ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਕੋਈ ਜਾਤ ਜਾਂ ਧਾਰਮਕ ਲਿਬਾਸ ਜਾਂ ਬ੍ਰਹਮ ਜਾਂ ਖਤ੍ਰੀ ਨਹੀਂ ਸੀ। ਦੇਉ ਨ ਦੇਹੁਰਾ ਗਊ ਗਾਇਤ੍ਰੀ ॥ ਨਾਂ ਕੋਈ ਦੇਵਤਾਂ ਸੀ, ਨਾਂ ਮੰਦਿਰ, ਨਾਂ ਗਾਂ, ਨਾਂ ਹੀ ਹਿੰਦੂਆਂ ਦਾ ਮੂਲ ਮੰਤਰ ਗਾਇਤਰੀ। ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥ ਨਾਂ ਕੋਈ ਹਵਨ ਹੁੰਦਾ ਸੀ, ਨਾਂ ਪੁੰਨਾਰਥੀ ਸਦਾਵਰਤ, ਨਾਂ ਧਰਮ ਅਸਥਾਨਾਂ ਉਤੇ ਇਸ਼ਨਾਨ ਤੇ ਨਾਂ ਹੀ ਕੋਈ ਉਪਾਸ਼ਨਾ ਕਰਦਾ ਸੀ। ਨਾ ਕੋ ਮੁਲਾ ਨਾ ਕੋ ਕਾਜੀ ॥ ਕੋਈ ਮੁਸਲਿਮ ਆਲਮ ਜਾਂ ਮੁਨਸਿਫ ਨਹੀਂ ਸੀ। ਨਾ ਕੋ ਸੇਖੁ ਮਸਾਇਕੁ ਹਾਜੀ ॥ ਨਾਂ ਮੁਸਲਮਾਨ ਉਪਦੇਸ਼ਕ ਹੁੰਦਾ ਸੀ, ਨਾਂ ਮੁਸ਼ਕਤੀ ਨਾਂ ਹੀ ਮੱਕੇ ਦਾ ਯਾਤਰੀ। ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥ ਕੋਈ ਪਰਜਾ, ਪਾਤਿਸ਼ਾਹ ਅਤੇ ਸੰਸਾਰੀ ਹੰਕਾਰ ਨਹੀਂ ਸੀ, ਨਾਂ ਹੀ ਕੋਈ ਆਪਣਾ ਵੱਡਾ ਨਾਉਂ ਧਰਾਉਂਦਾ ਸੀ। ਭਾਉ ਨ ਭਗਤੀ ਨਾ ਸਿਵ ਸਕਤੀ ॥ ਕੋਈ ਪ੍ਰੀਤ ਜਾਂ ਸ਼ਰਧਾ ਨਹੀਂ ਸੀ, ਨਾਂ ਹੀ ਨਰ ਜਾਂ ਮਾਦਾ ਸੀ। ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਨਾਂ ਕੋਈ ਦੋਸਤ, ਯਾਰ, ਬੀਜ ਤੇ ਲਹੂ ਨਹੀਂ ਸੀ। ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥ ਸਾਹਿਬ ਆਪ ਹੀ ਸ਼ਾਹੂਕਾਰ ਸੀ ਅਤੇ ਆਪ ਹੀ ਸੌਦਾਗਰ, ਇਹੋ ਜਿਹੀ ਹੀ ਸੀ ਰਜਾ ਸੱਚੇ ਸੁਆਮੀ ਦੀ। ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਨਾਂ ਕੋਈ ਵੇਦ, ਨਾਂ ਮੁਸਲਮਾਨੀ, ਇਸਾਈ, ਮੁਸਾਈ ਗ੍ਰੰਥ ਨਾਂ ਸਿਮ੍ਰਤੀਆਂ ਅਤੇ ਨਾਂ ਹੀ ਸ਼ਾਸ਼ਤਰ ਹੁੰਦੇ ਸਨ। ਪਾਠ ਪੁਰਾਣ ਉਦੈ ਨਹੀ ਆਸਤ ॥ ਨਾਂ ਕੋਈ ਪੁਰਾਨਾਂ ਦਾ ਪੜ੍ਹਨਾ ਹੁੰਦਾ ਸੀ। ਨਾਂ ਸੂਰਜ ਦਾ ਚੜ੍ਹਨਾ ਅਤੇ ਨਾਂ ਹੀ ਸੂਰਜ ਦਾ ਛਿਪਣਾ। ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥ ਅਗਾਧ ਸੁਆਮੀ ਆਪੇ ਬੋਲਣਹਾਰ, ਅਤੇ ਪ੍ਰਚਾਰਕ ਸੀ ਅਦ੍ਰਿਸ਼ਟ ਸਾਹਿਬ ਖੁਦ ਸਾਰਾ ਕੁਝ ਵੇਖਦਾ ਸੀ। ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਜਦ ਉਸ ਨੂੰ ਐਕੁਰ ਚੰਗਾ ਲੱਗਾ, ਤਦ ਉਸ ਨੇ ਸੰਸਾਰ ਨੂੰ ਰਚਿਆ, ਬਾਝੁ ਕਲਾ ਆਡਾਣੁ ਰਹਾਇਆ ॥ ਅਤੇ ਬਿਨਾਂ ਆਸਰੇ ਦੇ ਅਸਮਾਨ ਟਿਕਾ ਦਿੱਤਾ। ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥ ਉਸ ਨੇ ਬ੍ਰਹਮਾਂ, ਵਿਸ਼ਨੂੰ ਅਤੇ ਸ਼ਿਵਜੀ ਪੈਦਾ ਕੀਤੇ ਅਤੇ ਮੋਹਨੀ ਮਾਇਆ ਦਾ ਪਿਆਰ ਘਨੇਰਾ ਖਿਲਾਰ ਦਿੱਤਾ। ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਗੁਰੂ ਜੀ ਸੁਆਮੀ ਦਾ ਨਾਮ ਸਰਵਣ ਕਰਾਉਂਦੇ ਹਨ। ਕਰਿ ਕਰਿ ਦੇਖੈ ਹੁਕਮੁ ਸਬਾਇਆ ॥ ਆਪਣੀ ਰਜਾ ਦੁਆਰਾ, ਰੱਬ ਨੇ ਰਚਨਾ ਰਚੀ ਹੈ ਅਤੇ ਇਸ ਸਾਰੀ ਨੂੰ ਵੇਖ ਰਿਹਾ ਹੈ। ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥ ਉਸ ਨੈ ਮਹਾਂਵੀਰ, ਸੂਰਜ ਮੰਡਲ ਅਤੇ ਪਤਾਲਾਂ ਦੀ ਨੀਂਹ ਰੱਖੀ ਅਤੇ ਨਿਰਗੁਣ ਸਰੂਪ ਤੋਂ ਉਹ ਪ੍ਰਗਟ ਹੋ ਗਿਆ। ਤਾ ਕਾ ਅੰਤੁ ਨ ਜਾਣੈ ਕੋਈ ॥ ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ। ਪੂਰੇ ਗੁਰ ਤੇ ਸੋਝੀ ਹੋਈ ॥ ਪੂਰਨ ਗੁਰਾਂ ਦੇ ਰਾਹੀਂ ਮੈਨੂੰ ਸਮਝ ਪ੍ਰਾਪਤ ਹੋਈ ਹੈ। ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥ ਨਾਨਕ ਅਦਭੁਤ ਹਨ ਉਹ ਜੋ ਸੁਆਮੀ ਦੇ ਸੱਚ ਨਾਲ ਰੰਗੀਜੇ ਹਨ ਅਤੇ ਉਸ ਦਾ ਜੱਸ ਗਾਇਨ ਕਰਨ ਦੁਆਰਾ ਉਹ ਪ੍ਰਸੰਨ ਥੀ ਵੰਝਦੇ ਹਨ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਆਪੇ ਆਪੁ ਉਪਾਇ ਨਿਰਾਲਾ ॥ ਸੰਸਾਰ ਨੂੰ ਖ਼ੁਦ-ਬ-ਖ਼ੁਦ ਰੱਚ ਕੇ ਸੁਆਮੀ ਆਪ ਨਿਰਲੇਪ ਰਹਿੰਦਾ ਹੈ। ਸਾਚਾ ਥਾਨੁ ਕੀਓ ਦਇਆਲਾ ॥ ਮਿਹਰਬਾਨ ਮਾਲਕ ਨੇ ਆਪਣਾ ਸੱਚਾ ਟਿਕਾਣਾ ਸਥਾਪਨ ਕੀਤਾ। ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥ ਹਵਾ, ਜਲ ਅਤੇ ਅੱਗ ਨੂੰ ਇਕੱਠੇ ਬੰਨ੍ਹ ਕੇ, ਉਸ ਨੇ ਦੇਹ ਕਿਲ੍ਹੇ ਨੂੰ ਰਚਿਆ ਹੈ। ਨਉ ਘਰ ਥਾਪੇ ਥਾਪਣਹਾਰੈ ॥ ਇਸ ਨੂੰ ਸਿਰਜਣਹਾਰ ਨੇ ਨੌ ਦਰਵਾਜ਼ੇ ਲਾਏ ਹਨ। ਦਸਵੈ ਵਾਸਾ ਅਲਖ ਅਪਾਰੈ ॥ ਦਸਮ ਦੁਆਰ ਦੇ ਅੰਦਰ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਦਾ ਨਿਵਾਸ ਅਸਥਾਨ ਹੈ। ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥ ਪ੍ਰਭੂ ਨੂੰ ਜਾਨਣ ਵਾਲੇ ਦੇ ਸੱਤੇ ਸਮੁੰਦਰ, ਵਾਹਿਗੁਰੂ ਦੇ ਨਾਮ ਦੇ ਪਵਿੱਤ੍ਰ ਪਾਣੀ ਨਾਲ ਪਰੀਪੂਰਨ ਹਨ, ਅਤੇ ਉਨ੍ਹਾਂ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ। ਰਵਿ ਸਸਿ ਦੀਪਕ ਜੋਤਿ ਸਬਾਈ ॥ ਸੂਰਜ ਅਤੇ ਚੰਦ ਦੇ ਦੀਵੀਆਂ ਅੰਦਰ ਸਮੂਹ ਪ੍ਰਕਾਸ਼ ਤੈਡਾਂ ਹੀ ਹੈ, ਹੇ ਪ੍ਰਭੂ। ਆਪੇ ਕਰਿ ਵੇਖੈ ਵਡਿਆਈ ॥ ਉਨ੍ਹਾਂ ਨੂੰ ਰੱਚ ਕੇ ਤੂੰ ਆਪਣੀ ਨਿੱਜ ਦੀ ਪ੍ਰਭਤਾ ਨੂੰ ਤੱਕਦਾ ਹੈਂ। ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥ ਆਰਾਮ-ਬਖਸ਼ਣਹਾਰ ਸੁਆਮੀ ਸਦੀਵ ਹੀ ਪ੍ਰਕਾਸ਼ ਦਾ ਪੰਜ ਹੈ ਅਤੇ ਉਸ ਸੱਚੇ ਸਾਈਂ ਨਾਲ ਮਿਲ ਕੇ ਇਨਸਾਨ ਪ੍ਰਭਤਾ ਪਾਉਂਦਾ ਹੈ। ਗੜ ਮਹਿ ਹਾਟ ਪਟਣ ਵਾਪਾਰਾ ॥ ਦੇਹ ਦੇ ਕਿਲ੍ਹੇ ਅੰਦਰ ਸ਼ਹਿਰ ਅਤੇ ਦੁਕਾਨਾਂ ਹਨ ਅਤੇ ਓਥੇ ਵਣਜ ਵਾਪਾਰ ਹੁੰਦਾ ਹੈ। ਪੂਰੈ ਤੋਲਿ ਤੋਲੈ ਵਣਜਾਰਾ ॥ ਮੇਰਾ ਵਾਹਿਗੁਰੂ, ਸਦਾਗਰ, ਖਰੇ ਵੱਟਿਆ ਨਾਲ ਆਪਣੀ ਵਾਸਤੂ ਨੂੰ ਹਾੜਦਾ ਹੈ। ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥ ਸੁਆਮੀ ਆਪ ਹੀ ਮਾਣਕ ਨੂੰ ਖਰੀਦਦਾ ਹੈ ਅਤੇ ਆਪ ਹੀ ਇਸ ਦਾ ਮੁਲ ਪਾਉਂਦਾ ਹੈ। ਕੀਮਤਿ ਪਾਈ ਪਾਵਣਹਾਰੈ ॥ ਮੁਲ ਪਾਉਣਹਾਰ ਖ਼ੁਦ ਹੀ ਚੀਜ਼ ਦਾ ਮੁਲ ਪਾਉਂਦਾ ਹੈ। ਵੇਪਰਵਾਹ ਪੂਰੇ ਭੰਡਾਰੈ ॥ ਪਰੀਪੂਰਨ ਹਨ ਖ਼ਜ਼ਾਨੇ ਮੁਛੰਦਗੀ-ਰਹਿਤ ਸੁਆਮੀ ਦੇ। ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥੫॥ ਸਾਰੀਆਂ ਸ਼ਕਤੀਆਂ ਆਪਣੇ ਹੱਥ ਵਿੱਚ ਰੱਖ ਕੇ, ਸਾਈਂ ਖੁਦ ਹੀ ਸਾਰੇ ਰਮ ਰਹਿਆ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ। ਨਦਰਿ ਕਰੇ ਪੂਰਾ ਗੁਰੁ ਭੇਟੈ ॥ ਜੇਕਰ ਪ੍ਰਭੂ ਮਿਹਰ ਧਾਰੇ ਤਾਂ ਬੰਦਾ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ, ਜਮ ਜੰਦਾਰੁ ਨ ਮਾਰੈ ਫੇਟੈ ॥ ਅਤੇ ਮੌਤ ਦਾ ਜ਼ਾਲਮ ਦੂਤ ਉਸ ਨੂੰ ਸੱਟ ਨਹੀਂ ਮਾਰਦਾ। ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥੬॥ ਪਾਣੀ ਅੰਦਰ ਕੰਵਲ ਫੁਲ ਦੀ ਤਰ੍ਹਾਂ ਉਹ ਪ੍ਰਫੁਲਤ ਹੋ ਜਾਂਦਾ ਹੈ ਅਤੇ ਸੁਭਾਵਕ ਹੀ ਖ਼ੁਸ਼ੀ ਨਾਲ ਸੁਆਮੀ ਨੂੰ ਸਿਮਰਦਾ ਹੈ। ਆਪੇ ਵਰਖੈ ਅੰਮ੍ਰਿਤ ਧਾਰਾ ॥ ਪ੍ਰਭੂ ਆਪ ਹੀ ਉਸ ਉਤੇ ਬੇਅੰਤ ਮੁਲ ਦੇ ਜਵਾਹਿਰਾਤ, ਰਤਨ ਜਵੇਹਰ ਲਾਲ ਅਪਾਰਾ ॥ ਮਾਣਿਕਾਂ ਅਤੇ ਹੀਰਿਆਂ ਦੇ ਅੰਮ੍ਰਿਤ ਦੀ ਧਾਰ ਬਰਸਾਉਦਾਂ ਹੈ। ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥੭॥ ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਾਂ ਈਸ਼ਵਰੀ ਪ੍ਰੀਤ ਦੀ ਦੌਲਤ ਨੂੰ ਪ੍ਰਾਪਤ ਕਰਨ ਦੁਆਰਾ ਬੰਦਾ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ। ਪ੍ਰੇਮ ਪਦਾਰਥੁ ਲਹੈ ਅਮੋਲੋ ॥ ਜੋ ਕੋਈ ਭੀ ਪ੍ਰਭੂ ਦੀ ਪ੍ਰੀਤ ਦੀ ਅਣਮੁੱਲੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ, ਕਬ ਹੀ ਨ ਘਾਟਸਿ ਪੂਰਾ ਤੋਲੋ ॥ ਉਹ ਪੂਰੇ ਵਜ਼ਨ ਦਾ ਥੀ ਵੰਝਦਾ ਹੈ ਅਤੇ ਕਦੇ ਭੀ ਤੋਲ ਵਿੱਚ ਘਟ ਨਹੀਂ ਹੁੰਦਾ। ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥੮॥ ਜੋ ਸੱਚੇ ਸੁਆਮੀ ਦਾ ਵਣਜਾਰਾ ਹੈ, ਉਹ ਸੱਚਾ ਸਉਦਾ ਸੂਤ ਹੀ ਲੱਦਦਾ ਹੈ। ਸਚਾ ਸਉਦਾ ਵਿਰਲਾ ਕੋ ਪਾਏ ॥ ਕੋਈ ਟਾਂਵਾਂ ਪੁਰਸ਼ ਹੀ ਸੱਚੇ ਮਾਲ ਨੂੰ ਇਕੱਤ੍ਰ ਕਰਦਾ ਹੈ। ਪੂਰਾ ਸਤਿਗੁਰੁ ਮਿਲੈ ਮਿਲਾਏ ॥ ਪੂਰਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਨਾਲ ਮਿਲ ਪੈਦਾ ਹੈ। copyright GurbaniShare.com all right reserved. Email |