ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥ ਉਹ ਆਪ ਹੀ ਮੁਆਫੀ ਦਿੰਦਾ ਹੈ ਅਤੇ ਪ੍ਰਾਣੀ ਦੇ ਅੰਦਰ ਸੱਚਾ ਨਾਮ ਪੱਕਾ ਕਰਦਾ ਹੈ ਅਤੇ ਤਦ ਉਸ ਦਾ ਚਿੱਤ ਤੇ ਸਰੀਰ ਸੱਚੇ ਸੁਆਮੀ ਨਾਲ ਰੰਗੇ ਜਾਂਦੇ ਹਨ। ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥ ਗੰਦੇ ਮਨੂਏ ਅਤੇ ਦੇਹ ਅੰਦਰ ਅਨੰਤ ਪ੍ਰਭੂ ਦਾ ਪ੍ਰਕਾਸ਼ ਹੈ। ਗੁਰਮਤਿ ਬੂਝੈ ਕਰਿ ਵੀਚਾਰਾ ॥ ਜੋ ਗੁਰਾਂ ਦੇ ਉਪਦੇਸ਼ ਨੂੰ ਵੀਚਾਰਦਾ ਹੈ, ਉਹ ਇਸ ਨੂੰ ਸਮਝਦਾ ਹੈ। ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥ ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਸੁਟਦਾ ਹੈ, ਉਸ ਦੀ ਆਤਮਾ ਹਮੇਸ਼ਾਂ ਲਈ ਬੇਦਾਗ ਹੋ ਜਾਂਦੀ ਹੈ ਅਤੇ ਉਸ ਦੀ ਜੀਭ੍ਹਾ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਉਂਦੀ ਹੈ। ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥ ਦੇਹ ਦੇ ਕਿਲ੍ਹੇ ਅੰਦਰ ਘਣੇਰੀਆਂ ਹੱਟੀਆਂ ਅਤੇ ਬਜ਼ਾਰ ਹਨ। ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥ ਉਨ੍ਹਾਂ ਅੰਦਰ ਪਰਮ ਬੇਅੰਤ ਪ੍ਰਭੂ ਦਾ ਨਾਮ ਹੈ। ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥ ਗੁਰਾਂ ਦੀ ਬਾਣੀ ਦੁਆਰਾ ਆਪਣੀ ਹੰਗਤਾ ਮਾਰ ਕੇ, ਬੰਦਾ ਸੁਆਮੀ ਨੂੰ ਸਿੰਝਾਣ ਲੈਂਦਾ ਹੈ ਅਤੇ ਹਮੇੋਸ਼ਾ ਉਸ ਦੇ ਦਰਬਾਰ ਅੰਦਰ ਸੋਹਣਾ ਲਗਦਾ ਹੈ। ਰਤਨੁ ਅਮੋਲਕੁ ਅਗਮ ਅਪਾਰਾ ॥ ਨਾਮ ਦਾ ਜਵੇਹਰ ਅਣਮੁਲਾ, ਪਹੁੰਚ ਤੋਂ ਪਰੇ ਅਤੇ ਅਨੰਤ ਹੈ। ਕੀਮਤਿ ਕਵਣੁ ਕਰੇ ਵੇਚਾਰਾ ॥ ਗਰੀਬ ਬੰਦਾ ਇਸ ਦਾ ਮੁਲ ਕਿਸ ਤਰ੍ਹਾਂ ਪਾ ਸਕਦਾ ਹੈ। ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥੧੪॥ ਗੁਰਾਂ ਦੀ ਬਾਣੀ ਦੁਆਰਾ ਇਸ ਦਾ ਵਜ਼ਨ ਜੋਖਿਆ ਜਾਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਹੀ ਇਹ ਮਨ ਵਿੱਚ ਅਨੁਭਵ ਕੀਤਾ ਜਾਂਦਾ ਹੈ। ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥ ਘਣੇਰੇ ਵਿਸਥਾਰ ਵਾਲੀਆਂ ਸਿਮਰਤੀਆਂ ਅਤੇ ਸ਼ਾਸਤ੍ਰ, ਮਾਇਆ ਮੋਹੁ ਪਸਰਿਆ ਪਾਸਾਰਾ ॥ ਸੰਸਾਰੀ ਲਗਨ ਦਾ ਖਿਲਾਰਾ ਖਿਲਾਰਦੀਆਂ ਹਨ। ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥ ਮੂੜ੍ਹ ਉਨ੍ਹਾਂ ਨੂੰ ਵਾਚਦੇ ਹਨ ਪਰ ਆਪਣੇ ਪ੍ਰਭੂ ਨੂੰ ਨਹੀਂ ਜਾਣਦੇ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਉਸ ਨੂੰ ਜਾਣਦਾ ਹੈ। ਆਪੇ ਕਰਤਾ ਕਰੇ ਕਰਾਏ ॥ ਖ਼ੁਦ ਹੀ ਸਿਰਜਣਹਾਰ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ। ਸਚੀ ਬਾਣੀ ਸਚੁ ਦ੍ਰਿੜਾਏ ॥ ਸੱਚੀ ਗੁਰਬਾਣੀ ਦੇ ਜ਼ਰੀਏ, ਉਹ ਸੱਚ ਨੂੰ ਪ੍ਰਾਣੀ ਦੇ ਅੰਦਰ ਪੱਕਾ ਕਰਦਾ ਹੈ। ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥ ਨਾਮ ਦੇ ਰਾਹੀਂ ਹੀ ਬੰਦੇ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ, ਹੇ ਨਾਨਕ! ਅਤੇ ਉਹ ਸਾਰਿਆਂ ਯੁੱਗਾਂ ਅੰਦਰ ਇਕ ਪ੍ਰਭੂ ਨੂੰ ਹੀ ਜਾਣਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਸੋ ਸਚੁ ਸੇਵਿਹੁ ਸਿਰਜਣਹਾਰਾ ॥ ਤੂੰ ਉਸ ਸੱਚੇ ਰਚਣਹਾਰ ਸੁਆਮੀ ਦੀ ਸੇਵਾ ਕਰ। ਸਬਦੇ ਦੂਖ ਨਿਵਾਰਣਹਾਰਾ ॥ ਨਾਮ ਦੇ ਰਾਹੀਂ ਉਹ ਦੁਖੜਾ ਦੂਰ ਕਰਨ ਵਾਲਾ ਹੈ। ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥ ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਬੰਦਾ ਉਸ ਦਾ ਮੁਲ ਪਾ ਨਹੀਂ ਸਕਦਾ। ਉਹ ਖ਼ੁਦ-ਬੇ-ਫ਼ਿਕਰ ਅਤੇ ਹਦਬੰਨਾ ਰਹਿਤ ਹੈ। ਆਪੇ ਸਚਾ ਸਚੁ ਵਰਤਾਏ ॥ ਆਪ ਹੀ ਸੱਚਾ ਸੁਆਮੀ ਸੱਚ ਵੱਡਦਾ ਹੈ। ਇਕਿ ਜਨ ਸਾਚੈ ਆਪੇ ਲਾਏ ॥ ਕਈਆਂ ਪੁਰਸ਼ਾਂ ਨੂੰ ਉਹ ਆਪ ਹੀ ਸੱਚ ਨਾਲ ਜੋੜਦਾ ਹੈ। ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥ ਉਹ ਸੱਚੇ ਸਾਈਂ ਨੂੰ ਸੇਂਵਦੇ ਹਨ, ਸੱਚ ਦੀ ਕਮਾਈ ਕਰਦੇ ਹਨ ਅਤੇ ਨਾਮ ਦੇ ਰਾਹੀਂ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ। ਧੁਰਿ ਭਗਤਾ ਮੇਲੇ ਆਪਿ ਮਿਲਾਏ ॥ ਆਪਣਿਆਂ ਸਾਧੂਆਂ ਨੂੰ ਸੁਆਮੀ ਆਪਣੇ ਨਾਲ ਮਿਲਾ ਅਤੇ ਅਭੇਦ ਕਰ ਲੈਂਦਾ ਹੈ। ਸਚੀ ਭਗਤੀ ਆਪੇ ਲਾਏ ॥ ਆਪਣੇ ਸੱਚੇ ਪ੍ਰੇਮ ਨਾਲ ਉਹ ਆਪ ਹੀ ਜੋੜਦਾ ਹੈ। ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥ ਜੋ ਪ੍ਰਾਣੀ, ਸੱਚੀ ਗੁਰਬਾਣੀ ਰਾਹੀਂ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਹ ਇਸ ਜੀਵਨ ਦਾ ਨਫ਼ਾ ਕਮਾ ਲੈਂਦਾ ਹੈ। ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥ ਗੁਰੂ ਅਨੁਸਾਰੀ ਵਾਪਾਰ ਕਰਦਾ ਹੈ ਅਤੇ ਆਪਦੇਆਪ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਏਕਸ ਬਿਨੁ ਕੋ ਅਵਰੁ ਨ ਜਾਣਹਿ ॥ ਇਕ ਸੁਆਮੀ ਦੇ ਬਗ਼ੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ। ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥ ਸੱਚਾ ਹੈ ਸ਼ਾਹੂਕਾਰ ਅਤੇ ਸੱਚੇ ਉਸ ਦੇ ਵਾਪਾਰੀ, ਜੋ ਨਾਮ ਦੇ ਸੌਦੇ ਸੂਤ ਨੂੰ ਖ਼ਰੀਦਦੇ ਹਨ। ਆਪੇ ਸਾਜੇ ਸ੍ਰਿਸਟਿ ਉਪਾਏ ॥ ਆਪ ਹੀ ਪ੍ਰਭੂ ਜੀਵਾਂ ਨੂੰ ਬਣਾਉਂਦਾ ਅਤੇ ਜਗਤ ਨੂੰ ਰਚਦਾ ਹੈ। ਵਿਰਲੇ ਕਉ ਗੁਰ ਸਬਦੁ ਬੁਝਾਏ ॥ ਬਹੁਤ ਹੀ ਥੋੜਿਆਂ ਨੂੰ ਉਹ ਗੁਰਬਾਣੀ ਨੂੰ ਅਨੁਭਵ ਕਰਾਉਂਦਾ ਹੈ। ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥ ਸੱਚੇ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਗੁਰੂ ਜੀ ਉਨ੍ਹਾਂ ਦੀ ਯਮ ਦੀ ਫਾਹੀ ਨੂੰ ਕੱਟ ਦਿੰਦੇ ਹਨ। ਭੰਨੈ ਘੜੇ ਸਵਾਰੇ ਸਾਜੇ ॥ ਸਾਹਿਬ ਜੀਵਾਂ ਨੂੰ ਮਾਰਦਾ, ਸਾਜਦਾ, ਰਚਦਾ ਅਤੇ ਸ਼ਸ਼ੋਭਤ ਕਰਦਾ ਹੈ, ਮਾਇਆ ਮੋਹਿ ਦੂਜੈ ਜੰਤ ਪਾਜੇ ॥ ਅਤੇ ਉਨ੍ਹਾਂ ਨੂੰ ਧਨ-ਦੌਲਤ ਸੰਸਾਰੀ ਮਮਤਾ ਅਤੇ ਦਵੈਤ-ਭਾਵ ਨਾਲ ਜੋੜਦਾ ਹੈ। ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥ ਆਪ-ਹੁਦਰੇ ਭਟਕਦੇ ਫਿਰਦੇ ਹਨ, ਹਮੇਸ਼ਾਂ ਅੰਨ੍ਹੇ ਵਾਹ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਗਰਦਨ ਦੁਆਲੇ ਮੌਤ ਦੀ ਫ਼ਾਂਸੀ ਦਾ ਰੱਸਾ ਹੈ। ਆਪੇ ਬਖਸੇ ਗੁਰ ਸੇਵਾ ਲਾਏ ॥ ਆਪ ਹੀ ਸਾਈਂ ਮੁਆਫ਼ ਕਰਦਾ ਹੈ ਅਤੇ ਜੀਵ ਨੂੰ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜਦਾ ਹੈ। ਗੁਰਮਤੀ ਨਾਮੁ ਮੰਨਿ ਵਸਾਏ ॥ ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨੂੰ ਇਨਸਾਨ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ। ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥ ਰੈਣ ਅਤੇ ਦਿਹੁੰ ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਸ ਜਹਾਨ ਅੰਦਰ ਨਾਮ ਦੀ ਖੱਟੀ ਖੱਟਦਾ ਹੈ। ਆਪੇ ਸਚਾ ਸਚੀ ਨਾਈ ॥ ਖੁਦ ਸਾਈਂ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ। ਗੁਰਮੁਖਿ ਦੇਵੈ ਮੰਨਿ ਵਸਾਈ ॥ ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਉਸ ਦੇ ਅੰਤਸ਼-ਕਰਨ ਅੰਦਰ ਟਿਕਾ ਦਿੰਦਾ ਹੈ। ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥ ਸੁੰਦਰ ਹਨ ਉਹ ਪੁਰਸ਼ ਜਿਨ੍ਹਾਂ ਦੇ ਰਿਦੇ ਅੰਦਰ ਸੁਆਮੀ ਵਸਦਾ ਹੈ ਅਤੇ ਉਨ੍ਹਾਂ ਦੇ ਸੀਸ ਪੁਆੜਿਆ ਤੋਂ ਖ਼ਲਾਸੀ ਪਾ ਜਾਂਦੇ ਹਨ। ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ਬੇਬਾਹ ਅਤੇ ਗਿਆਤ ਤੋਂ ਪਰੇ ਹੈ ਪ੍ਰਭੂ। ਉਸ ਦੇ ਮੁਲ ਪਾਇਆ ਨਹੀਂ ਜਾ ਸਕਦਾ। ਗੁਰ ਪਰਸਾਦੀ ਮੰਨਿ ਵਸਾਈ ॥ ਗੁਰਾਂ ਦੀ ਦਇਆ ਦੁਆਰਾ, ਉਹ ਚਿੱਤ ਅੰਦਰ ਵਸਦਾ ਹੈ। ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥ ਕੋਈ ਭੀ ਉਸ ਕੋਲੋਂ ਹਿਸਾਬ ਕਿਤਾਬ ਨਹੀਂ ਮੰਗਦਾ, ਜੇ ਨੇਕੀਆਂ ਦੇਣਹਾਰ ਸੱਚੇ ਸੁਆਮੀ ਦੀ ਸਿਫ਼ਤ ਸਨਾ ਕਰਦਾ ਹੈ। ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਉਸ ਸੁਆਮੀ ਦੀ ਸੇਵਾ ਕਰਦੇ ਹਨ। ਅੰਤੁ ਨ ਪਾਵਹਿ ਅਲਖ ਅਭੇਵਾ ॥ ਉਹ ਅਦ੍ਰਿਸ਼ਟ ਅਤੇ ਭੇਦ-ਰਹਿਤ ਪ੍ਰਭੂ ਦੇ ਓੜਕ ਨੂੰ ਨਹੀਂ ਜਾਣ ਸਕਦੇ। ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥ ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਧਾਰਦਾ ਹੈਂ, ਉਹ ਗੁਰਾਂ ਦੀ ਰਹਿਮਤ ਸਦਕਾ, ਅਗਾਧ ਸੁਆਮੀ ਨੂੰ ਜਾਣ ਲੈਂਦੇ ਹਨ। copyright GurbaniShare.com all right reserved. Email |