Page 1034

ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥
ਜਦ ਸੁਤੇ ਸਿਧ ਹੋਣ ਵਾਲਾ ਕੀਰਤਨ ਬੰਦੇ ਦੇ ਅੰਦਰ ਗੂੰਜਦਾ ਹੈ ਤਾਂ ਉਸ ਦਾ ਸੰਦੇਹ ਤੇ ਡਰ ਦੌੜ ਜਾਂਦੇ ਹਨ।

ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥
ਸਰਬ-ਵਿਆਪਕ ਸੁਆਮੀ ਸਾਰਿਆਂ ਨੂੰ ਛਾਇਆ ਬਖ਼ਸ਼ਦਾ ਹੈ।

ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥
ਸਾਰੇ ਜਣੇ ਤੇਰੇ ਹਨ, ਹੇ ਸਾਹਿਬ! ਗੁਰਾਂ ਦੀ ਦਇਆ ਦੁਆਰਾ ਤੂੰ ਜਾਣਿਆ ਜਾਂਦਾ ਹੈਂ। ਤੇਰਾ ਜੱਸ ਗਾਇਨ ਕਰਨ ਦੁਆਰਾ ਜੀਵ ਤੇਰੇ ਦਰਬਾਰ ਵਿੱਚ ਸੋਹਣਾ ਲਗਦਾ ਹੈ।

ਆਦਿ ਨਿਰੰਜਨੁ ਨਿਰਮਲੁ ਸੋਈ ॥
ਉਹ ਪਰਾਪੂਰਬਲਾ ਪ੍ਰਭੂ ਬੇਦਾਗ਼ ਅਤੇ ਪਵਿੱਤਰ ਹੈ।

ਅਵਰੁ ਨ ਜਾਣਾ ਦੂਜਾ ਕੋਈ ॥
ਮੈਂ ਤੇਰੇ ਬਗ਼ੈਰ ਹੋਰ ਕਿਸੇ ਨੂੰ ਨਹੀਂ ਜਾਣਦਾ।

ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥
ਜੋ ਆਪਣੀ ਸਵੈ-ਹੰਗਤਾ ਅਤੇ ਹੰਕਾਰ ਨੂੰ ਛੱਡ ਦਿੰਦਾ ਹੈ; ਅਦੁਤੀ ਸੁਆਮੀ ਉਸ ਦੇ ਅੰਦਰ ਵਸਦਾ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।

ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥
ਮੈਂ ਸੱਚੇ ਗੁਰਾਂ ਦਾ ਬਖ਼ਸ਼ਿਆ ਹੋਇਆ ਪ੍ਰਭੂ ਦਾ ਸੁਧਾਰਸ ਪਾਨ ਕੀਤਾ ਹੈ।

ਅਵਰੁ ਨ ਜਾਣਾ ਦੂਆ ਤੀਆ ॥
ਮੈਂ ਹੁਣ ਹੋਰ ਕਿਸੇ ਦੂਜੇ ਤੇ ਤੀਜੇ ਨੂੰ ਨਹੀਂ ਜਾਣਦਾ।

ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥
ਉਹ ਸਾਡਾ ਅਦੁੱਤੀ, ਅਨੰਤ ਤੇ ਹਦਬੰਨਾ-ਰਹਿਤ ਸੁਆਮੀ ਹੈ। ਆਪਣੇ ਖਜ਼ਾਨੇ ਵਿੱਚ ਪਾਣ ਤੋਂ ਪਹਿਲਾਂ ਉਹ ਪ੍ਰਾਣੀ ਦੀ ਜਾਂਚ ਪੜਤਾਲ ਕਰਦਾ ਹੈ।

ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥
ਡੂੰਘੀ ਅਤੇ ਅਗਾਧ ਹੈ ਤੇਰੇ ਸੱਚ ਦੀ ਗਿਆਤ ਅਤੇ ਯਾਦ, ਹੇ ਸੁਆਮੀ।

ਕੋਇ ਨ ਜਾਣੈ ਤੇਰਾ ਚੀਰਾ ॥
ਕੋਈ ਭੀ ਤੇਰੇ ਵਿਸਥਾਰ ਨੂੰ ਨਹੀਂ ਜਾਣਦਾ, ਹੇ ਸਾਈਂ।

ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥
ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਪਾਸੋਂ ਖ਼ੈਰ ਮੰਗਦੀ ਹੈ। ਕੇਵਲ ਉਹ ਹੀ ਤੈਨੂੰ ਪਾਉਂਦਾ ਹੈ ਜਿਸ ਉਤੇ ਤੇਰੀ ਰਹਿਮਤ ਹੈ।

ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥
ਰਹਿਮਤ ਅਤੇ ਸਚਾਈ ਤੇਰੇ ਹੱਥ ਵਿੱਚ ਹੈ, ਹੇ ਸੱਚੇ ਸੁਆਮੀ!

ਵੇਪਰਵਾਹ ਅਖੁਟ ਭੰਡਾਰੈ ॥
ਹੇ ਮੇਰੇ ਮੁਛੰਦਗੀ-ਰਹਿਤ ਸੁਆਮੀ! ਅਮੁਕ ਹਨ ਤੇਰੇ ਖ਼ਜ਼ਾਨੇ।

ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥
ਤੂੰ ਹੇ ਸੁਆਮੀ! ਸਦੀਵ ਹੀ ਮਇਆਵਾਨ ਤੇ ਮਿਹਰਬਾਨ ਹੈ। ਤੂੰ ਆਪ ਹੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।

ਆਪੇ ਦੇਖਿ ਦਿਖਾਵੈ ਆਪੇ ॥
ਤੂੰ ਆਪ ਹੀ ਵੇਖਦਾ ਹੈਂ ਅਤੇ ਆਪ ਹੀ ਵਿਖਾਲਦਾ ਹੈਂ।

ਆਪੇ ਥਾਪਿ ਉਥਾਪੇ ਆਪੇ ॥
ਤੂੰ ਆਪ ਹੀ ਸਾਰਿਆਂ ਨੂੰ ਟਿਕਾਉਂਦਾ ਹੈਂ ਅਤੇ ਆਪ ਹੀ ਪੁੱਟ ਸੁੱਟਦਾ ਹੈਂ।

ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥
ਸਿਰਜਣਹਾਰ ਆਪ ਹੀ ਮਿਲਾਉਂਦਾ ਅਤੇ ਵਿਛੋੜਦਾ ਹੈ ਅਤੇ ਆਪ ਹੀ ਨਾਸ ਅਤੇ ਸੁਰਜੀਤ ਕਰਦਾ ਹੈ।

ਜੇਤੀ ਹੈ ਤੇਤੀ ਤੁਧੁ ਅੰਦਰਿ ॥
ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਵਿੱਚ ਸਮਾਈ ਹੋਈ ਹੈ, ਹੇ ਸਾਹਿਬ!

ਦੇਖਹਿ ਆਪਿ ਬੈਸਿ ਬਿਜ ਮੰਦਰਿ ॥
ਆਪਣੇ ਪਾਤਿਸ਼ਾਹੀ ਮਹਿਲ ਅੰਦਰ ਬੈਠ ਕੇ, ਤੂੰ ਆਪੇ ਹੀ ਆਪਣੀ ਰਚਨਾ ਨੂੰ ਵੇਖਦਾ ਹੈਂ।

ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥
ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਕਿ ਜੋ ਕੋਈ ਭੀ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ, ਉਹ ਹੀ ਆਰਾਮ ਪਾਉਂਦਾ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਦਰਸਨੁ ਪਾਵਾ ਜੇ ਤੁਧੁ ਭਾਵਾ ॥
ਜੇਕਰ ਮੈਂ ਤੈਨੂੰ ਚੰਗਾ ਲੱਗਾਂ, ਕੇਵਲ ਤਦ ਹੀ ਮੈਂ ਤੇਰਾ ਦੀਦਾਰ ਦੇਖ ਸਕਦਾ ਹਾਂ, ਹੇ ਸੁਆਮੀ?

ਭਾਇ ਭਗਤਿ ਸਾਚੇ ਗੁਣ ਗਾਵਾ ॥
ਪਿਆਰ ਨਾਲ ਉਪਾਸ਼ਨਾ ਦੁਆਰਾ, ਮੈਂ ਤੇਰੀ ਸੱਚੀ ਕੀਰਤੀ ਗਾਇਨ ਕਰਦਾ ਹਾਂ।

ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥
ਜੇਕਰ ਐਹੋ ਜੇਹੀ ਹੋਵੇ ਤੇਰੀ ਰਜ਼ਾ, ਹੇ ਸਿਰਜਣਹਾਰ! ਤਾਂ ਮੈਨੂੰ ਚੰਗਾ ਲਗਦਾ ਅਤੇ ਮੇਰੀ ਜੀਹਭਾ ਨੂੰ ਮਿਠੜਾ ਭਾਸਦਾ ਹੈਂ।

ਸੋਹਨਿ ਭਗਤ ਪ੍ਰਭੂ ਦਰਬਾਰੇ ॥
ਸੰਤ, ਸਾਹਿਬ ਦੀ ਦਰਗਾਹ ਅੰਦਰ, ਸੁੰਦਰ ਦਿਸਦੇ ਹਨ।

ਮੁਕਤੁ ਭਏ ਹਰਿ ਦਾਸ ਤੁਮਾਰੇ ॥
ਹੇ ਵਾਹਿਗੁਰੂ! ਤੈਂਡੇ ਗੁਮਾਸ਼ਤੇ ਬੰਦਖ਼ਲਾਸ ਥੀ ਵੰਝਦੇ ਹਨ।

ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥
ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਉਹ ਤੇਰੇ ਪ੍ਰੇਮ ਨਾਲ ਰੰਗੇ ਹੋਏ ਹਨ ਅਤੇ ਰੈਣ ਤੇ ਦਿਹੁੰ ਤੈਂਡੇ ਨਾਮ ਦਾ ਆਰਾਧਨ ਕਰਦੇ ਹਨ।

ਈਸਰੁ ਬ੍ਰਹਮਾ ਦੇਵੀ ਦੇਵਾ ॥
ਸ਼ਿਵਜੀ, ਬ੍ਰਹਮਾ, ਦੇਵੀਆਂ, ਦੇਵਤੇ,

ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥
ਇੰਦਰ, ਤਪੱਸਵੀ ਅਤੇ ਚੁਪ-ਧਾਰੀ ਰਿਸ਼ੀ ਤੇਰੀ ਟਹਿਲ ਸੇਵਾ ਨੂੰ ਲੋਚਦੇ ਹਨ।

ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥
ਪ੍ਰਹੇਜ਼ਗਾਰ, ਪਵਿੱਤਰ ਪੁਰਸ਼ ਅਤੇ ਅਨੇਕਾਂ ਹੀ ਜੰਗਲ-ਨਿਵਾਸੀ ਸਾਈਂ ਦੇ ਓੜਕ ਨੂੰ ਨਹੀਂ ਪਾਂਦੇ।

ਵਿਣੁ ਜਾਣਾਏ ਕੋਇ ਨ ਜਾਣੈ ॥
ਜੇਕਰ ਤੂੰ ਨਾਂ ਦਰਸਾਵੇਂ, ਕੋਈ ਭੀ ਤੈਨੂੰ ਨਹੀਂ ਸਮਝਦਾ।

ਜੋ ਕਿਛੁ ਕਰੇ ਸੁ ਆਪਣ ਭਾਣੈ ॥
ਜਿਹੜਾ ਕੁੱਝ ਤੂੰ ਕਰਦਾ ਹੈਂ, ਉਹ ਤੂੰ ਆਪਣੀ ਰਜ਼ਾ ਅੰਦਰ ਕਰਦਾ ਹੈਂ।

ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥
ਤੂੰ ਚੁਰਾਸੀ ਲੱਖ ਜੀਵ ਜੰਤੂ ਪੈਦਾ ਕੀਤੇ ਹਨ ਅਤੇ ਉਹ ਤੇਰੀ ਰਜ਼ਾ ਅੰਦਰ ਸੁਆਸ ਲੈਂਦੇ ਹਨ।

ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।

ਮਨਮੁਖੁ ਆਪੁ ਗਣਾਏ ਰੋਵੈ ॥
ਆਪ-ਹੁਦਰਾ ਆਪਣੇ ਆਪ ਨੂੰ ਜਣਾਉਂਦਾ ਹੈ ਤੇ ਰੋਂਦਾ ਹੈ।

ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥
ਨਾਮ ਨੂੰ ਭੁਲਾ ਕੇ, ਉਸ ਨੂੰ ਕੋਈ ਬਚਾਅ ਦੀ ਥਾਂ ਨਹੀਂ ਮਿਲਦੀ ਅਤੇ ਆਉਣ ਤੇ ਜਾਣ ਅੰਦਰ ਉਹ ਕਸ਼ਟ ਉਠਾਉਂਦਾ ਹੈ।

ਨਿਰਮਲ ਕਾਇਆ ਊਜਲ ਹੰਸਾ ॥
ਪਵਿੱਤਰ ਹੈ ਦੇਹ ਤੇ ਪਵਿੱਤਰ ਹੈ ਰਾਜਹੰਸ ਆਤਮਾ,

ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥
ਜਿਨ੍ਹਾਂ ਵਿੱਚ ਪਾਵਨ ਪੁਨੀਤ ਪ੍ਰਭੂ ਦਾ ਜੋਹਰ ਨਾਮ ਹੈ।

ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥
ਸਮੂਹ ਕਸ਼ਟ ਉਹ ਅੰਮ੍ਰਿਤ ਦੀ ਮਾਨੰਦ ਪਾਨ ਕਰਦਾ ਹੈ ਅਤੇ ਮੁੜ ਕੇ ਤਕਲਫ਼ਿ ਨਹੀਂ ਉਠਾਉਂਦਾ।

ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥
ਘਣੇਰੀਆਂ ਰੰਗ-ਰਲੀਆਂ ਕਾਰਨ ਇਨਸਾਨ ਦੁਖ ਤਕਲਫ਼ਿ ਪਾਉਂਦਾ ਹੈ,

ਭੋਗਹੁ ਰੋਗ ਸੁ ਅੰਤਿ ਵਿਗੋਵੈ ॥
ਕਾਮ ਚੇਸ਼ਟਾ ਤੋਂ ਬੀਮਾਰੀ ਹੋ ਹੋ ਜਾਂਦੀ ਹੈ ਅਤੇ ਓੜਕ ਨੂੰ ਉਹ ਬਰਬਾਦ ਹੋ ਜਾਂਦਾ ਹੈ।

ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥
ਖੁਸ਼ੀ ਤੋਂ ਪੈਦਾ ਹੋਈ ਹੋਈ ਪੀੜ ਕਦੇ ਭੀ ਨਹੀਂ ਮਿੱਟਦੀ। ਸਾਈਂ ਦੀ ਰਜ਼ਾ ਨ ਮੰਨਣ ਦੇ ਕਾਰਨ ਜੀਵ ਕੁਰਾਹੇ ਪੈ ਜਾਂਦਾ ਹੈ।

ਗਿਆਨ ਵਿਹੂਣੀ ਭਵੈ ਸਬਾਈ ॥
ਬ੍ਰਹਮ ਗਿਆਤ ਦੇ ਬਗ਼ੈਰ ਸਾਰਾ ਜਹਾਨ ਟੱਕਰਾਂ ਮਾਰਦਾ ਫਿਰਦਾ ਹੈ।

ਸਾਚਾ ਰਵਿ ਰਹਿਆ ਲਿਵ ਲਾਈ ॥
ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ, ਸਤਿਪੁਰਖ ਹਰ ਥਾਂ ਵਿਆਪਕ ਦਿਸ ਆਉਂਦਾ ਹੈ।

ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥
ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਭੈ-ਰਹਿਤ ਸੁਆਮੀ ਜਾਣਿਆ ਜਾਂਦਾ ਹੈ ਅਤੇ ਉਹ ਇਨਸਾਨ ਦੀ ਆਤਮਾ ਨੂੰ ਪਰਮ ਆਤਮਾ ਨਾਲ ਅਭੇਦ ਕਰ ਦਿੰਦੇ ਹਨ।

ਅਟਲੁ ਅਡੋਲੁ ਅਤੋਲੁ ਮੁਰਾਰੇ ॥
ਮੇਰਾ ਸੁਆਮੀ ਅਮਿਟ, ਅਹਿਲ, ਅਮਾਪ ਅਤੇ ਹੰਕਾਰ ਦਾ ਵੈਰੀ ਹੈ।

ਖਿਨ ਮਹਿ ਢਾਹੇ ਫੇਰਿ ਉਸਾਰੇ ॥
ਉਹ ਇੱਕ ਮੁਹਤ ਵਿੱਚ ਢਾ ਸੁੱਟਦਾ ਹੈ ਅਤੇ ਫੇਰ ਮੁੜ ਉਸਾਰ ਦਿੰਦਾ ਹੈ।

ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥
ਸੁਆਮੀ ਦਾ ਨਾ ਸਰੂਪ ਹੈ, ਨਾ ਹੀ ਚਿੰਨ੍ਹ, ਨਾ ਹੀ ਅੰਦਾਜ਼ਾ, ਨਾ ਹੀ ਮੁਲ। ਉਸ ਦੇ ਨਾਮ ਨਾਲ ਵਿੰਨ੍ਹੇ ਜਾਣ ਦੁਆਰਾ ਪ੍ਰਾਣੀ ਰੱਜ ਜਾਂਦਾ ਹੈ।

copyright GurbaniShare.com all right reserved. Email