ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥੯॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ ਅਤੇ ਉਸ ਦੀ ਰਜ਼ਾ ਨੂੰ ਮੰਨਣ ਦੁਆਰਾ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ। ਹੁਕਮੇ ਆਇਆ ਹੁਕਮਿ ਸਮਾਇਆ ॥ ਪ੍ਰਭੂ ਦੇ ਫ਼ੁਰਮਾਨ ਤਾਬੇ, ਇਨਸਾਨ ਜੰਮਦਾ ਹੈ ਅਤੇ ਉਸ ਦੇ ਫ਼ੁਰਮਾਨ ਤਾਬੇ ਹੀ ਉਹ ਮਰ ਜਾਂਦਾ ਹੈ। ਹੁਕਮੇ ਦੀਸੈ ਜਗਤੁ ਉਪਾਇਆ ॥ ਸੰਸਾਰ, ਉਸ ਦੀ ਰਜ਼ਾ ਅੰਦਰ ਉਤਪੰਨ ਹੋਇਆ ਦਿਸ ਆਉਂਦਾ ਹੈ। ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥੧੦॥ ਆਪਣੀ ਰਜ਼ਾ ਅੰਦਰ ਸੁਆਮੀ ਨੇ ਬਹਿਸ਼ਤ, ਇਹ ਦੁਨੀਆਂ ਅਤੇ ਪਾਤਾਲ ਰਚੇ ਹਨ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਨ੍ਹਾਂ ਨੂੰ ਆਸਰਾ ਦਿੰਦਾ ਹੈ। ਹੁਕਮੇ ਧਰਤੀ ਧਉਲ ਸਿਰਿ ਭਾਰੰ ॥ ਸਾਹਿਬ ਦੀ ਰਜ਼ਾ ਦੇ ਬਲਦ ਨੇ ਹੀ ਜ਼ਮੀਨ ਦੇ ਬੋਝ ਨੂੰ ਆਪਣੇ ਸੀਸ ਉਤੇ ਚੁੱਕਿਆ ਹੋਇਆ ਹੈ। ਹੁਕਮੇ ਪਉਣ ਪਾਣੀ ਗੈਣਾਰੰ ॥ ਹਵਾ, ਜਲ ਤੇ ਆਸਮਾਨ ਉਸ ਦੇ ਫ਼ੁਰਮਾਨ ਤਾਬੇ ਹਨ। ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥ ਸੁਆਮੀ ਦੀ ਰਜ਼ਾ ਰਾਹੀਂ ਬੰਦਾ ਮਾਇਆ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦੀ ਰਜ਼ਾ ਰਾਹੀਂ ਉਹ ਜੀਵਨ-ਖੇਡਾ ਖੇਦਦਾ ਹੈ। ਹੁਕਮੇ ਆਡਾਣੇ ਆਗਾਸੀ ॥ ਸਾਈਂ ਦੀ ਰਜ਼ਾ ਅੰਦਰ ਆਸਮਾਨ ਸਾਰੇ ਤਣਿਆ ਹੋਇਆ ਹੈ। ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥ ਪ੍ਰਭੂ ਦੀ ਰਜ਼ਾ ਅੰਦਰ ਜੀਵ ਪਾਣੀ, ਸੁੱਕੀ ਧਰਤੀ ਅਤੇ ਤਿੰਨਾਂ ਜਹਾਨਾਂ ਅੰਦਰ ਵਸਦੇ ਹਨ। ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥ ਸਾਹਿਬ ਦੀ ਰਜਾ ਰਾਹੀਂ ਅਸੀਂ ਸਦੀਵ ਹੀ ਆਪਣਾ ਸੁਆਸ ਲੈਂਦੇ ਅਤੇ ਬੁਰਕੀ ਖਾਂਦੇ ਹਾਂ, ਅਤੇ ਆਪਣੀ ਰਜ਼ਾ ਰਾਹੀਂ ਹੀ ਉਹ ਸਾਰਿਆਂ ਨੂੰ ਵੇਖਦਾ ਅਤੇ ਉਨ੍ਹਾਂ ਨੂੰ ਵਿਖਾਲਦਾ ਹੈ। ਹੁਕਮਿ ਉਪਾਏ ਦਸ ਅਉਤਾਰਾ ॥ ਆਪਣੇ ਫ਼ੁਰਮਾਨ ਦੁਆਰਾ ਹਰੀ ਨੇ ਦਸ ਪੈਗੰਬਰ, ਦੇਵ ਦਾਨਵ ਅਗਣਤ ਅਪਾਰਾ ॥ ਅਣਗਿਣਤ ਦੇਵਤੇ ਅਤੇ ਬੇਅੰਤ ਰਾਖ਼ਸ਼ ਰਚੇ ਹਨ। ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥ ਜੇ ਕੋਈ ਸਾਈਂ ਦੇ ਫ਼ੁਰਮਾਨ ਨੂੰ ਮੰਨਦਾ ਹੈ; ਉਹ ਉਸ ਦੇ ਦਰਬਾਰ ਅੰਦਰ ਪਹਿਰਾਇਆ ਜਾਂਦਾ ਹੈ। ਸੱਚੇ ਨਾਮ ਨਾਲ ਜੋੜ ਕੇ, ਸਾਈਂ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਹੁਕਮੇ ਜੁਗ ਛਤੀਹ ਗੁਦਾਰੇ ॥ ਆਪਣੀ ਰਜਾ ਅੰਦਰ ਪ੍ਰਭੂ ਨੇ ਛੱਤੀ ਯੱਗ ਅਫੁਰ ਸਮਾਧੀ ਅੰਦਰ ਬਤੀਤ ਕਰ ਦਿਤੇ। ਹੁਕਮੇ ਸਿਧ ਸਾਧਿਕ ਵੀਚਾਰੇ ॥ ਆਪਣੇ ਭਾਣੇ ਅੰਦਰ ਉਸ ਨੇ ਆਪਣੇ ਖੋਜੀ, ਪੂਰਨ ਪੂਰਸ਼ ਅਤੇ ਵਿਚਾਰਵਾਨਬੰਦੇ ਪੈਦਾ ਕੀਤੇ ਹਨ। ਆਪਿ ਨਾਥੁ ਨਥੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥ ਉਹ ਆਪੇ ਹੀ ਸਾਰਿਆਂ ਦਾ ਸੁਆਮੀ ਹੈ ਅਤੇ ਉਸ ਨੇ ਸਾਰਿਆਂ ਦੇ ਨੱਕ ਵਿੰਚ ਨਕੇਲ ਪਾਈ ਹੋਈ ਹੈ। ਜਿਸ ਕਿਸੇ ਨੂੰ ਉਹ ਬਖਸ਼ ਦੇਦਾਂ ਹੈ, ਉਸ ਨੂੰ ਉਹ ਬੰਦਖ਼ਲਾਸ ਕਰ ਦਿੰਦਾ ਹੈ। ਕਾਇਆ ਕੋਟੁ ਗੜੈ ਮਹਿ ਰਾਜਾ ॥ ਮਨ ਪਾਤਿਸ਼ਾਹ ਰਹਿੰਦਾ ਹੈ ਦੇਹ ਦੇ ਮਜ਼ਬੂਤ ਕਿਲ੍ਹੇ ਅੰਦਰ, ਨੇਬ ਖਵਾਸ ਭਲਾ ਦਰਵਾਜਾ ॥ ਜੋ ਸੁੰਦਰ ਬੂਹਿਆਂ ਵਾਲੀ ਹੈ ਤੇ ਇਸ ਨਾਲ ਹਨ ਖਾਸ ਮਾਹਿਤਾਂ (ਨਾਇਬ ਤੇ ਸ਼ਾਹੀ ਨੌਕਰ)। ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥ ਜੋ ਕੋਈ ਭੀ ਕੂੜੇ ਅਤੇ ਤਮ੍ਹਾਂ ਅੰਦਰ ਖੱਚਤ ਹੁੰਦਾ ਹੈ, ਉਹ ਸਾਹਿਬ ਦੇ ਗ੍ਰਹਿ ਅੰਦਰ ਵਸੇਥਾ ਨਹੀਂ ਪਾਉਂਦਾ। ਲਾਲਚ ਅਤੇ ਗੁਨਾਹ ਦੇ ਕਰਕੇ ਬੰਦਾ ਖਸਚਾਤਾਪ ਕਰਦਾ ਹੈ। ਸਤੁ ਸੰਤੋਖੁ ਨਗਰ ਮਹਿ ਕਾਰੀ ॥ ਤਾਂ ਉਸ ਦੇ ਸਰੀਰ ਵਿੱਚ ਬਲਵਾਨ ਸੱਚ, ਸੰਤੁਸ਼ਟਤਾ, ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥ ਪਵਿੱਤਰਤਾ ਦਾਨਪੁੰਨ ਅਤੇ ਸਵੈ-ਜਬਤ ਆ ਟਿਕਦੇ ਹਨ, ਜੇਕਰ ਪ੍ਰਾਣੀ ਪ੍ਰਭੂ ਦੀ ਪਨਾਹ ਲੈ ਲਵੇ। ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥੧੬॥੪॥੧੬॥ ਨਾਨਕ ਗੁਰਾਂ ਦੀ ਬਾਣੀ ਰਾਹੀਂ ਬੰਦਾ, ਸੁਖੈਨ ਹੀ ਜਗਤ ਦੀ ਜਿੰਦ-ਜਾਨ ਸੁਆਮੀ ਨਾਲ ਮਿਲ ਪੈਂਦਾ ਅਤੇ ਇੱਜ਼ਤ ਪਾਉਂਦਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਸੁੰਨ ਕਲਾ ਅਪਰੰਪਰਿ ਧਾਰੀ ॥ ਬੇਅੰਤ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਅੰਦਰ ਟਿਕਾਈ ਹੋਈ ਹੈ। ਆਪਿ ਨਿਰਾਲਮੁ ਅਪਰ ਅਪਾਰੀ ॥ ਉਹ ਖ਼ੁਦ ਨਿਰਲੇਪ, ਅੰਤ-ਰਹਿਤ ਅਤੇ ਬੇ-ਮਿਸਾਲ ਹੈ। ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥ ਬੰਧਾਨ ਅਤੇ ਰਚਨਾ ਨੂੰ ਰਚ ਕੇ, ਸੁਆਮੀ ਖ਼ੁਦ ਉਨ੍ਹਾਂ ਨੂੰ ਵੇਖਦਾ ਹੈ, ਅਤੇ ਆਪਣੀ ਗੁਪਤ ਸ਼ਕਤੀ ਤੋਂ ਉਸ ਨੇ ਰੂਹਾਂ ਪੈਦਾ ਕੀਤੀਆਂ ਹਨ। ਪਉਣੁ ਪਾਣੀ ਸੁੰਨੈ ਤੇ ਸਾਜੇ ॥ ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਹਵਾ ਅਤੇ ਜਲ ਰਚੇ ਹਨ। ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਸੰਸਾਰ ਨੂੰ ਪੈਦਾ ਕਰਕੇ, ਉਸ ਨੇ ਮਨ ਨੂੰ ਸ਼ਰੀਰ ਦੇ ਕਿਲੇ ਦਾ ਪਾਤਿਸ਼ਾਹ ਨੀਅਤ ਕੀਤਾ ਹੈ। ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥ ਅੱਗ, ਨੀਰ ਅਤੇ ਜੀਵਾਂ ਅੰਦਰ ਤੇਰਾ ਨੂਰ ਹੈ, ਹੇ ਸੁਆਮੀ! ਅਤੇ ਤੇਰੀ ਨਿਰਗੁਣ ਵਿਅਕਤੀ ਅੰਦਰ ਰਚਨਾ ਦੀ ਸ਼ਕਤੀ ਟਿਕੀ ਹੋਈ ਹੈ। ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਨਿਰਗੁਣ ਪ੍ਰਭੂ ਤੋਂ ਹੀ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਪੈਦਾ ਹੋਏ ਸਨ। ਸੁੰਨੇ ਵਰਤੇ ਜੁਗ ਸਬਾਏ ॥ ਨਿਰਗੁਣ ਪ੍ਰਭੂ ਤੋਂ ਹੀ ਸਾਰੇ ਯੁੱਗ ਉਤਪੰਨ ਹੋਏ ਹਨ। ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥ ਪੂਰਨ ਹੈ ਉਹ ਪੁਰਸ਼ ਜੋ ਇਸ ਅਵਸਥਾ ਨੂੰ ਸੋਚਦਾ ਸਮਝਦਾ ਹੈ। ਉਸ ਨਾਲ ਮਿਲਣ ਦੁਆਰਾ ਸੰਦੇਹ ਦੂਰ ਹੋ ਜਾਂਦਾ ਹੈ। ਸੁੰਨਹੁ ਸਪਤ ਸਰੋਵਰ ਥਾਪੇ ॥ ਸੁਆਮੀ ਦੀ ਅਲੋਪ ਸ਼ਕਤੀ ਤੋਂ ਹੀ ਸੱਤੇ ਸਮੁੰਦਰ ਅਸਥਾਪਨ ਹੋਏ ਹਨ। ਜਿਨਿ ਸਾਜੇ ਵੀਚਾਰੇ ਆਪੇ ॥ ਜਿਸ ਨੇ ਉਨ੍ਹਾਂ ਨੂੰ ਰਚਿਆ ਹੈ, ਉਹ ਖ਼ੁਦ ਹੀ ਉਨ੍ਹਾਂ ਦਾ ਧਿਆਨ ਰਖਦਾ ਹੈ। ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥ ਆਤਮਾ, ਜੋ ਗੁਰਾਂ ਦੀ ਦਇਆ ਦੁਆਰਾ ਸਾਧ ਸੰਗਤ ਦੇ ਉਸ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦੀ ਹੈ, ਉਹ ਮਰਗੋਂ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦੀ। ਸੁੰਨਹੁ ਚੰਦੁ ਸੂਰਜੁ ਗੈਣਾਰੇ ॥ ਨਿਰਗੁਣ ਸੁਆਮੀ ਤੋਂ ਹੀ ਚੰਦਰਮਾ, ਸੂਰਜ ਅਤੇ ਅਸਮਾਨ ਉਤਪੰਨ ਹੋਏ ਹਨ। ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ ਉਸ ਦਾ ਪ੍ਰਕਾਸ਼ ਸਾਰੇ, ਤਿੰਨਾਂ ਲੋਆਂ ਅੰਦਰ, ਰਮਿਆ ਹੋਇਆ ਹੈ। ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥ ਨਿਰਗੁਣ ਸਰੂਪ ਸੁਆਮੀ ਅਦ੍ਰਿਸ਼ਟ, ਅਨੰਤ ਅਤੇ ਪਾਵਨ ਪਵਿੱਤਰ ਹੈ ਅਤੇ ਸੁਤੰਤਰ ਸੁਆਮੀ ਹੀ ਸਮਾਧੀ ਅੰਦਰ ਇਸਥਿਤ ਹੈ। ਸੁੰਨਹੁ ਧਰਤਿ ਅਕਾਸੁ ਉਪਾਏ ॥ ਆਪਣੀ ਗੁਪਤ ਅਧਾਰ ਸ਼ਕਤੀ ਤੋਂ ਉਸ ਨੇ ਧਰਤੀ ਅਤੇ ਅਸਮਾਨ ਰਚੇ ਹਨ। ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥ ਆਪਣੀ ਸੱਚੀ ਸੱਤਿਆ ਫੂਕ ਕੇ ਸੁਆਮੀ ਨੇ ਉਨ੍ਹਾਂ ਨੂੰ ਬਗ਼ੈਰ ਥਮਲਿਆਂ ਦੇ ਥੰਮਿਆ ਹੋਇਆ ਹੈ। ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥ ਸੁਆਮੀ ਨੇ ਤਿੰਨੇ ਜਹਾਨ ਅਤੇ ਫੰਧਾ ਪਾਉਣ ਵਾਲੀ ਮੋਹਨੀ ਮਾਇਆ ਰਚੀ ਹੈ। ਖ਼ੁਦ ਹੀ ਉਹ ਰਚਦਾ ਅਤੇ ਸੰਘਾਰ ਕਰਦਾ ਹੈ। ਸੁੰਨਹੁ ਖਾਣੀ ਸੁੰਨਹੁ ਬਾਣੀ ॥ ਨਿਰਗੁਣ ਬ੍ਰਹਮ ਤੋਂ ਹੀ ਉਤਪਤੀ ਦੇ ਚਾਰੇ ਸੌਮੇ ਪੈਦਾ ਹੋਏ ਹਨ ਅਤੇ ਨਿਰਗੁਣ ਬ੍ਰਹਮ ਤੋਂ ਹੀ ਬੋਲ ਬਾਣੀ। ਸੁੰਨਹੁ ਉਪਜੀ ਸੁੰਨਿ ਸਮਾਣੀ ॥ ਸਾਰਾ ਕੁੱਛ ਜੋ ਅਫੁਰ ਸੁਆਮੀ ਤੋਂ ਪੈਦਾ ਹੁੰਦਾ ਹੈ, ਅਫੁਰ ਸੁਆਮੀ ਅੰਦਰ ਹੀ ਲੀਨ ਥੀ ਵੰਝਦਾ ਹੈ। ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥ ਸ੍ਰੋਮਣੀ ਸਿਰਜਣਹਾਰ ਸੁਆਮੀ ਨੇ ਹੀ ਬਨਾਸਪਤੀ ਦੀ ਖੇਡ ਰਚੀ ਹੈ ਅਤੇ ਆਪਣੇ ਬਚਨ ਦੁਆਰਾ ਅਸਚਰਜ ਖੇਲ ਵਿਖਾਸ ਦਿੱਤੀ ਹੈ। ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥ ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਦੌਵੇਂ ਰਾਤ ਅਤੇ ਦਿਨ ਬਣਾਏ ਹਨ। ਓਪਤਿ ਖਪਤਿ ਸੁਖਾ ਦੁਖ ਦੀਏ ॥ ਪ੍ਰਭੂ ਤੋਂ ਹੀ ਉਤਪਤੀ, ਬਰਬਾਦੀ, ਪੀੜ ਅਤੇ ਪ੍ਰਸੰਨਤਾ ਪੈਦਾ ਹੌਹੇ ਹਨ। ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥ ਗੁਰੂ ਸਮਰਪਣ ਖ਼ੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਸਦੀਵੀ ਸਥਿਰ ਹੋ, ਆਪਣੇ ਨਿੱਜ ਦੇ ਧਾਮ ਨੂੰ ਪ੍ਰਾਪਤ ਹੋ ਜਾਂਦਾ ਹੈ। copyright GurbaniShare.com all right reserved. Email |