ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥ ਗੁਰੂ-ਅਨੁਸਾਰੀ ਇੱਕ ਸੁਆਮੀ ਦੀ ਸਿਆਣਪ ਨੂੰ ਜਾਣਦਾ ਹੈ ਅਤੇ ਰੈਣ ਤੇ ਦਿਹੁੰ ਉਸ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ। ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥ ਬੰਦਾ ਵੇਦਾਂ ਨੂੰ ਵਾਚਦਾ ਹੈ, ਪ੍ਰੰਭੂ ਸਾਈਂ ਦੇ ਨਾਮ ਨੂੰ ਅਨੁਭਵ ਨਹੀਂ ਕਰਦਾ, ਮਾਇਆ ਕਾਰਣਿ ਪੜਿ ਪੜਿ ਲੂਝਹਿ ॥ ਅਤੇ ਪੜ੍ਹ ਤੇ ਵਾਚ ਕੇ ਧਨ ਦੀ ਖ਼ਾਤਰ ਝਗੜਾ ਕਰਦਾ ਹੈ। ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥ ਬੇਸਮਝ ਅਤੇ ਅੰਨ੍ਹੇ ਪ੍ਰਾਣੀ ਦੇ ਅੰਦਰ ਪਾਪ ਦੀ ਮਲੀਣਤਾ ਹੈ। ਉਹ ਨਾਂ ਪਾਰ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਉਤੱਰ ਸਕਦਾ ਹੈ? ਬੇਦ ਬਾਦ ਸਭਿ ਆਖਿ ਵਖਾਣਹਿ ॥ ਉਹ ਵੇਦਾਂ ਦੇ ਸਮੂਹ ਤਕਰਾਰੀ (ਬਹਸ ਵਾਲੇ) ਮਸਲਿਆਂ ਦੀ ਵਿਆਖਿਆ ਕਰਦਾ ਹੈ; ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥ ਪ੍ਰੰਤੂ, ਉਸ ਦੀ ਆਤਮਾ ਦੀ ਨਿਸ਼ਾ ਨਹੀਂ ਹੁੰਦੀ, ਨਾਂ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ। ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥ ਵੇਦ ਸਮੂਹ ਨੇਕੀਆਂ ਤੇ ਬਦੀਆਂ ਬਾਰੇ ਦਸਦੇ ਹਨ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਨਾਮ-ਸੁਧਾਰਸ ਪਾਨ ਕੀਤਾ ਜਾਂਦਾ ਹੈ। ਆਪੇ ਸਾਚਾ ਏਕੋ ਸੋਈ ॥ ਉਹ ਅਦੁੱਤੀ ਸੱਚਾ ਸੁਆਮੀ ਆਪਣੇ ਆਪ ਤੋਂ ਹੀ ਹੈ, ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ। ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥ ਨਾਨਕ, ਸੱਚੀ ਹੈ ਉਸ ਦੀ ਆਤਮਾ ਜੋ ਨਾਮ ਨਾਲ ਰੰਗਿਆ ਹੋਇਆ ਹੈ ਅਤੇ ਜੋ ਨਿਰੋਲ ਸੱਚ ਹੀ ਆਖਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਸਚੈ ਸਚਾ ਤਖਤੁ ਰਚਾਇਆ ॥ ਸੱਚੇ ਸੁਆਮੀ ਨੇ ਆਪਣਾ ਸੱਚਾ ਰਾਜਸਿੰਘਾਸਨ ਕਾਇਮ ਕੀਤਾ ਹੈ। ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥ ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦਾ ਹੈ ਤੇ ਓਥੇ ਕੋਈ ਸੰਸਾਰੀ ਲਗਨ ਅਤੇ ਮੋਹਣੀ ਨਹੀਂ। ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥ ਸ਼੍ਰੇਸ਼ਟ ਹਨ ਗੁਰੂ-ਸਮਰਪਨ ਦੇਅਮਲ, ਜਿਸ ਦੇ ਅੰਤਰ ਆਤਮੇ ਸੱਚਾ ਸੁਆਮੀ ਸਦਾ ਨਿਵਾਸ ਰਖਦਾ ਹੈ। ਸਚਾ ਸਉਦਾ ਸਚੁ ਵਾਪਾਰਾ ॥ ਸੱਚਾ ਹੈ ਉਸ ਦਾ ਸੌਦਾ ਸੂਤ ਅਤੇ ਸੱਚਾ ਉਸ ਦਾ ਵਣਜ। ਨ ਤਿਥੈ ਭਰਮੁ ਨ ਦੂਜਾ ਪਸਾਰਾ ॥ ਓਥੇ ਉਸ ਵਿੱਚ ਕੋਈ ਸੰਦੇਹ ਨਹੀਂ, ਨਾਂ ਹੀ ਹੋਰ ਕੋਈ ਅਡੰਬਰ ਹੈ। ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥ ਉਸ ਨੇ ਸੱਚੀ ਦੌਲਤ ਦੀ ਕਮਾਈ ਕੀਤੀ ਹੈ ਜੋ ਕਿ ਕਦਾਚਿੱਤ ਮੁਕਦੀ ਨਹੀਂ। ਗੂੜ੍ਹੀ ਸੋਚ ਵਿਚਾਰ ਰਾਹੀਂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ। ਸਚੈ ਲਾਏ ਸੇ ਜਨ ਲਾਗੇ ॥ ਕੇਵਲ ਉਹ ਪੁਰਸ਼ ਹੀ ਨਾਮ ਨਾਲ ਜੁੜਦੇ ਹਨ ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ। ਅੰਤਰਿ ਸਬਦੁ ਮਸਤਕਿ ਵਡਭਾਗੇ ॥ ਉਨ੍ਹਾਂ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ ਅਤੇ ਉਨ੍ਹਾਂ ਦੇ ਹਿਰਦੇ ਅੰਦਰ ਨਾਮ ਵਸਦਾ ਹੈ। ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥ ਸੱਚੀ ਗੁਰਬਾਣੀ ਰਾਹੀਂ ਉਹ ਸਦੀਵ ਹੀ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਨਾਮ ਦੇ ਸਿਮਰਨ ਨਾਲ ਰੰਗੇ ਹੋਏ ਹਨ। ਸਚੋ ਸਚਾ ਸਚੁ ਸਾਲਾਹੀ ॥ ਸਚਿਆਰਾਂ ਦੇ ਪਰਮ ਸਚਿਆਰਾਂ ਅਤੇ ਸੁਆਮੀ ਦੀ ਮੈਂ ਕੀਰਤੀ ਕਰਦਾ ਹਾਂ। ਏਕੋ ਵੇਖਾ ਦੂਜਾ ਨਾਹੀ ॥ ਮੈਂ ਕੇਵਲ ਇੱਕ ਨੂੰ ਹੀ ਦੇਖਦਾ ਹਾਂ ਤੇ ਹੋਰਸ ਨੂੰ ਨਹੀਂ, ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥ ਗੁਰਾਂ ਦਾ ਉਪਦੇਸ਼ ਬੁਲੰਦ ਤੋਂ ਪਰਮ ਬੁਲੰਦ ਰੂਹਾਨੀ ਮਰਤਬੇ ਨੂੰ ਪੁੱਜਣ ਲਈ ਇੱਕ ਪਉੜੀ ਹੈ ਅਤੇ ਰੱਬੀ ਗਿਆਤ ਦੇ ਹੀਰੇ ਨਾਲ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ। ਮਾਇਆ ਮੋਹੁ ਸਬਦਿ ਜਲਾਇਆ ॥ ਧਨ-ਦੌਲਤ ਦਾ ਪਿਆਰ ਪ੍ਰਭੂ ਦੇ ਨਾਮ ਦੇ ਰਾਹੀਂ ਸੜ ਜਾਂਦਾ ਹੈ। ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥ ਜਦ ਤੈਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਹੇ ਸੁਆਮੀ! ਸੱਚਾ ਨਾਮ ਬੰਦੇ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ। ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥ ਸੱਚੀ ਹੈ ਜੱਗ ਜੀਵਨ ਰਹੁ ਰੀਤੀ ਸੱਚੇ ਇਨਸਾਨ ਦੀ ਅਤੇ ਉਹ ਆਪਣੀ ਸਵੈ-ਹੰਗਤਾ ਦੀ ਤ੍ਰੇਹ ਨੂੰ ਕਾਬੂ ਕਰ ਲੈਂਦਾ ਹੈ। ਮਾਇਆ ਮੋਹੁ ਸਭੁ ਆਪੇ ਕੀਨਾ ॥ ਸੁਆਮੀ ਨੇ ਸਮੂਹ ਹੀ ਸੰਸਾਰੀ ਪਦਾਰਥਾਂ ਨਾਲ ਸਭ ਪਿਆਰ ਪੈਦਾ ਕੀਤਾ ਹੈ। ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥ ਕੋਈ ਇੱਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਨੂੰ ਅਨੁਭਵ ਕਰਦਾ ਹੈ। ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸੱਚ ਦੀ ਕਮਾਈ ਕਰਦਾ ਹੈ ਅਤੇ ਸੱਚੀ ਅਤੇ ਸ਼੍ਰੇਸ਼ਟ ਹੋ ਵੰਝਦੀ ਹੈ ਉਸ ਦੀ ਜੀਵਨ-ਰਹੁ ਰੀਤੀ। ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥ ਉਹ ਐਸੇ ਕਰਮ ਕਰਦਾ ਹੈ ਜੋ ਮੇਰੇ ਮਾਲਕ ਨੂੰ ਭਾਉਂਦੇ ਹਨ, ਹਉਮੈ ਤ੍ਰਿਸਨਾ ਸਬਦਿ ਬੁਝਾਈ ॥ ਅਤੇ ਨਾਮ ਦੇ ਰਾਹੀਂ ਉਹ ਆਪਣੀ ਸਵੈ-ਹੰਗਤਾ ਅਤੇ ਖ਼ਾਹਿਸ਼ ਨੂੰ ਸਾੜ ਸੁਟਦਾ ਹੈ। ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥ ਗੁਰਾਂ ਦੀ ਸਿੱਖਮਤ ਰਾਹੀਂ ਉਹ ਦਾ ਮਨ ਹਮੇਸ਼ਾਂ ਠੰਡਾ-ਠਾਰ ਰਹਿੰਦਾ ਹੈ ਅਤੇ ਉਹ ਆਪਣੀ ਹੰਗਤਾ ਨੂੰ ਹਟਾ ਅਤੇ ਮੇਟ ਸੁਟੱਦਾ ਹੈ। ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥ ਜੋ ਸੱਚ ਨਾਲ ਜੁੜੇ ਹਨ, ਉਨ੍ਹਾਂ ਨੂੰ ਸਾਰਾ ਕੁਝ ਚੰਗਾ ਲਗਦਾ ਹੈ। ਸਚੈ ਸਬਦੇ ਸਚਿ ਸੁਹਾਵੈ ॥ ਸੱਚੇ ਨਾਮ ਰਾਹੀਂ ਉਹ ਵਾਸਤਵ ਵਿੱਚ ਸ਼ਸ਼ੋਭਤ ਹੋ ਜਾਂਦੇ ਹਨ। ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥ ਜੋ ਏਥੇ ਸੱਚੇ ਹਨ ਉਹ ਪ੍ਰਭੂ ਦੇ ਦਰਬਾਰ ਅੰਦਰ ਭੀ ਸੱਚੇ ਹਨ। ਮਿਹਰਬਾਨ ਮਾਲਕ, ਆਪਣੀ ਮਿਹਰ ਦੁਆਰਾ ਉਨ੍ਹਾਂ ਨੂੰ ਚਾਰ ਚੰਨ ਲਾ ਦਿੰਦਾ ਹੈ। ਬਿਨੁ ਸਾਚੇ ਜੋ ਦੂਜੈ ਲਾਇਆ ॥ ਜਿਸ ਨੂੰ ਸੱਚ ਦੇ ਬਗ਼ੈਰ ਹੋਰਸ ਕਿਸੇ ਨਾਲ ਜੋੜਿਆ ਗਿਆ ਹੈ, ਮਾਇਆ ਮੋਹ ਦੁਖ ਸਬਾਇਆ ॥ ਉਹ ਮੋਹਨੀ ਦੀ ਮਮਤਾ ਰਾਹੀਂ ਸਮੂਹ ਕਸ਼ਟ ਹੀ ਉਠਾਉਂਦਾ ਹੈ। ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥ ਗੁਰਾਂ ਦੇ ਬਗ਼ੈਰ ਇਨਸਾਨ ਨਹੀਂ ਜਾਣਦਾ ਕਿ ਅਸਲ ਪੀੜ ਅਤੇ ਖੁਸ਼ੀ ਕੀ ਹੈ। ਸੰਸਾਰੀ ਪਦਾਰਥਾ ਦੇ ਪਿਆਰ ਅੰਦਰ ਘਣੇਰਾ ਕਸ਼ਟ ਹੈ। ਸਾਚਾ ਸਬਦੁ ਜਿਨਾ ਮਨਿ ਭਾਇਆ ॥ ਜਿਨ੍ਹਾਂ ਦੇ ਚਿੱਤ ਨੂੰ ਸੱਚਾ ਨਾਮ ਚੰਗਾ ਲਗਦਾ ਹੈ; ਪੂਰਬਿ ਲਿਖਿਆ ਤਿਨੀ ਕਮਾਇਆ ॥ ਉਹ ਮੁਢਲੇ ਲਿਖੇ ਹੋਏ ਨੇਕ ਅਮਲ ਕਮਾਉਂਦੇ ਹਨ। ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥ ਸਤਿਪੁਰਖ ਦੀ ਉਹ ਘਾਲ ਕਮਾਉਂਦੇ ਹਨ, ਸਤਿਪੁਰਖ ਨੂੰ ਉਹ ਸਿਮਰਦੇ ਹਨ ਅਤੇ ਸਤਿਪੁਰਖ ਦੀ ਬੰਦਗੀ ਨਾਲ ਹੀ ਉਹ ਰੰਗੇ ਹੋਏ ਹਨ। ਗੁਰ ਕੀ ਸੇਵਾ ਮੀਠੀ ਲਾਗੀ ॥ ਗੁਰਾਂ ਦੀ ਚਾਕਰੀ ਉਨ੍ਹਾਂ ਨੂੰ ਮਿੱਠੀ ਲਗਦੀ ਹੈ। ਅਨਦਿਨੁ ਸੂਖ ਸਹਜ ਸਮਾਧੀ ॥ ਰੈਣ ਤੇ ਦਿਹੁੰ ਉਹ ਬੈਕੁੰਠੀ ਅਨੰਦ ਦੀ ਤਾੜੀ ਅੰਦਰ ਮਤਵਾਲੇ ਰਹਿੰਦੇ ਹਨ। ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਗੁਰਾਂ ਦੀ ਟਹਿਲ-ਸੇਵਾ ਨੂੰ ਪਿਆਰ ਕਰਨ ਲੱਗ ਜਾਂਦੇ ਹਨ। ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥ ਆਨੰਦ ਪ੍ਰਸੰਨ ਹਨ ਉਹ ਪੁਰਸ਼ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ। ਆਪੇ ਭਾਣੇ ਆਪਿ ਮਿਲਾਏ ॥ ਆਪਣੀ ਪ੍ਰਸੰਨਤਾ ਦੁਆਰਾ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥ ਜਿਨ੍ਹਾਂ ਪ੍ਰਾਣੀਆਂ ਦੀ ਸੱਚੇ ਗੁਰਦੇਵ ਜੀ ਰੱਖਿਆ ਕਰਦੇ ਹਨ, ਉਹ ਪਾਰ ਉਤੱਰ ਜਾਂਦੇ ਹਨ। ਦੂਜੇ ਧਨ-ਦੌਲਤ ਦੀ ਲਗਨ ਰਾਹੀਂ ਬਰਬਾਦ ਹੋ ਜਾਂਦੇ ਹਨ। copyright GurbaniShare.com all right reserved. Email |