ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥ ਨਾਨਕ ਦਿਨ ਰਾਤ ਮੇਰਾ ਦਿਲਜਾਨੀ ਮੈਨੂੰ ਮਾਣਦਾ ਹੈ ਅਤੇ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ ਮੇਰਾ ਵਿਆਹੁਤਾ ਜੀਵਨ ਸਦੀਵੀ ਸਥਿਰ ਹੋ ਗਿਆ ਹੈ। ਤੁਖਾਰੀ ਮਹਲਾ ੧ ॥ ਤੁਖਾਰੀ ਪਹਿਲੀ ਪਾਤਿਸ਼ਾਹੀ। ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥ ਹੇ ਸੋਹਣਿਆਂ ਅੱਖਾਂ ਪਤਨੀਏ ਹਨੇਰੀ ਰਾਤ੍ਰੀ ਦੇ ਪਹਿਲੇ ਪਹਿਰ ਅੰਦਰ, ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥ ਤੂੰ ਆਪਣੀ ਜਾਇਦਾਦ ਦੀ ਰਖਵਾਲੀ ਕਰ, ਮਰ-ਜਾਣ-ਵਾਲੀਏ, ਤੇਰੀ ਵਾਰੀ ਛੇਤੀ ਹੀ ਆ ਜਾਵੇਗੀ। ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥ ਜਦ ਤੇਰੀ ਵਾਰੀ ਆਏਗੀ, ਤੈਨੂੰ ਕੌਣ ਜਗਾਏਗਾ? ਜਦ ਤੂੰ ਸੁੱਤੀ ਹੋਵੇਂਗੀ, ਮੌਤ ਦਾ ਦੂਤ ਤੇਰੇ ਜੀਵਨ ਦੇ ਰਥ ਨੂੰ ਖਿੱਚ ਲਵੇਗਾ। ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥ ਰਾਤ ਹਨ੍ਹੇਰੀ ਹੈ, ਚੋਰ ਸੰਨ੍ਹ ਲਾ ਕੇ ਤੇਰੇ ਝੁੱਗੇ ਨੂੰ ਲੁਟ ਲੈਣਗੇ। ਤੇਰੀ ਪਤਿ ਆਬਰੂ ਦਾ ਓਦੋਂ ਕੀ ਬਣੇਗਾ? ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ ॥ ਹੇ ਮੇਰੇ ਪਹੁੰਚ ਤੋਂ ਪਰੇ ਅਤੇ ਬੇਅੰਤ ਰੱਖਿਅਕ, ਤੂੰ ਮੇਰੀ ਪ੍ਰਾਰਥਨਾਂ ਸ੍ਰਵਣ ਕਰ। ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥ ਨਾਨਕ ਮੂੜ੍ਹ ਕਦੇ ਭੀ ਸੁਆਮੀ ਨੂੰ ਨਹੀਂ ਸਿਮਰਦਾ। ਕਾਲੀ ਬੋਲੀ ਰਾਤ ਵਿੱਚ ਉਸ ਨੂੰ ਕੀ ਦਿਸ ਸਕਦਾ ਹੈ? ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥ ਦੂਸਰਾ ਪਹਿਰ ਉਦੇ ਹੋ ਗਿਆ ਹੈ। ਤੂੰ ਜਾਗ ਪਓ, ਹੇ ਬੇਖਬਰ ਜੀਵ! ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥ ਆਪਣੇ ਮਾਲ-ਮੱਤਾ ਦੀ ਰਖਵਾਲੀ ਕਰ, ਨੀ ਫਾਨੀ ਤ੍ਰੀਮਤੇ! ਤੇਰੀ ਪੈਲੀ ਖਾਧੀ ਜਾ ਰਹੀ ਹੈ। ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥ ਤੂੰ ਆਪਣੀ ਫਸਲ ਨੂੰ ਬਚਾ ਤੇ ਆਪਣੇ ਗੁਰ-ਪ੍ਰਮੇਸ਼ਵਰ ਨੂੰ ਪਿਆਰ ਕਰ। ਤੇਰੇ ਜਾਗਦੇ ਰਹਿਣ ਨਾਲ ਚੋਰ ਤੈਨੂੰ ਲੁਟੇਗਾ ਨਹੀਂ। ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥ ਤੂੰ ਮੌਤ ਦੇ ਦੂਤ ਦੇ ਰਾਹੇ ਨਹੀਂ ਜਾਵੇਂਗੀ ਅਤੇ ਕਸ਼ਟ ਨਹੀਂ ਊਠਾਵੇਂਗੀ। ਤੇਰਾ ਮੌਤ ਦਾ ਭੈ ਅਤੇ ਤ੍ਰਾਹ ਦੌੜ ਜਾਵੇਗਾ। ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਮਨ ਅਤੇ ਮੂੰਹ ਨਾਲ ਤੂੰ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦੇ ਵੱਸ ਵਿੰਚ ਹਨ ਸੂਰਜ ਤੇ ਚੰਦ ਦੇ ਦੀਵੇ। ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥ ਨਾਨਕ ਅਜੇ ਭੀ ਮੂੜ੍ਹ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ। ਦਵੈਤ-ਭਾਵ ਅੰਦਰ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥ ਤੀਜਾ ਪਹਿਰ ਆ ਗਿਆ ਹੈ ਅਤੇ ਪ੍ਰਾਣੀ ਨੂੰ ਨੀਂਦ੍ਰ ਨੇ ਆ ਘੇਰਿਆ ਹੈ। ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥ ਦੌਲਤ, ਬੱਚੇ ਅਤੇ ਵਹੁਟੀ ਰਾਹੀਂ ਊਹ ਕਸ਼ਟ ਅੰਦਰ ਦੁਖਾਂਤਰ ਹੁੰਦਾ ਹੈ। ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥ ਧਨ-ਦੌਲਤ, ਬੱਚੇ ਵਹੁਟੀ ਅਤੇ ਦੁਨੀਆਂ ਉਸ ਨੂੰ ਮਿੱਠੜੇ ਲੱਗਦੇ ਹਨ। ਊਹ ਦਾਣਾ ਦੁਣਕ ਚੁਗਦਾ ਹੈ ਅਤੇ ਸਦਾਹੀ ਫਸ ਜਾਂਦਾ ਹੈ। ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥ ਜੇਕਰ ਊਹ ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਆਰਾਧਨ ਕਰੇ, ਤਦ ਉਹ ਆਰਾਮ ਚੈਨ ਪਾ ਲੈਂਦਾ ਹੈ ਅਤੇ ਮੌਤ ਉਸ ਨਹੀਂ ਪਕੜਦੀ। ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥ ਆਉਣ, ਜਾਣ ਅਤੇ ਮੌਤ ਉਸ ਨੂੰ ਨਹੀਂ ਛੱਡਦੇ ਅਤੇ ਨਾਮ ਦੇ ਬਗੈਰ ਉਹ ਦੁਖੀ ਹੁੰਦਾ ਹੈ। ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥ ਨਾਨਕ, ਤੀਜੇ ਪਹਿਰ ਅੰਦਰ ਤਿੰਨ ਪ੍ਰਕਾਰ ਦੀ ਮੋਹਣੀ ਤੇ ਠਸਰ ਹੇਠਾਂ ਲੋਕ ਸੰਸਾਰੀ ਮਮਤਾ ਅੰਦਰ ਖਚਤ ਹੋਏ ਹੋਏ ਹਨ। ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥ ਚੌਥਾ ਪਹਿਰ ਆ ਗਿਆ ਹੈ ਅਤੇ ਮੌਤ ਦਾ ਦਿਨ ਉਦੇ ਹੋਣ ਵਾਲਾ ਹੈ। ਤਿਨ ਘਰੁ ਰਾਖਿਅੜਾ ਜੋੁ ਅਨਦਿਨੁ ਜਾਗੈ ਰਾਮ ॥ ਜਿਹੜੇ ਰਾਤ ਅਤੇ ਦਿਨ ਜਾਗਦੇ ਰਹਿੰਦੇ ਹਨ, ਉਹ ਆਪਣੇ ਝੁਗੇ ਨੂੰ ਬਚਾ ਲੈਂਦੇ ਹਨ। ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥ ਰਾਤ੍ਰੀ ਉਹਨਾ ਲਈ ਆਰਾਮਦੇਹ ਹੈ। ਜੋ ਗੁਰਾਂ ਦੇ ਮਸ਼ਵਰੇ ਤਾਬੇ ਖਬਰਦਾਰ ਰਹਿੰਦੇ ਹਨ ਅਤੇ ਆਪਦੇ ਆਪ ਨੂੰ ਸਾਈਂ ਦੇ ਨਾਮ ਨਾਲ ਜੋੜਦੇ ਹਨ। ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥ ਜੋ ਗੁਰਾਂ ਦੇ ਉਪਦੇਸ਼ ਉਤੇ ਅਮਲ ਕਰਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੇ ਅਤੇ ਵਾਹਿਗੁਰੂ ਸੁਆਮੀ ਉਨ੍ਹਾਂ ਦਾ ਮਿਤਰ ਬਣ ਜਾਂਦਾ ਹੈ। ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥ ਉਨ੍ਹਾਂ ਦੇ ਹੱਥ ਕੰਬਦੇ ਹਨ, ਪੈਰ ਤੇ ਦੇਹ ਥਿੜਕਦੇ ਹਨ, ਅੱਖਾਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਜਿਸਮ ਮਿੱਟੀ ਵਰਗਾ ਹੋ ਜਾਂਦਾ ਹੈ। ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥ ਨਾਨਕ, ਸੁਆਮੀ ਦਾ ਨਾਮ ਹਿਰਦੇ ਅੰਦਰ ਵਸਾਣ ਦੇ ਬਗੈਰ, ਪ੍ਰਾਣੀ ਚਾਰੇ ਯੁਗ ਹੀ ਦੁੱਖੀ ਰਹਿੰਦਾ ਹੈ। ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥ ਤੇਰੀ ਦੇਹ ਦੀ ਗੰਢ ਖੁਲ੍ਹ ਗਈ ਹੈ, ਤੂੰ ਉਠੱ ਖੜਾ ਹੋ, ਤੇਰੇ ਲਈ ਲਿਖਤੀ ਹੁਕਮ ਆ ਗਿਆ ਹੈ। ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥ ਰੰਗ ਰਲੀਆਂ ਅਤੇ ਆਰਾਮ ਬੰਦ ਕਰ ਦਿੱਤੇ ਹਨ ਅਤੇ ਮੌਤ ਬੰਦੇ ਨੂੰ ਕੈਦੀ ਬਣਾ ਕੇ ਅੱਗੇ ਨੂੰ ਧੱਕ ਦਿੰਦੀ ਹੈ। ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥ ਜਦ ਪ੍ਰਭੂ ਨੂੰ ਚੰਗਾ ਲੱਗਦਾ ਹੈ, ਵੇਖੋ ਅਤੇ ਸੁਣੇ ਬਗੈਰ, ਮੌਤ ਪ੍ਰਾਣੀ ਨੂੰ ਪਕੜ ਕੇ ਅੱਗੇ ਨੂੰ ਤੋਰ ਦਿੰਦੀ ਹੈ। ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥ ਹਰ ਜਾਣੇ ਦੀ ਆਪਣੀ ਵਾਰੀ ਆਉਂਦੀ ਹੈ। ਪੱਕੀ ਹੋਈ ਫਸਲ ਸਦਾ ਹੀ ਵੱਢ ਲਈ ਜਾਂਦੀ ਹੈ। ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥ ਹਰ ਇੱਕ ਮੁਹਤ ਅਤੇ ਛਿਨ ਦਾ ਹਿਸਾਬ ਕਿਤਾਬ ਲਿਆ ਜਾਂਦਾ ਹੈ ਅਤੇ ਆਤਮਾ ਨੂੰ ਚੰਗੇ ਤੇ ਮੰਦੇ ਅਮਲਾਂ ਦਾ ਬਦਲਾ ਭੁਗਤਣਾ ਪੈਂਦਾ ਹੈ। ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥ ਉਸ ਸਾਈਂ ਨੇ ਇਸ ਤਰ੍ਹਾਂ ਖੇਡ ਨਿਯੁਕਤ ਕੀਤੀ ਹੈ ਕਿ ਨਾਮ ਦੇ ਰਾਹੀਂ ਦੈਵੀ ਸਰੂਪ ਪੁਰਸ਼ ਆਪਦੇ ਸੁਆਮੀ ਨਾਲ ਮਿਲ ਜਾਂਦੇ ਹਨ। ਤੁਖਾਰੀ ਮਹਲਾ ੧ ॥ ਤੁਖਾਰੀ ਪਹਿਲੀ ਪਾਤਿਸ਼ਾਹੀ। ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥ ਬੋਦੀ ਵਾਲਾ ਤਾਰਾ ਚੜ੍ਹ ਪਿਆ ਹੈ। ਅੱਖ ਨਾਲ ਪ੍ਰਭੂ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ? ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥ ਸੱਚੇ ਗੁਰਦੇਵ ਜੀ ਆਪਣੇ ਪੂਰਨ ਭਾਗਾਂ ਵਾਲੇ ਗੋਲੇ ਨੂੰ ਪ੍ਰਭੂ ਵਿਖਾਲ ਦਿੰਦੇ ਹਨ। ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥ ਜਿਸ ਕਿਸੇ ਨੂੰ ਗੁਰੂ ਜੀ ਪ੍ਰਭੂ ਨੂੰ ਵਿਖਾਲਦੇ ਹਨ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਦਿਨ ਤੇ ਰਾਤ ਵਾਹਿਗੁਰੂ ਨੂੰ ਵੇਖਦਾ ਅਤੇ ਆਰਾਧਦਾ ਹੈ। ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥ ਉਸ ਦੀਆਂ ਭੱਜੀਆਂ ਫਿਰਦੀਆਂ ਪੰਜੇ ਇਦ੍ਰੀਆਂ ਸਥਿਰ ਹੋ ਜਾਂਦੀਆਂ ਹਨ, ਉਹ ਸੁਆਮੀ ਦੇ ਮੰਦਰ ਨੂੰ ਜਾਣ ਲੈਂਦਾ ਹੈ ਅਤੇ ਕਾਮਚੇਸ਼ਟਾ, ਗੁੱਸੇ ਅਤੇ ਬਦੀ ਨੂੰ ਮਾਰ ਸੁੱਟਦਾ ਹੈ। ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥ ਗੁਰਾਂ ਦੇ ਊਪਦੇਸ਼ ਦੁਆਰਾ, ਉਸ ਦਾ ਅੰਦਰ ਰੌਸ਼ਨ ਹੋ ਜਾਂਦਾ ਹੈ ਅਤੇ ਉਹ ਸਾਹਿਬ ਦੀਆਂ ਅਦੁਭੁਤ ਖੇਡਾਂ ਨੂੰ ਵੇਖਦਾ ਹੈ। copyright GurbaniShare.com all right reserved. Email |