ਸਚ ਬਿਨੁ ਭਵਜਲੁ ਜਾਇ ਨ ਤਰਿਆ ॥ ਸੱਚੇ ਨਾਮ ਦੇ ਬਗੈਰ, ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਨਹੀਂ ਜਾ ਸਕਦਾ। ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥ ਇਹ ਬੇਥਾਹ ਸਮੁੰਦਰ ਅਤਿ ਜ਼ਹਿਰੀਲੇ ਪਾਣੀ ਨਾਲ ਪਰੀਪੂਰਨ ਹੈ। ਰਹੈ ਅਤੀਤੁ ਗੁਰਮਤਿ ਲੇ ਊਪਰਿ ਹਰਿ ਨਿਰਭਉ ਕੈ ਘਰਿ ਪਾਇਆ ॥੬॥ ਗੁਰਾਂ ਦੀ ਸਿਖਿਆ ਪ੍ਰਾਪਤ ਕਰ ਕੇ ਜੋ ਨਿਰਲੇਪ ਅਤੇ ਖ਼ਾਹਿਸ਼ ਤੋਂ ਉਚੇਰਾ ਰਹਿੰਦਾ ਹੈ, ਉਹ ਨਿਡਰ ਸੁਆਮੀ ਦੇ ਘਰ ਵਿੱਚ ਥਾਂ ਪਾ ਲੈਂਦਾ ਹੈ। ਝੂਠੀ ਜਗ ਹਿਤ ਕੀ ਚਤੁਰਾਈ ॥ ਕੂੜੀ ਹੈ ਸੰਸਾਰ ਦੀ ਪ੍ਰੀਤ ਅਤੇ ਚਲਾਕੀ। ਬਿਲਮ ਨ ਲਾਗੈ ਆਵੈ ਜਾਈ ॥ ਉਹ ਆਉਣ ਅਤੇ ਜਾਣ ਵਿੱਚ ਚਿਰ ਨਹੀਂ ਲਾਉਂਦੀਆਂ। ਨਾਮੁ ਵਿਸਾਰਿ ਚਲਹਿ ਅਭਿਮਾਨੀ ਉਪਜੈ ਬਿਨਸਿ ਖਪਾਇਆ ॥੭॥ ਹੰਕਾਰੀ ਬੰਦੇ ਨਾਮ ਨੂੰ ਭੁਲਾ ਕੇ ਟੁਰਦੇ ਹਨ। ਉਹ ਜੰਮਣ ਅਤੇ ਮਰਨ ਵਿੱਚ ਖ਼ੱਜਲ ਖ਼ੁਆਰ ਹੁੰਦੇ ਹਨ। ਉਪਜਹਿ ਬਿਨਸਹਿ ਬੰਧਨ ਬੰਧੇ ॥ ਸੰਸਾਰੀ ਬੰਧਨਾਂ ਅੰਦਰ ਜਕੜੇ ਹੋਏ ਪ੍ਰਾਣੀ ਆਉਂਦੇ ਤੇ ਜਾਂਦੇ ਹਨ। ਹਉਮੈ ਮਾਇਆ ਕੇ ਗਲਿ ਫੰਧੇ ॥ ਧਨ-ਦੌਲਤ ਦੇ ਹੰਕਾਰ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਹੈ। ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ ਸੋ ਜਮ ਪੁਰਿ ਬੰਧਿ ਚਲਾਇਆ ॥੮॥ ਜਿਹੜਾ ਕੋਈ ਭੀ ਸੁਆਮੀ ਦੇ ਨਾਮ ਨੂੰ ਆਪਣੇ ਮਨ ਅੰਦਰ ਗੁਰਾਂ ਦੀ ਸਿੱਖਿਆ ਦੁਆਰਾ ਨਹੀਂ ਟਿਕਾਉਂਦਾ; ਉਸ ਨੂੰ ਨਰੜ ਕੇ ਮੌਤ ਦੇ ਸ਼ਹਿਰ ਨੂੰ ਧੱਕਾ ਦਿੱਤਾ ਜਾਂਦਾ ਹੈ। ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ ॥ ਗੁਰਾਂ ਦੇ ਬਗੈਰ ਬਰੀਅਤ ਅਤੇ ਕਲਿਆਨ ਕਿਸ ਤਰ੍ਹਾਂ ਹੋ ਸਕਦੀ ਹੈ। ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ॥ ਗੁਰਾਂ ਦੇ ਬਗੈਰ, ਸੁਆਮੀ ਦਾ ਨਾਮ ਕਿਸ ਤਰ੍ਹਾਂ ਸਿਮਰਿਆਂ ਜਾ ਸਕਦਾ ਹੈ? ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥੯॥ ਗੁਰਾਂ ਦਾ ਉਪਦੇਸ਼ ਪ੍ਰਾਪਤ ਕਰਕੇ ਤੂੰ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਇਸ ਤਰ੍ਹਾਂ ਤੂੰ ਮੋਖਸ਼ ਹੋ ਅਤੇ ਅਨੰਦ ਪ੍ਰਾਪਤ ਕਰ। ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥ ਗੁਰ ਦੀ ਮੱਤ ਰਾਹੀਂ ਕ੍ਰਿਸ਼ਨ ਨੇ ਗੋਵਰਪਨ ਪਹਾੜ ਨੂੰ ਚੁੱਕ ਲਿਆ। ਗੁਰਮਤਿ ਸਾਇਰਿ ਪਾਹਣ ਤਾਰੇ ॥ ਗੁਰਾਂ ਦੀ ਅਗਵਾਈ ਤਾਬੇ, ਰਾਮ ਚੰਦਰ ਨੇ, ਸਮੁੰਦਰ ਉਤੇ ਪੱਥਰ ਤਾਰ ਦਿੱਤੇ। ਗੁਰਮਤਿ ਲੇਹੁ ਪਰਮ ਪਦੁ ਪਾਈਐ ਨਾਨਕ ਗੁਰਿ ਭਰਮੁ ਚੁਕਾਇਆ ॥੧੦॥ ਗੁਰਾਂ ਦਾ ਉਪਦੇਸ਼ ਪ੍ਰਾਪਤ ਕਰਨ ਦੁਆਰਾ, ਮਹਾਨ ਮਰਤਬਾ ਪਾ ਲਿਆ ਜਾਂਦਾ ਹੈ। ਨਾਨਕ, ਗੁਰੂ ਜੀ ਬੰਦੇ ਦਾ ਸੰਦੇਹ ਦੂਰ ਕਰ ਦਿੰਦੇ ਹਨ। ਗੁਰਮਤਿ ਲੇਹੁ ਤਰਹੁ ਸਚੁ ਤਾਰੀ ॥ ਗੁਰਾਂ ਦੇ ਉਪਦੇਸ਼ ਉੱਤੇ ਅਮਲ ਕਰ, ਸੱਚ ਦੇ ਰਾਹੀਂ ਤੂੰ ਸੰਸਾਰ ਦੀ ਨਦੀ ਤੋਂ ਪਾਰ ਹੋ ਜਾ, ਆਤਮ ਚੀਨਹੁ ਰਿਦੈ ਮੁਰਾਰੀ ॥ ਅਤੇ ਆਪਣੇ ਦਿਲ ਦੇ ਦਿਲ ਅੰਦਰ ਤੂੰ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸਿਮਰਨ ਕਰ। ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ ॥੧੧॥ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੌਤ ਦੀ ਫਾਂਸੀ ਕੱਟੀ ਜਾਂਦੀ ਹੈ ਅਤੇ ਕੁਲ-ਰਹਿਤ ਪਵਿੱਤ੍ਰ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ। ਗੁਰਮਤਿ ਪੰਚ ਸਖੇ ਗੁਰ ਭਾਈ ॥ ਗੁਰਾਂ ਦੇ ਧਰਮ ਉਪਦੇਸ਼ ਦੁਆਰਾ, ਸੰਤ ਬੰਦੇ ਦੇ ਮਦਦਗਾਰ ਹੋ ਵੰਝਦੇ ਹਨ, ਹੇ ਮੇਰੇ ਗੁਰਭਾਈ! ਗੁਰਮਤਿ ਅਗਨਿ ਨਿਵਾਰਿ ਸਮਾਈ ॥ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੀ ਅੰਦਰਲੀ ਅੱਗ ਬੁੱਝ ਅਤੇ ਨਾਸ ਹੋ ਜਾਂਦੀ ਹੈ। ਮਨਿ ਮੁਖਿ ਨਾਮੁ ਜਪਹੁ ਜਗਜੀਵਨ ਰਿਦ ਅੰਤਰਿ ਅਲਖੁ ਲਖਾਇਆ ॥੧੨॥ ਆਪਣੇ ਚਿੱਤ ਅਤੇ ਮੂੰਹ ਨਾਲ ਤੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਆਪਣੇ ਦਿਲ ਅੰਦਰ ਤੂੰ ਗਿਆਤ ਤੋਂ ਉਚੇਰੇ ਸੁਆਮੀ ਨੂੰ ਸਮਝ। ਗੁਰਮੁਖਿ ਬੂਝੈ ਸਬਦਿ ਪਤੀਜੈ ॥ ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਜਾਣ ਲੈਂਦਾ ਹੈ, ਉਹ ਨਾਮ ਨਾਲ ਪ੍ਰੰਸਨ ਥੀ ਵੰਝਦਾ ਹੈ! ਉਸਤਤਿ ਨਿੰਦਾ ਕਿਸ ਕੀ ਕੀਜੈ ॥ ਉਹ ਐਸਾ ਮਨੁੱਖ ਕੀਹਦੀ ਵਡਿਆਈ ਜਾਂ ਬਦਖੋਈ ਕਰਦਾ ਹੈ? ਭਾਵ, ਉਹ ਕਿਸੇ ਦੀ ਮਹਮਿਾ ਜਾਂ ਬਦਖ਼ੋਈ ਨਹੀਂ ਕਰਦਾ। ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ ॥੧੩॥ ਤੂੰ ਆਪਣੇ ਆਪ ਨੂੰ ਸਮਝ, ਸ਼੍ਰਿਸ਼ਟੀ ਦੇ ਸੁਆਮੀ ਨੂੰ ਸਿਮਰ ਅਤੇ ਆਪਣੇ ਚਿੱਤ ਅੰਦਰ ਕੁਲ ਆਲਮ ਦੇ ਮਾਲਕ ਨਾਲ ਪ੍ਰਸੰਨ ਹੋ। ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥ ਤੂੰ ਉਸ ਨੂੰ ਜਾਣ ਜੋ ਸੰਸਾਰ ਅਤੇ ਮਹਾਂਦੀਪਾਂ ਅੰਦਰ ਰਵਿ ਰਿਹਾ ਹੈ। ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥ ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸੁਆਮੀ ਨੂੰ ਸਮਝ ਅਤੇ ਅਨੁਭਵ ਕਰ। ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥੧੪॥ ਅਨੰਦ ਮਾਣਨ ਵਾਲਾ ਸਾਰਿਆਂ ਦਿਲਾਂ ਅੰਦਰ ਅਨੰਦ ਮਾਣਦਾ ਹੈ ਅਤੇ ਫਿਰ ਵੀ ਸਾਰਿਆਂ ਨਾਲੋਂ ਨਿਰਲੇਪ ਵਿਚਰਦਾ ਹੈ। ਗੁਰਮਤਿ ਬੋਲਹੁ ਹਰਿ ਜਸੁ ਸੂਚਾ ॥ ਗੁਰਾਂ ਦੀ ਸਿੱਖਮਤ ਦੁਆਰਾ ਤੂੰ ਵਾਹਿਗੁਰੂ ਦੀ ਪਵਿੱਤ੍ਰ ਮਹਿਮਾ ਉਚਾਰਨ ਕਰ। ਗੁਰਮਤਿ ਆਖੀ ਦੇਖਹੁ ਊਚਾ ॥ ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਬੁਲੰਦ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਵੇਖ। ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥੧੫॥੩॥੨੦॥ ਜਿਹੜਾ ਕੋਈ ਆਪਣੇ ਕੰਨਾਂ ਨਾਲ ਨਾਮ ਅਤੇ ਈਸ਼ਵਰੀ ਗੁਰਬਾਣੀ ਨੂੰ ਸ੍ਰਵਣ ਕਰਦਾ ਹੈ; ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ, ਹੇ ਨਾਨਕ! ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥ ਤੂੰ ਆਪਣੇ ਵਿਸ਼ੇ-ਭੋਗ, ਗੁੱਸੇ ਤੇ ਹੋਰਨਾਂ ਦੀ ਬਦਖ਼ੋਈ ਨੂੰ ਛੱਡ ਦੇ। ਲਬੁ ਲੋਭੁ ਤਜਿ ਹੋਹੁ ਨਿਚਿੰਦਾ ॥ ਆਪਣੇ ਲਾਲਚ ਅਤੇ ਤਮ੍ਹਾਂ ਨੂੰ ਛੱਡ ਕੇ ਤੂੰ ਬੇਫ਼ਿਕਰ ਹੋ ਜਾ। ਭ੍ਰਮ ਕਾ ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ ॥੧॥ ਸੰਦੇਹ ਦੀ ਜ਼ੰਜੀਰ ਨੂੰ ਤੋੜ ਕੇ ਤੂੰ ਨਿਰਲੇਪ ਹੋ ਜਾ ਇਸ ਤਰ੍ਹਾਂ ਤੂੰ ਵਾਹਿਗੁਰੂ ਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਆਪਣੇ ਅੰਦਰ ਪਾ ਲਵੇਗਾ। ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ ॥ ਜਿਸ ਤਰ੍ਹਾਂ ਰਾਤ ਦੇ ਸਮੇਂ ਬਿਜਲੀ ਲਿਸ਼ਕ ਨਾਲ ਬੰਦਾ ਚਾਨਣ ਵੇਖਦਾ ਹੈ, ਅਹਿਨਿਸਿ ਜੋਤਿ ਨਿਰੰਤਰਿ ਪੇਖੈ ॥ ਏਸੇ ਤਰ੍ਹਾਂ ਹੀ ਦਿਹੁੰ ਰੈਣ ਉਹ, ਉਸ ਰੱਬ ਦੇ ਨੂਰ ਨੂੰ ਆਪਣੇ ਅੰਦਰ ਦੇਖਦਾ ਹੈ। ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ ॥੨॥ ਪ੍ਰਸੰਨਤਾ ਦੇ ਪੁੰਜ ਵਾਹਿਗੁਰੂ ਦੀ ਲਾਸਾਨੀ ਸੁੰਦਰਤਾ ਰਖਦਾ ਹੈ ਪੂਰਨ ਗੁਰਾਂ ਦੇ ਰਾਹੀਂ ਪ੍ਰਾਣੀ ਉਸ ਨੂੰ ਵੇਖ ਲੈਂਦਾ ਹੈ। ਸਤਿਗੁਰ ਮਿਲਹੁ ਆਪੇ ਪ੍ਰਭੁ ਤਾਰੇ ॥ ਤੂੰ ਸੱਚੇ ਗੁਰਾਂ ਨਾਲ ਮਿਲ, ਪ੍ਰਭੂ ਖ਼ੁਦ ਹੀ ਤੇਰਾ ਪਾਰ ਉਤਾਰਾ ਕਰੇਗਾ, ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥ ਜਿਸ ਨੇ ਆਸਮਾਨ ਗ੍ਰਹਿ ਦੇ ਅੰਦਰ ਚੰਦ੍ਰਮਾਂ ਤੇ ਸੂਰਜ ਦੇ ਦੀਵੇ ਟਿਕਾਏ ਹਨ। ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥੩॥ ਤੂੰ ਅਣਡਿੱਠ ਸੁਆਮੀ ਨੂੰ ਵੇਖ ਅਤੇ ਉਸ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੁ। ਸਮੂਹ ਤਿੰਨ੍ਹਾਂ ਜਹਾਨਾਂ ਅੰਦਰ, ਵਿਆਪਕ ਵਾਹਿਗੁਰੂ ਸਾਰੇ ਰਮਿਆ ਹੋਇਆ ਹੈ। ਅੰਮ੍ਰਿਤ ਰਸੁ ਪਾਏ ਤ੍ਰਿਸਨਾ ਭਉ ਜਾਏ ॥ ਸੁਰਜੀਤ ਕਰਨ ਵਾਲਾ ਨਾਮ-ਅੰਮ੍ਰਿਤ ਪ੍ਰਾਪਤ ਕਰਨ ਦੁਆਰਾ, ਖ਼ਾਹਿਸ਼ ਤੇ ਡਰ ਦੂਰ ਹੋ ਜਾਂਦੇ ਹਨ। ਅਨਭਉ ਪਦੁ ਪਾਵੈ ਆਪੁ ਗਵਾਏ ॥ ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਇਨਸਾਨ ਗੈਬੀ ਗਿਆਤ ਦੇ ਮਰਤਬੇ ਨੂੰ ਪਾ ਲੈਂਦਾ ਹੈ। ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥੪॥ ਪਵਿੱਤਰ ਨਾਮ ਦੀ ਕਮਾਈ ਕਰਨ ਦੁਆਰਾ, ਬੰਦੇ ਨੂੰ ਉੱਚਾ ਦਰਜਾ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਬੁਲੰਦੀਆਂ ਦਾ ਪਰਮ ਬੁਲੰਦ ਥੀ ਞੰਝਦਾ ਹੈ। ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥ ਬੇਅੰਤ ਹੈ ਨਾਮ ਅਣਡਿੱਠ ਅਤੇ ਅਗਾਧ ਪ੍ਰਭੂ ਦਾ। copyright GurbaniShare.com all right reserved. Email |