ਆਪੇ ਮੇਲੇ ਦੇ ਵਡਿਆਈ ॥ ਸੁਆਮੀ ਖ਼ੁਦ ਹੀ ਬੰਦੇ ਨੂੰ ਗੁਰਾਂ ਨਾਲ ਜੋੜ ਕੇ ਪ੍ਰਭਤਾ ਪ੍ਰਦਾਨ ਕਰਦਾ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ, ਗੁਰ ਪਰਸਾਦੀ ਕੀਮਤਿ ਪਾਈ ॥ ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਦੇ ਮੁੱਲ ਨੂੰ ਜਾਣ ਲੈਂਦਾ ਹੈ। ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥ ਮਨਮੁਖ ਰੋਂਦੀ ਕੁਰਲਾਂਦੀ ਘਣੇਰੀ ਭਟਕਦੀ ਫਿਰਦੀ ਹੈ ਅਤੇ ਹੋਰਸ ਦੇ ਪਿਆਰ ਨੇ ਉਸ ਨੂੰ ਬਿਲਕੁਲ ਤਬਾਹ ਕਰ ਦਿੱਤਾ ਹੈ। ਹਉਮੈ ਮਾਇਆ ਵਿਚੇ ਪਾਈ ॥ ਜੋ ਧਨ-ਦੌਲਤ ਦਾ ਗੁਮਾਨ ਧਾਰਨ ਕਰਦਾ ਹੈ। ਮਨਮੁਖ ਭੂਲੇ ਪਤਿ ਗਵਾਈ ॥ ਉਹ ਆਪ-ਹੁਦਰਾ ਕੁਰਾਹੇ ਪੈ, ਆਪਣੀ ਇੱਜ਼ਤ ਗੁਆ ਲੈਂਦਾ ਹੈ। ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥ ਜੇ ਰੱਬ ਨੂੰ ਜਾਣਨ ਵਾਲਾ ਥੀ ਞੰਝਦਾ ਹੈ, ਉਹ ਉਸ ਦੇ ਨਾਮ ਅੰਦਰ ਸਮਾ ਜਾਂਦਾ ਹੈ ਅਤੇ ਸੱਚੇ ਸਾਹਿਬ ਅੰਦਰ ਲੀਨ ਹੋਇਆ ਰਹਿੰਦਾ ਹੈ। ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥ ਜੋ ਗੁਰਾਂ ਪਾਸੋਂ ਬ੍ਰਹਮ ਗਿਆਤ ਅਤੇ ਨਾਮ ਦਾ ਹੀਰਾ ਪ੍ਰਾਪਤ ਕਰ ਲੈਂਦਾ ਹੈ, ਮਨਸਾ ਮਾਰਿ ਮਨ ਮਾਹਿ ਸਮਾਇਆ ॥ ਉਹ ਆਪਣੀ ਖ਼ਾਹਿਸ਼ ਨੂੰ ਮੇਟ, ਪਰਮ ਆਤਮਾ ਅੰਦਰ ਲੀਨ ਹੋ ਜਾਂਦਾ ਹੈ। ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥ ਆਪ ਸਿਰਜਣਹਾਰ-ਸੁਆਮੀ ਸਾਰੀਆਂ ਖੇਡਾਂ ਰਚਦਾ ਹੈ ਅਤੇ ਆਪ ਹੀ ਸਮਝ ਪ੍ਰਦਾਨ ਕਰਦਾ ਹੈ। ਸਤਿਗੁਰੁ ਸੇਵੇ ਆਪੁ ਗਵਾਏ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ; ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥ ਉਹ ਆਪਣੇ ਪਿਆਰੇ ਪ੍ਰਭੂ ਨਾਲ ਮਿਲ ਕੇ ਆਰਾਮ ਪਾਉਂਦਾ ਹੈ। ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥ ਉਸ ਦਾ ਦਿਲ ਪ੍ਰਭੂ ਦੇ ਪ੍ਰੇਮ ਅਤੇ ਸੇਵਾ ਨਾਲ ਰੰਗਿਆ ਜਾਂਦਾ ਹੈ ਅਤੇ ਕੁਦਰਤੀ ਤੌਰ ਤੇ ਉਹ ਸਾਈਂ ਨਾਲ ਇੱਕਮਿੱਕ ਹੋ ਜਾਂਦਾ ਹੈ। ਦੂਖ ਨਿਵਾਰਣੁ ਗੁਰ ਤੇ ਜਾਤਾ ॥ ਗੁਰਾਂ ਦੇ ਰਾਹੀਂ ਮੈਂ ਦੁਖੜੇ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਅਨੁਭਵ ਕਰ ਲਿਆ ਏ। ਆਪਿ ਮਿਲਿਆ ਜਗਜੀਵਨੁ ਦਾਤਾ ॥ ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ, ਖ਼ੁਦ ਹੀ ਹੁਣ ਮੈਨੂੰ ਮਿਲ ਪਿਆ ਹੈ। ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥ ਕੇਵਲ ਉਹ ਹੀ ਸਾਹਿਬ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਅਤੇ ਡਰ ਤੇ ਸੰਦੇਹ ਉਹ ਦੀ ਦੇਹ ਤੋਂ ਦੌੜ ਜਾਂਦੇ ਹਨ। ਆਪੇ ਗੁਰਮੁਖਿ ਆਪੇ ਦੇਵੈ ॥ ਵਾਹਿਗੁਰੂ ਖ਼ੁਦ ਮੁਖੀ ਗੁਰੂ ਮਹਾਰਾਜ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਸੰਗਤ ਬਖ਼ਸ਼ਦਾ ਹੈ। ਸਚੈ ਸਬਦਿ ਸਤਿਗੁਰੁ ਸੇਵੈ ॥ ਸੱਚੇ ਨਾਮ ਦੀ ਬਰਕਤ ਦੁਆਰਾ ਬੰਦਾ ਸੱਚੇ ਗੁਰਾਂ ਨੂੰ ਸੇਂਵਦਾ ਹੈ। ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥ ਬੁਢੇਪਾ ਅਤੇ ਮੌਤ ਉਸ ਨੂੰ ਛੂਹ ਨਹੀਂ ਸਕਦੇ ਜਿਸ ਦੇ ਨਾਲ ਉਸ ਦਾ ਸੰਚਾ ਸਾਹਿਬ ਪ੍ਰਸੰਨ ਹੈ। ਤ੍ਰਿਸਨਾ ਅਗਨਿ ਜਲੈ ਸੰਸਾਰਾ ॥ ਜਗਤ, ਖ਼ਾਹਿਸ਼ ਦੀ ਅੱਚ ਅੰਦਰ, ਸੜ ਰਿਹਾ ਹੈ। ਜਲਿ ਜਲਿ ਖਪੈ ਬਹੁਤੁ ਵਿਕਾਰਾ ॥ ਘਣੇਰਿਆਂ ਪਾਪਾਂ ਅੰਦਰ ਇਹ ਸੜ ਸੜ ਕੇ ਤਬਾਹ ਹੁੰਦਾ ਹੈ। ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥ ਆਪ-ਹੁਦਰੇ ਨੂੰ ਕਿਧਰੇ ਭੀ ਪਨਾਹ ਨਹੀਂ ਮਿਲਦੀ। ਸੱਚੇ ਗੁਰਾਂ ਨੇ ਇਹ ਸਮਝ ਮੈਨੂੰ ਦਰਸਾਈਂ ਹੈ। ਸਤਿਗੁਰੁ ਸੇਵਨਿ ਸੇ ਵਡਭਾਗੀ ॥ ਵੱਡੇ ਨਸੀਬਾਂ ਵਾਲੇ ਹਨ ਉਹ ਜੋ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ, ਸਾਚੈ ਨਾਮਿ ਸਦਾ ਲਿਵ ਲਾਗੀ ॥ ਉਹ ਸਦੀਵ ਹੀ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥ ਪਵਿੱਤਰ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਰਮਿਆ ਰਹਿੰਦਾ ਹੈ ਅਤੇ ਨਾਂਮ ਨੇ ਉਨ੍ਹਾਂ ਦੀ ਲਾਲਸਾ ਬੁਝਾ ਦਿੱਤੀ ਹੈ। ਸਚਾ ਸਬਦੁ ਸਚੀ ਹੈ ਬਾਣੀ ॥ ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ। ਗੁਰਮੁਖਿ ਵਿਰਲੈ ਕਿਨੈ ਪਛਾਣੀ ॥ ਕੋਈ ਇੱਕ ਅੱਧਾ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ। ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥ ਨਿਰਲੇਪ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਅਤੇ ਜਾਣੇ। ਸਬਦੁ ਬੁਝੈ ਸੋ ਮੈਲੁ ਚੁਕਾਏ ॥ ਜੋ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਪਾਪਾਂ ਦੀ ਮਲੀਣਤਾ ਤੋਂ ਖ਼ਲਾਸੀ ਪਾ ਜਾਂਦਾ ਹੈ। ਨਿਰਮਲ ਨਾਮੁ ਵਸੈ ਮਨਿ ਆਏ ॥ ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥ ਉਹ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਤੇ ਉਸ ਦੀ ਸਵੈ-ਹੰਗਤਾ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ। ਗੁਰ ਤੇ ਬੂਝੈ ਤਾ ਦਰੁ ਸੂਝੈ ॥ ਗੁਰਾਂ ਦੇ ਰਾਹੀਂ ਜੇਕਰ ਬੰਦਾ ਪ੍ਰਭੂ ਨੂੰ ਸਮਝ ਲਵੇ, ਤਦ ਉਹ ਸੁਆਮੀ ਦੇ ਬੂਹੇ ਨੂੰ ਵੇਖ ਲੈਂਦਾ ਹੈ। ਨਾਮ ਵਿਹੂਣਾ ਕਥਿ ਕਥਿ ਲੂਝੈ ॥ ਨਾਮ ਤੋਂ ਸੱਖਣਾ ਪ੍ਰਾਣੀ ਬੇਫ਼ਾਇਦਾ ਹੀ ਬੋਲਦਾ ਬਕਦਾ ਅਤੇ ਝਗੜਦਾ ਹੈ। ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੀ ਇਹ ਪ੍ਰਭਤਾ ਹੈ ਕਿ ਇਨਸਾਨ ਤ੍ਰੇਹ ਅਤੇ ਭੁੱਖ ਤੋਂ ਖ਼ਲਾਸੀ ਪਾ ਜਾਂਦਾ ਹੈ। ਆਪੇ ਆਪਿ ਮਿਲੈ ਤਾ ਬੂਝੈ ॥ ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ ਤਦ ਉਹ ਸੁਆਮੀ ਨਾਲ ਮਿਲ ਪੈਂਦਾ ਹੈ। ਗਿਆਨ ਵਿਹੂਣਾ ਕਿਛੂ ਨ ਸੂਝੈ ॥ ਬ੍ਰਹਮ-ਬੋਧ ਦੇ ਬਿਨਾ ਬੰਦਾ ਕੁਝ ਭੀ ਨਹੀਂ ਸਮਝਦਾ। ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥ ਜਿਸ ਦੇ ਰਿਦੇ ਵਿੱਚ ਗੁਰਾਂ ਦੇ ਉਪਦੇਸ਼ ਦੀ ਬਖ਼ਸ਼ੀਸ਼ ਹਮੇਸ਼ਾਂ ਵਸਦੀ ਹੈ; ਉਸ ਦੇ ਅੰਦਰ ਸੁਆਮੀ ਦੀ ਗੁਰਬਾਣੀ ਗੂੰਜਦੀ ਹੈ। ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥ ਜੋ ਕੁੱਛ ਬੰਦੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਉਹੀ ਕੰਮ ਉਹ ਕਰਦਾ ਹੈ। ਕੋਇ ਨ ਮੇਟੈ ਧੁਰਿ ਫੁਰਮਾਇਆ ॥ ਕੋਈ ਭੀ ਆਦੀ ਪ੍ਰਭੂ ਦੇ ਹੁਕਮ ਨੂੰ ਮੇਟ ਨਹੀਂ ਸਕਦਾ। ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥ ਕੇਵਲ ਉਹ ਹੀ ਸਤਿਸੰਗਤ ਅੰਦਰ ਵਸਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਸੁਆਮੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਅਪਣੀ ਨਦਰਿ ਕਰੇ ਸੋ ਪਾਏ ॥ ਕੇਵਲ ਉਹ ਹੀ ਪ੍ਰਭੂ ਨੂੰ ਪਾਉਂਦਾ ਹੈ, ਜਿਸ ਉੱਤੇ ਉਸ ਦੀ ਮਿਹਰ ਹੈ। ਸਚੈ ਸਬਦਿ ਤਾੜੀ ਚਿਤੁ ਲਾਏ ॥ ਸੱਚੇ ਨਾਮ ਦੀ ਸਮਾਧੀ ਅੰਦਰ ਉਹ ਆਪਣੇ ਮਨ ਨੂੰ ਜੋੜਦਾ ਹੈ। ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥ ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮੈਨੂੰ ਆਪਣੇ ਦਰ ਦੇ ਮੰਗਤੇ ਨੂੰ, ਆਪਣੇ ਨਾਮ ਦੀ ਖ਼ੈਰ ਪ੍ਰਦਾਨ ਕਰ"। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਏਕੋ ਏਕੁ ਵਰਤੈ ਸਭੁ ਸੋਈ ॥ ਉਹ (ਪ੍ਰਭੂ) ਕੇਵਲ ਇਕੱਲਾ ਹੀ ਹਰ ਥਾਂ ਰਵ ਰਹਿਆ ਹੈ। ਗੁਰਮੁਖਿ ਵਿਰਲਾ ਬੂਝੈ ਕੋਈ ॥ ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਜਣਾ ਹੀ ਇਸ ਨੂੰ ਸਮਝਦਾ ਹੈ। ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥ ਇਕ ਸਾਹਿਬ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਕੋਈ ਨਹੀਂ। ਲਖ ਚਉਰਾਸੀਹ ਜੀਅ ਉਪਾਏ ॥ ਵਾਹਿਗੁਰੂ ਨੇ ਚੁਰਾਸੀ ਲੱਖ ਜੂਨੀਆਂ ਰਚੀਆਂ ਹਨ! copyright GurbaniShare.com all right reserved. Email |