ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥ ਜਹਿਰ ਦੀ ਖਾਤਰ ਉਹ ਤਮ੍ਹਾਂ ਤੇ ਲਾਲਚ ਕਰਦਾ ਹੈ ਅਤੇ ਪਾਪ ਦੇ ਰਾਹੀਂ ਉਹ ਦੁਚਿੱਤੇਪਣ ਵਿੱਚ ਖੱਚਤ ਹੋਇਆ ਹੋਇਆ ਹੈ। ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥ ਪੂਰਨ ਸੱਚੇ ਗੁਰੂ ਪ੍ਰਾਣੀ ਦੇ ਅੰਦਰ ਸੁਆਮੀ ਦਾ ਪਿਆਰ ਅਸਥਾਪਨ ਕਰਦੇ ਹਨ। ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥ ਗੁਰਾਂ ਦੇ ਉਪਦੇਸ਼ ਰਾਹੀਂ, ਉਹ ਆਪਦੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਲੈਂਦਾ ਹੈ। ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥ ਉਸ ਦੇ ਚਿੱਤ ਸਰੀਰ ਅਤੇ ਦਿਲ ਅੰਦਰ ਵਾਹਿਗੁਰੂ ਰਮਿਆ ਹੋਇਆ ਹੈ ਅਤੇ ਉਸ ਦੀ ਆਤਮਾਂ ਪ੍ਰਭੂ ਦੇ ਸਿਮਰਨ ਅਤੇ ਸਿਫ਼ਤ ਨਾਲ ਤਰੋਤਰ ਹੋਈ ਹੋਈ ਹੈ। ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥ ਮੈਡਾਂ ਸੱਚਾ ਸਾਈਂ ਰਾਖ਼ਸ਼ਾਂ ਨੂੰ ਮਾਰਨ ਵਾਲਾ ਹੈ। ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥ ਸੁਆਮੀ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਦੀ ਸਿੱਖਮਤ ਦੁਆਰਾ ਉਸ ਦੀ ਪ੍ਰੇਮਮਈ ਸੇਵਾ ਕਰਦੇ ਹਨ। ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥ ਮੈਡਾਂ ਮਾਲਕ ਸੱਚਾ, ਸਦੀਵ ਹੀ ਸੱਚਾ ਹੈ ਉਹ ਸਾਰਿਆਂ ਰਾਜਿਆਂ ਦੇ ਸਿਰ ਉਤੇ ਮਹਾਰਾਜਾ ਹੈ। ਸੇ ਭਗਤ ਸਚੇ ਤੇਰੈ ਮਨਿ ਭਾਏ ॥ ਸੱਚੇ ਹਨ ਉਹ ਸਾਧੂ, ਜੋ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ। ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥ ਉਹ ਸੁਆਮੀ ਦੇ ਬੂਹੇ ਤੇ ਉਸ ਦਾ ਜੱਸ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਦੁਆਰਾ ਸ਼ਸ਼ੋਭਤ ਲਗਦੇ ਹਨ। ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥ ਸੱਚੀ ਗੁਰਬਾਣੀ ਨੂੰ ਉਹ ਰੈਣਾ ਤੇ ਦਿਹੁੰ ਗਾਇਨ ਕਰਕੇ ਹਨ। ਸੁਆਮੀ ਦਾ ਨਾਮ ਕੰਗਲੇ ਪੁਰਸ਼ ਦੀ ਸਾਖ ਹੈ। ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੇ ਸੁਆਮੀ! ਉਨ੍ਹਾਂ ਨੂੰ ਤੂੰ ਮੁੜ ਵਿਛੋੜਦਾ ਨਹੀਂ। ਗੁਰ ਕੈ ਸਬਦਿ ਸਦਾ ਸਾਲਾਹੀ ॥ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਮੇਸ਼ਾਂ ਤੇਰੀ ਮਹਿਮਾਂ ਕਰਦੇ ਹਨ। ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥ ਕੇਵਲ ਤੂੰ ਹੀ ਸਾਰਿਆਂ ਦੇ ਸਿਰ ਦਾ ਸੁਆਮੀ ਹੈਂ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਮਹਿਮਾ ਅਲਾਪ ਜਾਂਦੀ ਹੈ। ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥ ਨਾਮ ਦੇ ਬਗ਼ੈਰ, ਤੈਨੂੰ ਕੋਈ ਭੀ ਜਾਣ ਨਹੀਂ ਸਕਦਾ। ਤੁਧੁ ਆਪੇ ਕਥੀ ਅਕਥ ਕਹਾਣੀ ॥ ਤੂੰ ਖ਼ੁਦ ਹੀ ਅਕਹਿ ਕਥਾਵਾਰਤਾ ਨੂੰ ਕਹਿੰਦਾ ਹੈਂ। ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥ ਸਦੀਵ ਹੀ, ਹਮੇਸ਼ਾਂ ਲਈ, ਤੂੰ ਹੇ ਪ੍ਰਭੂ! ਨਾਮ ਦਾਤਾਰ ਗੁਰਦੇਵ ਅਤੇ ਨਾਮ ਦੇ ਸਿਮਰਨ ਦਾ ਖਜ਼ਾਨਾ ਹੈਂ। ਤੂ ਆਪੇ ਕਰਤਾ ਸਿਰਜਣਹਾਰਾ ॥ ਮੇਰੇ ਕਰਤਾਰ ਸੁਆਮੀ, ਤੂੰ ਆਪ ਹੀ ਸੰਸਾਰ ਦਾ ਰਚਨਹਾਰ ਹੈਂ। ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥ ਤੇਰੇ ਲਿਖੇ ਹੋਏ ਨੂੰ ਕੋਈ ਭੀ ਮੇਟ ਨਹੀਂ ਸਕਦਾ। ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥ ਗੁਰੂ ਅਨੁਸਾਰੀ ਨੂੰ ਤੂੰ ਆਪ ਹੀ ਨਾਮ ਬਖ਼ਸ਼ੁਦਾ ਹੈਂ। ਉਸ ਨੂੰ ਮੁੜ ਕੇ ਸੰਦੇਹ ਅਤੇ ਗਿਣਤੀ ਮਿਣਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਭਗਤ ਸਚੇ ਤੇਰੈ ਦਰਵਾਰੇ ॥ ਸੱਚੇ ਸਾਧੂ ਤੈਂਡੇ ਬੂਹੇ ਉੱਤੇ ਖੜੇ ਰਹਿੰਦੇ ਹਨ। ਸਬਦੇ ਸੇਵਨਿ ਭਾਇ ਪਿਆਰੇ ॥ ਪ੍ਰੇਮ ਅਤੇ ਮੁਹੱਬਤ ਨਾਲ ਉਹ ਤੇਰੇ ਨਾਮ ਨੂੰ ਉਚਾਰਦੇ ਹਨ। ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥ ਨਾਨਕ, ਨਿਰਲੇਪ ਹਨ ਉਹ, ਜੋ ਨਾਮ ਨਾਲ ਰੰਗੀਜੋ ਹਨ ਅਤੇ ਨਾਮ ਦੇ ਰਾਹੀਂ, ਉਨ੍ਹਾਂ ਦੇ ਕੰਮ ਸੁਭਾਇਮਾਨ ਥੀ ਵੰਝਦੇ ਹਨ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥ ਮੈਂਡੇ ਸੱਚੇ ਸੁਆਮੀ ਨੇ ਇਕ ਖੇਡ ਬਣਾਈ ਹੈ। ਕੋਇ ਨ ਕਿਸ ਹੀ ਜੇਹਾ ਉਪਾਇਆ ॥ ਉਸ ਨੇ ਕਿਸੇ ਨੂੰ ਭੀ ਕਿਸੇ ਹੋਰਸ ਵਰਗਾ ਨਹੀਂ ਰਚਿਆ। ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥ ਆਪ ਹੀ ਵਿਤਕਰੇ ਰਚ ਕੇ ਉਹ ਉਨ੍ਹਾਂ ਨੂੰ ਦੇਖ ਕੇ ਪ੍ਰਸੰਨ ਹੁੰਦਾ ਹੈ। ਸਾਰੇ ਸੁਆਦ ਉਸ ਨੇ ਸਰੀਰ ਅੰਦਰ ਪਾ ਛੱਡੇ ਹਨ। ਵਾਜੈ ਪਉਣੁ ਤੈ ਆਪਿ ਵਜਾਏ ॥ ਸਾਹ ਦੇਹ ਅੰਦਰ ਆਪਣਾ ਦੌਰਾ ਜਾਰੀ ਰਖਦਾ ਹੈ ਅਤੇ ਤੂੰ ਆਪੇ ਹੀ ਉਸ ਤੋਂ ਚੱਕਰ ਕਢਵਾਉਂਦਾ ਹੈਂ। ਸਿਵ ਸਕਤੀ ਦੇਹੀ ਮਹਿ ਪਾਏ ॥ ਚੇਤਨਤਾ ਅਤੇ ਜੜ੍ਹਤਾ ਤੈਂ ਸਰੀਰ ਅੰਦਰ ਟਿਕਾਈਆਂ ਹਨ। ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥ ਗੁਰਾਂ ਦੀ ਦਇਆ ਦੁਆਰਾ, ਇਨਸਾਨ ਦੁਨੀਆਂ ਵਲੋਂ ਮੋੜ ਪਾ ਜਾਂਦਾ ਹੈ ਅਤੇ ਉਸ ਨੂੰ ਬ੍ਰਹਮ-ਬੋਧ ਅਤੇ ਨਾਮ ਦੇ ਜਵਾਹਿਰਾਤਾ ਦੀ ਦਾਤ ਪਰਾਪਤ ਹੁੰਦੀ ਹੈ। ਅੰਧੇਰਾ ਚਾਨਣੁ ਆਪੇ ਕੀਆ ॥ ਪ੍ਰਭੂ ਨੇ ਆਪ ਹੀ ਅਨ੍ਹੇਰਾ ਅਤੇ ਪ੍ਰਕਾਸ਼ ਰਚੇ ਹਨ। ਏਕੋ ਵਰਤੈ ਅਵਰੁ ਨ ਬੀਆ ॥ ਕੇਵਲ ਉਹ ਹੀ ਸਾਰੇ ਵਿਆਪਕ ਹੈ। ਹੋਰ ਕੋਈ ਹੈ ਹਾ ਨਹੀਂ। ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥ ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਨੂੰ ਜਾਣ ਲੈਂਦਾ ਹੈ ਉਸ ਦੀ ਅਕਲ ਦਾ ਕੰਵਲ ਖਿੜ ਜਾਂਦਾ ਹੈ। ਅਪਣੀ ਗਹਣ ਗਤਿ ਆਪੇ ਜਾਣੈ ॥ ਆਪਣੀ ਡੂੰਘਾਈਂ ਅਤੇ ਉਚਾਈ ਨੂੰ ਉਹ ਆਪ ਹੀ ਜਾਣਦਾ ਹੈ। ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥ ਹੋਰ ਲੋਕ ਜੋ ਕੁਛ ਉਹ ਆਪਣੇ ਕੰਨਾਂ ਨਾਲ ਸੁਣਦੇ ਹਨ, ਉਸ ਨੂੰ ਕਥਨ ਤੇ ਬਿਆਨ ਕਰਦੇ ਹਨ। ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥ ਜੋ ਬ੍ਰਹਮ ਬੇਤਾ ਹੈ, ਉਹ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਸਮਝਦਾ ਹੈ ਅਤੇ ਸੁਆਮੀ ਦੀ ਸੱਚੀ ਮਹਿਮਾ ਅਤੇ ਕੀਰਤੀ ਨੂੰ ਵਰਨਣ ਕਰਦਾ ਹੈ। ਦੇਹੀ ਅੰਦਰਿ ਵਸਤੁ ਅਪਾਰਾ ॥ ਸਰੀਰ ਦੇ ਅੰਦਰ ਇਕ ਅਮੋਲਕ ਚੀਜ਼ ਹੈ। ਆਪੇ ਕਪਟ ਖੁਲਾਵਣਹਾਰਾ ॥ ਉਹ ਆਪ ਹੀ ਤਖ਼ਤੇ ਖੋਲਦਾ ਹੈ। ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥ ਗੁਰੂ-ਅਨੁਸਾਰੀ ਸੁਤੇਸਿਧ ਹੀ ਅੰਮ੍ਰਿਤ ਪਾਨ ਕਰਦਾ ਤੇ ਆਪਣੀਆਂ ਖ਼ਾਹਿਸ਼ਾ ਦੀ ਅੱਗ ਨੂੰ ਬੁਝਾ ਲੈਂਦਾ ਹੈ। ਸਭਿ ਰਸ ਦੇਹੀ ਅੰਦਰਿ ਪਾਏ ॥ ਸਾਰੇ ਜ਼ਾਇਕੇ ਸੁਆਮੀ ਨੇ ਸਰੀਰ ਅੰਦਰ ਟਿਕਾਏ ਹਨ। ਵਿਰਲੇ ਕਉ ਗੁਰੁ ਸਬਦੁ ਬੁਝਾਏ ॥ ਗੁਰਾਂ ਦਾ ਉਪਦੇਸ਼, ਪ੍ਰਭੂ ਕਿਸੇ ਇਕ ਅੱਧੇ ਨੂੰ ਹੀ ਦਰਸਾਉਂਦਾ ਹੈ। ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥ ਬੰਦੇ ਨੂੰ ਆਪਣੇ ਅੰਦਰਵਾਰ ਦੀ ਭਾਲ ਕਰਨੀ ਤੇ ਸੁਆਮੀ ਦੀ ਮਹਿਮਾ ਅਲਾਪਣੀ ਉਚਿੱਤ ਹੈ। ਵੁਹ ਬਾਹਰਵਾਰ ਕਿਉਂ ਭੱਜਿਆ ਫਿਰੇ? ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥ ਚੱਖਣ ਦੇ ਬਾਝੋਂ, ਕੋਈ ਭੀ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ। ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥ ਗੁਰਾਂ ਦੇ ਉਪਦੇਸ਼ ਦੁਆਰਾ, ਜੀਵ ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰਦਾ ਹੈ। ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥ ਅੰਮ੍ਰਿਤ ਪਾਨ ਕਰਨ ਦੁਆਰਾ, ਪ੍ਰਾਣੀ ਅਬਿਨਾਸ਼ੀ ਮਰਤਬਾ ਪਰਾਪਤ ਕਰ ਲੈਂਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਧਾਰਸ ਨੂੰ ਮਾਣਦਾ ਹੈ। ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥ ਜੋ ਆਪਦੇ ਆਪ ਨੂੰ ਸਿੰਝਾਣਦਾ ਹੈ, ਉਹ ਸਮੂਹ ਨੇਕੀਆਂ ਨੂੰ ਸਮਝਦਾ ਹੈ। copyright GurbaniShare.com all right reserved. Email |