ਤੂ ਦਾਤਾ ਹਮ ਸੇਵਕ ਤੇਰੇ ॥ ਤੂੰ ਮੇਰਾ ਦਾਤਾਰ ਸਾਹਿਬ ਹੈਂ ਅਤੇ ਮੈਂ ਤੈਡਾਂ ਗੋਲਾ ਹਾਂ। ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥ ਮਿਹਰ ਧਾਰ ਕੇ ਤੂੰ ਮੂੈਨੂੰ ਆਪਣਾ ਅੰਮ੍ਰਿਤਮਈ ਨਾਮ ਅਤੇ ਗੁਰਾਂ ਦੇ ਬ੍ਰਹਮਬੋਧ ਦੇ ਦੀਵੇ ਦਾ ਜਵੇਹਰ ਪ੍ਰਦਾਨ ਕਰ। ਪੰਚ ਤਤੁ ਮਿਲਿ ਇਹੁ ਤਨੁ ਕੀਆ ॥ ਪੰਜਾਂ ਮੂਲ ਅੰਸ਼ਾਂ ਨੂੰ ਇਕੱਠਾ ਕਰਕੇ ਇਹ ਦੇਹ ਬਣਾਈ ਹੈ। ਆਤਮ ਰਾਮ ਪਾਏ ਸੁਖੁ ਥੀਆ ॥ ਸਰਬ-ਵਿਆਪਕ ਸੁਆਮੀ ਨੂੰ ਪਾਉਣ ਦੁਆਰਾ ਆਰਾਮ ਹੁੰਦਾ। ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥੭॥ ਨੇਕ ਅਮਲਾਂ ਅਤੇ ਵਿਹਾਰਾਂ ਨੂੰ ਅੰਮ੍ਰਿਤ ਮੇਵੇ ਲਗਦੇ ਹਨ ਅਤੇ ਪ੍ਰਾਣੀ ਨੂੰ ਪ੍ਰਭੂ ਦੇ ਨਾਮ ਦੇ ਹੀਰੇ ਦੀ ਦਾਤ ਮਿਲਦੀ ਹੈ। ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥ ਉਸ ਦਾ ਮਨ ਭੁੱਖ ਤੇ ਤ੍ਰੇਹ ਮਹਿਸੂਸ ਨਹੀਂ ਕਰਦਾ। ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥ ਉਹ ਪਵਿੱਤ੍ਰ ਪ੍ਰਭੂ ਨੂੰ ਹਰ ਥਾਂ ਅਤੇ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦਾ ਹੈ। ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥੮॥ ਗੁਰਾਂ ਦੇ ਉਪਦੇਸ਼ ਅਤੇ ਪ੍ਰੇਮ ਨਾਲ ਸ਼ਸੋਭਤ ਹੈ, ਉਹ ਪਵਿੱਤਰ ਅਤੇ ਨਿਰਲੇਪ ਥੀ ਵੰਝਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤਮਈ ਸੁਆਦ ਨਾਲ ਰੰਗਿਆ ਜਾਂਦਾ ਹੈ। ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਜੋ ਕੋਈ ਦਿਨ ਰਾਤ ਰੂਹਾਨੀ ਅਮਲ ਕਮਾਉਂਦਾ ਹੈ, ਨਿਰਮਲ ਜੋਤਿ ਨਿਰੰਤਰਿ ਜਾਤੀ ॥ ਉਹ ਆਪਣੇ ਅੰਦਰ ਪਵਿੱਤਰ ਈਸ਼ਵਰੀ ਨੂਰ ਨੂੰ ਅਨੁਭਵ ਕਰ ਲੈਂਦਾ ਹੈ। ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦੇ ਸੁਆਦ ਨਾਲ ਪਰਮ ਪ੍ਰਸੰਨ ਹੋਈ ਹੋਈ, ਮੇਰੀ ਜੀਹਭਾ ਮੁਰੀਲੀ ਬੰਸਰੀ ਬਜਾਉਂਦੀ ਹੈ। ਬੇਣੁ ਰਸਾਲ ਵਜਾਵੈ ਸੋਈ ॥ ਕੇਵਲ ਉਹ ਹੀ ਰਸੀਲੀ ਬੰਸਰੀ ਵਜਾਉਂਦਾ ਹੈ, ਜਾ ਕੀ ਤ੍ਰਿਭਵਣ ਸੋਝੀ ਹੋਈ ॥ ਜਿਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੈ। ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥੧੦॥ ਹੇ ਨਾਨਕ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਇਸ ਰੀਤੀ ਨੂੰ ਜਾਣ ਲੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾ ਲੈ। ਐਸੇ ਜਨ ਵਿਰਲੇ ਸੰਸਾਰੇ ॥ ਬਹੁਤ ਥੋੜੇ ਹਨ ਐਹੋ ਜੇਹੇ ਪੁਰਸ਼ ਇਸ ਜਹਾਨ ਵਿੱਚ, ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥ ਜੋ ਗੁਰਾਂ ਦੀ ਬਾਣੀ ਦਾ ਵਿਚਾਰ ਕਰਦੇ ਅਤੇ ਨਿਰਲੇਪ ਰਹਿੰਦੇ ਹਨ। ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥ ਉਹ ਖ਼ੁਦ ਪਾਰ ਉਤੱਰ ਜਾਂਦੇ ਹਨ ਅਤੇ ਆਪਣੇ ਸਮੂਹ ਮੇਲ-ਮਿਲਾਪੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਫਲਦਾਇਕ ਹੈ ਉਨ੍ਹਾਂ ਦੀ ਪੈਦਾਇਸ਼ ਤੇ ਆਗਮਨ ਇਸ ਜਹਾਨ ਵਿੱਚ। ਘਰੁ ਦਰੁ ਮੰਦਰੁ ਜਾਣੈ ਸੋਈ ॥ ਕੇਵਲ ਉਹ ਹੀ ਆਪਣੇ ਸਰੀਰ-ਗ੍ਰਹਿ ਅਤੇ ਹਰੀ ਦੇ ਮਹਿਲ ਨੂੰ ਜਾਣਦਾ ਹੈ, ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥ ਜਿਸ ਨੂੰ ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੋਈ ਹੈ। ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥੧੨॥ ਸਰੀਰ ਦੇ ਕਿਲੇ ਅੰਦਰ ਇਕ ਮੰਦਰ ਹੈ, ਜਿਸ ਅੰਦਰ ਮੰਦਰ ਦਾ ਸੁਆਮੀ, ਸੱਚਾ ਮਾਲਕ ਵਸਦਾ ਹੈ। ਸਤਿਪੁਰਖ ਨੇ ਆਪਨਾ ਸੱਚਾ ਰਾਜ-ਸਿੰਘਾਸਣ ਦਸਮ ਦੁਆਰ ਵਿੱਚ ਬਣਾਇਆ ਹੋਇਆ ਹੈ। ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥ ਚੌਦਾਂ ਲੋਕ (ਚਾਰ ਤੇ ਦਸ ਹਟੀਆਂ) ਤੇ ਸੂਰਜ ਤੇ ਚੰਦ ਦੇ ਦੋ ਦੀਪਕ ਗਵਾਹ ਹਨ, ਸੇਵਕ ਪੰਚ ਨਾਹੀ ਬਿਖੁ ਚਾਖੀ ॥ ਕਿ ਮੁਖੀਜਨ, ਪ੍ਰਭੂ ਦੇ ਗੋਲੇ, ਪਾਪਾਂ ਦੀ ਜ਼ਹਿਰ ਨੂੰ ਨਹੀਂ ਚਖਦੇ। ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥੧੩॥ ਪ੍ਰਾਣੀ ਦੇ ਅੰਦਰ ਲਾਸਾਨੀ ਸੰਦਰਤਾ ਵਾਲੀ ਅਮੋਲਕ ਵਸਤੂ ਹੈ। ਗੁਰਦੇਵ ਜੀ ਨਾਲ ਮਿਲਣ ਦੁਆਰਾ, ਪ੍ਰਭੂ ਦੀ ਇਹ ਦੌਲਤ ਪਾਈ ਜਾਂਦੀ ਹੈ। ਤਖਤਿ ਬਹੈ ਤਖਤੈ ਕੀ ਲਾਇਕ ॥ ਕੇਵਲ ਉਹ ਹੀ ਰਾਜਸਿੰਘਾਸਣ ਤੇ ਬੈਠਦਾ ਹੈ ਜੋ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ। ਪੰਚ ਸਮਾਏ ਗੁਰਮਤਿ ਪਾਇਕ ॥ ਉਹ ਪ੍ਰਭੂ ਦਾ ਐਹੋ ਜੇਹਾ ਪਿਆਦਾ ਹੈ, ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ। ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥ ਉਹ ਦਾ ਸਿਮਰਨ ਕਰਨ ਦੁਆਰਾ, ਜੋ ਐਨ ਆਰੰਭ ਅਤੇ ਯੁਗਾਂ ਦੇ ਅਰੰਭ ਵਿੱਚ ਸੀ, ਹੁਣ ਹੈ ਅਤੇ ਅਗੇ ਨੂੰ ਭੀ ਹੋਵੇਗਾ, ਬੰਦੇ ਦਾ ਫ਼ਿਕਰ ਤੇ ਵਹਿਮ ਦੂਰ ਹੋ ਜਾਂਦਾ ਹੈ। ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥ ਦਿਹੁੰ ਤੇ ਰੈਣ ਤਖ਼ਤ ਤਾਜ ਦੇ ਸੁਆਮੀ ਨੂੰ ਨਮਸ਼ਕਾਰ ਹੁੰਦੀ ਹੈ। ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥ ਇਸ ਸੱਚੀ ਪ੍ਰਭਤਾ ਨੂੰ ਕੇਵਲ ਉਹ ਹੀ ਪ੍ਰਾਪਤ ਕਰਦਾ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਪਿਆਰ ਕਰਦਾ ਹੈ। ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥ ਹੇ ਨਾਨਕ! ਤੂੰ ਸੁਆਮੀ ਦਾ ਸਿਮਰਨ ਕਰ; ਇਸ ਤਰ੍ਹਾਂ ਸੰਸਾਰ ਦੇ ਦਰਿਆ ਤੋਂ ਪਾਰ ਉਤਰ ਅਤੇ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਜੋ ਅਖੀਰ ਨੂੰ ਤੇਰਾ ਸਹਾਇਕ ਹੋਵੇਗਾ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਹਰਿ ਧਨੁ ਸੰਚਹੁ ਰੇ ਜਨ ਭਾਈ ॥ ਹੇ ਇਨਸਾਨ! ਮੇਰੇ ਵੀਰ! ਤੂੰ ਪ੍ਰਭੂ ਦਾ ਮਾਲ ਧਨ ਇਕੱਤਰ ਕਰ। ਸਤਿਗੁਰ ਸੇਵਿ ਰਹਹੁ ਸਰਣਾਈ ॥ ਸੱਚੇ ਗੁਰਾਂ ਦੀ ਟਹਿਲ ਕਮਾ ਅਤੇ ਉਨ੍ਹਾਂ ਦੀ ਸਰਣਾਗਤ ਵਿੱਚ ਵੱਸ। ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥ ਪ੍ਰਭੂ ਦਾ ਮਾਲ ਧਨ ਚੁਰਾਇਆ ਜਾਂ ਖੋਹਿਆ ਖਿੰਜਿਆ ਨਹੀਂ ਜਾ ਸਕਦਾ, ਕਿਉਂ ਜੋ ਉਸ ਦੇ ਅੰਦਰ ਨਾਮ ਦਾ ਰਾਗ ਉਤਪੰਨ ਹੋ ਜਾਂਦਾ ਹੈ ਤੇ ਉਹ ਜਾਗਦਾ ਰਹਿੰਦਾ ਹੈ। ਤੂ ਏਕੰਕਾਰੁ ਨਿਰਾਲਮੁ ਰਾਜਾ ॥ ਹੇ ਅਦੁੱਤੀ ਸੁਆਮੀ! ਤੂੰ ਮੇਰਾ ਪਵਿੱਤ੍ਰ ਪਾਤਿਸ਼ਾਹ ਹੈਂ। ਤੂ ਆਪਿ ਸਵਾਰਹਿ ਜਨ ਕੇ ਕਾਜਾ ॥ ਤੂੰ ਆਪੇ ਹੀ ਆਪਣੇ ਗੋਲਿਆਂ ਦੇ ਕਾਰਾ ਰਾਸ ਕਰਦਾ ਹੈਂ। ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥੨॥ ਤੂੰ, ਹੇ ਸਾਈਂ! ਅਬਿਨਾਸੀ, ਅਹਿੱਲ, ਬੇਅੰਤ ਤੇ ਅਣਮੁੱਲਾ ਹੈਂ ਅਤੇ ਸਦੀਵੀ ਸਥਿਰ ਹੈ ਤਰਾ ਸੁੰਦਰ ਟਿਕਾਣਾ। ਦੇਹੀ ਨਗਰੀ ਊਤਮ ਥਾਨਾ ॥ ਸਰੀਰ (ਪਿੰਡ) ਦੇ ਸ਼੍ਰੇਸ਼ਟ ਅਸਥਾਨ ਅੰਦਰ, ਪੰਚ ਲੋਕ ਵਸਹਿ ਪਰਧਾਨਾ ॥ ਵਸਦੇ ਹਨ ਪਰਮ ਪਵਿੱਤਰ ਪੁਰਸ਼। ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥੩॥ ਉਹ ਸ਼੍ਰੋਮਣੀ ਅਤੇ ਪਵਿੱਤਰ ਅਦੁੱਤੀ ਪ੍ਰਭੂ ਦੀ ਅਫੁਰ ਸਮਾਧੀ ਅੰਦਰ ਇਸਥਿਤ ਹੁੰਦੇ ਹਨ। ਦੇਹੀ ਨਗਰੀ ਨਉ ਦਰਵਾਜੇ ॥ ਹਰ ਦੇਹ ਦੇ ਗਰਾਉਂ ਨੂੰ ਨੌ ਬੂਹੇ, ਸਿਰਿ ਸਿਰਿ ਕਰਣੈਹਾਰੈ ਸਾਜੇ ॥ ਲਾਏ ਹਨ ਸਿਰਜਣਹਾਰ-ਸੁਆਮੀ ਨੇ। ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥੪॥ ਦਸਮ ਦੁਆਰ ਦੇ ਅੰਦਰ ਨਿਰਲੇਪ ਅਤੇ ਲਾਸਾਨੀ ਸੁਆਮੀ ਵਸਦਾ ਹੈ। ਖੋਜ-ਰਹਿਤ ਸੁਆਮੀ ਆਪ ਹੀ ਬੰਦੇ ਨੂੰ ਆਪਣਾ ਆਪ ਦਰਸਾ ਦਿੰਦਾ ਹੈ। ਪੁਰਖੁ ਅਲੇਖੁ ਸਚੇ ਦੀਵਾਨਾ ॥ ਸੱਚਾ ਹੈ ਦਰਬਾਰ ਬੰਅੰਤ ਪ੍ਰਭੂ ਦਾ। ਹੁਕਮਿ ਚਲਾਏ ਸਚੁ ਨੀਸਾਨਾ ॥ ਉਹ ਮਾਲਕ, ਸੱਚੇ ਫ਼ੁਰਮਾਨ ਅਤੇ ਪਰਵਾਨੇ ਜਾਰੀ ਕਰਦਾ ਹੈ। ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥੫॥ ਨਾਨਕ, ਆਪਣੇ ਨਿੱਜ ਦੇ ਗ੍ਰਹਿ ਨੂੰ ਢੂੰਡ ਭਾਲ ਕੇ, ਤੂੰ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੋ। copyright GurbaniShare.com all right reserved. Email |