Page 1200

ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥
ਆਪਣਿਆਂ ਕੰਨਾ ਨਾਲ ਮੈਂ ਦਿਨ ਰੈਣ ਉਸ ਦਾ ਜੱਸ ਸੁਣਦਾ ਹਾਂ ਅਤੇ ਆਪਣੇ ਸੁਆਮੀ ਮਾਲਕ ਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ।

ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥
ਜਦ ਗੁਰਾਂ ਦੀ ਦਇਆ ਦੁਆਰਾ, ਮੈਂ ਂ ਪੰਜਾ ਭੂਤਨਿਆਂ ਨੂੰ ਕਾਬੂ ਕਰ ਲਿਆ ਤਾਂ ਮੈਂ ਪਰਮ ਪ੍ਰਸੰਨਤਾ ਅੰਦਰ ਨਾਮ ਨਾਲ ਜੁੜ ਗਿਆ।

ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥
ਵਾਹਿਗੁਰੂ ਨੇ ਆਪਣੇ ਗੋਲੇ ਨਾਨਕ ਉਤੇ ਮਿਹਰ ਕੀਤੀ ਅਤੇ ਉਹ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ।

ਸਾਰਗ ਮਹਲਾ ੪ ॥
ਸਾਰੰਗ ਚੌਥੀ ਪਾਤਿਸ਼ਾਹੀ।

ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥
ਹੇ ਬੰਦੇ! ਤੂੰ ਪ੍ਰਭੂ ਦੇ ਸਰੇਸ਼ਟ ਨਾਮ ਨੂੰ ਉਚਾਰ ਅਤੇ ਪੜ੍ਹ।

ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥
ਪ੍ਰਭੂ ਦੇ ਨਾਮ ਬਗੈਰ, ਕੁਛ ਭੀ ਅਸਥਿਰ ਨਹੀਂ ਅਤੇ ਬੇਫਾਇਦਾ ਹਨ ਹੋਰ ਸਾਰੇ ਅਡੰਬਰ। ਠਹਿਰਾਉ।

ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦੀਸੈ ਸੋ ਛਾਰੁ ॥
ਬੰਦਾ ਕੀ ਕਬੂਲ ਕਰੇ ਅਤੇ ਕੀ ਛਡੇ ਹੇ ਪਗਲੇ ਪ੍ਰਾਣੀ! ਜਦ ਜਿਹੜਾ ਕੁਛ ਦਿੱਸਦਾ ਹੈ, ਉਹ ਸਭ ਕੇਵਲ ਸੁਆਹ ਹੀ ਹੈ।

ਜਿਸੁ ਬਿਖਿਆ ਕਉ ਤੁਮ੍ਹ੍ਹ ਅਪੁਨੀ ਕਰਿ ਜਾਨਹੁ ਸਾ ਛਾਡਿ ਜਾਹੁ ਸਿਰਿ ਭਾਰੁ ॥੧॥
ਜਿਸ ਜ਼ਹਿਰ ਨੂੰ ਤੂੰ ਆਪਣੀ ਨਿੱਜ ਦੀ ਕਰ ਕੇ ਜਾਣਦਾ ਹੈ, ਉਸ ਨੂੰ ਤੂੰ ਛੱਡ ਜਾਵੇਗਾ ਅਤੇ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁੱਕ ਤੁਰੇਗਾ।

ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ ॥
ਭੋਰਾ ਭੋਰਾ ਅਤੇ ਨਿਮਖ ਨਿਮਖ ਕਰ ਕੇ ਉਮਰ ਘਟਦੀ ਜਾਂਦੀ ਹੈ ਅਤੇ ਬੇਸਮਝ ਬੰਦਾ ਇਸ ਨੂੰ ਸਮਝ ਨਹੀਂ ਸਕਦਾ।

ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ ॥੨॥
ਕੇਵਲ ਉਸ ਨੂੰ ਹੀ ਉਹ ਕਰਦਾ ਹੈ, ਜੋ ਉਸ ਨਾਲ ਨਹੀਂ ਜਾਣਾ। ਇਹ ਹੈ ਆਚਰਨ ਮਾਇਆ ਦੇ ਪੁਜਾਰੀ ਦਾ।

ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥
ਸਾਧੂਆਂ ਨਾਲ ਮਿਲ, ਹੈ ਪਗਲੇ ਪਰਾਣੀ! ਕੇਵਲ ਤਦ ਹੀ ਤੈਨੂੰ ਮੁਕਤੀ ਦਾ ਦਰ ਪਰਾਪਤ ਹੋਵੇਗਾ।

ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥੩॥
ਸਤਿ ਸੰਗਤ ਦੇ ਬਾਝੋਂ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੁੰਦਾ। ਤੂੰ ਜਾ ਕੇ ਵੇਦਾ ਨੂੰ ਜਾਣਨ ਵਾਲਿਆਂ ਤੋਂ ਪਾਤ ਕਰ ਲੈ।

ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥
ਪਾਤਿਸ਼ਾਹ ਅਤੇ ਸਰਦਾਰ ਕੂੜੇ ਖਿਲਾਰਿਆ ਨੂੰ ਤਿਆਗ ਕੇ ਸਾਰੇ ਹੀ ਟੁਰ ਜਾਣਗੇ।

ਨਾਨਕ ਸੰਤ ਸਦਾ ਥਿਰੁ ਨਿਹਚਲੁ ਜਿਨ ਰਾਮ ਨਾਮੁ ਆਧਾਰੁ ॥੪॥੬॥
ਨਾਨਕ ਸਾਧੂ ਜਿਸ ਦਾ ਆਸਰਾ ਪ੍ਰਭੂ ਦਾ ਨਾਮ ਹੈ, ਸਦੀਵੀ ਸਥਿਰ ਅਤੇ ਅਹਿੱਲ ਹੈ।

ਸਾਰਗ ਮਹਲਾ ੪ ਘਰੁ ੩ ਦੁਪਦਾ
ਸਾਰੰਗ ਚੋਥੀ ਪਾਤਿਸ਼ਾਹੀ। ਦੁਪਦਾ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
ਪੁਤ੍ਰ! ਤੂੰ ਕਿਉਂ ਆਪਣੇ ਪਿਤਾ ਨਾਲ ਝਗੜਾ ਕਰਦਾ ਹੈ?

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥
ਜਿਸ ਨੇ ਤੈਨੂੰ ਜਾਣਿਆ ਅਤੇ ਵੱਡਾ ਕੀਤਾ ਹੈ ਉਸ ਨਾਲ ਬਖੇੜਾ ਕਰਨਾ ਗੁਨਾਹ ਹੈ। ਠਹਿਰਾਉ।

ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
ਦੌਲਤ, ਜਿਸ ਦਾ ਤੂੰ ਹੰਕਾਰ ਕਰਦਾ ਹੈ, ਉਹ ਦੌਲਤ ਕਿਸੇ ਦੀ ਆਪਣੀ ਨਹੀਂ।

ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
ਇਕ ਮੁਹਤ ਵਿੱਚ ਤੂੰ ਵਿਸ਼ੇ ਵਿਕਾਰਾ ਦੀਆਂ ਰੰਗ-ਰਲੀਆਂ ਛਡ ਜਾਵੇਗਾ ਅਤੇ ਤਦ ਤੈਨੂੰ ਝੋਰਾ ਲੱਗੇਗਾ।

ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
ਜੋ ਤੇਰਾ ਸਾਹਿਬ ਅਤੇ ਮਾਲਕ ਹੈ, ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।

ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥
ਨੌਕਰ ਨਾਨਕ ਤੈਨੂੰ ਸਿਖ-ਮਤ ਦਿੰਦਾ ਹੈ। ਜੇਕਰ ਤੂੰ ਇਸ ਨੂੰ ਸੁਣ ਲਵੇ ਤਾਂ ਤੂੰ ਮੁਸੀਬਤ ਤੋਂ ਖਲਾਸੀ ਪਾ ਜਾਵੇਗਾ।

ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ
ਸਾਰੰਗ ਚੋਥੀ ਪਾਤਿਸ਼ਾਹੀ। ਦੁਪਦੇ ਪੜਤਾਲ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥
ਹੇ ਮੇਰੀ ਜਿੰਦੇ! ਤੂੰ ਜੱਗ ਦੇ ਸਾਂਈ, ਆਲਮ ਦੇ ਮਾਲਕ ਅਤੇ ਰਚਨਾ ਦੀ ਜਿੰਦ ਜਾਨ ਹਰੀ ਦਾ ਸਿਮਰਨ ਕਰ। ਮੇਰਾ ਪਿਆਰ ਦਿਲ ਨੂੰ ਚੁਰਾਉਣ ਵਾਲੇ ਹਰੀ ਨਾਲ ਪੈ ਗਿਆ ਹੈ। ਸਾਰਾ ਦਿਨ ਅਤੇ ਸਾਰੀ ਰੈਣ ਮੈਨੂੰ ਮਾਲਕ, ਮਾਲਕ, ਆਪਣੇ ਮਾਲਕ ਦਾ ਹੀ ਆਸਰਾ ਹੈ। ਠਹਿਰਾਉ।

ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥
ਅਣਗਿਣਤ, ਅਣਗਿਣਤ, ਅਣਗਿਣਤ ਹਨ ਵਾਹਿਗੁਰੂ ਦੀਆਂ ਸਿਫਤਾਂ। ਸੁਖਦੇਵ, ਨਾਰਦ ਅਤੇ ਬ੍ਰਹਮਾ ਵਰਗੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ। ਤੇਰੀਆਂ ਨੇਕੀਆਂ, ਹੇ ਪ੍ਰਭੂ! ਗਿਣੀਆਂ ਨਹੀਂ ਜਾ ਸਕਦੀਆਂ।

ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥
ਤੂੰ ਹੇ ਵਾਹਿਗੁਰੂ! ਅਨੰਤ ਹੈਂ ਤੂੰ ਹੇ ਵਾਹਿਗੁਰੂ ਅਨੰਤ ਹੈਂ! ਤੂੰ ਹੇ ਵਾਹਿਗੁਰੂ ਸਾਹਿਬ! ਖੁਦ ਹੀ ਆਪਣੇ ਤਰੀਕਿਆਂ ਨੂੰ ਜਾਣਦਾ ਹੈਂ।

ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥
ਰੱਬ ਦੇ ਬੰਦੇ, ਜੋ ਵਾਹਿਗੁਰੂ ਦੇ ਨੇੜੇ, ਵਾਹਿਗੁਰੂ ਦੇ ਨੇੜੇ ਵਸਦੇ ਹਨ, ਕੇਵਲ ਉਹ ਹੀ ਸੰਤ ਅਤੇ ਵਾਹਿਗੁਰੂ ਦੇ ਵੈਰਾਗੀ ਹਨ।

ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥
ਵਾਹਿਗੁਰੂ ਦੇ ਉਹ ਗੋਲੇ, ਹੇ ਨੌਕਰ ਨਾਨਕ! ਆਪਣੇ ਵਾਹਿਗੁਰੂ ਨਾਲ ਇਉਂ ਮਿਲ ਜਾਂਦੇ ਹਨ, ਜਿਸ ਤਰ੍ਹਾਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ।

copyright GurbaniShare.com all right reserved. Email