ਸਰਬ ਨਿਰੰਜਨ ਪੁਰਖੁ ਸੁਜਾਨਾ ॥ ਉਹ ਸੁਆਮੀ ਸਾਰੇ ਵਿਆਪਕ, ਪਵਿੱਤਰ ਅਤੇ ਸਰਬੱਗ ਹੈ। ਅਦਲੁ ਕਰੇ ਗੁਰ ਗਿਆਨ ਸਮਾਨਾ ॥ ਉਹ ਇਨਸਾਫ਼ ਕਰਦਾ ਹੈ ਅਤੇ ਗੁਰਾਂ ਦੀ ਬ੍ਰਹਮ ਗਿਆਤ ਅੰਦਰ ਲੀਨ ਹੋਇਆ ਹੋਇਆ ਹੈ। ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥੬॥ ਗਿਚੀਓਂ ਫੜ ਕੇ ਉਹ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਸੁੱਟਦਾ ਹੈ ਅਤੇ ਹੰਕਾਰ ਤੇ ਲਾਲਚ ਨੂੰ ਦੂਰ ਦਰ ਦਿੰਦਾ ਹੈ। ਸਚੈ ਥਾਨਿ ਵਸੈ ਨਿਰੰਕਾਰਾ ॥ ਸੱਚੇ ਅਸਥਾਨ ਅੰਦਰ ਵਸਦਾ ਹੈ ਰੂਪ ਰੰਗ-ਰਹਿਤ ਸਾਈਂ। ਆਪਿ ਪਛਾਣੈ ਸਬਦੁ ਵੀਚਾਰਾ ॥ ਕੇਵਲ ਉਹ ਹੀ ਉਸ ਦੇ ਨਾਮ ਨੂੰ ਆਰਾਧਦਾ ਹੈ ਜੋ ਆਪਣੇ ਆਪ ਨੂੰ ਸਮਝਦਾ ਹੈ। ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਸੱਚੇ ਮੰਦਰ ਅੰਦਰ ਸਾਹਿਬ ਵਸਦਾ ਹੈ ਅਤੇ ਉਹ ਬੰਦੇ ਨੂੰ ਆਵਾਗਉਣ ਤੋਂ ਰਹਿਤ ਕਰ ਦਿੰਦਾ ਹੈ। ਨਾ ਮਨੁ ਚਲੈ ਨ ਪਉਣੁ ਉਡਾਵੈ ॥ ਉਸ ਦਾ ਮਨੂਆ ਡਿਕਡੋਲੇ ਨਹੀਂ ਖਾਂਦਾ ਤੇ ਨਾਂ ਹੀ ਖ਼ਾਹਿਸ਼ ਦੀ ਹਵਾ ਉਸ ਨੂੰ ਉਡਾਉਂਦੀ ਹੈ, ਜੋਗੀ ਸਬਦੁ ਅਨਾਹਦੁ ਵਾਵੈ ॥ ਜਿਸ ਯੋਗੀ ਦੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ। ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥੮॥ ਸਾਹਿਬ ਆਪ ਹੀ ਪੰਜਾਂ ਧੁਨਾਂ ਵਾਲ ਪਵਿੱਤਰ ਰਾਗ ਆਲਾਪਦਾ ਹੈ ਅਤੇ ਯੋਗੀ ਨੂੰ ਸੁਣਾਉਂਦਾ ਹੈ, ਭਉ ਬੈਰਾਗਾ ਸਹਜਿ ਸਮਾਤਾ ॥ ਜੋ ਸੁਆਮੀ ਦਾ ਡਰ ਅਤੇ ਪ੍ਰੇਮ ਧਾਰਨ ਕਰਦਾ ਹੈ ਉਹ ਅਡੈਲਤਾ ਅੰਦਰ ਲੀਨ ਹੋ ਜਾਂਦਾ ਹੈ। ਹਉਮੈ ਤਿਆਗੀ ਅਨਹਦਿ ਰਾਤਾ ॥ ਉਹ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਹਦਬੰਨਾ ਰਹਿਤ ਪ੍ਰਭੂ ਨਾਲ ਰੰਗਿਆ ਜਾਂਦਾ ਹੈ। ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ ॥੯॥ ਬ੍ਰਹਮ ਗਿਆਨ ਦਾ ਸੁਰਮਾ ਪਾ ਕੇ, ਬੰਦਾ ਅਨੁਭਵ ਕਰ ਲੈਂਦਾ ਹੈ ਕਿ ਹਰ ਥਾਂ ਵਿਆਪਕ ਹੁੰਦਾ ਹੋਇਆ ਭੀ ਵਾਹਿਗੁਰੂ ਪਾਤਿਸ਼ਾਹ ਨਿਰਲੇਪ ਰਹਿੰਦਾ ਹੈ। ਦੁਖ ਭੈ ਭੰਜਨੁ ਪ੍ਰਭੁ ਅਬਿਨਾਸੀ ॥ ਨਾਸ-ਰਹਿਤ ਸੁਆਮੀ ਤਕਲਫ਼ਿ ਅਤੇ ਡਰ ਨੂੰ ਨਾਸ ਕਰਨ ਵਾਲਾ ਹੈ। ਰੋਗ ਕਟੇ ਕਾਟੀ ਜਮ ਫਾਸੀ ॥ ਉਹ ਬੀਮਾਰੀਆਂ ਦੂਰ ਕਰ ਦਿੰਦਾ ਹੈ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ। ਨਾਨਕ ਹਰਿ ਪ੍ਰਭੁ ਸੋ ਭਉ ਭੰਜਨੁ ਗੁਰਿ ਮਿਲਿਐ ਹਰਿ ਪ੍ਰਭੁ ਪਾਇਆ ॥੧੦॥ ਨਾਨਕ, ਸੁਆਮੀ ਵਾਹਿਗੁਰੂ, ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਉਹ ਸੁਆਮੀ ਵਾਹਿਗੁਰੂ, ਗੁਰਾਂ ਨਾਲ ਮਿਲਣ ਦੁਆਰਾ ਪ੍ਰਾਪਤ ਹੁੰਦਾ ਹੈ। ਕਾਲੈ ਕਵਲੁ ਨਿਰੰਜਨੁ ਜਾਣੈ ॥ ਜੋ ਪਵਿੱਤਰ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, ਉਹ ਮੌਤ ਨੂੰ ਖਾ ਲੈਂਦਾ ਹੈ। ਬੂਝੈ ਕਰਮੁ ਸੁ ਸਬਦੁ ਪਛਾਣੈ ॥ ਜੋ ਸਾਹਿਬ ਦੀ ਰਹਿਮਤ ਨੂੰ ਅਨੁਭਵ ਕਰਦਾ ਹੈ, ਉਹ ਉਸ ਦੇ ਨਾਮ ਨੂੰ ਸਮਝ ਲੈਂਦਾ ਹੈ। ਆਪੇ ਜਾਣੈ ਆਪਿ ਪਛਾਣੈ ਸਭੁ ਤਿਸ ਕਾ ਚੋਜੁ ਸਬਾਇਆ ॥੧੧॥ ਪ੍ਰਭੂ ਖੁਦ ਪ੍ਰਾਣੀਆਂ ਦੇ ਅਮਲਾਂ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਪਰਖ ਕਰਦਾ ਹੈ। ਸਮੂਹ ਸੰਸਾਰ, ਸਾਰਾ, ਉਸ ਦੀ ਹੀ ਲੀਲਾ ਹੈ। ਆਪੇ ਸਾਹੁ ਆਪੇ ਵਣਜਾਰਾ ॥ ਆਪ ਹੀ ਸੁਆਮੀ ਸ਼ਾਹੂਕਾਰ ਹੈ ਅਤੇ ਆਪ ਹੀ ਵਾਪਾਰੀ। ਆਪੇ ਪਰਖੇ ਪਰਖਣਹਾਰਾ ॥ ਖ਼ੁਦ ਹੀ ਪਾਰਖੂ ਬਣ ਕੇ ਉਹ ਇਨਸਾਨਾਂ ਨੂੰ ਪਰਖਦਾ ਹੈ। ਆਪੇ ਕਸਿ ਕਸਵਟੀ ਲਾਏ ਆਪੇ ਕੀਮਤਿ ਪਾਇਆ ॥੧੨॥ ਉਹ ਆਪ ਹੀ ਕਸਵੱਟੀ ਤੇ ਪਰਖਦਾ ਹੈ ਅਤੇ ਆਪ ਹੀ ਉਨ੍ਹਾਂ ਦਾ ਮੁਲ ਪਾਉਂਦਾ ਹੈ। ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥ ਮਿਹਰਬਾਨ ਮਾਲਕ ਖ਼ੁਦ ਹੀ ਮਿਹਰ ਕਰਦਾ ਹੈ। ਘਟਿ ਘਟਿ ਰਵਿ ਰਹਿਆ ਬਨਵਾਰੀ ॥ ਉਹ ਜੰਗਲਾਂ ਦਾ ਮਾਲੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ। ਪੁਰਖੁ ਅਤੀਤੁ ਵਸੈ ਨਿਹਕੇਵਲੁ ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥ ਨਿਰਲੇਪ ਅਤੇ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਹੈ। ਗੁਰੂ-ਪ੍ਰਮੇਸ਼ਰ ਬੰਦੇ ਨੂੰ ਪ੍ਰਮੇਸ਼ਰ ਨਾਲ ਮਿਲਾ ਦਿੰਦੇ ਹਨ। ਪ੍ਰਭੁ ਦਾਨਾ ਬੀਨਾ ਗਰਬੁ ਗਵਾਏ ॥ ਸਰਬ ਸਿਆਣਾ ਅਤੇ ਸਰਬ-ਗਿਆਤ ਗੁਰ-ਪ੍ਰਮੇਸ਼ਰ ਬੰਦੇ ਦਾ ਹੰਕਾਰ ਨਵਿਰਤ ਕਰ ਦਿੰਦਾ ਹੈ, ਦੂਜਾ ਮੇਟੈ ਏਕੁ ਦਿਖਾਏ ॥ ਤੇ ਦਵੈਤ-ਪਾਭ ਤੋਂ ਰਹਿਤ ਕਰ ਦਿੰਦਾ ਹੈ ਅਤੇ ਉਸ ਨੂੰ ਇਕ ਪ੍ਰਭੂ ਵਿਖਾਲ ਦਿੰਦਾ ਹੈ। ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ ॥੧੪॥ ਐਹੋ ਜੇਹਾ ਇਨਸਾਨ ਆਸ਼ਾ ਅੰਦਰ ਨਿਰਲੇਪ ਵਿਚਰਦਾ ਹੈ ਤੇ ਜਾਤੀ-ਰਹਿਤ ਪਵਿੱਤਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ। ਹਉਮੈ ਮੇਟਿ ਸਬਦਿ ਸੁਖੁ ਹੋਈ ॥ ਜੋ ਆਪਣੇ ਹੰਕਾਰ ਨੂੰ ਮਾਰ ਲੈਂਦਾ ਹੈ, ਉਹ ਨਾਮ ਦੀ ਖੁਸ਼ੀ ਨੂੰ ਪਾ ਲੈਂਦਾ ਹੈ। ਆਪੁ ਵੀਚਾਰੇ ਗਿਆਨੀ ਸੋਈ ॥ ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਆਪਣੇ ਆਪ ਨੂੰ ਸੋਚਦਾ ਸਮਝਦਾ ਹੈ। ਨਾਨਕ ਹਰਿ ਜਸੁ ਹਰਿ ਗੁਣ ਲਾਹਾ ਸਤਸੰਗਤਿ ਸਚੁ ਫਲੁ ਪਾਇਆ ॥੧੫॥੨॥੧੯॥ ਨਾਨਕ, ਵਾਹਿਗੁਰੂ ਦੀ ਕੀਰਤੀ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਫ਼ਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗ ਕਰਨ ਦੁਆਰਾ ਸੱਚਾ ਮੇਵਾ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਸਚੁ ਕਹਹੁ ਸਚੈ ਘਰਿ ਰਹਣਾ ॥ ਜੇਕਰ ਤੂੰ ਸੱਚੇ ਗ੍ਰਹਿ ਅੰਦਰ ਵਸਣਾ ਲੋੜਦਾ ਹੈ, ਤਦ ਤੂੰ ਸੱਚ ਬੋਲਿਆ ਕਰ। ਜੀਵਤ ਮਰਹੁ ਭਵਜਲੁ ਜਗੁ ਤਰਣਾ ॥ ਜੀਉਂਦੇ ਜੀ ਮਰ ਕੇ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ ॥੧॥ ਗੁਰੂ ਜੀ ਜਹਾਜ਼ ਹਨ ਅਤੇ ਗੁਰੂ ਜੀ ਹੀ ਨਉਕਾ ਅਤੇ ਤੁਲਹੜਾ! ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਸੰਸਾਰ ਸਾਗਰ ਤੋਂ ਪਾਰ ਉਤੱਰ ਜਾਂਦਾ ਹੈ। ਹਉਮੈ ਮਮਤਾ ਲੋਭ ਬਿਨਾਸਨੁ ॥ ਜੋ ਆਪਣੀ ਹੰਗਤਾ, ਸੰਸਾਰੀ ਮੋਹ ਅਤੇ ਲਾਲਚ ਨੂੰ ਮਾਰ ਸੁੱਟਦਾ ਹੈ, ਨਉ ਦਰ ਮੁਕਤੇ ਦਸਵੈ ਆਸਨੁ ॥ ਉਹ ਨੌਵਾਂ ਬੂਹਿਆਂ ਦੀ ਪਕੜ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਦਸਮ ਦੁਆਰਾ ਅੰਦਰ ਵਾਸਾ ਪਾ ਲੈਂਦਾ ਹੈ। ਊਪਰਿ ਪਰੈ ਪਰੈ ਅਪਰੰਪਰੁ ਜਿਨਿ ਆਪੇ ਆਪੁ ਉਪਾਇਆ ॥੨॥ ਸਾਈਂ ਜਿਸ ਨੇ ਆਪਣੇ ਆਪ ਨੂੰ ਰੱਚਿਆ ਹੈ ਪਰਮ ਉੱਚਾ, ਦੁਰੇਡੇ ਤੋਂ ਮਹਾਨ ਦੁਰੇਡਾ ਅਤੇ ਹਦਬੰਨੇ ਤੋਂ ਪਰੇ ਹੈ। ਗੁਰਮਤਿ ਲੇਵਹੁ ਹਰਿ ਲਿਵ ਤਰੀਐ ॥ ਗੁਰਾਂ ਦੀ ਉਪਦੇਸ਼ ਨੂੰ ਪ੍ਰਾਪਤ ਹੋ ਅਤੇ ਪ੍ਰਭੂ ਨਾਲ ਪ੍ਰੀਤ ਪਾ ਕੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਂਦਾ ਹੈ। ਅਕਲੁ ਗਾਇ ਜਮ ਤੇ ਕਿਆ ਡਰੀਐ ॥ ਜਦ ਇਨਸਾਨ ਪਾਪ-ਰਹਿਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਤਾਂ ਉਹ ਮੌਤ ਤੋਂ ਕਿਉਂ ਡਰੇ। ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ ॥੩॥ ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ। ਮੈਂ ਕਿਸੇ ਹੋਰਸ ਨੂੰ ਗਾਇਨ ਨਹੀਂ ਕਰਦਾ। ਸਚੁ ਹਰਿ ਨਾਮੁ ਸਚੁ ਹੈ ਸਰਣਾ ॥ ਸੱਚਾ ਹੈ ਸਾਹਿਬ ਦਾ ਨਾਮ ਅਤੇ ਸੱਚੀ ਉਸ ਦੀ ਸ਼ਰਣਾਗਤ। ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥ ਸੱਚਾ ਹੈ ਗੁਰਾਂ ਦਾ ਉਪਦੇਸ਼, ਜਿਸ ਨਾਲ ਲੱਗ ਕੇ ਬੰਦਾ ਪਾਰ ਉਤੱਰ ਜਾਂਦਾ ਹੈ। ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥ ਜੋ ਪ੍ਰਾਣੀ, ਨਾਂ ਬਿਆਨ ਹੋਣ ਵਾਲੀ ਧਾਰਮਕ ਕਥਾ ਨੂੰ ਬਿਆਨ ਕਰਦਾ ਹੈ, ਉਹ ਬੇਅੰਤ ਪ੍ਰਭੂ ਨੂੰ ਵੇਖ ਲੈਂਦਾ ਹੈ ਅਤੇ ਮੁੜ ਕੇ ਉਦਰ ਦੀਆਂ ਜੂਨੀਆਂ ਵਿੱਚ ਨਹੀਂ ਪੈਂਦਾ। ਸਚ ਬਿਨੁ ਸਤੁ ਸੰਤੋਖੁ ਨ ਪਾਵੈ ॥ ਸੱਚੇ ਨਾਮ ਦੇ ਬਗੈਰ, ਬੰਦੇ ਨੂੰ ਪਵਿੱਤਰਤਾ ਅਤੇ ਸੰਤੁਸ਼ਟਤਾ ਪ੍ਰਾਪਤ ਨਹੀਂ ਹੁੰਦੀਆਂ। ਬਿਨੁ ਗੁਰ ਮੁਕਤਿ ਨ ਆਵੈ ਜਾਵੈ ॥ ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ, ਅਤੇ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ। ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥੫॥ ਗੁਰੂ ਜੀ ਆਖਦੇ ਹਨ ਆਦੀ ਧਰਮ ਉਪਦੇਸ਼ ਅਤੇ ਅੰਮ੍ਰਿਤ ਦੇ ਘਰ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ, ਮੈਂ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। copyright GurbaniShare.com all right reserved. Email |