Page 1198

ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥
ਹੇ ਪਤਨੀਏ! ਇਸ ਤਰੀਕੇ ਨਾਲ ਵਾਹਿਗੁਰੂ ਪਤੀ ਮਿਲਦਾ ਹੈ। ਮੁਬਾਰਕ ਹੈ, ਉਹ ਪਤਨੀ, ਜੋ ਆਪਣੇ ਪਤੀ ਦੀ ਲਾਡਲੀ ਹੈ।

ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥
ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਦਾ ਸਿਮਰਨ ਕਰਨ ਨਾਲ ਜੀਵ ਜਾਤੀ, ਕੌਮ, ਵੰਸ਼ ਅਤੇ ਭਰਮ ਤੋਂ ਖਲਾਸੀ ਪਾ ਜਾਂਦਾ ਹੈ।

ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ ਹਿੰਸਾ ਲੋਭੁ ਵਿਸਾਰੇ ॥
ਜਿਸ ਦਾ ਮਨੂਆ ਸੰਤੁਸ਼ਟ ਹੋ ਗਿਆ ਹੈ, ਉਹ ਸਵੈ-ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਉਹ ਨਿਰਦਈ-ਪੁਣੇ ਤੇ ਲਾਲਚ ਨੂੰ ਛੱਡ ਦਿੰਦਾ ਹੈ।

ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ ॥੨॥
ਪਤੀ ਦੀ ਪਤਨੀ ਨਿਰਯਤਨ ਹੀ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਉਸ ਦੀ ਪ੍ਰੀਤ ਨਾਲ ਸ਼ਸ਼ੋਭਤ ਹੋ ਜਾਂਦੀ ਹੈ।

ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ ॥
ਤੂੰ ਟੱਬਰ ਕਬੀਲੇ ਤੇ ਰਿਸ਼ਤੇਦਾਰਾਂ ਦੀ ਐਹੋ ਜੇਹੀ ਮੁਹੱਬਤ ਨੂੰ ਸਾੜ ਸੁੱਟ, ਜੋ ਧਨ-ਦੌਲਤ ਦੀ ਮਮਤਾ ਨੂੰ ਵਧਾਉਂਦੀ ਹੈ।

ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥੩॥
ਜਿਸ ਦਾ ਮਨ ਪ੍ਰਭ੍ਰੂ ਦੇ ਪ੍ਰੇਮ ਦਾ ਸੁਆਦ ਨਹੀਂ ਲੈਂਦਾ, ਸੰਸਾਰੀ ਮਮਤਾ ਦੇ ਰਾਹੀਂ, ਉਹ ਮੰਦੇ ਅਮਲ ਕਮਾਉਂਦਾ ਹੈ।

ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥
ਪ੍ਰੀਤਮ ਦੀ ਲਾਡਲੀ, ਜਿਸ ਦੇ ਰਿਦੇ ਅੰਦਰ ਪ੍ਰਭੂ ਦੀ ਪ੍ਰੀਤ ਦਾ ਅਮੋਲਕ ਹੀਰਾ ਹੈ, ਲੁਕੀ ਛਿਪੀ ਨਹੀਂ ਰਹਿੰਦੀ।

ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥੪॥੩॥
ਨਾਨਕ, ਗੁਰਾਂ ਦੀ ਦਇਆ ਦੁਆਰਾ, ਉਹ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਅਣਮੁੱਲੇ ਨਾਮ ਨੂੰ, ਸਾਰਿਆਂ ਯੁਗਾਂ ਅੰਦਰ ਟਿਕਾਈ ਰਖਦੀ ਹੈ।

ਸਾਰੰਗ ਮਹਲਾ ੪ ਘਰੁ ੧
ਸਾਰੰਗ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥
ਮੈਂ ਸਾਹਿਬ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਹਾਂ।

ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥੧॥ ਰਹਾਉ ॥
ਸਾਧ ਸੰਗਤ ਨਾਲ ਜੁੜ ਕੇ ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ। ਰੱਬੀ ਰੂਹ ਸਾਰਿਆਂ ਨੂੰ ਪਰੀਪੂਰਨ ਕਰ ਰਹੀ ਹੈ। ਠਹਿਰਾਉ।

ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ ॥
ਸਾਧ ਸਰੂਪ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਜੀਵ ਨੂੰ ਠੰਢ-ਚੈਨ ਪਰਾਪਤ ਹੋ ਜਾਂਦੀ ਹੈ ਅਤੇ ਉਸ ਦੇ ਸਾਰੇ ਪਾਪ ਤੇ ਦੁਖੜੇ ਨਸ਼ਟ ਹੋ, ਪਰੇ ਹੋ ਜਾਂਦੇ ਹਨ।

ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥੧॥
ਉਸ ਦੀ ਰੂਹ ਦਾ ਨੂਰ ਚਮਕ ਉਠਦਾ ਹੈ ਅਤੇ ਉਹ ਪਵਿੱਤ੍ਰ ਪ੍ਰਭੂ ਦੀ ਹਜ਼ੂਰੀ ਨੂੰ ਵੇਖ ਲੈਂਦਾ ਹੈ।

ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥
ਭਾਰੇ ਚੰਗੇ ਭਾਗਾਂ ਦੁਆਰਾ, ਮੈਨੂੰ ਸਤਿਸੰਗਤ ਪਰਾਪਤ ਹੋਈ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨੇ ਮੈਨੂੰ ਪਰੀਪੂਰਨ ਕਰ ਦਿੱਤਾ ਹੈ।

ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ॥੨॥
ਸਾਧ ਸਮੇਲਨ ਦੇ ਪੈਰਾਂ ਦੀ ਧੂੜ ਅੰਦਰ ਨ੍ਹਾਉਣ ਵਿੱਚ ਅਠਾਹਠ ਧਰਮ-ਅਸਥਾਨਾਂ ਦੇ ਇਸ਼ਨਾਨ ਆ ਜਾਂਦੇ ਹਨ।

ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥
ਗੰਦਾ ਅਤੇ ਤੁੱਛ ਹੈ ਮਨ ਖੋਟੀ ਅਕਲ ਵਾਲੇ ਵਿਕਾਰੀ ਪੁਰਸ਼ ਦਾ। ਉਸ ਦਾ ਅਪਵਿੱਤ੍ਰ ਦਿਲ ਸੰਸਾਰੀ ਮਮਤਾ ਤੇ ਕੂੜ ਨਾਲ ਜੁੜਿਆ ਹੋਇਆ ਹੈ।

ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ ॥੩॥
ਪ੍ਰਾਲਭਧ ਦੇ ਬਗੈਰ, ਸਤਿਸੰਗਤ ਕਿਸ ਤਰ੍ਹਾਂ ਪਰਾਪਤ ਹੋ ਸਕਦੀ ਹੈ? ਹੰਕਾਰ ਅੰਦਰ ਗ੍ਰਸਿਆ ਹੋਇਆ ਬੰਦਾ ਸਦਾ ਹੀ ਪਸਚਾਤਾਪ ਕਰਦਾ ਹੈ।

ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤਸੰਗਤਿ ਪਗ ਧੂਰਿ ॥
ਤੂੰ ਮਇਆਵਾਨ ਹੋ, ਹੇ ਮਹਾਰਾਜ ਮਾਲਕ! ਅਤੇ ਮੇਰੇ ਉਤੇ ਰਹਿਮਤ ਧਾਰ। ਮੈਂ ਸਾਧ ਸੰਗਤ ਦੇ ਪੈਰਾ ਦੀ ਧੂੜ ਦੀ ਯਾਚਨਾ ਕਰਦਾ ਹਾਂ।

ਨਾਨਕ ਸੰਤੁ ਮਿਲੈ ਹਰਿ ਪਾਈਐ ਜਨੁ ਹਰਿ ਭੇਟਿਆ ਰਾਮੁ ਹਜੂਰਿ ॥੪॥੧॥
ਨਾਨਕ, ਸਾਧੂਆਂ ਨਾਲ ਮਿਲਣ ਦੁਆਰਾ, ਪ੍ਰਾਣੀ ਪ੍ਰਭੂ ਨੂੰ ਪਾ ਲੈਂਦਾ ਹੈ। ਸੁਆਮੀ ਦਾ ਗੋਲਾ ਸੁਆਮੀ ਵਾਹਿਗੁਰੂ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਂਦਾ ਹੈ।

ਸਾਰੰਗ ਮਹਲਾ ੪ ॥
ਸਾਰੰਗ ਚੋਥੀ ਪਾਤਿਸ਼ਾਹੀ।

ਗੋਬਿੰਦ ਚਰਨਨ ਕਉ ਬਲਿਹਾਰੀ ॥
ਮੈਂ ਪ੍ਰਭੂ ਦੇ ਪੈਰਾਂ ਤੋਂ ਕੁਰਬਾਨ ਜਾਂਦਾ ਹਾਂ।

ਭਵਜਲੁ ਜਗਤੁ ਨ ਜਾਈ ਤਰਣਾ ਜਪਿ ਹਰਿ ਹਰਿ ਪਾਰਿ ਉਤਾਰੀ ॥੧॥ ਰਹਾਉ ॥
ਭਿਆਨਕ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ। ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।

ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥
ਜਦ ਪ੍ਰਭੂ ਵਿੱਚ ਭਰੋਸਾ ਮੇਰੇ ਦਿਲ ਅੰਦਰ ਉਤਪੰਨ ਹੋ ਗਿਆ, ਤਾਂ ਮੇਰਾ ਮਨ ਉਸ ਦੀ ਟਹਿਲ ਸੇਵਾ ਅਤੇ ਸਿਮਰਨ ਦੇ ਸਮਰਪਨ ਹੋ ਗਿਆ।

ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥੧॥
ਰੈਨ ਅਤੇ ਦਿਨ ਤੂੰ ਆਪਣੇ ਮਨ ਅੰਦਰ, ਪ੍ਰਭੂ ਦੇ ਨਾਮ ਦਾ ਉਚਾਰਨ ਕਰ, ਜੋ ਸਰਬ-ਸ਼ਕਤੀਵਾਨ ਅਤੇ ਸਮੂਹ ਗੁਣਾ ਵਾਲਾ ਹੈ।

ਪ੍ਰਭੁ ਅਗਮ ਅਗੋਚਰੁ ਰਵਿਆ ਸ੍ਰਬ ਠਾਈ ਮਨਿ ਤਨਿ ਅਲਖ ਅਪਾਰੀ ॥
ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਅਦ੍ਰਿਸ਼ਟ ਅਤੇ ਅਨੰਤ ਸੁਆਮੀ ਹਿਰਦੇ, ਦੇਹਿ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।

ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖੁ ਲਖਾਰੀ ॥੨॥
ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ ਤਦ ਅਡਿੱਠ ਸੁਆਮੀ ਦੇਖਿਆ ਅਤੇ ਰਿਦੇ ਅੰਦਰ ਪ੍ਰਾਪਤ ਕੀਤਾ ਜਾਂਦਾ ਹੈ।

ਅੰਤਰਿ ਹਰਿ ਨਾਮੁ ਸਰਬ ਧਰਣੀਧਰ ਸਾਕਤ ਕਉ ਦੂਰਿ ਭਇਆ ਅਹੰਕਾਰੀ ॥
ਸਮੂਹ ਧਰਤੀ ਦਾ ਆਸਰਾ, ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਹੀ ਹੈ, ਪ੍ਰੰਤੂ ਮਗਰੂਰ ਮਾਇਆ ਦੇ ਪੁਜਾਰੀ ਨੂੰ ਇਹ ਦੁਰੇਡੇ ਮਲੂਮ ਹੁੰਦਾ ਹੈ।

ਤ੍ਰਿਸਨਾ ਜਲਤ ਨ ਕਬਹੂ ਬੂਝਹਿ ਜੂਐ ਬਾਜੀ ਹਾਰੀ ॥੩॥
ਉਸ ਦੀ ਮਚਦੀ ਹੋਈ ਖਾਹਿਸ਼ ਕਦੇ ਭੀ ਬੁਝਦੀ ਨਹੀਂ ਅਤੇ ਉਹ ਆਪਣੀ ਜੀਵਨ ਖੇਡ ਜੂਏ ਵਿੱਚ ਹਾਰ ਦਿੰਦਾ ਹੈ।

ਊਠਤ ਬੈਠਤ ਹਰਿ ਗੁਨ ਗਾਵਹਿ ਗੁਰਿ ਕਿੰਚਤ ਕਿਰਪਾ ਧਾਰੀ ॥
ਜਿਸ ਉਤੇ ਗੁਰੂ ਜੀ ਇਕ ਕਿਣਕਾ ਮਾਤ੍ਰ ਭੀ ਆਪਣੀ ਰਹਿਮਤ ਕਰਦੇ ਹਨ, ਉਹ ਉਠਦਿਆਂ ਅਤੇ ਬਹਿੰਦਿਆਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।

ਨਾਨਕ ਜਿਨ ਕਉ ਨਦਰਿ ਭਈ ਹੈ ਤਿਨ ਕੀ ਪੈਜ ਸਵਾਰੀ ॥੪॥੨॥
ਨਾਨਕ, ਜਿਨ੍ਹਾਂ ਉਤੇ ਪ੍ਰਭੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਨ੍ਹਾਂ ਦੀ ਪਤਿ-ਆਬਰੂ ਉਹ ਖੁਦ ਹੀ ਰਖਦਾ ਹੈ।

copyright GurbaniShare.com all right reserved. Email