ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 249 ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥ ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥ ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥ ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥ ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥ ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥ ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥ ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥ ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥ ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥ ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥ {ਪੰਨਾ 249} ਪਦ ਅਰਥ: ਸਰਬ = ਸਭਨਾਂ ਵਿਚ। ਜਿਨਿ = ਜਿਸ ਨੇ। ਕਰੁਣਾ = ਤਰਸ। ਕਰੁਣਾਮੈ = {ਕਰੁਣਾ-ਮਯ} ਤਰਸ-ਸਰੂਪ। ਅਧਾਰੀ = ਆਸਰਾ। ਜੀਅ-ਦਾਤਾ = ਜਿੰਦ ਦੇਣ ਵਾਲਾ। ਅਗਮ = ਅਪਹੁੰਚ। ਸਰਣਿ ਜੋਗੁ = ਆਸਰਾ ਦੇਣ ਜੋਗਾ। ਬਿਦਾਰੋ = ਨਾਸ ਕਰਨ ਵਾਲਾ। ਸਭਿ = ਸਾਰੇ।3। ਅਚੁਤ = {ÁXu-ਚ੍ਯੁ, ਡਿੱਗ ਪੈਣਾ। ਚ੍ਯੁਤ = ਡਿੱਗਾ ਹੋਇਆ} ਜੋ ਕਦੇ ਨਾਹ ਡਿੱਗੇ, ਸਦਾ ਅਟੱਲ ਰਹਿਣ ਵਾਲਾ। ਬਿਸੰਭਰੁ = {ivÓvz-Br। ਵਿਸ਼੍ਵ = ਸਾਰਾ ਜਗਤ} ਸਾਰੇ ਜਗਤ ਨੂੰ ਪਾਲਣ ਵਾਲਾ। ਦਾਨਾ = ਜਾਣਨ ਵਾਲਾ। ਸਭ ਕਿਸੈ = ਹਰੇਕ ਜੀਵ ਉਤੇ। ਕੰਟਕੁ = ਕੰਡਾ। ਕਾਲੁ = ਮੌਤ (ਦਾ ਸਹਮ) । ਜੀਅ ਜਾ ਕੈ = ਜਿਸ ਦੇ ਹਿਰਦੇ ਵਿਚ। ਸੁਪ੍ਰਸੰਨ = ਚੰਗੀ ਤਰ੍ਹਾਂ ਪ੍ਰਸੰਨ। ਘਾਲਾ = ਮਿਹਨਤ। ਇਛ = ਇੱਛਾ। ਜਪਤ = ਜਪਦਿਆਂ।4। ਅਰਥ: ਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਜਿਸ ਨੇ ਸਭਨਾਂ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ ਜੋ ਤਰਸ-ਸਰੂਪ ਹੈ, ਸਭ ਤਾਕਤਾਂ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ, ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ, ਜੋ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ। ਹੇ ਮਨ! ਮੁਰਾਰੀ-ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਸਭ ਤਾਕਤਾਂ ਦੇ ਮਾਲਕ! ਹੇ ਸਭਨਾਂ ਵਿਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ।3। ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ, ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭ ਕੁਝ ਦੇਣ ਜੋਗਾ ਹੈ, ਜੋ ਸਭ ਦੀ ਪਾਲਣਾ ਕਰਦਾ ਹੈ। (ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ (ਕੰਡੇ ਵਾਂਗ ਚੁੱਭਦਾ ਰਹਿਣ ਵਾਲਾ) ਮੌਤ ਦਾ ਸਹਮ ਦੂਰ ਹੋ ਜਾਂਦਾ ਹੈ। (ਹੇ ਮਨ!) ਜਿਸ ਮਨੁੱਖ ਉਤੇ ਪ੍ਰਭੂ-ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪਂੈਦਾ ਹੈ, ਉਸ ਦੀ ਕੀਤੀ ਮਿਹਨਤ ਸਿਰੇ ਚੜ੍ਹ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ– ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।4।3। ਗਉੜੀ ਮਹਲਾ ੫ ॥ ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥ ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥ ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥ ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥ ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥ ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥ ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥ ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥ {ਪੰਨਾ 249} ਪਦ ਅਰਥ: ਸਖੀਏ = ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ! ਮਿਲਿ = ਮਿਲ ਕੇ। ਕਰੇਹਾ = ਅਸੀਂ ਕਰੀਏ। ਮਨਾਇ ਲੈਹਿ = ਅਸੀਂ ਰਾਜ਼ੀ ਕਰ ਲਈਏ। ਕੰਤੈ = ਕੰਤ ਨੂੰ। ਤਿਆਗਿ = ਛੱਡ ਕੇ। ਕਰਿ = ਬਣਾ ਕੇ। ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਰਾਹੀ ਨੂੰ ਖੁਆ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ ਤੇ ਉਸ ਨੂੰ ਲੁੱਟ ਲੈਂਦਾ ਹੈ। ਮੋਹਹ = ਅਸੀਂ ਮੋਹ ਲਈਏ। ਸਾਧੂ ਮੰਤੈ = ਗੁਰੂ ਦੇ ਉਪਦੇਸ਼ ਨਾਲ। ਸਖੀ = ਹੇ ਸਹੇਲੀ! ਵਸਿ = ਵੱਸ ਵਿਚ। ਭਗਵੰਤੈ = ਭਗਵਾਨ ਦੀ। ਜਰਾ = ਬੁਢੇਪਾ। ਮਰਣ = ਮੌਤ। ਨਿਵਾਰੈ = ਦੂਰ ਕਰਦਾ ਹੈ। ਪੁਨੀਤ = ਪਵਿਤ੍ਰ। ਜੰਤੈ = ਜੀਵ ਨੂੰ।1। ਮਤਾਂਤੁ = ਸਲਾਹ, ਮਸ਼ਵਰਾ। ਪਕਾਈਐ = ਪੱਕਾ ਕਰੀਏ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਉਪਾਧਿ = ਛਲ, ਫ਼ਰੇਬ। ਗੋਵਿੰਦਹਿ = ਗੋਵਿੰਦ ਦੇ। ਕਲਿ = (ਵਿਕਾਰਾਂ ਦੀ) ਖਹ-ਖਹ, ਝਗੜਾ। ਮਿਟਹਿ = ਮਿਟ ਜਾਂਦੇ ਹਨ। ਮਨਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ। ਪਾਈਐ = ਪਾ ਲਈਦਾ ਹੈ।2। ਅਰਥ: ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ ਬੇਨਤੀ) ਸੁਣ (ਆ,) ਰਲ ਕੇ ਭੋਜਨ ਕਰੀਏ (ਤੇ) ਕੰਤ-ਪ੍ਰਭੂ ਨੂੰ (ਆਪਣੇ ਉਤੇ) ਖ਼ੁਸ਼ ਕਰ ਲਈਏ। ਅਹੰਕਾਰ ਦੂਰ ਕਰ ਕੇ (ਤੇ ਕੰਤ-ਪ੍ਰਭੂ ਦੀ) ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ-ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ। ਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪ੍ਰੇਮ-ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ। ਹੇ ਨਾਨਕ! (ਜੇਹੜਾ ਜੀਵ ਕੰਤ-ਪ੍ਰਭੂ ਦੀ ਸਰਨ ਆਉਂਦਾ ਹੈ) ਉਸ ਜੀਵ ਨੂੰ ਉਹ ਪਵਿਤ੍ਰ (ਜੀਵਨ ਵਾਲਾ) ਬਣਾ ਦੇਂਦਾ ਹੈ (ਉਸ ਦੇ ਪਵਿਤ੍ਰ ਆਤਮਕ ਜੀਵਨ ਨੂੰ ਉਹ ਪ੍ਰਭੂ) ਬੁਢੇਪਾ ਨਹੀਂ ਆਉਣ ਦੇਂਦਾ, ਮੌਤ ਨਹੀਂ ਆਉਣ ਦੇਂਦਾ, ਉਸ ਦੇ ਸਾਰੇ ਡਰ ਤੇ ਨਰਕ (ਵੱਡੇ ਤੋਂ ਵੱਡੇ ਦੁੱਖ) ਦੂਰ ਕਰ ਦੇਂਦਾ ਹੈ।1। ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ) ਇਹ ਭਲੀ ਬੇਨਤੀ (ਸੁਣ। ਆ) ਇਹ ਸਲਾਹ ਪੱਕੀ ਕਰੀਏ (ਕਿ) ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਛਲ-ਫ਼ਰੇਬ ਦੂਰ ਕਰ ਕੇ ਗੋਬਿਦ (ਦੀ ਸਿਫ਼ਤਿ-ਸਾਲਾਹ) ਦੇ ਗੀਤ ਗਾਵੀਏ। (ਗੋਬਿੰਦ ਦੀ ਸਿਫ਼ਤਿ-ਸਾਲਾਹ ਕੀਤਿਆਂ, ਅੰਦਰੋਂ ਵਿਕਾਰਾਂ ਦੀ) ਖਹ-ਖਹ ਤੇ ਹੋਰ ਸਾਰੇ ਕਲੇਸ਼ ਮਿਟ ਜਾਂਦੇ ਹਨ (ਮਾਇਆ ਦੇ ਪਿੱਛੇ ਮਨ ਦੀਆਂ) ਦੌੜ-ਭੱਜਾਂ ਮੁੱਕ ਜਾਂਦੀਆਂ ਹਨ, ਮਨ ਵਿਚ ਚਿਤਵਿਆ ਹੋਇਆ ਫਲ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! (ਆਖ– ਹੇ ਸਤਸੰਗੀ ਸੱਜਣ!) ਪਾਰਬ੍ਰਹਮ ਪੂਰਨ ਪਰਮੇਸਰ ਦਾ ਨਾਮ (ਸਦਾ) ਸਿਮਰਨਾ ਚਾਹੀਦਾ ਹੈ।2। ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥ ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥ ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥ ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥ ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥ ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥ ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥ ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥ {ਪੰਨਾ 249} ਪਦ ਅਰਥ: ਇਛ = ਇੱਛਾ, ਤਾਂਘ। ਕਰੀ = ਕਰੀਂ, ਮੈਂ ਕਰਦੀ ਹਾਂ। ਸੁਖ ਮਨਾਈ = ਮੈਂ ਸੁਖ ਮਨਾਂਦੀ ਹਾਂ, ਸੁੱਖਣਾ ਸੁਖਦੀ ਹਾਂ। ਪ੍ਰਭ = ਹੇ ਪ੍ਰਭੂ! ਪੁਜਾਏ = ਪੁਜਾਇ, ਪੂਰੀ ਕਰ। ਬੈਰਾਗਨਿ = ਉਤਾਵਲੀ, ਵਿਆਕੁਲ, ਵੈਰਾਗ ਵਿਚ ਆਈ ਹੋਈ। ਪੇਖਉ = ਪੇਖਉਂ, ਮੈਂ ਵੇਖਦੀ ਹਾਂ। ਸਬਾਏ = ਸਾਰੇ। ਖੋਜਿ = ਭਾਲ ਕਰ ਕਰ ਕੇ। ਲਹਉ = ਲਹਉਂ, ਮੈ ਲੱਭਦੀ ਹਾਂ। ਸੰਗੁ = ਸਾਥ। ਸੰਮ੍ਰਿਥ = ਸਾਰੀਆਂ ਤਾਕਤਾਂ ਦਾ ਮਾਲਕ। ਪੁਰਖ = ਸਰਬ ਵਿਆਪਕ। ਸੁਰਿਜਨੁ = ਦੇਵ-ਲੋਕ ਦਾ ਵਾਸੀ। ਸੇ = ਉਹ {ਬਹੁ-ਵਚਨ}। ਮਾਏ = ਹੇ ਮਾਂ!।3। ਸਖੀ = ਹੇ ਸਹੇਲੀਏ! (ਹੇ ਸਤਿਸੰਗੀ ਸੱਜਣ!) । ਵਸਾ = ਵਸਾਂ, ਮੈਂ ਵੱਸਦੀ ਹਾਂ। ਅਪੁਨੇ ਨਾਹ ਨਾਲਿ = ਆਪਣੇ ਖਸਮ ਨਾਲ। ਸੰਗਿ = ਨਾਲ। ਹਿਲਿਆ = ਗਿੱਝ ਗਿਆ ਹੈ। ਭ੍ਰਮੁ = ਭਟਕਣਾ। ਸਹਜਿ = ਆਤਮਕ ਅਡੋਲਤਾ ਵਿਚ। ਪਰਗਾਸੁ = ਚਾਨਣ। ਖਿਲਿਆ = ਖਿੜ ਪਿਆ ਹੈ। ਵਰੁ = ਖਸਮ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸੋਹਾਗੁ = ਚੰਗਾ ਭਾਗ {sOBwÀX}।4। ਅਰਥ: (ਹੇ ਸਹੇਲੀਏ! ਮੈਂ ਸਦਾ ਤਾਂਘ ਕਰਦੀ ਰਹਿੰਦੀ ਹਾਂ ਤੇ ਸੁੱਖਣਾ ਸੁੱਖਦੀ ਰਹਿੰਦੀ ਹਾਂ (ਕਿ) ਹੇ ਪ੍ਰਭੂ! ਮੇਰੀ ਆਸ ਪੂਰੀ ਕਰ, ਮੈਂ ਤੇਰੇ ਦਰਸਨ ਲਈ ਉਤਾਵਲੀ ਹੋਈ ਸਾਰੇ ਥਾਂ ਵੇਖਦੀ ਫਿਰਦੀ ਹਾਂ। (ਹੇ ਸਹੇਲੀਏ! ਪ੍ਰਭੂ ਦੀ) ਖੋਜ ਕਰ ਕਰ ਕੇ ਮੈਂ ਸੰਤ ਜਨਾਂ ਦਾ ਸਾਥ (ਜਾ) ਲੱਭਦੀ ਹਾਂ (ਸਾਧ ਸੰਗਤਿ ਹੀ ਉਸ ਪ੍ਰਭੂ ਦਾ) ਮੇਲ ਕਰਾਂਦੀ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਜੋ ਸਭ ਵਿਚ ਵਿਆਪਕ ਹੈ। ਹੇ ਨਾਨਕ! (ਆਖ) = ਹੇ ਮਾਂ! (ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲਦੇ ਹਨ) ਉਹਨਾਂ ਨੂੰ ਹੀ ਦੇਵ-ਲੋਕ ਦਾ ਮਾਲਕ ਤੇ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲਦਾ ਹੈ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ।3। ਹੇ ਸਹੇਲੀਏ! (ਸਾਧ ਸੰਗਤਿ ਦੀ ਬਰਕਤਿ ਨਾਲ ਹੁਣ) ਮੈਂ (ਸਦਾ) ਆਪਣੇ ਖਸਮ-ਪ੍ਰਭੂ ਨਾਲ ਵੱਸਦੀ ਹਾਂ, ਮੇਰਾ ਮਨ ਉਸ ਹਰੀ ਨਾਲ ਗਿੱਝ ਗਿਆ ਹੈ, ਮੇਰਾ ਤਨ (ਹਿਰਦਾ) ਉਸ ਹਰੀ ਨਾਲ ਇਕ-ਮਿੱਕ ਹੋ ਗਿਆ ਹੈ। ਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ। ਉਸ ਮਾਲਕ-ਪ੍ਰਭੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਮੇਰੇ ਅੰਦਰ ਹੁਣ ਸ਼ਾਂਤੀ ਬਣੀ ਰਹਿੰਦੀ ਹੈ, ਮੈਂ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹਾਂ, (ਮੇਰੇ ਅੰਦਰ ਉਸ ਦੀ ਜੋਤਿ ਦਾ) ਚਾਨਣ ਹੋ ਗਿਆ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ) ) ਕੌਲ-ਫੁੱਲ ਖਿੜ ਪੈਂਦਾ ਹੈ (ਤਿਵੇਂ ਉਸ ਦੀ ਜੋਤਿ ਦੇ ਚਾਨਣ ਨਾਲ ਮੇਰਾ ਹਿਰਦਾ ਖਿੜਿਆ ਰਹਿੰਦਾ ਹੈ) । ਹੇ ਨਾਨਕ! (ਆਖ– ਹੇ ਸਹੇਲੀਏ! ਸਾਧ ਸੰਗਤਿ ਦੀ ਬਰਕਤਿ ਨਾਲ) ਮੈਂ ਅੰਤਰਜਾਮੀ ਪ੍ਰਭੂ-ਖਸਮ ਲੱਭ ਲਿਆ ਹੈ, ਤੇ (ਮੇਰੇ ਸਿਰ ਦਾ) ਇਹ ਸੁਹਾਗ ਕਦੇ ਦੂਰ ਹੋਣ ਵਾਲਾ ਨਹੀਂ।4। 4।2।5।11। ਨੋਟ: |
![]() |
![]() |
![]() |
![]() |
Sri Guru Granth Darpan, by Professor Sahib Singh |