ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
ਤੂੰ ਹੇ ਪੂਜਯ ਤੇ ਅਦੁੱਤੀ ਵਾਹਿਗੁਰੂ ਸੁਆਮੀ! ਸਾਰਿਆਂ ਦਿਲਾਂ ਅਤੇ ਹਰ ਇਕਸੁ ਅੰਦਰ ਇਕ ਰਸ ਸਮਾਇਆ ਹੋਇਆ ਹੈ। ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਕਈ ਸਖ਼ੀ ਹਨ, ਅਤੇ ਕਈ ਮੰਗਤੇ। ਇਹ ਸਾਰੀਆਂ ਤੇਰੀਆਂ ਅਸਚਰਜ ਖੇਡਾਂ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ ਤੂੰ ਆਪ ਹੀ ਦੇਣ ਵਾਲਾ ਹੈ ਤੇ ਆਪ ਹੀ ਭੋਗਣ ਵਾਲਾ। ਤੇਰੇ ਬਗ਼ੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ ਤੂੰ ਅਨੰਤ ਤੇ ਬੇ-ਓੜਕ ਸ਼ਰੋਮਣੀ ਸਾਹਿਬ ਹੈ। ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ, ਮੈਂ ਵਰਣਨ ਤੇ ਬਿਆਨ ਕਰਾਂ? ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥ ਨਫ਼ਰ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਹੜੇ, ਹੇ ਸੁਆਮੀ ਮਹਾਰਾਜ, ਤੇਰੀ ਟਹਿਲ ਤੇ ਘਾਲ ਕਮਾਉਂਦੇ ਹਨ। ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ ਹੇ ਸੁਆਮੀ ਮਹਾਰਾਜ! ਜੋ ਤੇਰਾ ਅਰਾਧਨ ਤੇ ਸਿਮਰਨ ਕਰਦੇ ਹਨ, ਉਹ ਪੁਰਸ਼ ਇਸ ਜਹਾਨ ਅੰਦਰ ਆਰਾਮ ਵਿੱਚ ਰਹਿੰਦੇ ਹਨ। ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ ਮੋਖ਼ਸ਼ ਅਤੇ ਬੰਦ ਖਲਾਸ ਹਨ ਉਹ, ਹੇ ਵਾਹਿਗੁਰੂ ਮਹਾਰਾਜ! ਜੋ ਤੇਰਾ ਚਿੰਤਨ ਕਰਦੇ ਹਨ। ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ ਜੋ ਨਿੱਡਰ, ਨਿੱਡਰ, ਪ੍ਰਭੂ ਦਾ ਭਜਨ ਕਰਦੇ ਹਨ, ਉਨ੍ਹਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਮਹਾਰਾਜ ਦੀ ਟਹਿਲ ਕਮਾਈ ਹੈ, ਟਹਿਲ ਕਮਾਈ ਹੈ, ਉਹ ਵਾਹਿਗੁਰੂ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋ ਜਾਂਦੇ ਹਨ। ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ ਮੁਬਾਰਕ ਹਨ ਉਹ, ਮੁਬਾਰਕ ਹਨ ਉਹ, ਜਿਨ੍ਹਾਂ ਨੇ ਵਾਹਿਗੁਰੂ ਮਹਾਰਾਜ ਦਾ ਆਰਾਧਨ ਕੀਤਾ ਹੈ। ਨਫਰ ਨਾਨਕ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ। ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ ਤੇਰੇ ਸਿਮਰਨ ਤੇਰੇ ਸਿਮਰਨ ਦੇ ਅਨੰਤ ਤੇ ਅਣਗਿਣਤ ਖ਼ਜ਼ਾਨੇ ਸਦੀਵ ਹੀ ਪਰੀਪੂਰਨ ਰਹਿੰਦੇ ਹਨ। ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ ਬਹੁਤਿਆਂ ਅਤੇ ਭਿੰਨ ਭਿੰਨ ਤਰੀਕਿਆਂ ਨਾਲ ਬੇਗਿਣਤ ਤੇਰੇ ਸਾਧੂ, ਤੇਰੇ ਸਾਧੂ, ਹੇ ਵਾਹਿਗੁਰੂ! ਤੇਰੀ ਸਿਫ਼ਤ ਸ਼ਲਾਘਾ ਕਰਦੇ ਹਨ। ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ ਬਹੁਤ ਜਿਆਦਾ ਅਤੇ ਕਈ ਤੇਰੀ (ਜੀ ਹਾਂ) ਤੇਰੀ, ਉਪਾਸਨਾ ਕਰਦੇ ਹਨ, ਹੇ ਹੱਦ-ਬੰਨਾਂ ਰਹਿਤ ਵਾਹਿਗੁਰੂ! ਉਹ ਤਪੱਸਿਆਂ ਸਾਧਦੇ ਹਨ ਅਤੇ ਤੇਰੇ ਨਾਮ ਨੂੰ ਉਚਾਰਦੇ ਹਨ। ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ ਤੇਰੇ ਘਣੇ ਤੇ ਕਈ ਬੰਦੇ ਬਹੁਤੀਆਂ ਸਿਮਰਤੀਆਂ ਅਤੇ ਸ਼ਾਸਤਰ ਵਾਚਦੇ ਹਨ। ਉਹ ਕਰਮ-ਕਾਂਡ ਕਰਦੇ ਹਨ ਅਤੇ ਛੇ ਧਾਰਮਕ ਸੰਸਕਾਰ ਕਮਾਉਂਦੇ ਹਨ। ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ ਸ੍ਰੇਸ਼ਟ ਹਨ, ਉਹ ਸੰਤ, ਉਹ ਸੰਤ, ਹੇ ਨਫ਼ਰ ਨਾਨਕ! ਜਿਹੜੇ ਮੇਰੇ ਮੁਬਾਰਕ ਮਾਲਕ ਨੂੰ ਚੰਗੇ ਲੱਗਦੇ ਹਨ। ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਪਰਾਪੂਰਬਲੀ ਹਸਤੀ, ਪ੍ਰਮ ਸ਼ੇਸ਼ਟ ਸਿਰਜਨਹਾਰ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ। ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ ਯੁਗਾਂ ਯੁਗਾਂ ਤੋਂ ਤੂੰ ਇੰਨ ਬਿੰਨ ਉਹੀ ਹੈ। ਹਮੇਸ਼ਾਂ ਤੇ ਹਮੇਸ਼ਾਂ ਤੂੰ ਐਨ ਉਹੀ ਹੈ। ਇਹੋ ਜਿਹਾ ਸਦੀਵੀ ਸਥਿਰ ਸਿਰਜਣਹਾਰ ਤੂੰ ਹੈ। ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ ਜੋ ਕੁਛ ਤੈਨੂੰ ਖੁਦ ਚੰਗਾ ਲੱਗਦਾ ਹੈ, ਉਹ ਹੋ ਆਉਂਦਾ ਹੈ। ਜੋ ਤੂੰ ਆਪ ਕਰਦਾ ਹੈ, ਉਹ, ਹੋ ਜਾਂਦਾ ਹੈ। ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ ਤੂੰ ਆਪ ਹੀ ਸਾਰਾ ਆਲਮ ਰਚਿਆ ਹੈ ਅਤੇ ਸਾਜ ਕੇ ਆਪ ਹੀ ਇਸ ਸਾਰੇ ਨੂੰ ਨਾਸ ਕਰ ਦੇਵੇਗਾ। ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥ ਗੋਲਾ ਨਾਨਕ ਸਿਰਜਣਹਾਰ ਮਹਾਰਾਜ ਦਾ ਜੱਸ ਗਾਇਨ ਕਰਦਾ ਹੈ, ਜਿਹੜਾ ਸਾਰਿਆਂ ਦਾ ਜਾਨਣਹਾਰ ਹੈ। ਆਸਾ ਮਹਲਾ ੪ ॥ ਆਸਾ ਰਾਗ, ਚਊਥੀ ਪਾਤਸ਼ਾਹੀ। ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ ਹੇ ਵਾਹਿਗੁਰੂ! ਤੂੰ ਸੱਚਾ ਸਿਰਜਣਹਾਰ, ਮੇਰਾ ਮਾਲਕ ਹੈਂ। ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ ਕੇਵਲ ਉਹੀ ਹੁੰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਮੈਂ ਉਹੀ ਕੁਝ ਪਰਾਪਤ ਕਰਦਾ ਹਾਂ, ਜੋ ਕੁਝ ਤੂੰ ਮੈਨੂੰ ਦਿੰਦਾ ਹੈਂ। ਠਹਿਰਾਉ। ਸਭ ਤੇਰੀ ਤੂੰ ਸਭਨੀ ਧਿਆਇਆ ॥ ਸਾਰੇ ਹੀ ਤੇਰੇ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ। ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ ਜਿਸ ਉਤੇ ਤੂੰ ਦਇਆ ਧਾਰਦਾ ਹੈ, ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ। ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ ਪਵਿੱਤਰ ਪੁਰਸ਼ ਨਾਮ ਨੂੰ ਪਰਾਪਤ ਕਰ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਗੁਆ ਬੈਠਦੇ ਹਨ। ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈਂ। ਤੂੰ ਦਰੀਆਉ ਸਭ ਤੁਝ ਹੀ ਮਾਹਿ ॥ ਤੂੰ ਦਰਿਆ ਹੈ ਅਤੇ ਸਾਰੇ ਤੇਰੇ ਅੰਦਰ ਹਨ। ਤੁਝ ਬਿਨੁ ਦੂਜਾ ਕੋਈ ਨਾਹਿ ॥ ਤੇਰੇ ਬਗੈਰ ਹੋਰ ਕੋਈ ਨਹੀਂ। ਜੀਅ ਜੰਤ ਸਭਿ ਤੇਰਾ ਖੇਲੁ ॥ ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ। ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥ ਵਿਛੁੰਨੇ ਮਿਲ ਪੈਦੇ ਹਨ, ਪ੍ਰੰਤੂ ਚੰਗੇ ਭਾਗਾਂ ਰਾਹੀਂ ਵਿਛੁੰਨਿਆਂ ਦਾ ਮੇਲ-ਮਿਲਾਪ ਹੁੰਦਾ ਹੈ। ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ, ਹਰਿ ਗੁਣ ਸਦ ਹੀ ਆਖਿ ਵਖਾਣੈ ॥ ਅਤੇ ਹਮੇਸ਼ਾਂ ਤੇਰਾ ਜੱਸ ਵਰਨਣ ਤੇ ਉਚਾਰਣ ਕਰਦਾ ਹੈ। ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪ੍ਰਾਪਤ ਹੋਇਆ ਹੈ। ਸਹਜੇ ਹੀ ਹਰਿ ਨਾਮਿ ਸਮਾਇਆ ॥੩॥ ਸੁਖੈਨ ਹੀ ਉਹ ਤੇਰੇ ਨਾਮ ਅੰਦਰ ਲੀਨ ਹੋ ਜਾਂਦਾ ਹੈ। copyright GurbaniShare.com all right reserved. Email:- |