ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 248 ਨਾਨਕ ਬੇਨਤੀ ਕਰਦਾ ਹੈ– ਜਿਸ ਜੀਵ-ਇਸਤ੍ਰੀ ਨੂੰ ਸਾਰੇ ਸੁਖਾਂ ਦਾ ਦਾਤਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।4।1। ਗਉੜੀ ਮਹਲਾ ੫ ॥ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥ ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥ {ਪੰਨਾ 248} ਪਦ ਅਰਥ: ਮੋਹਨ– ਹੇ ਮੋਹਨ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! {mohn = an epithet of Siva} {'ਮਨ ਮੋਹਨਿ ਮੋਹਿ ਲੀਆ = ਗਉੜੀ ਮ: 3 ਛੰਤ, ਪੰਨਾ 245। 'ਮੋਹਨਿ ਮੋਹਿ ਲੀਆ ਮਨੁ' = ਤੁਖਾਰੀ ਮ: 1, ਪੰਨਾ 1112। 'ਮੋਹਨਿ ਮੋਹਿ ਲੀਆ' = ਬਸੰਤ ਮ: 1, ਪੰਨਾ 1187। 'ਮੋਹਨ ਨੀਦ ਨ ਆਵੈ' = ਬਿਲਾਵਲ ਮ: 5, ਪੰਨਾ 830। 'ਮੋਹਨ ਮਾਧਵ ਕ੍ਰਿਸ਼ਨ' = ਮਾਰੂ ਮ: 5, ਪੰਨਾ 1082}। ਨੋਟ: ਕਿਸੇ ਘੜੀ ਹੋਈ ਸਾਖੀ ਉਤੇ ਇਤਬਾਰ ਕਰ ਕੇ ਇਸ ਲਫ਼ਜ਼ 'ਮੋਹਨ' ਨੂੰ ਬਾਬਾ ਮੋਹਨ ਵਾਸਤੇ ਵਰਤਣਾ ਭਾਰੀ ਭੁੱਲ ਹੈ। ਬਾਬਾ ਮੋਹਨ ਜੀ ਦੇ ਛੋਟੇ ਜਿਹੇ ਚੁਬਾਰੇ ਨੂੰ ਸਤਿਗੁਰੂ ਜੀ 'ਮਹਲ ਅਪਾਰਾ' ਨਹੀਂ ਆਖ ਸਕਦੇ ਸਨ। ਸੋਹਨਿ = ਸੋਭ ਰਹੇ ਹਨ। ਦੈਆਰ = ਦਯਾਲ, ਦਇਆਲ। ਗਾਵਹੇ = ਗਾਵਹਿ, ਗਾਂਦੇ ਹਨ। {ਨੋਟ: ਬਾਬਾ ਮੋਹਨ ਜੀ ਦਾ ਕੀਰਤਨ ਕਿਤੇ ਭੀ ਕਿਸੇ ਭੀ ਧਰਮਸਾਲਾ ਵਿਚ ਕੋਈ ਸੰਤ ਜਨ ਕਦੇ ਨਾਹ ਗਾਂਦੇ ਰਹੇ ਹਨ, ਨਾ ਹੁਣ ਗਾਂਦੇ ਹਨ}। ਤੁਝਹਿ = (ਹੇ ਮੋਹਨ ਪ੍ਰਭੂ!) ਤੈਨੂੰ। {ਬਾਬਾ ਮੋਹਨ ਜੀ ਨੂੰ ਨਹੀਂ}। ਸੁਆਮੀ = ਹੇ ਸੁਆਮੀ ਪ੍ਰਭੂ! {ਬਾਬਾ ਮੋਹਨ ਜੀ ਨੂੰ ਨਹੀਂ ਕਿਹਾ ਜਾ ਰਿਹਾ}। ਕ੍ਰਿਪਾਰਾ = ਕਿਰਪਾਲ। ਦਰਸਨ ਸੁਖੁ = ਦਰਸਨ ਦਾ ਸੁਖ। ਸਾਰਾ = ਲੈਂਦੇ ਹਨ।1। ਅਰਥ: ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! ਤੇਰੇ ਉੱਚੇ ਮੰਦਰ ਹਨ, ਤੇਰੇ ਮਹਲ ਐਸੈ ਹਨ ਕਿ ਉਹਨਾਂ ਦਾ ਪਾਰਲਾ ਬੰਨਾ ਨਹੀਂ ਦਿੱਸਦਾ। ਹੇ ਮੋਹਨ! ਤੇਰੇ ਦਰ ਤੇ ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ (ਬੈਠੇ) ਸੋਹਣੇ ਲੱਗ ਰਹੇ ਹਨ। ਹੇ ਬੇਅੰਤ ਪ੍ਰਭੂ! ਹੇ ਦਇਆਲ ਪ੍ਰਭੂ! ਹੇ ਠਾਕੁਰ! ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਗਾਂਦੇ ਹਨ। (ਹੇ ਮੋਹਨ!) ਜਿਥੇ ਭੀ ਸਾਧ ਸੰਤ ਇਕੱਠੇ ਹੁੰਦੇ ਹਨ ਉਥੇ ਤੈਨੂੰ ਹੀ ਧਿਆਉਂਦੇ ਹਨ। ਹੇ ਦਇਆ ਦੇ ਘਰ ਮੋਹਨ! ਹੇ ਸਭ ਦੇ ਮਾਲਕ ਮੋਹਨ! ਤੂੰ ਦਇਆ ਕਰ ਕੇ ਤਰਸ ਕਰ ਕੇ ਗਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈਂ। (ਹੇ ਮੋਹਨ!) ਨਾਨਕ ਬੇਨਤੀ ਕਰਦਾ ਹੈ– ਤੇਰੇ ਦਰਸ਼ਨ ਦੇ ਪਿਆਸੇ (ਤੇਰੇ ਸੰਤ ਜਨ) ਤੈਨੂੰ ਮਿਲ ਕੇ ਤੇਰੇ ਦਰਸਨ ਦਾ ਸੁਖ ਮਾਣਦੇ ਹਨ।1। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥ ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥ ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥ ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥ ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥ {ਪੰਨਾ 248} ਪਦ ਅਰਥ: ਮੋਹਨ– ਹੇ ਮੋਹਨ ਪ੍ਰਭੂ! ਅਨੂਪ = ਸੋਹਣੇ। ਨਿਰਾਲੀ = ਅਨੋਖੀ, ਵੱਖਰੀ ਕਿਸਮ ਦੀ। ਤੂੰ = ਤੈਨੂੰ। ਨੋਟ: ਲਫ਼ਜ਼ 'ਤੂੰ' 'ਤੈਨੂੰ' ਦੇ ਅਰਥ ਵਿਚ ਅਨੇਕਾਂ ਵਾਰੀ ਵਰਤਿਆ ਮਿਲਦਾ ਹੈ। ਵੰਨਗੀ ਮਾਤ੍ਰ ਵੇਖੋ: 'ਜਿਨਿ ਤੂੰ ਸਾਜਿ ਸਵਾਰਿਆ' = ਸਿਰੀ ਰਾਗ ਮ: 5, ਪੰਨਾ 51। 'ਜਿਨ ਤੂੰ ਸੇਵਿਆ ਭਾਉ ਕਰਿ' = ਸਿਰੀ ਰਾਗ ਮ: 5, ਪੰਨਾ 52। 'ਗੁਰਮਤਿ ਤੂੰ ਸਲਾਹਣਾ' = ਸਿਰੀ ਰਾਗ ਮ: 1, ਪੰਨਾ 61। 'ਜਿਨ ਤੂੰ ਜਾਤਾ = ਮਾਝ ਮ: 5, ਪੰਨਾ 100। 'ਤਿਸੁ ਕੁਰਬਾਨੀ ਜਿਨਿ ਤੂੰ ਸੁਣਿਆ' = ਮਾਝ ਮ: 5, ਪੰਨਾ 102। 'ਗੁਰ ਪਰਸਾਦੀ ਤੂੰ ਪਾਵਣਿਆ' = ਮਾਝ ਮ: 5, ਪੰਨਾ 130। 'ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ' = ਸੁਖਮਨੀ ਮ: 5, ਪੰਨਾ 266}। ਮਾਨਹਿ = (ਸਾਰੇ ਜੀਵ) ਮੰਨਦੇ ਹਨ। ਰਾਲੀ = ਮਿੱਟੀ, ਨਾਸਵੰਤ। ਜਿਨਹਿ = ਜਿਸ ਨੇ। ਕਲ = ਸੱਤਾ, ਤਾਕਤ। ਤੁਧੁ = ਤੈਨੂੰ। ਬਚਨਿ = ਬਚਨ ਦੀ ਰਾਹੀਂ। ਬਨਵਾਰੀਆ = ਜਗਤ ਦਾ ਮਾਲਕ। ਪੈਜ = ਲਾਜ।2। ਅਰਥ: ਹੇ ਮੋਹਨ! ਤੇਰੀ ਸਿਫ਼ਤਿ-ਸਾਲਾਹ ਦੇ ਬਚਨ ਸੋਹਣੇ ਲੱਗਦੇ ਹਨ, ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ। ਹੇ ਮੋਹਨ ਜੀ! (ਸਾਰੇ ਜੀਵ) ਸਿਰਫ਼ ਤੈਨੂੰ ਹੀ (ਸਦਾ ਕਾਇਮ ਰਹਿਣ ਵਾਲਾ) ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸ-ਵੰਤ ਹੈ। ਹੇ ਮੋਹਨ! ਸਿਰਫ਼ ਤੈਨੂੰ ਇਕ ਨੂੰ (ਅਸਥਿਰ) ਮੰਨਦੇ ਹਨ– ਸਿਰਫ਼ ਤੈਨੂੰ = ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਤੂੰ ਸਭ ਦਾ ਪਾਲਣਹਾਰ ਹੈਂ, ਤੇ ਜਿਸ ਤੈਂ ਨੇ ਸਾਰੀ ਸ੍ਰਿਸ਼ਟੀ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ। ਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਬਚਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ। ਹੇ ਮੋਹਨ! (ਸਾਰੇ ਜੀਵਾਂ ਵਿਚ ਮੌਜੂਦ ਹੋਣ ਕਰਕੇ) ਤੂੰ ਆਪ ਹੀ (ਉਮਰ ਭੋਗ ਕੇ ਜਗਤ ਤੋਂ) ਚਲਾ ਜਾਂਦਾ ਹੈਂ, ਫਿਰ ਭੀ ਤੂੰ ਹੀ ਆਪ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਜਗਤ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ। ਨਾਨਕ ਬੇਨਤੀ ਕਰਦਾ ਹੈ– (ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ।2। ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥ ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥ ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥ ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥ ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥ ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥ {ਪੰਨਾ 248} ਪਦ ਅਰਥ: ਤੁਧੁ = ਤੈਨੂੰ। ਮੋਹਨ– ਹੇ ਮੋਹਨ ਪ੍ਰਭੂ। ਨਿਦਾਨਾ = ਅੰਤ ਨੂੰ। ਲਗੈ ਨਾਹੀ = ਪੋਹ ਨਹੀਂ ਸਕਦਾ। ਇਕ ਮਨਿ = ਇਕਾਗਰ ਮਨ ਨਾਲ। ਧਿਆਵਹੇ = ਧਿਆਵਹਿ, ਧਿਆਉਂਦੇ ਹਨ। ਮਨਿ = ਮਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਕਰਮਿ = ਕਰਮ ਦੀ ਰਾਹੀਂ। ਪਾਵਹੇ = ਪਾਵਹਿ, ਪਾਂਦੇ ਹਨ। ਮਲ ਮੂਤ = ਗੰਦੇ, ਵਿਕਾਰੀ। ਜਿ = ਜੇਹੜੇ ਮਨੁੱਖ। ਸਿ = ਉਹ। ਦੇਖਿ = ਵੇਖ ਕੇ। ਸੁਗਿਆਨਾ = ਸਿਆਣੇ। ਪੂਰਨ ਪੁਰਖ = ਹੇ ਪੂਰਨ ਸਰਬ-ਵਿਆਪਕ! {ਬਾਬਾ ਮੋਹਨ ਜੀ ਨੂੰ ਇਉਂ ਸੰਬੋਧਨ ਨਹੀਂ ਕੀਤਾ ਜਾ ਸਕਦਾ ਸੀ}।3। ਅਰਥ: ਹੇ ਮੋਹਨ ਪ੍ਰਭੂ! ਤੈਨੂੰ ਸਾਧ ਸੰਗਤਿ ਧਿਆਉਂਦੀ ਹੈ, ਤੇਰੇ ਦਰਸਨ ਦਾ ਧਿਆਨ ਧਰਦੀ ਹੈ। ਹੇ ਮੋਹਨ ਪ੍ਰਭੂ! ਜੇਹੜੇ ਜੀਵ ਤੈਨੂੰ ਜਪਦੇ ਹਨ, ਅੰਤ ਵੇਲੇ ਮੌਤ ਦਾ ਸਹਮ ਉਹਨਾਂ ਦੇ ਨੇੜੇ ਨਹੀਂ ਢੁਕਦਾ। ਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦਾ ਸਹਮ ਉਹਨਾਂ ਨੂੰ ਪੋਹ ਨਹੀਂ ਸਕਦਾ (ਆਤਮਕ ਮੌਤ ਉਹਨਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ) । ਜੇਹੜੇ ਮਨੁੱਖ ਆਪਣੇ ਮਨ ਦੀ ਰਾਹੀਂ, ਉਹ ਆਪਣੇ ਬੋਲ ਦੀ ਰਾਹੀਂ, ਆਪਣੇ ਕਰਮ ਦੀ ਰਾਹੀਂ, ਤੈਨੂੰ ਯਾਦ ਕਰਦੇ ਰਹਿੰਦੇ ਹਨ, ਉਹ ਸਾਰੇ (ਮਨ-ਇੱਛਤ) ਫਲ ਪ੍ਰਾਪਤ ਕਰ ਲੈਂਦੇ ਹਨ। ਹੇ ਸਰਬ-ਵਿਆਪਕ! ਹੇ ਭਗਵਾਨ! ਉਹ ਮਨੁੱਖ ਭੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ (ਪਹਿਲਾਂ) ਗੰਦੇ-ਕੁਕਰਮੀ ਤੇ ਮਹਾ ਮੂਰਖ ਹੁੰਦੇ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਮੋਹਨ! ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਹੈ।3। ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥ ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥ ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥ ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥ ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥ {ਪੰਨਾ 248} ਪਦ ਅਰਥ: ਮੋਹਨ– ਹੇ ਮੋਹਨ ਪ੍ਰਭੂ! ਸੁਫਲੁ = ਫਲ ਵਾਲਾ, ਬਾਗ-ਪਰਵਾਰ ਵਾਲਾ, ਜਗਤ-ਰੂਪ ਪਰਵਾਰ ਵਾਲਾ। ਸਣੁ = ਸਮੇਤ। ਸਣੁ ਪਰਵਾਰੇ = ਪਰਵਾਰ ਸਮੇਤ ਹੈਂ, ਬੇਅੰਤ ਜੀਵਾਂ ਦਾ ਪਿਤਾ ਹੈਂ। ਪੁਤ੍ਰ ਮੀਤ ਭਾਈ ਕੁਟੰਬ ਸਭਿ = ਪੁੱਤਰਾਂ ਮਿੱਤਰਾਂ, ਭਰਾਵਾਂ ਵਾਲੇ ਸਾਰੇ (ਅਨੇਕਾਂ) ਟੱਬਰ। {ਨੋਟ: ਬਾਬਾ ਮੋਹਨ ਜੀ ਨੇ ਸਾਰੀ ਉਮਰ ਵਿਆਹ ਨਹੀਂ ਸੀ ਕੀਤਾ, ਉਹਨਾਂ ਦਾ ਕੋਈ ਟੱਬਰ ਨਹੀਂ ਸੀ}। ਤਾਰਿਆ ਜਹਾਨੁ = ਤੂੰ ਸਾਰਾ ਜਹਾਨ ਤਾਰ ਦਿੱਤਾ {ਬਾਬਾ ਮੋਹਨ ਜੀ ਨਹੀਂ, ਇਹ ਮੋਹਨ-ਪ੍ਰਭੂ ਹੀ ਹੋ ਸਕਦਾ ਹੈ}। ਟੇਕ = ਆਸਰਾ। ਜਿਤੁ = ਜਿਸ 'ਟੇਕ' ਦੀ ਬਰਕਤਿ ਨਾਲ।4। ਅਰਥ: ਹੇ ਮੋਹਨ ਪ੍ਰਭੂ! ਤੂੰ ਬੜਾ ਸੋਹਣਾ ਫਲਿਆ ਹੋਇਆ ਹੈਂ, ਤੂੰ ਬੜੇ ਵੱਡੇ ਪਰਵਾਰ ਵਾਲਾ ਹੈਂ। ਹੇ ਮੋਹਨ ਪ੍ਰਭੂ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ ਵੱਡੇ ਟੱਬਰ ਤੂੰ ਸਾਰੇ ਦੇ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈਂ। ਹੇ ਮੋਹਨ! ਜਿਨ੍ਹਾਂ ਨੇ ਤੇਰਾ ਦਰਸਨ ਕੀਤਾ, ਉਹਨਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿੱਤਾ। ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ ਸਮਰੱਥਾ ਵਾਲਾ ਹੈਂ। ਹੇ ਮੋਹਨ! ਜਿਨ੍ਹਾਂ (ਵਡ-ਭਾਗੀਆਂ) ਨੇ ਤੇਰੀ ਸਿਫ਼ਤਿ-ਸਾਲਾਹ ਕੀਤੀ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ। ਹੇ ਸਭ ਤੋਂ ਵੱਡੇ! ਸਰਬ-ਵਿਆਪਕ ਪ੍ਰਭੂ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ। ਨਾਨਕ ਬੇਨਤੀ ਕਰਦਾ ਹੈ– ਮੈਂ ਤੇਰਾ ਹੀ ਆਸਰਾ ਲਿਆ ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ।4।2। ਗਉੜੀ ਮਹਲਾ ੫ ॥ ਸਲੋਕੁ ॥ ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥ ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥ ਛੰਤ ॥ ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥ ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥ ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥ ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥ ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥ ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥ ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ ॥ ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥ ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥ ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥ {ਪੰਨਾ 248-249} ਪਦ ਅਰਥ: ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਅਸੰਖ = ਅਣਗਿਣਤ {ਸੰਖਿਆ = ਗਿਣਤੀ}। ਕਰਿ = ਕਰੇ, ਕਰਦਾ ਹੈ। ਪੁਨਹ ਪੁਨਹ = {pun: pun:} ਮੁੜ ਮੁੜ। ਪਾਵਕੋ = ਪਾਵਕੁ, ਅੱਗ। ਤਿਨ = ਤਿਣ੍ਰ, ਤੀਲੇ। ਕਿਲਬਿਖ = ਪਾਪ। ਦਾਹਨਹਾਰ = ਸਾੜਨ ਦੀ ਸਮਰੱਥਾ ਵਾਲਾ।1। ਮਨਾ = ਹੇ ਮਨ! ਮਾਧੋ = ਮਾਇਆ ਦਾ ਪਤੀ {Dv = ਪਤੀ} ਪਰਮਾਤਮਾ। ਮੁਰਾਰਿ = {ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ} ਪਰਮਾਤਮਾ। ਮੁਕੰਦ = {mukuNd} ਮੁਕਤੀ ਦਾਤਾ। ਫਾਧੋ = ਫਾਹੀ। ਦੁਖਹਰਣ = ਦੁਖਾਂ ਦਾ ਨਾਸ ਕਰਨ ਵਾਲਾ। ਦੀਨ = ਗਰੀਬ। ਸ੍ਰੀਧਰ = ਲੱਛਮੀ ਦਾ ਆਸਰਾ। ਪੰਥੁ = ਰਸਤਾ। ਬਿਖੜਾ = ਔਖਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਸਾਧੀਐ = ਸਾਧ ਲਈਦਾ ਹੈ, ਠੀਕ ਕਰ ਲਈਦਾ ਹੈ। ਕਲਮਲਹ = ਪਾਪਾਂ ਨੂੰ। ਦਹਤਾ = ਸਾੜਨ ਵਾਲਾ। ਸੁਧੁ = ਪਵਿਤ੍ਰ। ਕਰਤਾ = ਕਰਨ ਵਾਲਾ। ਰੈਣਿ = ਰਾਤ। ਗੋਪਾਲ = ਹੇ ਗੋਪਾਲ!।1। ਦਾਮੋਦਰੁ = {dwmn`-ਰੱਸੀ। adr = ਪੇਟ। ਜਿਸ ਦੇ ਪੇਟ ਦੁਆਲੇ ਰੱਸੀ (ਤੜਾਗੀ) ਹੈ। ਕ੍ਰਿਸ਼ਨ} ਪਰਮਾਤਮਾ। ਸ੍ਰੀ ਰੰਗੋ = ਸ੍ਰੀ ਰੰਗੁ, ਮਾਇਆ ਦਾ ਪਤੀ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦਾਇਆ = ਮੁੱਢ ਕਦੀਮਾਂ ਦਾ ਸੁਭਾਉ। ਮਨਹਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ। ਤਮ = ਹਨੇਰਾ। ਅੰਧ ਕੂਪ = ਅੰਨ੍ਹਾ ਖੂਹ। ਤੇ = ਤੋਂ, ਵਿਚੋਂ। ਮੰਨਿ = ਮਨਿ, ਮਨ ਵਿਚ। ਸੁਰ = ਦੇਵਤੇ। ਸਿਧ = ਸਿੱਧ, ਕਰਾਮਾਤੀ ਜੋਗੀ। ਗਣ = ਸ਼ਿਵ ਜੀ ਦੇ ਦਾਸ-ਦੇਵਤੇ। ਗੰਧਰਬ = ਦੇਵਤਿਆਂ ਦੇ ਗਵਈਏ। ਮੁਨਿ ਜਨ = ਰਿਸ਼ੀ ਲੋਕ। ਭਗਤੀ = ਭਗਤੀਂ, ਭਗਤਾਂ ਨੇ। ਹਰਿ ਰਾਇਆ = ਹੇ ਪ੍ਰਭੂ-ਪਾਤਿਸ਼ਾਹ!।2। ਅਰਥ: ਸਲੋਕ। ਹੇ ਨਾਨਕ! ਪਰਮਾਤਮਾ ਦਾ ਨਾਮ ਜਪ, (ਇਸ ਨਾਮ ਤੋਂ) ਮੁੜ ਮੁੜ ਕੁਰਬਾਨ ਹੋ। ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿਤ੍ਰ ਕਰ ਦੇਂਦਾ ਹੈ। (ਜਿਵੇਂ) ਅੱਗ (ਘਾਹ ਦੇ) ਤੀਲਿਆਂ ਨੂੰ (ਤਿਵੇਂ ਇਹ ਹਰਿ ਨਾਮ) ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ।1। ਛੰਤ। ਹੇ ਮੇਰੇ ਮਨ! ਤੂੰ ਰਾਮ ਨਾਰਾਇਣ ਗੋਬਿੰਦ ਹਰੀ ਮਾਧੋ (ਦੇ ਨਾਮ) ਨੂੰ ਜਪ। ਹੇ ਮੇਰੇ ਮਨ! ਤੂੰ ਮੁਕੰਦ ਮੁਰਾਰੀ ਦਾ ਆਰਾਧਨ ਕਰ। (ਇਸ ਆਰਾਧਨ ਦੀ ਬਰਕਤਿ ਨਾਲ) ਮੌਤ ਤੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ। (ਹੇ ਮਨ!) ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜੋ ਗ਼ਰੀਬਾਂ ਦਾ ਸਹਾਰਾ ਹੈ, ਜੋ ਲੱਖਮੀ ਦਾ ਆਸਰਾ ਹੈ। ਹੇ ਮਨ! ਜਮਾਂ ਦਾ ਔਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ। (ਹੇ ਮੇਰੇ ਮਨ!) ਦਿਨ ਰਾਤ ਉਸ ਹਰੀ-ਨਾਮ ਨੂੰ ਸਿਮਰਦਾ ਰਹੁ, ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿਤ੍ਰ ਕਰਨ ਵਾਲਾ ਹੈ। ਨਾਨਕ ਬੇਨਤੀ ਕਰਦਾ ਹੈ– ਹੇ ਗੋਪਾਲ! ਹੇ ਗੋਬਿੰਦ! ਹੇ ਮਾਧੋ! ਮਿਹਰ ਕਰ (ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ) ।1। ਹੇ ਮੇਰੇ ਮਨ! ਉਸ ਪ੍ਰਭੂ-ਪਾਤਿਸ਼ਾਹ ਦਾਮੋਦਰ ਨੂੰ ਸਿਮਰ, ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ, ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ, ਜੋ ਲੱਖਮੀ ਦਾ ਖਸਮ ਹੈ, ਜੋ ਦਇਆ ਦਾ ਸੋਮਾ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ। (ਹੇ ਭਾਈ!) ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ, ਉਹ ਹਰੀ-ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ। (ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ (ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ।2। |
![]() |
![]() |
![]() |
![]() |
Sri Guru Granth Darpan, by Professor Sahib Singh |