ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥ ਵਹਿਮ ਦੇ ਕਿਵਾੜ ਖੁਲ੍ਹ ਗਏ ਹਨ, ਵਾਹਿਗੁਰੂ ਦੇ ਹੀਰੇ ਨੇ ਮੇਰੇ ਮਨ ਦੇ ਹੀਰੇ ਨੂੰ ਵਿੰਨ੍ਹ ਦਿੱਤਾ ਹੈ ਅਤੇ ਮੈਂ ਸੰਸਾਰ ਦੇ ਪਾਲਣਹਾਰ, ਆਪਣੇ ਸੁਆਮੀ ਨੂੰ ਮਿਲ ਪਿਆ ਹਾਂ। ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥ ਮੈਡਾਂ ਮਾਲਕ ਨੇਕੀਆਂ ਦਾ ਸਮੁੰਦਰ ਹੈ। ਉਸ ਦੀ ਮਹਿਮਾ ਗਾਇਨ ਕਰਨ ਦੁਆਰਾ, ਨਾਨਕ ਅਦਭੁੱਤ ਤੌਰ ਤੇ ਪ੍ਰਸੰਨ ਥੀ ਗਿਆ ਹੈ। ਨਟ ਮਹਲਾ ੫ ॥ ਨਟ ਪੰਜਵੀਂ ਪਾਤਸ਼ਾਹੀ। ਅਪਨਾ ਜਨੁ ਆਪਹਿ ਆਪਿ ਉਧਾਰਿਓ ॥ ਸਾਹਿਬ ਖੁਦ ਹੀ ਆਪਣੇ ਨਫਰ ਦਾ ਪਾਰ ਉਤਾਰਾ ਕਰਦਾ ਹੈ। ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥ ਦਿਨ ਦੇ ਅੱਠੇ ਪਹਿਰ ਹੀ, ਸੁਆਮੀ ਆਪਣੇ ਦਾਸ ਦੇ ਨਾਲ ਵਸਦਾ ਹੈ ਅਤੇ ਆਪਣੇ ਚਿੱਤ ਤੋਂ ਉਹ ਉਸ ਨੂੰ ਨਹੀਂ ਭੁਲਾਉਂਦਾ। ਠਹਿਰਾਉ। ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥ ਉਹ ਉਸ ਦੇ ਰੰਗ ਅਤੇ ਸਰੂਪ ਦੀ ਪਰਵਾਹ ਨਹੀਂ ਕਰਦਾ, ਨਾਂ ਹੀ ਉਹ ਆਪਣੇ ਸੇਵਕ ਦੀ ਵੰਸ਼ ਦਾ ਖਿਆਲ ਕਰਦਾ ਹੈ। ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥੧॥ ਆਪਣੀ ਮਿਹਰ ਧਾਰ ਕੇ, ਵਾਹਿਗੁਰੂ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ ਅਤੇ ਸੁਤੇ ਸਿੱਧ ਹੀ ਉਸ ਨੂੰ ਸ਼ਸ਼ੋਭਤ ਕਰ ਦਿੰਦਾ ਹੈ। ਮਹਾ ਬਿਖਮੁ ਅਗਨਿ ਕਾ ਸਾਗਰੁ ਤਿਸ ਤੇ ਪਾਰਿ ਉਤਾਰਿਓ ॥ ਪਰਮ ਕਠਨ ਹੈ ਅੱਗ ਦਾ ਸਮੁੰਦਰ, ਪ੍ਰੰਤੂ ਪ੍ਰਭੂ ਉਸ ਨੂੰ ਉਸ ਤੋਂ ਪਾਰ ਕਰ ਦਿੰਦਾ ਹੈ। ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥੨॥੩॥੪॥ ਉਸ ਨੂੰ ਵੇਖ ਅਤੇ ਤੱਕ ਕੇ ਨਾਨਕ ਸਦਾ ਹੀ ਖਿੜਾਓ ਅੰਦਰ ਰਹਿੰਦਾ ਹੈ ਅਤੇ ਮੁੜ ਮੁੜ ਕੇ, ਉਸ ਉੱਤੋਂ ਘੋਲੀ ਵੰਝਦਾ ਹੈ। ਨਟ ਮਹਲਾ ੫ ॥ ਨਟ ਪੰਜਵੀਂ ਪਾਤਸ਼ਾਹੀ। ਹਰਿ ਹਰਿ ਮਨ ਮਹਿ ਨਾਮੁ ਕਹਿਓ ॥ ਜੋ ਆਪਣੇ ਰਿਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥ ਉਸ ਦੇ ਕ੍ਰੋੜਾਂ ਹੀ ਪਾਪ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ ਤੇ ਉਸ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਠਹਿਰਾਉ। ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥ ਵਾਹਿਗੁਰੂ ਨੂੰ ਭਾਲਦਾ ਭਾਲਦਾ ਮੈਂ ਇੱਛਾ-ਰਹਿਤ ਥੀ ਗਿਆ ਹਾਂ ਅਤੇ ਮੈਨੂੰ ਸਤਿਸੰਗਤ ਦੀ ਦਾਤ ਪ੍ਰਾਪਤ ਹੋ ਗਈ ਹੈ। ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥੧॥ ਸਾਰਿਆਂ ਨੂੰ ਛੱਡ ਕੇ, ਮੈਂ ਹੁਣ ਇਕ ਵਾਹਿਗੁਰੂ ਨਾਲ ਪ੍ਰੇਮ ਪਾ ਲਿਆ ਹੈ, ਤੇ ਸਦਾ ਹੀ ਸੁਆਮੀ ਮਾਲਕ ਦੇ ਪੈਰ ਪਕੜੀ ਰਖਦਾ ਹਾਂ। ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥ ਜੋ ਕੋਈ ਭੀ ਪ੍ਰਭੂ ਦੀ ਪਨਾਹ ਲੈਂਦਾ ਹੈ ਅਤੇ ਉਸ ਦੇ ਨਾਮ ਨੂੰ ਉਚਾਰਦਾ ਹੈ; ਉਹ ਮੋਖਸ਼ ਹੋ ਜਾਂਦਾ ਹੈ। ਉਸ ਦੇ ਨਾਮ ਨੂੰ ਸੁਣਨ ਵਾਲੇ ਭੀ ਪਾਰ ਉੱਤਰ ਜਾਂਦੇ ਹਨ। ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥ ਆਪਣੇ ਸਾਹਿਬ ਮਾਲਕ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਗੁਰੂ ਜੀ ਆਖਦੇ ਹਨ, ਉਹ ਸਦਾ ਲਈ ਪਰਮ ਪ੍ਰਸੰਨ ਥੀ ਵੰਝਦਾ ਹੈ। ਨਟ ਮਹਲਾ ੫ ॥ ਨਟ ਪੰਜਵੀਂ ਪਾਤਸ਼ਾਹੀ। ਚਰਨ ਕਮਲ ਸੰਗਿ ਲਾਗੀ ਡੋਰੀ ॥ ਤੇਰੇ ਕੰਵਲ ਚਰਨਾਂ ਨਾਲ ਮੇਰਾ ਪ੍ਰੇਮ ਹੈ, ਹੇ ਸੁਆਮੀ! ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥ ਹੇ ਸੁਖ ਦੇ ਸਮੁੰਦਰ, ਮੈਂਡੇ ਮਾਲਕ, ਤੂੰ ਮੇਰੀ ਕਲਿਆਣ ਕਰ। ਠਹਿਰਾਉ। ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥ ਵਾਹਿਗੁਰੂ ਨੇ ਆਪਣੇ ਗੋਲੇ ਨੂੰ ਆਪਣਾ ਪੱਲਾ ਪਕੜਾ ਦਿੱਤਾ ਹੈ ਤੇ ਉਸ ਦਾ ਚਿੱਤ ਉਸ ਦੇ ਪਿਆਰ ਦੀ ਖੁਮਾਰੀ ਨਾਲ ਵਿੰਨਿਆ ਗਿਆ ਹੈ। ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥ ਸਾਹਿਬ ਦੀ ਮਹਿਮਾ ਗਾਇਨ ਕਰਨ ਦੁਆਰਾ ਭਗਤ ਦੇ ਹਿਰਦੇ ਅੰਦਰ ਉਸ ਦਾ ਪ੍ਰੇਮ ਉਤਪੰਨ ਹੋ ਗਿਆ ਹੈ ਅਤੇ ਉਸ ਮੋਹਣੀ ਮਾਇਆ ਦੇ ਜਾਲ ਨੂੰ ਤੋੜ ਦਿੱਤਾ ਹੈ। ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥ ਰਹਿਮਤ ਦਾ ਸਮੁੰਦਰ ਵਾਹਿਗੁਰੂ, ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥ ਪ੍ਰਭੂ ਨੇ ਆਪਣੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਉਸ ਦਾ ਪ੍ਰਭੂ ਲਈ ਪ੍ਰੇਮ ਕਦੇ ਭੀ ਥੋੜਾ ਨਹੀਂ ਹੁੰਦਾ। ਨਟ ਮਹਲਾ ੫ ॥ ਨਟ ਪੰਜਵੀਂ ਪਾਤਸ਼ਾਹੀ। ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਜਾਪ ਕਰ। ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥੧॥ ਰਹਾਉ ॥ ਆਪਣੇ ਚਿੱਤ ਵਿੱਚ ਮੈਂ ਉਸ ਨੂੰ ਕਦੇ ਭੀ ਨਹੀਂ ਭੁਲਾਉਂਦਾ ਅਤੇ ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰਦਾ ਹਾਂ। ਠਹਿਰਾਉ। ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ ॥ ਨਿਤਾਪ੍ਰਤੀ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਦਾ ਹਾਂ ਅਤੇ ਇਸ ਤਰਾਂ ਸਾਰੇ ਕੁਕਰਮਾਂ ਤੇ ਗੁਨਾਹਾਂ ਤੋਂ ਖਲਾਸੀ ਪਾਂ ਗਿਆ ਹਾਂ। ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥੧॥ ਰਹਿਮਤ ਦਾ ਸਮੁੰਦਰ, ਪੂਰਾ ਪ੍ਰਭੂ, ਸਾਰਿਆਂ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਲੀਨ ਹੋਇਆ ਹੋਇਆ ਦਿਸਦਾ ਹੈ। ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥ ਕ੍ਰੋੜਾਂ ਅਤੇ ਲੱਖਾਂ ਹੀ ਪਾਠ, ਤਪੱਸਿਆਵਾਂ ਅਤੇ ਉਪਾਸ਼ਨਾਵਾਂ, ਪ੍ਰਭੂ ਦੀ ਬੰਦਗੀ ਦੇ ਬਰਾਬਰ ਨਹੀਂ ਪੁਜਦੀਆਂ। ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥ ਆਪਣੇ ਦੋਨੋ ਹੱਥ ਬੰਨ੍ਹ ਕੇ, ਨਾਨਕ ਤੇਰੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਥੀ ਵੰਝਣ ਦੀ ਦਾਤ ਦੀ ਤੈਥੋਂ ਯਾਚਨਾ ਕਰਦਾ ਹੈ। ਨਟ ਮਹਲਾ ੫ ॥ ਨਟ ਪੰਜਵੀਂ ਪਾਤਸ਼ਾਹੀ। ਮੇਰੈ ਸਰਬਸੁ ਨਾਮੁ ਨਿਧਾਨੁ ॥ ਸੁਆਮੀ ਦੇ ਨਾਮ ਦਾ ਖ਼ਜ਼ਾਨਾ, ਮੇਰੇ ਲਈ ਸਾਰਾ ਕੁਛ ਹੈ। ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥ ਆਪਣੀ ਮਿਹਰ ਧਾਰ ਕੇ ਮਾਲਕ ਮੈਨੂੰ ਸਤਿਸੰਗਤ ਰਾਹੀਂ ਮਿਲ ਪਿਆ ਹੈ। ਸੱਚੇ ਗੁਰਾਂ ਨੇ ਮੈਨੂੰ ਐਹੋ ਜੇਹੀ ਦਾਤ ਪ੍ਰਦਾਨ ਕੀਤੀ ਹੈ। ਠਹਿਰਾਉ। ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥ ਤੂੰ ਆਰਾਮ ਬਖਸ਼ਣਹਾਰ ਅਤੇ ਦੁਖ ਦੂਰ ਕਰਨਹਾਰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੈਨੂੰ ਮੁਕੰਮਲ ਬ੍ਰਹਮ ਵਿਚਾਰ ਦੀ ਦਾਤ ਪ੍ਰਾਪਤ ਹੋ ਵੰਝੇਗੀ। ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨ੍ਹ੍ਹੇ ਬਿਨਸਿਓ ਮੂੜ ਅਭਿਮਾਨੁ ॥੧॥ ਤੇਰੀ ਕਾਮ-ਚੇਸ਼ਟਾ, ਰੋਹੁ ਅਤੇ ਲਾਲਚ ਟੁਕੜੇ ਥੀ ਵੰਝਣਗੇ ਅਤੇ ਤੇਰਾ ਮੂਰਖ ਬਣਾਉਣ ਵਾਲਾ ਹੰਕਾਰ ਦੂਰ ਹੋ ਜਾਵੇਗਾ। ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥ ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਵਰਨਣ ਤੇ ਬਿਆਨ ਕਰ ਸਕਦਾ ਹਾਂ? ਤੂੰ ਅੰਦਰਲੀਆਂ-ਜਾਣਨਹਾਰ ਸ੍ਰਵੱਗ ਸੁਆਮੀ ਹੈਂ। ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥ ਹੇ ਸੁਖ ਦੇ ਸਾਗਰ, ਮੇਰੇ ਸੁਆਮੀ! ਮੈਂ ਤੇਰੇ ਕੰਵਲ ਚਰਨਾਂ ਦੀ ਪਨਾਹ ਲੋੜਦਾ ਹਾਂ। ਨਾਨਕ ਸਦੀਵ ਹੀ ਤੇਰੇ ਉੱਤੋਂ ਬਲਿਹਾਰਨੇ ਜਾਂਦਾ ਹੈ। copyright GurbaniShare.com all right reserved. Email |