ਪੂਰੈ ਸਤਿਗੁਰਿ ਸੋਝੀ ਪਾਈ ॥ ਪੂਰਨ ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ, ਏਕੋ ਨਾਮੁ ਮੰਨਿ ਵਸਾਈ ॥ ਅਤੇ ਇਕ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥ ਮੈਂ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਨਾਮ ਨੂੰ ਹੀ ਮੈਂ ਸਿਮਰਦਾ ਹਾਂ। ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ, ਮੈਂ ਉਸ ਦੀ ਮਹਿਮਾ ਅਲਾਪਦਾ ਹਾਂ। ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥ ਸੇਵਕ ਆਪਣੇ ਬੇਅੰਤ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਆਗਿਆ ਦੀ ਪਾਲਣਾ ਕਰਦਾ ਹੈ। ਮਨਮੁਖ ਹੁਕਮੁ ਨ ਜਾਣਹਿ ਸਾਰਾ ॥ ਮਨ-ਮਤੀਬੇ, ਸਾਹਿਬ ਦੀ ਰਜ਼ਾ ਦੀ ਕਦਰ ਨੂੰ, ਨਹੀਂ ਜਾਣਦੇ। ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥ ਸੁਆਮੀ ਦੀ ਰਜ਼ਾ ਦੁਆਰਾ ਬੰਦਾ ਨਾਮਵਰ ਹੋ ਜਾਂਦਾ ਹੈ, ਉਸ ਦੀ ਰਜ਼ਾ ਦੁਆਰਾ ਉਹ ਪ੍ਰਭਤਾ ਪਾਉਂਦਾ ਹੈ ਅਤੇ ਉਸ ਦੀ ਰਜ਼ਾ ਦੁਆਰਾ ਹੀ ਬੇਫ਼ਿਕਰ ਥੀ ਵੰਝਦਾ ਹੈ। ਗੁਰ ਪਰਸਾਦੀ ਹੁਕਮੁ ਪਛਾਣੈ ॥ ਗੁਰਾਂ ਦੀ ਦਇਆ ਦੁਆਰਾ, ਜੀਵ ਸਾਈਂ ਦੀ ਰਜ਼ਾ ਨੂੰ ਸਿੰਝਾਣ ਲੈਂਦਾ ਹੈ, ਧਾਵਤੁ ਰਾਖੈ ਇਕਤੁ ਘਰਿ ਆਣੈ ॥ ਭਟਕਦੇ ਹੋਏ ਮਨੂਏ ਨੂੰ ਰੋਕ ਰਖਦਾ ਹੈ ਅਤੇ ਇਸ ਨੂੰ ਇਕ ਪ੍ਰਭੂ ਦੇ ਘਰ ਵਿੱਚ ਮੋੜ ਲਿਆਉਂਦਾ ਹੈ। ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥ ਨਾਮ ਨਾਲ ਰੰਗਿਆ ਹੋਇਆ, ਉਹ ਸਦੀਵ ਹੀ ਨਿਰਲੇਪ ਰਹਿੰਦਾ ਹੈ ਅਤੇ ਨਾਮ ਦਾ ਹੀਰਾ ਉਸ ਦੇ ਰਿਦੇ ਅੰਦਰ ਟਿਕਿਆ ਹੋਇਆ ਹੈ। ਸਭ ਜਗ ਮਹਿ ਵਰਤੈ ਏਕੋ ਸੋਈ ॥ ਉਹ ਇੱਕ ਸੁਆਮੀ ਸਾਰੇ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ। ਗੁਰ ਪਰਸਾਦੀ ਪਰਗਟੁ ਹੋਈ ॥ ਗੁਰਾਂ ਦੀ ਦਇਆ ਦੁਆਰਾ ਉਹ ਜਾਹਰ ਹੋ ਜਾਂਦਾ ਹੈ। ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥ ਪਵਿੱਤ ਹਨ ਉਹ ਬੰਦੇ ਜੋ ਆਪਣੇ ਸੁਆਮੀ ਦਾ ਜੱਸ ਕਰਦੇ ਹਨ ਅਤੇ ਉਹ ਆਪਣੇ ਨਿੱਜ ਦੇ ਧਾਮ ਵਿੱਚ ਵਸੇਬਾ ਪਾ ਲੈਂਦੇ ਹਨ। ਸਦਾ ਭਗਤ ਤੇਰੀ ਸਰਣਾਈ ॥ ਪ੍ਰਭੂ-ਭਗਤ ਹਮੇਸ਼ਾਂ ਤੇਰੀ ਪਨਾਹ ਹੇਠਾਂ ਵਸਦੇ ਹਨ, ਹੇ ਸੁਆਮੀ! ਅਗਮ ਅਗੋਚਰ ਕੀਮਤਿ ਨਹੀ ਪਾਈ ॥ ਬੇਥਾਹ ਅਤੇ ਗਿਆਤ ਤੋਂ ਉਚੇਰੇ ਵਾਹਿਗੁਰੂ ਦਾ ਮੁਲ ਪਾਇਆ ਨਹੀਂ ਜਾ ਸਕਦਾ। ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥ ਜਿਸ ਤਰ੍ਹਾਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੀ ਤੂੰ ਪ੍ਰਾਣੀ ਨੂੰ ਰਖਦਾ ਹੈਂ। ਗੁਰਾਂ ਦੀ ਦਇਆ ਦੁਆਰਾ, ਉਹ ਨਾਮ ਦਾ ਸਿਮਰਨ ਕਰਦਾ ਹੈ। ਸਦਾ ਸਦਾ ਤੇਰੇ ਗੁਣ ਗਾਵਾ ॥ ਸਦੀਵ, ਸਦੀਵ ਹੀ, ਮੈਂ ਤੇਰੀ ਮਹਿਮਾ ਗਾਇਨ ਕਰਦਾ ਹਾਂ। ਸਚੇ ਸਾਹਿਬ ਤੇਰੈ ਮਨਿ ਭਾਵਾ ॥ ਇਸ ਤਰ੍ਹਾਂ, ਹੇ ਸੱਚੇ ਸਾਈਂ! ਮੈਂ ਮੇਰੇ ਚਿੱਤ ਨੂੰ ਚੰਗਾ ਲਗਦਾ ਹਾਂ। ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥ ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਤੂੰ ਮੈਨੂੰ ਸੱਚ ਦਾ ਦਾਤ ਦੇ, ਤਾਂ ਜੋ ਮੈਂ ਇਸ ਅੰਦਰ ਲੀਨ ਹੋ ਜਾਵਾਂ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਸਤਿਗੁਰੁ ਸੇਵਨਿ ਸੇ ਵਡਭਾਗੀ ॥ ਭਾਰੇ ਭਾਗਾਂ ਵਾਲੇ ਹਨ, ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥ ਰੈਣ ਤੇ ਦਿਹੁੰ ਉਹ ਸੱਚੇ ਨਾਮ ਨਾਲ ਪਿਆਰ ਪਾਈ ਰਖਦੇ ਹਨ। ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥ ਆਰਾਮ-ਦੇਣਹਾਰ ਸੁਆਮੀ ਸਦੀਵ ਹੀ ਉਨ੍ਹਾਂ ਦੇ ਮਨ ਅੰਦਰ ਵਸਦਾ ਹੈ ਅਤੇ ਖ਼ੁਸ਼ੀ ਨਾਲ ਉਹ ਸਤਿਨਾਮ ਦਾ ਸਿਮਰਨ ਕਰਦੇ ਹਨ। ਨਦਰਿ ਕਰੇ ਤਾ ਗੁਰੂ ਮਿਲਾਏ ॥ ਜਦ ਸਾਈਂ ਮਿਹਰ ਧਾਰਦਾ ਹੈ, ਤਦ ਉਹ ਬੰਦੇ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ, ਹਰਿ ਕਾ ਨਾਮੁ ਮੰਨਿ ਵਸਾਏ ॥ ਅਤੇ ਆਪਦੇ ਨਾਮ ਨੂੰ ਉਸ ਦੇ ਚਿੱਤ ਵਿੱਚ ਟਿਕਾ ਦਿੰਦਾ ਹੈ। ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥ ਖੁਸ਼ੀ ਦੇਣ ਵਾਲਾ ਵਾਹਿਗੁਰੂ ਹਮੇਸ਼ਾਂ ਉਸ ਦੇ ਰਿਦੇ ਅੰਦਰ ਵਸਦਾ ਹੈ ਅਤੇ ਉਸ ਪ੍ਰਸੰਨ ਹੋ ਆਪਣੇ ਚਿੱਤ ਵਿੱਚ ਨਾਮ ਦਾ ਚਿੰਤਨ ਕਰਦਾ ਹੈ। ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥ ਜਦ ਸਾਹਿਬ ਮਿਹਰ ਧਾਰਦਾ ਹੈ ਤਦ ਉਹ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ, ਹਉਮੈ ਮਮਤਾ ਸਬਦਿ ਜਲਾਏ ॥ ਅਤੇ ਉਸ ਦੇ ਹੰਕਾਰ ਤੇ ਸੰਸਾਰੀ ਮੋਹ ਨੂੰ ਨਾਮ ਨਾਲ ਸਾੜ ਸੁਟਦਾ ਹੈ। ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥ ਇੱਕ ਸੁਆਮੀ ਦੀ ਪ੍ਰੀਤ ਅੰਦਰ ਉਹ ਹਮੇਸ਼ਾਂ ਬੰਦਖ਼ਲਾਸ ਰਹਿੰਦਾ ਹੈ ਅਤੇ ਕਿਸੇ ਨਾਲ ਭੀ ਲੜਾਈ ਝਗੜਾ ਨਹੀਂ ਕਰਦਾ। ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ, ਇਨਸਾਨ ਅਤੀ ਅਨ੍ਹੇਰ-ਘੁਪ ਅੰਦਰ ਘਿਰਿਆ ਹੋਇਆ ਹੈ। ਬਿਨੁ ਸਬਦੈ ਕੋਇ ਨ ਪਾਵੈ ਪਾਰਾ ॥ ਨਾਮ ਦੇ ਬਾਝੋਂ ਕੋਈ ਭੀ ਕਦੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦਾ। ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥ ਪਰਮ ਜਗਤ-ਤਿਆਗੀ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਹ ਸੱਚੇ ਨਾਮ ਦੀ ਖੱਟੀ ਖੱਟਦੇ ਹਨ। ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥ ਸਿਰਜਣਹਾਰ ਸੁਆਮੀ ਨੇ ਗਮੀ ਅਤੇ ਖੁਸ਼ੀ ਮੁੱਢ ਤੋਂ ਹੀ ਲਿਖ ਛੱਡੀ ਹੈ, ਦੂਜਾ ਭਾਉ ਆਪਿ ਵਰਤਾਇਆ ॥ ਅਤੇ ਖ਼ੁਦ ਹੀ ਹੋਰਸ ਦਾ ਪਿਆਰ ਖਿਆਰਿਆ ਹੈ। ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ ਉਹ ਨਿਰਲੇਪ ਵਿਕਰਦਾ ਹੈ। ਆਪ-ਹੁਦਰੇ ਪੁਰਸ਼ ਉੱਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ। ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥ ਕੇਵਲ ਉਹ ਹੀ ਮਨਮੱਤੀਏ ਹਨ ਜੋ ਨਾਮ ਨੂੰ ਅਨੁਭਵ ਨਹੀਂ ਕਰਦੇ, ਗੁਰ ਕੇ ਭੈ ਕੀ ਸਾਰ ਨ ਜਾਣਹਿ ॥ ਅਤੇ ਗੁਰਾਂ ਦੇ ਡਰ ਦੀ ਅਸਲੀਅਤ ਨੂੰ ਨਹੀਂ ਸਮਝਦੇ। ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥ ਉਸ ਦੇ ਡਰ ਦੇ ਬਗੈਰ, ਨਿਡਰ ਸੱਚਾ ਸੁਆਮੀ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ। ਯਮ ਪ੍ਰਾਣੀ ਦੇ ਸੁਆਸ ਨੂੰ ਖਿੱਚ ਲਵੇਗਾ। ਅਫਰਿਓ ਜਮੁ ਮਾਰਿਆ ਨ ਜਾਈ ॥ ਮੌਤ ਦਾ ਅਜਿੱਤ ਫ਼ਰੇਸ਼ਤਾ ਨਾਸ ਨਹੀਂ ਕੀਤਾ ਜਾ ਸਕਦਾ। ਗੁਰ ਕੈ ਸਬਦੇ ਨੇੜਿ ਨ ਆਈ ॥ ਗੁਰਾਂ ਦੀ ਬਾਣੀ ਰਾਹੀਂ ਉਹ ਲਾਗੇ ਨਹੀਂ ਲਗਦਾ। ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥ ਜਦ ਉਹ ਗੁਰਬਾਣੀ ਸੁਣਦਾ ਹੈ, ਤਦ ਉਹ ਦੂਰ ਤੋਂ ਹੀ ਭੱਜ ਜਾਂਦਾ ਹੈ, ਮਤੇ ਮਾਣਨੀਯ ਭੈ-ਰਹਿਤ ਸੁਆਮੀ ਉਸ ਨੂੰ ਜਾਨੋਂ ਹੀ ਨਾਂ ਮਾਰ ਦੇਵੇ। ਹਰਿ ਜੀਉ ਕੀ ਹੈ ਸਭ ਸਿਰਕਾਰਾ ॥ ਸਾਰਿਆਂ ਦੇ ਉਪੱਰ ਹਕੂਮਤ ਹੈ ਪ੍ਰਭੂ ਮਾਲਕ ਦੀ। ਏਹੁ ਜਮੁ ਕਿਆ ਕਰੇ ਵਿਚਾਰਾ ॥ ਇਹ ਗਰੀਬ ਮੌਤ ਦਾ ਦੂਤ ਕੀ ਕਰ ਸਕਦਾ ਹੈ? ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥ ਉਹ ਪ੍ਰਭੂ ਦੀ ਰਜ਼ਾ ਦੀ ਪਾਲਣਾ ਕਰਨ ਵਾਲਾ ਹੈ, ਉਸ ਦਾ ਫ਼ੁਰਮਾਨ ਬਜਾਉਂਦਾ ਹੈ ਅਤੇ ਉਸ ਦੇ ਫ਼ੁਰਮਾਨ ਤਾਭੇ ਬੰਦੇ ਦਾ ਸਾਹ ਖਿੱਚ ਲੈਂਦਾ ਹੈ। ਗੁਰਮੁਖਿ ਸਾਚੈ ਕੀਆ ਅਕਾਰਾ ॥ ਗੁਰੂ-ਅਨੁਸਾਰੀ ਅਨੁਭਵ ਕਰਦਾ ਹੈ ਕਿ ਸਤਿਪੁਰਖ ਨੇ ਹੀ ਰਚਨਾ ਰਚੀ ਹੈ। ਗੁਰਮੁਖਿ ਪਸਰਿਆ ਸਭੁ ਪਾਸਾਰਾ ॥ ਗੁਰੂ-ਅਨੁਸਾਰੀ ਜਾਣਦਾ ਹੈ ਕਿ ਸੁਆਮੀ ਨੇ ਹੀ ਸਾਰਾ ਖਿਆਰਾ ਖਿਲਾਰਿਆਂ ਹੈ। ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥ ਜੋ ਰੱਬ ਨੂੰ ਜਾਣਨ ਵਾਲਾ ਹੈ, ਉਹ ਸੱਚੇ ਸਾਈਂ ਨੂੰ ਸਮਝਦਾ ਹੈ। ਸੱਚੇ ਨਾਮ ਦੇ ਰਾਹੀਂ ਉਹ ਆਰਾਮ ਪਾਉਂਦਾ ਹੈ। ਗੁਰਮੁਖਿ ਜਾਤਾ ਕਰਮਿ ਬਿਧਾਤਾ ॥ ਪਵਿੱਤ੍ਰ ਪੁਰਸ਼ ਪ੍ਰਭੂ ਨੂੰ ਅਮਲਾਂ ਦਾ ਫਲ ਦੇਣ ਵਾਲਾ ਜਾਣਾ ਹੈ। copyright GurbaniShare.com all right reserved. Email |