। ਰੱਬ ਦੇ ਸੇਵਕਾਂ ਨੂੰ ਮਿਲਕੇ, ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪੀਂਦਾ ਹਾਂ। ਸਤਿਗੁਰ ਦਾਤੈ ਨਾਮੁ ਦਿੜਾਇਆ ॥ ਦਾਤਾਰ, ਸੱਚੇ ਗੁਰਾਂ ਨੇ ਮੇਰੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ। ਵਡਭਾਗੀ ਗੁਰ ਦਰਸਨੁ ਪਾਇਆ ॥ ਪਰਮ ਚੰਗੇ ਨਸੀਬਾਂ ਰਾਹੀਂ ਮੈਨੂੰ ਗੁਰਾਂ ਦਾ ਦੀਦਾਰ ਪਰਾਪਤ ਹੋਇਆ ਹੈ। ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥ ਅੰਮ੍ਰਿਤਮਈ ਸੱਚੇ ਨਾਮ ਦਾ ਉਚਾਰਣ ਕਰਨ ਦੁਆਰਾ ਮੈਂ ਆਬਿ-ਹਿਯਾਤੀ ਜੌਹਰ ਪਾਨ ਕਰਦਾ ਹਾਂ। ਪੂਰਨ ਗੁਰਾਂ ਪਾਸੋਂ ਹੀ ਸੁਧਾਰਸ ਪਰਾਪਤ ਹੁੰਦਾ ਹੈ। ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥ ਹੇ ਵਾਹਿਗੁਰੂ! ਮੈਨੂੰ ਸਾਧ ਸਮੇਲਣ ਅਤੇ ਸੱਚੇ ਪੁਰਸ਼ਾਂ ਦੇ ਨਾਲ ਜੋੜ ਦੇ। ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥ ਪਵਿੱਤ੍ਰ ਪੁਰਸ਼ਾਂ ਦੀ ਸਭਾ ਨਾਲ ਮਿਲ ਕੇ ਮੈਂ ਰੱਬ ਦੇ ਨਾਮ ਦਾ ਅਰਾਧਨ ਕਰਾਂਗਾ। ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥ ਨਾਨਕ, ਵਾਹਿਗੁਰੂ ਦੀ ਵਾਰਤਾ ਮੈਂ ਸਰਵਣ ਕਰਦਾ ਅਤੇ ਆਪਣੇ ਮੂੰਹ ਨਾਲ ਉਚਾਰਦਾ ਹਾਂ। ਗੁਰਾਂ ਦੇ ਉਪਦੇਸ਼ ਤਾਬੇ ਹਰੀ ਦੇ ਨਾਮ ਨਾਲ ਮੈਂ ਤ੍ਰਿਪਤ ਹੋ ਜਾਂਦਾ ਹਾਂ। ਮਾਝ ਮਹਲਾ ੪ ॥ ਮਾਝ, ਚਉਥੀ ਪਾਤਸ਼ਾਹੀ। ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥ ਆਓ, ਮੇਰੀਓ ਅੰਮਾਂ ਜਾਈਓ! ਮੈਨੂੰ ਮਿਲੋ ਮੇਰੀਓ ਸਨੇਹੀਓ। ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥ ਮੈਂ ਉਸ ਉਤੋਂ ਘੋਲੀ ਹੋਂਦੀ ਹਾਂ, ਜਿਹੜੀ ਮੇਰੇ ਦਿਲਬਰ ਦੀ ਮੈਨੂੰ ਗੱਲ ਦੱਸਦੀ ਹੈ। ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥ ਸਾਧ ਸਮਾਗਮ ਅੰਦਰ ਜੁੜ ਕੇ ਮੈਂ ਵਾਹਿਗੁਰੂ ਆਪਣੇ ਮਿਤ੍ਰ ਨੂੰ ਭਾਲ ਲਿਆ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ। ਜਹ ਜਹ ਦੇਖਾ ਤਹ ਤਹ ਸੁਆਮੀ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਆਪਣੇ ਸਾਹਿਬ ਨੂੰ ਪਾਉਂਦਾ ਹਾਂ। ਤੂ ਘਟਿ ਘਟਿ ਰਵਿਆ ਅੰਤਰਜਾਮੀ ॥ ਤੂੰ ਹੇ, ਦਿਲਾਂ ਦੀਆਂ ਜਾਨਣਹਾਰ, ਸੁਆਮੀ! ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈਂ। ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥ ਪੂਰਨ ਗੁਰਾਂ ਨੇ ਮੇਰੇ ਵਾਹਿਗੁਰੂ ਨੂੰ ਮੇਰੇ ਸਾਥ ਵਿਖਾਲ ਦਿਤਾ ਹੈ। ਸੱਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ। ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ ਕੇਵਲ ਇਕੋ ਹੀ ਸੁਆਸ ਹੈ, ਸਾਰਿਆਂ ਦਾ ਮਾਦਾ ਐਨ ਇਕੋ ਜੇਹਾ ਹੈ ਅਤੇ ਸਮੂਹ ਅੰਦਰ ਤਮਾਮ ਰੋਸ਼ਨੀ ਉਹੋ ਹੀ ਹੈ। ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥ ਇਕੋ ਨੂਰ ਹੀ ਤਮਾਮ ਨਾਨਾ ਪ੍ਰਕਾਰ ਤੇ ਮੁਖਤਲਿਫ ਚੀਜ਼ਾ ਅੰਦਰ ਰਮ ਰਿਹਾ ਹੈ। ਕਿਸੇ ਜਣੇ ਦੇ ਮਿਲਾਉਣ ਦੁਆਰਾ ਇਹ ਨੂਰ ਕਿਸੇ ਹੋਰ ਨੂਰ ਨਾਲ ਅਭੇਦ ਨਹੀਂ ਹੁੰਦਾ। ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥ ਗੁਰਾਂ ਦੀ ਦਇਆ ਦੁਆਰਾ, ਮੈਂ ਇਕ ਪ੍ਰਭੂ ਨੂੰ ਵੇਖ ਲਿਆ ਹੈ! ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ। ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਨੌਕਰ ਨਾਨਕ ਸੁਧਾਰਸ ਸਰੂਪ ਗੁਰਬਾਣੀ ਉਚਾਰਨ ਕਰਦਾ ਹੈ। ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥ ਗੁਰ-ਸਿੱਖਾਂ ਦੇ ਚਿੱਤ ਨੂੰ ਇਹ ਲਾਡਲੀ ਤੇ ਚੰਗੀ ਲਗਦੀ ਹੈ। ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥ ਵਿਸ਼ਾਲ ਤੇ ਪੂਰਨ ਸੱਚੇ ਗੁਰੂ ਜੀ ਸਿੱਖ-ਮਤ ਪ੍ਰਦਾਨ ਕਰਦੇ ਹਨ। ਵੱਡੇ ਸੱਚੇ ਗੁਰਦੇਵ ਜੀ ਸਾਰਿਆਂ ਦਾ ਭਲਾ ਕਰਨ ਵਾਲੇ ਹਨ। ਸਤ ਚਉਪਦੇ ਮਹਲੇ ਚਉਥੇ ਕੇ ॥ ਸਤ ਚਉਪਦੇ ਚੌਥੀ ਪਾਤਸ਼ਾਹੀ ਦੇ। ਮਾਝ ਮਹਲਾ ੫ ਚਉਪਦੇ ਘਰੁ ੧ ॥ ਮਾਝ, ਪੰਜਵੀਂ ਪਾਤਸ਼ਾਹੀ, ਚਉਪਦੇ। ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਮੇਰੀ ਆਤਮਾ ਗੁਰਾਂ ਦੇ ਦੀਦਾਰ ਲਈ ਤਰਸ ਰਹੀ ਹੈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਇਹ ਪਪੀਹੇ ਦੀ ਮਾਨਿੰਦ ਵਿਰਲਾਪ ਕਰਦੀ ਹੈ। ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ ਮੇਰੀ ਤ੍ਰੇਹ ਨਹੀਂ ਬੁਝਦੀ, ਨਾਂ ਹੀ ਮੈਨੂੰ ਠੰਢ ਚੈਨ ਪੈਦੀ ਹੈ, ਬਗੈਰ ਪੂਜਯ ਸਾਧੂ ਪ੍ਰੀਤਮ ਦੇ ਦੀਦਾਰ ਦੇ। ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ ਮੈਂ ਕੁਰਬਾਨ ਹਾਂ ਤੇ ਆਪਣੀ ਜਿੰਦੜੀ ਮੈਂ ਕੁਰਬਾਨ ਕਰਦਾ ਹਾਂ, ਸਨੇਹੀ ਸਾਧੂ ਗੁਰਾਂ ਦੇ ਦੀਦਾਰ ਉਤੋਂ। ਠਹਿਰਾਉ। ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਤੇਰਾ ਚਿਹਰਾ ਸੁੰਦਰ ਹੈ ਅਤੇ ਤੇਰੇ ਸ਼ਬਦਾਂ ਦੀ ਆਵਾਜ ਬ੍ਰਹਿਮ-ਗਿਆਨ ਪ੍ਰਾਦਨ ਕਰਦੀ ਹੈ। ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਪਪੀਹੇ ਨੂੰ ਜਲ ਨੂੰ ਵੇਖੇ ਬੜੀ ਮੁਦਤ ਗੁਜਰ ਗਈ ਹੈ। ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ ਮੁਬਾਰਕ ਹੈ ਉਹ ਧਰਤੀ ਜਿਥੇ ਤੂੰ ਰਹਿੰਦਾ ਹੈ ਮੇਰਾ ਦੋਸਤ ਤੇ ਯਾਰ, ਪੂਜਯ ਤੇ ਪ੍ਰਭੂ-ਰੂਪ ਗੁਰਦੇਵ! ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ ਮੈਂ ਸਦਕੇ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਆਪਣੇ ਮਿੱਤ੍ਰ ਅਤੇ ਬੇਲੀ, ਮਾਣਨੀਯ ਰੱਬ ਰੂਪ ਗੁਰਾਂ ਉਤੋਂ ਠਹਿਰਾਉ। ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਜੇਕਰ ਮੈਂ ਤੈਨੂੰ ਇਕ ਮੁਹਤ ਭਰ ਨਹੀਂ ਮਿਲਦਾ ਤਦ ਮੇਰੇ ਨਹੀਂ ਕਾਲਾਯੁਗ ਉਦੈ ਹੋ ਜਾਂਦਾ ਹੈ। ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ਮੈਂ ਤੈਨੂੰ ਹੁਣ ਕਦੋ ਮਿਲਾਗਾਂ, ਹੇ ਮੇਰੇ ਪਿਆਰੇ ਮੁਬਾਰਕ ਸੁਆਮੀ?
|