Page 1030

ਰਾਮ ਨਾਮੁ ਸਾਧੂ ਸਰਣਾਈ ॥
ਸੰਗਤ ਦੀ ਸ਼ਰਣਾਗਤ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ।

ਸਤਿਗੁਰ ਬਚਨੀ ਗਤਿ ਮਿਤਿ ਪਾਈ ॥
ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਪ੍ਰਭੂ ਦੀ ਅਵਸਥਾ ਅਤੇ ਵਿਸਥਾਰ ਨੂੰ ਜਾਣ ਲੈਂਦਾ ਹੈ।

ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥
ਨਾਨਕ; ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ ਅਤੇ ਮੇਲਣ ਵਾਲਾ ਵਾਹਿਗੁਰੂ ਤੈਨੂੰ ਆਪਣੇ ਨਾਲ ਮਿਲਾ ਲਵੇਗਾ।

ਮਾਰੂ ਮਹਲਾ ੧ ॥
ਮਾਰੂ ਪਾਹਿਲੀ ਪਤਿਸ਼ਾਹੀ।

ਘਰਿ ਰਹੁ ਰੇ ਮਨ ਮੁਗਧ ਇਆਨੇ ॥
ਹੇ ਮੇਰੀ ਕਮਲੀ ਤੇ ਨਦਾਨ ਜਿੰਦੇ! ਤੂੰ ਆਪਣੇ ਘਰ (ਮਨ ਦੀ ਉਨ ਮਨ ਅਵਸਥਾ) ਅੰਦਰ ਟਿਕੀ ਰਹੁ।

ਰਾਮੁ ਜਪਹੁ ਅੰਤਰਗਤਿ ਧਿਆਨੇ ॥
ਤੂੰ ਅੰਦਰਮੁਖੀ ਸੁਰਤ ਦੁਆਰਾ, ਆਪਣੇ ਸਾਈਂ ਦਾ ਸਿਮਰਨ ਕਰ।

ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥
ਆਪਣਾ ਲੋਭ ਤਿਆਗ ਦੇ ਤੇ ਆਪਣੇ ਬੇਅੰਤ ਸਾਈਂ ਵਿੱਚ ਲੀਨ ਥੀ ਵੰਝ। ਇਸ ਤਰ੍ਹਾਂ ਤੂੰ ਮੋਖ਼ਸ਼ ਦਾ ਦਰਵਾਜ਼ਾ ਪਾ ਲਵੇਂਗੀ।

ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥
ਜਿਸ ਨੂੰ ਭੁਲਾਉਣ ਕਰਕੇ, ਮੌਤ ਦਾ ਦੂਤ ਤੈਨੂੰ ਤੱਕਣ ਲੱਗ ਜਾਂਦਾ ਹੈ,

ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥
ਸਾਰੇ ਆਰਾਮ ਦੌੜ ਜਾਂਦੇ ਹਨ ਅਤੇ ਪ੍ਰਲੋਕ ਵਿੱਚ ਤੈਨੂੰ ਮੁਸੀਬਤ ਵਾਪਰਦੀ ਹੈ।

ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥੨॥
ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਸਾਰੀਆਂ ਸੋਚਾਂ ਵਿਚਾਰਾਂ ਦਾ ਕੇਵਲ ਇਹ ਹੀ ਮਹਾਨ ਜੌਹਰ ਹੈ।

ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥
ਤੂੰ ਸੁਆਮੀ ਮਾਲਕ ਦੇ ਮਿੱਠੇ ਨਾਮ-ਅੰਮ੍ਰਿਤ ਦਾ ਉਚਾਰਨ ਕਰ।

ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥
ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਅੰਮ੍ਰਿਤ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।

ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥
ਦਿਹੁੰ ਤੇ ਰੈਣ ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਰਹੁ। ਇਸ ਅੰਦਰ ਹੀ ਸਾਰੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਹੈ।

ਰਾਮ ਨਾਮੁ ਗੁਰ ਬਚਨੀ ਬੋਲਹੁ ॥
ਗੁਰਾਂ ਦੇ ਸ਼ਬਦ ਰਾਹੀਂ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।

ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
ਇਸ ਨਾਮ ਦੇ ਅੰਮ੍ਰਿਤ ਦੀ ਤੂੰ ਸਤਿਸੰਗਤ ਅੰਦਰ ਭਾਲ ਕਰ।

ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥
ਗੁਰਾਂ ਦੀ ਸਿਖੱਮਤ ਤਾਬੇ ਤੂੰ ਆਪਣੇ ਨਿੱਜ ਦੇ ਧਾਮ ਨੂੰ ਲੱਭ ਲੈ ਅਤੇ ਓਦੋਂ ਮਗਰੋਂ ਤੂੰ ਮੁੜ ਕੇ ਜੂਨਾਂ ਵਿੱਚ ਨਹੀਂ ਪਾਇਆ ਜਾਵੇਗਾ।

ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥
ਤੂੰ ਸੱਚ ਦੇ ਧਰਮ ਅਸਥਾਨ ਉੱਤੇ ਨਹਾ ਅਤੇ ਪ੍ਰਭੂ ਦੀ ਕੀਰਤੀ ਗਾਇਨ ਕਰ,

ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
ਅਸਲੀਅਤ ਨੂੰ ਸੋਚ ਸਮਝ ਅਤੇ ਆਪਣੇ ਪ੍ਰਭੂ ਨਾਲ ਪ੍ਰੀਤ ਪਾ।

ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥
ਤੂੰ ਆਪਣੇ ਲਾਡਲੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਇਸ ਕਰਕ ਅਖ਼ੀਰ ਦੇ ਵੇਲੇ ਮੌਤ ਦਾ ਫ਼ਰੇਸ਼ਤਾ ਤੈਨੂੰ ਛੁਹ ਨਹੀਂ ਸਕਦਾ।

ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥
ਸਰਬ-ਸ਼ਕਤੀਵਾਨ ਅਤੇ ਵਿਸ਼ਾਲ ਸੱਚੇ ਗੁਰੂ ਸਰਬ-ਸਿਆਣੇ ਅਤੇ ਦਾਤਾਰ ਹਨ।

ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥
ਜਿਸ ਕਿਸੇ ਦੇ ਅੰਦਰ ਸੱਚ ਹੈ; ਉਹ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥
ਜਿਸ ਨੂੰ ਸੱਚੇ ਗੁਰੂ, ਸਾਈਂ ਦੇ ਮਿਲਾਪ ਅੰਦਰ, ਮਿਲਾ ਦਿੰਦੇ ਹਨ; ਉਸ ਦਾ ਮੌਤ ਦਾ ਵੱਡਾ ਡਰ ਦੂਰ ਹੋ ਜਾਂਦਾ ਹੈ।

ਪੰਚ ਤਤੁ ਮਿਲਿ ਕਾਇਆ ਕੀਨੀ ॥
ਪੰਜਾਂ ਮੂਲ ਅੰਸ਼ਾਂ ਨੂੰ ਮਿਲਾ ਕੇ ਸਰੀਰ ਸਾਜਿਆ ਗਿਆ ਹੈ।

ਤਿਸ ਮਹਿ ਰਾਮ ਰਤਨੁ ਲੈ ਚੀਨੀ ॥
ਉਸ ਅੰਦਰ ਤੂੰ ਪ੍ਰਭੂ ਦੇ ਜਵੇਹਰ ਨੂੰ ਵੇਖ ਲੈ।

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥
ਆਤਮਾ ਪ੍ਰਭੂ ਹੈ ਅਤੇ ਪ੍ਰਭੂ ਆਤਮਾ ਹੈ। ਨਾਮ ਦਾ ਆਰਾਧਨ ਕਰਨ ਦੁਆਰਾ ਵਾਹਿਗੁਰੂ ਪਾਇਆ ਜਾਂਦਾ ਹੈ।

ਸਤ ਸੰਤੋਖਿ ਰਹਹੁ ਜਨ ਭਾਈ ॥
ਹੇ ਮੇਰੇ ਵੀਰ ਪ੍ਰਾਨੀਓ! ਤੁਸੀਂ ਸਚ ਤੇ ਸਬਰ ਸਿਦਕ ਅੰਦਰ ਵਸਾਓ,

ਖਿਮਾ ਗਹਹੁ ਸਤਿਗੁਰ ਸਰਣਾਈ ॥
ਤੇ ਦਇਆ ਅਤੇ ਗੁਰਾਂ ਦੀ ਸ਼ਰਣਾਗਤ ਨਾਲ ਜੁੜ ਜਾਓ।

ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥
ਆਤਮਾ ਨੂੰ ਸਮਝ ਕੇ ਤੂਸੀਂ ਪਰਮ ਆਤਮਾ ਨੂੰ ਸਮਝੋ, ਗੁਰਾਂ ਨਾਲ ਮੇਲ ਜੋਲ ਕਰਕੇ। ਇਸ ਤਰ੍ਹਾਂ ਤੁਹਾਡੀ ਕਲਿਆਣ ਹੋ ਜਾਉਗੀ।

ਸਾਕਤ ਕੂੜ ਕਪਟ ਮਹਿ ਟੇਕਾ ॥
ਮਾਇਆ ਦਾ ਪੁਜਾਰੀ ਝੂਠ ਅਤੇ ਵਲਫਲ ਅੰਦਰ ਟਿਕਿਆ ਹੋਇਆ ਹੈ।

ਅਹਿਨਿਸਿ ਨਿੰਦਾ ਕਰਹਿ ਅਨੇਕਾ ॥
ਦਿਹੁੰ ਅਤੇ ਰੈਣ ਉਹ ਅਨੇਕਾਂ ਦੀ ਬਦਖੋਈ ਕਰਦਾ ਹੈ।

ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥
ਸਾਈਂ ਦੀ ਬੰਦਗੀ ਦੇ ਬਾਝੌਂ ਉਹ ਆਉਂਦਾ ਅਤੇ ਜਾਂਦਾ ਹੈ ਅਤੇ ਉਦਰ ਦੀਆਂ ਜੂਨੀਆਂ ਦੇ ਦੋਜ਼ਕ ਅੰਦਰ ਪਾਇਆ ਜਾਂਦਾ ਹੈ।

ਸਾਕਤ ਜਮ ਕੀ ਕਾਣਿ ਨ ਚੂਕੈ ॥
ਮਾਦਾਪ੍ਰਸਤ ਦਾ ਮੌਤ ਦਾ ਡਰ, ਦੂਰ ਨਹੀਂ ਹੁੰਦਾ।

ਜਮ ਕਾ ਡੰਡੁ ਨ ਕਬਹੂ ਮੂਕੈ ॥
ਯਮ ਦਾ ਡੰਡਾ ਹਮੇਸ਼ਾਂ ਹੀ ਉਸ ਦੇ ਸਿਰ ਤੇ ਖੜ੍ਹਾ ਰਹਿੰਦਾ ਹੈ।

ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥
ਆਪਣੇ ਅਮਲਾਂ ਦੇ ਬਕਾਏ ਦਾ ਉਸ ਨੇ ਧਰਮ ਰਾਜੇ ਅਗੇ ਹਿਸਾਬ ਕਿਤਾਬ ਦੇਣਾ ਹੈ। ਹੰਕਾਰੀ ਬੰਦਾ ਆਪਣੇ ਸਿਰ ਉਤੇ ਪਾਪਾਂ ਦਾ ਅਸਹਿ ਬੋਝ ਚੁੱਕੀ ਫਿਰਦਾ ਹੈ।

ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥
ਦਸੋ! ਗੁਰਾਂ ਦੇ ਬਗੈਰ ਕਿਹੜਾ ਅਧਰਮੀ ਹੈ ਜੋ ਪਾਰ ਉਤੱਰ ਗਿਆ ਹੈ?

ਹਉਮੈ ਕਰਤਾ ਭਵਜਲਿ ਪਰਿਆ ॥
ਸਵੈ-ਹੰਗਤਾ ਕਰਦਾ ਹੋਇਆ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਜਾ ਡਿਗਦਾ ਹੈ।

ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥
ਗੁਰਾਂ ਦੇ ਬਾਝੋਂ ਕਿਸੇ ਦਾ ਭੀ ਬਚਾ ਨਹੀਂ ਹੁੰਦਾ ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦਾ ਪਾਰ ਉਤੱਰ ਜਾਂਦਾ ਹੈ।

ਗੁਰ ਕੀ ਦਾਤਿ ਨ ਮੇਟੈ ਕੋਈ ॥
ਗੁਰਾਂ ਦੀ ਬਖ਼ਸ਼ੀਸ਼ ਨੂੰ ਕੋਈ ਭੀ ਮੇਟ ਨਹੀਂ ਸਕਦਾ।

ਜਿਸੁ ਬਖਸੇ ਤਿਸੁ ਤਾਰੇ ਸੋਈ ॥
ਜਿਸ ਨੂੰ ਉਹ ਸੁਆਮੀ ਮਾਫ਼ ਕਰ ਦਿੰਦਾ ਹੈ; ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।

ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥
ਜੰਮਣ ਤੇ ਮਰਨ ਦੀ ਪੀੜ ਉਸ ਦੇ ਲਾਗੇ ਨਹੀਂ ਲਗਦੀ, ਕਿਉਂਜੋ ਉਹ ਹਦਬੰਨਾ-ਰਹਿਤ ਅਤੇ ਬਅੰਤ ਸੁਆਮੀ ਉਸ ਦੇ ਹਿਰਦੇ ਅੰਦਰ ਵੱਸਦਾ ਹੈ।

ਗੁਰ ਤੇ ਭੂਲੇ ਆਵਹੁ ਜਾਵਹੁ ॥
ਜੋ ਗੁਰੂ ਨੂੰ ਭੁਲਾਉਂਦੇ ਹਨ ਉਹ ਆਉਂਦੇ ਤੇ ਜਾਂਦੇ ਹਨ।

ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥
ਉਹ ਮਰਨ ਅਤੇ ਗੁਨਾਹ ਕਰਨ ਨੂੰ ਜੰਮੇ ਹਨ।

ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥
ਬੇਪਰਵਾਹ ਅਤੇ ਮੂਰਖ ਮਾਇਆ ਦੇ ਉਪਾਸ਼ਕ ਆਪਣੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਪਰ ਜਦ ਮੁਸੀਬਤ ਆ ਬਣਦੀ ਹੈ, ਤਦ ਉਹ ਆਪਣੇ ਪ੍ਰਭੂ ਮੂਹਰੇ ਪੁਕਾਰ ਕਰਦੇ ਹਨ।

ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥
ਖੁਸ਼ੀ ਤੇ ਗ਼ਮੀ ਪਿਛਲੇ ਜਨਮਾਂ ਦੇ ਅਮਲਾਂ ਦੇ ਫਲ ਹਨ।

ਸੋ ਜਾਣੈ ਜਿਨਿ ਦਾਤੈ ਦੀਏ ॥
ਉਹ ਦਾਤਾਰ ਸੁਆਮੀ ਹੀ ਜੋ ਇਨ੍ਹਾਂ ਦੀ ਸਾਡੇ ਤੇ ਬਖ਼ਸ਼ਸ਼ ਕਰਦਾ ਹੈ, ਇਨ੍ਹਾਂ ਦੇ ਭੇਤ ਨੂੰ ਜਾਣਦਾ ਹੈ।

ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ ॥੧੪॥
ਤੂੰ ਕੀਹਦੇ ਉੱਤੇ ਦੂਸ਼ਣ ਲਾ ਸਕਦਾ ਹੈਂ, ਹੇ ਫ਼ਾਨੀ ਬੰਦੇ! ਤੂੰ ਆਪਣੇ ਨਿੱਜ ਦੇ ਕਰਮਾਂ ਦੇ ਬਦਲੇ ਸਖਤ ਮੁਸੀਬਤ ਭੋਗ ਰਿਹਾ ਹੈ।

copyright GurbaniShare.com all right reserved. Email