Page 1109

ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥
ਗਰਮੀ ਪਿੱਛੇ ਰਹਿ ਗਈ ਹੈ ਅਤੇ ਸਿਆਲ ਦਾ ਮੌਸਮ ਮੂਹਰੇ ਹੈ। ਇਹ ਖੇਡ ਵੇਖ ਮੇਰਾ ਚਿੱਤ ਡਿਕਡੋਲੇ ਖਾਂਦਾ ਹੈ।

ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
ਦਸੀਂ ਪਾਸੀਂ ਹੀ ਟਹਿਣੀਆਂ ਸਰਸਬਜ ਅਤੇ ਹਰੀਆਂ ਭਰੀਆਂ ਹਨ। ਜੋ ਹੌਲੀ ਹੌਲੀ ਪੱਕਦਾ ਹੈ ਉਹ ਮਿੱਠਾ ਹੁਦਾ ਹੈ।

ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥
ਅੱਸੂ ਅੰਦਰ ਤੂੰ ਮੈਨੂੰ ਮਿਲ, ਹੇ ਮੇਰੇ ਦਿਲਬਰ! ਸੱਚੇ ਗੁਰਦੇਵ ਜੀ ਮੇਰੇ ਵਿਚੋਲੇ ਹੋ ਗਏ ਹਨ।

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
ਕੱਤੇ ਵਿੱਚ ਜੋ ਸੁਆਮੀ ਨੂੰ ਚੰਗਾ ਲੱਗਦਾ ਹੈ ਉਹ ਉਹ ਹੀ ਪ੍ਰਾਣੀ ਦੀ ਪ੍ਰਾਲਭਧ ਵਿੱਚ ਲਿਖਿਆ ਜਾਂਦਾ ਹੈ।

ਦੀਪਕੁ ਸਹਜਿ ਬਲੈ ਤਤਿ ਜਲਾਇਆ ॥
ਜਿਹੜਾ ਦੀਵਾ ਅਸਲੀਅਤ ਨਾਲ ਪ੍ਰਕਾਸ਼ਿਆ ਹੈ, ਊਹ ਸੁਖੈਨ ਹੀ ਬਲਦਾ ਰਹਿੰਦਾ ਹੈ।

ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
ਪ੍ਰੀਤ ਦੀਵੇ ਦਾ ਤੇਲ ਹੈ ਜੋ ਪਤਨੀ ਨੂੰ ਉਸ ਦੇ ਪਤੀ ਨਾਲ ਮਿਲਾਉਂਦਾ ਹੈ। ਪਤਨੀ ਖੁਸ਼ੀ ਤੇ ਖਿੜਾਓ ਅੰਦਰ ਹੈ।

ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
ਜਿਸ ਨੂੰ ਪਾਪ ਨਾਸ ਕਰਦਾ ਹੈ, ਊਹ ਆਪਣੀ ਮੌਤ ਸਮੇਂ ਸਫਲ ਨਹੀਂ ਹੁੰਦੀ ਜਦ ਨੇਕੀ ਨਾਲ ਮਰਦੀ ਹੈ, ਤਦ ਹੀ ਉਹ ਅਸਲੀ ਤੌਰ ਤੇ ਮਰਦੀ ਹੈ।

ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
ਜਿਨ੍ਹਾਂ ਨੂੰ ਤੂੰ ਹੇ ਸੁਆਮੀ! ਆਪਣਾ ਨਾਮ ਅਤੇ ਪ੍ਰੇਮ-ਮਈ ਸੇਵਾ ਬਖਸ਼ਦਾ ਹੈ। ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਬਹਿੰਦੇ ਹਨ। ਤਦ ਭੀ ਉਨ੍ਹਾਂ ਦੀ ਊਮੀਦ ਤੇਰੇ ਉਤੇ ਹੀ ਹੈ।

ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥
ਗੁਰੂ ਜੀ ਆਖਦੇ ਹਨ ਹੇ ਸਾਹਿਬ! ਆਪਣੇ ਦਰਵਾਜੇ ਦੇ ਕਿਵਾੜ ਖੋਲ ਅਤੇ ਮੈਨੂੰ ਮਿਲ। ਮੇਰੇ ਲਈ ਹੁਣ ਇੱਕ ਮੁਹਤ ਭੀ ਛੇ ਮਹੀਨੇ ਦੀ ਮਾਨੰਦ ਹੈ।

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥
ਚੰਗਾ ਹੈ ਮੱਘਰ ਦਾ ਮਹੀਨਾ ਉਨ੍ਹਾ ਲਈ ਜੋ ਊਸ ਦਾ ਜੱਸ ਗਾਇਨ ਕਰ, ਪ੍ਰਭੂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ।

ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥
ਗੁਣਵਾਨ ਪਤਨੀ ਸੁਆਮੀ ਦਾ ਜੱਸ ਉਚਾਰਨ ਕਰਦੀ ਹੈ। ਮੇਰਾ ਸਦੀਵੀ ਸਥਿਰ ਪ੍ਰੀਤਮ ਮੈਨੂੰ ਚੰਗਾ ਲੱਗਦਾ ਹੈ।

ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥
ਅਹਿੱਲ, ਦਾਨਾਂ ਅਤੇ ਸਰਬਗ ਹੈ ਮੇਰਾ ਸਿਰਸਜਣਹਾਰ ਸੁਆਮੀ, ਪ੍ਰਤੂ ਸਾਰੀ ਦੁਨੀਆਂ ਹਿੱਲ ਜਾਣ ਵਾਲੀ ਹੈ।

ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥
ਜਿਨ੍ਹਾਂ ਦੇ ਪੱਲੇ ਬ੍ਰਹਮਗਿਆਤ ਅਤੇ ਸਿਮਰਨ ਦੀ ਨੇਕੀ ਹੈ ਉਹ ਸਾਈਂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ। ਸਾਈਂ ਨੂੰ ਉਹ ਚੰਗੇ ਲੱਗਦੇ ਹਨ ਅਤੇ ਸਾਈਂ ਉਹਨਾਂ ਨੂੰ ਚੰਗਾ ਲੱਗਦਾ ਹੈ।

ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥
ਗਾਉਣ, ਸੁਰਾਂ ਅਤੇ ਕਵੀਸ਼ਰ ਦੀਆਂ ਕਵਿਤਾਵਾਂ ਮੈਂ ਸੁਣੀਆਂ ਹਨ, ਪ੍ਰੰਤੂ ਪ੍ਰਭੂ ਦੇ ਨਾਮ ਰਾਹੀਂ ਹੀ ਦੁਖੜਾ ਦੌੜਦਾ ਹੈ।

ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥
ਨਾਨਕ ਕੇਵਲ ਉਹ ਹੀ ਪਤਨੀ ਆਪਣੇ ਪਤੀ ਦੀ ਲਾਡਲੀ ਹੈ ਜੋ ਊਸ ਦੀ ਹਜੂਰੀ ਅੰਦਰ ਆਪਣੇ ਪ੍ਰੀਤਮ ਦੀ ਦਿਲੀ ਸੇਵਾ ਕਮਾਉਂਦੀ ਹੈ।

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥
ਪੋਹ ਵਿੱਚ ਬਰਫ ਪੈਂਦੀ ਹੈ ਅਤੇ ਜੰਗਲ ਤੇ ਘਾਹ ਦੀ ਰਤੂਬਤ ਸੁਕ ਜਾਂਦੀ ਹੈ।

ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥
ਹੇ ਸੁਆਮੀ! ਤੂੰ ਕਿਉਂ ਨਹੀਂ ਆਉਂਦਾ? ਤੂੰ ਮੇਰੀ ਆਤਮਾਂ, ਦੇਹ ਅਤੇ ਮੂੰਹ ਅੰਦਰ ਵੱਸਦਾ ਹੈਂ।

ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥
ਜਗਤ ਦੀ ਜਿੰਦ ਜਾਨ ਵਾਹਿਗੁਰੂ ਮੇਰੇ ਚਿੱਤ ਤੇ ਸਰੀਰ ਅੰਦਰ ਰਮ ਰਿਹਾ ਹੈ। ਗੁਰਾਂ ਦੀ ਬਾਣੀ ਰਾਹੀਂ ਮੈਂ ਊਸ ਦੀ ਪ੍ਰੀਤ ਦਾ ਅਨੰਦ ਲੈਂਦਾ ਹਾਂ।

ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
ਪ੍ਰਭੂ ਦਾ ਪ੍ਰਕਾਸ਼ ਆਂਡੇ, ਜੇਰ, ਮੁੜ੍ਹਕੇ ਤੇ ਧਰਤੀ ਤੋਂ ਪੈਦਾ ਹੋਣ ਵਾਲੇ ਅਤੇ ਸਾਰਿਆਂ ਦਿਲਾਂ ਅੰਦਰ ਰਵਿਆ ਹੋਇਆ ਹੈ।

ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥
ਹੇ ਰਹਿਮਤ ਦੇ ਸੁਆਮੀ, ਦਾਤਾਰ ਪੁਰਖ! ਮੈਨੂੰ ਆਪਣਾ ਦੀਦਾਰ ਬਖਸ਼ ਅਤੇ ਸੋਚ ਸਮਝ ਪ੍ਰਦਾਨ ਕਰ। ਤਾਂ ਜੋ ਮੈਂ ਮੁਕਤੀ ਨੂੰ ਪ੍ਰਾਪਤ ਹੋ ਜਾਵਾਂ।

ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥
ਨਾਨਕ ਮੌਜੀ ਵਾਹਿਗੁਰੂ ਪਿਆਰ ਅਤੇ ਖੁਸ਼ੀ ਨਾਲ ਉਹ ਪਤਨੀ ਨੂੰ ਮਾਣਦਾ ਹੈ ਜੋ ਉਸ ਨਾਲਪ੍ਰੇਮ ਅਤੇ ਮੁਹੱਬਤ ਕਰਦੀ ਹੈ।

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
ਮਾਘ ਦੇ ਮਹੀਨੇ ਅੰਦਰ ਯਾਤਰਾ ਅਸਥਾਨ ਨੂੰ ਆਪਣੇ ਅੰਦਰ ਅਨੁਭਵ ਕਰਨ ਦੁਆਰਾ ਮੈਂ ਪਵਿੱਤਰ ਹੋ ਜਾਂਦੀ ਹਾਂ।

ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
ਊਸ ਦੀਆਂ ਨੇਕੀਆਂ ਧਾਰਨ ਕਰਨ ਅਤੇ ਉਸ ਦੇ ਸਰੂਪ ਅੰਦਰ ਲੀਨ ਹੋਣ ਦੁਆਰਾ ਮੈਂ ਸੁਖੈਨ ਹੀ ਆਪਣੇ ਸਾਜਨ ਨੂੰ ਮਿਲ ਪਈ ਹਾਂ।

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥
ਤੂੰ ਮੇਰੀ ਗੱਲ ਸੁਣ, ਹੇ ਮੇਰੇ ਪਿਆਰੇ ਅਤੇ ਸੁੰਦਰ ਸੁਆਮੀ! ਤੇਰੀਆਂ ਖੂਬੀਆਂ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਜੇਕਰ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੇ ਸਰੋਵਰ ਅੰਦਰ ਇਸ਼ਨਾਨ ਕਰਾਂਗੀ।

ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
ਗੰਗਾ ਜਮਨਾ ਤਿੰਨਾਂ ਨਦੀਆਂ ਦਾ ਮਿਲਾਪ ਅਸਥਾਨ ਤੇ ਸੱਤ ਸਮੁੰਦਰ ਸਮਾਏ ਹੋਏ ਹਨ,

ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
ਸਖਾਵਤ, ਖੈਰਾਤ ਅਤੇ ਉਪਾਸ਼ਨਾ ਪਾਰਬ੍ਰਹਮ ਦੇ ਨਾਮ ਅੰਦਰ। ਮੈਂ ਅਨੁਭਵ ਕਰਦਾ ਹਾਂ ਕਿ ਸੁਆਮੀ ਹੀ ਹਰ ਯੁਗ ਅੰਦਰ ਵਿਆਪਕ ਹੋ ਰਿਹਾ ਹੈ।

ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥
ਨਾਨਕ ਮਾਘ ਵਿੱਚ ਅਠਾਹਟ ਯਾਤ੍ਰਾ ਅਸਥਾਨਾਂ ਦਾ ਇਸ਼ਨਾਨ ਸੁਆਮੀ ਦੇ ਨਾਮ ਦੇ ਪਰਮ ਅੰਮ੍ਰਿਤ ਦੇ ਸਿਮਰਨ ਵਿੱਚ ਆਜਾਦਾ ਹੈ।

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥
ਫੱਗਣ ਵਿੱਚ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਭਾਉਂਦੀ ਹੈ, ਉਨ੍ਹਾਂ ਦੀ ਆਤਮਾਂ ਖਿੜ ਜਾਂਦੀ ਹੈ।

ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥
ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਦਿੰਦੀ ਹੈ, ਉਹ ਰਾਤ ਅਤੇ ਦਿਨ ਆਤਮਕ ਅਨੰਦ ਅੰਦਰ ਵਿਚਰਦੀ ਹੈ।

ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥
ਜਦ ਉਸ ਨੂੰ ਚੰਗਾ ਲੱਗਦਾ ਹੈ ਤਾਂ ਮੈਂ ਆਪਣੇ ਹਿਰਦੇ ਵਿਚੋਂ ਸੰਸਾਰੀ ਮਮਤਾ ਨੂੰ ਮੇਟ ਦਿੰਦੀ ਹਾਂ ਅਤੇ ਸਾਈਂ ਮਿਹਰ ਧਾਰ ਕੇ ਮੇਰੇ ਘਰ ਵਿੱਚ ਆ ਜਾਂਦਾ ਹੈ।

ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥
ਭਾਵੇਂ ਮੈਂ ਘਨੇਰੇ ਭੇਸ ਧਾਰਨ ਕਰ ਲਵਾਂ, ਪ੍ਰੰਤੂ ਆਪਣੇ ਪਿਆਰੇ ਦੇ ਬਗੈਰ, ਮੈਨੂੰ ਉਸ ਦੇ ਮੰਦਰ ਵਿੱਚ ਥਾਂ ਨਹੀਂ ਮਿਲਣੀ।

ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥
ਜਦ ਮੇਰੇ ਦਿਲਬਰ ਨੇ ਇਸ ਤਰ੍ਹਾਂ ਚਾਹਿਆ ਤਾਂ ਮੈਂ ਆਪਣੇ ਆਪ ਨੂੰ ਫੂਲ ਮਾਲਾ, ਮੋਤੀਆਂ ਦੀਆਂ ਲੜੀਆਂ ਅਤਰ ਅਤੇ ਰੇਸ਼ਮੀ ਬਸਤਰਾਂ ਨਾਲ ਸ਼ਸ਼ੋਭਤ ਕੀਤਾ।

ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥
ਨਾਨਕ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਪਤਨੀ ਨੇ ਆਪਦੇ ਪਤੀ ਨੂੰ ਆਪਣੇ ਗ੍ਰਹਿ ਵਿੱਚ ਹੀ ਪ੍ਰਾਪਤ ਕਰ ਲਿਆ ਹੈ।

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
ਦੋ ਅਤੇ ਦਸ (ਬਾਰਾਂ) ਮਹੀਨੇ, ਮੌਸਮ, ਤਿੱਥਾਂ, ਹਫਤੇ ਦੇ ਦਿਹਾੜੇ ਸਰੇਸ਼ਟ ਹਨ,

ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
ਘੰਟੇ, ਮਿੰਟਾਂ ਅਤੇ ਮੁਹਤ ਸਮੂਹ ਜਦ ਕਿ ਸੱਚਾ ਸੁਆਮੀ ਆ ਕੇ ਸੁਭਾਵਿਕ ਹੀ ਮੈਨੂੰ ਮਿਲ ਪੈਂਦਾ ਹੈ।

ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥
ਮਿੱਠੜਾ ਮਾਲਕ ਮੈਨੂੰ ਮਿਲ ਪਿਆ ਹੈ ਅਤੇ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਸਿਰਜਣਹਾਰ ਸੁਆਮੀ ਸਾਰੀਆਂ ਤਦਬੀਰਾਂ ਜਾਣਦਾ ਹੈ।

ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
ਮੈਂ ਉਸ ਦੀ ਲਾਡਲੀ ਹਾਂ, ਜਿਸ ਨੇ ਮੈਨੂੰ ਚਾਰ ਚੰਨ ਲਾਏ ਹਨ। ਮੈਂ ਉਸ ਨੂੰ ਮਿਲ ਪਈ ਹਾਂ ਅਤੇ ਉਸ ਦੇ ਪਿਆਰ ਦਾ ਅਨੰਦ ਲੈਂਦੀ ਹਾਂ।

ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥
ਜਦ ਮੇਰਾ ਪ੍ਰੀਤਮ ਮੈਨੂੰ ਮਾਣਦਾ ਹੈ ਤਾਂ ਮੇਰੇ ਘਰ ਦਾ ਪਲੰਘ ਸੁੰਦਰ ਹੋ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਮੇਰੇ ਮੱਥੇ ਦੀ ਪ੍ਰਾਲਭਧ ਜਾਗ ਉਠੀ ਹੈ।

copyright GurbaniShare.com all right reserved. Email