Page 980

ਨਟ ਮਹਲਾ ੫ ॥
ਨਟ ਪੰਜਵੀਂ ਪਾਤਸ਼ਾਹੀ।

ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥
ਹੇ ਮੈਂਡੇ ਗੁਰੂ ਪ੍ਰਮੇਸ਼ਰ! ਮੈਂ ਤੇਰੇ ਉਤੋਂ ਕੁਰਬਾਨ ਕੁਰਬਾਨ ਵੰਝਦਾ ਹਾਂ। ਠਹਿਰਾਉ।

ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥
ਹੇ ਤੂੰ ਮਸਕੀਨਾਂ ਦੇ ਮਿਹਰਬਾਨ ਮਾਲਕ! ਮੈਂ ਨੇਕੀਵਿਹੂਣ ਹਾਂ ਅਤੇ ਤੂੰ ਪੂਰਾ ਦਾਤਾਰ ਸੁਆਮੀ ਹੈਂ।

ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥
ਖਲੋਤਿਆਂ, ਬਹਿੰਦੀਆਂ, ਸੌਂਦਿਆਂ ਅਤੇ ਜਾਗਦਿਆਂ ਤੂੰ ਹੇ ਸੁਆਮੀ! ਮੇਰੀ ਆਤਮਾ, ਜਿੰਦ-ਜਾਨ, ਦੌਲਤ ਅਤੇ ਜਾਇਦਾਦ ਹੈ।

ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥
ਮੇਰੇ ਚਿੱਤ ਵਿੱਚ ਸਾਹਿਬ ਦੇ ਦੀਦਾਰ ਦੀ ਘਣੇਰੀ ਤ੍ਰੇਹ ਹੈ। ਉਸ ਨੂੰ ਦੇਖ ਕੇ ਮੈਂ ਪਰਮ ਪ੍ਰਸੰਨ ਥੀ ਵੰਝਦਾ ਹਾਂ।

ਨਟ ਪੜਤਾਲ ਮਹਲਾ ੫
ਨਟ ਪੜਤਾਲ। ਪੰਜਵੀਂ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕੋਊ ਹੈ ਮੇਰੋ ਸਾਜਨੁ ਮੀਤੁ ॥
ਕੀ ਕੋਈ ਮੇਰਾ ਐਹੋ ਜੇਹਾ ਮਿੱਤਰ ਅਤੇ ਯਾਰ ਹੈ,

ਹਰਿ ਨਾਮੁ ਸੁਨਾਵੈ ਨੀਤ ॥
ਜੋ ਮੈਨੂੰ ਸਦਾ ਹੀ ਸੁਆਮੀ ਦਾ ਨਾਮ ਸ੍ਰਵਣ ਕਰਵਾਵੇ,

ਬਿਨਸੈ ਦੁਖੁ ਬਿਪਰੀਤਿ ॥
ਤਾਂ ਜੋ ਮੈਂ ਦੁੱਖਾਂ ਤੇ ਖੋਟੀਆਂ ਰੀਤਾਂ ਤੋਂ ਖਲਾਸੀ ਪਾ ਜਾਵਾਂ।

ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥
ਉਸ ਨੂੰ, ਮੈਂ ਆਪਣੀ ਆਤਮਾ, ਦੇਹ, ਮਨ ਅਤੇ ਸਾਰਾ ਕੁੱਛ ਸਮਰਪਣ ਕਰ ਦਿਆਂਗਾ। ਠਹਿਰਾਉ।

ਕੋਈ ਵਿਰਲਾ ਆਪਨ ਕੀਤ ॥
ਕੋਈ ਟਾਂਵਾਂ ਜਣਾ ਹੀ ਹੈ, ਜਿਸ ਨੂੰ ਸੁਆਮੀ ਆਪਣਾ ਨਿੱਜ ਦਾ ਬਣਾਉਂਦਾ ਹੈ,

ਸੰਗਿ ਚਰਨ ਕਮਲ ਮਨੁ ਸੀਤ ॥
ਅਤੇ ਜਿਸ ਦੀ ਜਿੰਦੜੀ ਉਸ ਦੇ ਕੰਵਲ ਚਰਨਾਂ ਨਾਲ ਸਿਉਂਤੀ ਹੋਈ ਹੈ।

ਕਰਿ ਕਿਰਪਾ ਹਰਿ ਜਸੁ ਦੀਤ ॥੧॥
ਆਪਣੀ ਰਹਿਮਤ ਧਾਰ ਕੇ, ਸੁਆਮੀ ਉਸ ਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰਦਾ ਹੈ।

ਹਰਿ ਭਜਿ ਜਨਮੁ ਪਦਾਰਥੁ ਜੀਤ ॥
ਸਾਹਿਬ ਦਾ ਸਿਮਰਨ ਕਰਨ ਦੁਆਰਾ ਉਹ ਆਪਣੇ ਅਮੋਲਕ ਜੀਵਨ ਨੂੰ ਸਫਲ ਕਰ ਲੈਂਦਾ ਹੈ।

ਕੋਟਿ ਪਤਿਤ ਹੋਹਿ ਪੁਨੀਤ ॥
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪੀ ਪਵਿੱਤਰ ਥੀ ਵੰਝਦੇ ਹਨ।

ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥
ਦਾਸ ਨਾਨਕ ਆਪਣੇ ਪ੍ਰਭੂ ਉਤੋਂ ਸਦਕੇ ਅਤੇ ਘੋਲੀ ਵੰਝਦਾ ਹੈ।

ਨਟ ਅਸਟਪਦੀਆ ਮਹਲਾ ੪
ਨਟ ਅਸਟਪਦੀਆਂ। ਚੌਥੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥
ਮੈਂਡੇ ਮਾਲਕ ਤੈਡਾਂ ਨਾਮ ਮੇਰੀ ਜਿੰਦੜੀ ਅਤੇ ਕਾਇਆਂ ਦਾ ਆਸਰਾ ਹੈ।

ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥੧॥ ਰਹਾਉ ॥
ਇਕ ਮੁਹਤ ਤੇ ਛਿੱਨ ਭਰ ਲਈ ਭੀ, ਮੈਂ ਸੁਆਮੀ ਦੀ ਟਹਿਲ ਸੇਵਾ ਬਿਨਾ ਰਹਿ ਨਹੀਂ ਸਕਦਾ। ਗੁਰਾਂ ਦੇ ਉਪਦੇਸ਼ ਰਾਹੀਂ, ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।

ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨੂੰ ਮੈਂ ਦਿਲੋਂ ਯਾਦ ਕਰਦਾ ਹਾਂ ਤੇ ਮਿੱਠੜ ਲਗਦਾ ਹੈ ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ।

ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥
ਜਦ ਸੁਆਮੀ ਮਾਲਕ, ਮੈਂ ਮਸਕੀਨ ਤੇ ਮਿਹਰਬਾਨ ਹੋ ਗਏ, ਤਾਂ ਮੈਂ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਥੀ ਗਿਆ।

ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥
ਮੈਡਾਂ ਮਾਲਕ, ਅਮ੍ਰਿਤ ਦਾ ਆਸ਼ਕ, ਜਗਤ ਦੀ ਜਿੰਦ ਜਾਨ, ਮਾਇਆ ਦਾ ਸੁਆਮੀ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।

ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥
ਮੈਂ ਗੁਰਾਂ ਅੱਗੇ ਪ੍ਰਾਰਥਨਾ ਤੇ ਬਿਨੇ ਕਰਦਾ ਹਾਂ ਕਿ ਉਹ ਮੈਨੂੰ ਸੰਤਾਂ ਦੇ ਪੈਰ ਧੋਣ ਦੀ ਦਾਤ ਬਖਸ਼ਣ।

ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥
ਜੀਵਾਂ ਦੀਆਂ ਹਜ਼ਾਰਾਂ ਹੀ ਅੱਖਾਂ, ਸੁਆਮੀ ਦੀਆਂ ਹੀ ਅੱਖਾਂ ਹਨ, ਫਿਰ ਵੀ ਸਰਬ-ਸ਼ਕਤੀਮਾਨ ਸੁਆਮੀ ਕੇਵਲ ਐਨ-ਅਟੰਕ ਹੀ ਵਿਚਰਦਾ ਹੈ।

ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥
ਅਦੁੱਤੀ ਸੁਆਮੀ ਮਾਲਕ ਦੇ ਹਜ਼ਾਰਾਂ ਹੀ ਸਰੂਪ ਹਨ। ਗੁਰਾਂ ਦੇ ਉਪਦੇਸ਼ ਰਾਹੀਂ ਕੇਵਲ ਸੁਆਮੀ ਹੀ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।

ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥
ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਸੁਆਮੀ ਦੇ ਨਾਮ ਦੀ ਦਾਤ ਪ੍ਰਦਾਨ ਹੋਈ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਮੈਂ ਆਪਣੇ ਦਿਲ ਨਾਲ ਲਾਈ ਰਖਦਾ ਹਾਂ।

ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮ੍ਹ੍ਹਾਰੇ ॥੪॥
ਪਰਮ ਮਿੱਠੜੀ ਹੈ ਸੁਆਮੀ ਮਾਲਕ ਦੀ ਕਥਾ ਵਾਰਤਾ। ਗੁੰਗੇ ਮਨੁਸ਼ ਦੀ ਤਰ੍ਹਾਂ, ਮੈਂ ਕੇਵਲ ਇਸ ਨੂੰ ਸੁਆਦ ਨਾਲ ਹੀ ਪੀ ਸਕਦਾ ਹਾਂ, ਪਰ ਬਿਆਨ ਨਹੀਂ ਕਰ ਸਕਦਾ।

ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥
ਜੀਭ ਹੋਰਸ ਦੇ ਪਿਆਰ, ਲਾਲਚ ਅਤੇ ਪਾਪ ਦੇ ਮਹਾਨ ਫਿਕਲੇ ਸੁਆਦ ਨੂੰ ਮਾਣਦੀ ਹੈ।

ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥
ਗੁਰੂ-ਅਨੁਸਾਰੀ ਪ੍ਰਭੂ ਦੇ ਨਾਮ ਦੀ ਮਿਠਾਸ ਨੂੰ ਚੱਖਦਾ ਹੈ ਅਤੇ ਹੋਰ ਸਾਰੀਆਂ ਲੱਜ਼ਤਾਂ ਅਤੇ ਜ਼ਾਇਕਿਆਂ ਨੂੰ ਭੁਲ ਜਾਂਦਾ ਹੈ।

ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥
ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਪ੍ਰਭੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ, ਜਿਸ ਨੂੰ ਸ੍ਰਵਣ ਤੇ ਉਚਾਰਨ ਕਰਨ ਦੁਆਰਾ ਮੇਰੇ ਗੁਨਾਹ ਕੱਟੇ ਗਏ ਹਨ।

ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥
ਧਰਮ ਰਾਜੇ ਦਾ ਦੂਤ ਮੈਂਡੇ ਮਾਲਕ ਦੇ ਲਾਡਲੇ ਗੋਲੇ ਦੇ ਨਜ਼ਦੀਕ ਨਹੀਂ ਆਉਂਦਾ।

ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥
ਜਿੰਨੇ ਸੁਆਸ, ਸੁਆਸ ਮੈਂ ਲੈਂਦਾ ਹਾਂ, ਓਨਿਆ ਹੀ ਸੁਆਸਾਂ ਨਾਲ ਮੈਂ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦਾ ਨਾਮ ਉਚਾਰਦਾ ਹਾਂ।

ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥
ਸੁਆਸ, ਸੁਆਸ, ਜੋ ਨਾਮ ਦੇ ਬਗੈਰ ਜਾਂਦਾ ਹੈ, ਉਹ ਸੁਆਸ ਵਿਅਰਥ ਅਤੇ ਪਾਪ ਭਰਿਆ ਹੈ।

ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥
ਹੇ ਸੁਆਮੀ ਵਾਹਿਗੁਰੂ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉੱਤੇ ਰਹਿਮਤ ਰਹਿਮਤ ਧਾਰ ਅਤੇ ਮੈਨੂੰ ਆਪਣੇ ਲਾਡਲੇ ਸੇਵਕਾਂ ਨਾਲ ਮਿਲਾ ਦੇ।

copyright GurbaniShare.com all right reserved. Email