Page 1310

ਸਤਿਗੁਰੁ ਦਾਤਾ ਜੀਅ ਜੀਅਨ ਕੋ ਭਾਗਹੀਨ ਨਹੀ ਭਾਵੈਗੋ ॥
ਸੱਚੇ ਗੁਰਦੇਵ ਜੀ ਰੂਹਾਨੀ ਜਿੰਦਗੀ ਬਖਸ਼ਣ ਵਾਲੇ ਹਨ, ਪ੍ਰੰਤੁ ਨਿਕਰਮਣ ਬੰਦੇ ਉਲ੍ਹਾਂ ਨੂੰ ਪਿਆਰ ਨਹੀਂ ਕਰਦੇ।

ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ ॥੭॥
ਇਹ ਮੌਕਾ ਮੁੜ ਕੇ ਹੱਥ ਨਹੀਂ ਲਗਣਾ ਅਤੇ ਦੁਖੀ ਹੋਇਆ ਹੋਇਆ ਜੀਵ ਅੰਤ ਨੂੰ ਪਸਚਾਤਾਪ ਕਰੇਗਾ।

ਜੇ ਕੋ ਭਲਾ ਲੋੜੈ ਭਲ ਅਪਨਾ ਗੁਰ ਆਗੈ ਢਹਿ ਢਹਿ ਪਾਵੈਗੋ ॥
ਜੇਕਰ ਕੋਈ ਚੰਗਾ ਆਦਮੀ ਆਪਣੀ ਬਿਹਤਰੀ ਚਾਹੁੰਦਾ ਹੈ, ਤਾਂ ਉਸ ਨੂੰ ਗੁਰੂ ਜੀ ਮੂਹਰੇ ਨਿਰੋਲ ਨਿਸਲ ਪੈ ਜਾਣਾ ਚਾਹੀਦਾ ਹੈ।

ਨਾਨਕ ਦਇਆ ਦਇਆ ਕਰਿ ਠਾਕੁਰ ਮੈ ਸਤਿਗੁਰ ਭਸਮ ਲਗਾਵੈਗੋ ॥੮॥੩॥
ਨਾਨਕ ਕਹਿੰਦੇ ਹਨ, ਹੇ ਸੁਆਮੀ! ਤੂੰ ਮੇਰੇ ਉਤੇ ਮਿਹਰ ਅਤੇ ਕਿਰਪਾ ਧਾਰ, ਤਾਂ ਜੋ ਮੈਂ ਸੱਚੇ ਗੁਰਾਂ ਦੇ ਪੈਰਾ ਦੀ ਧੂੜ ਆਪਣੇ ਮਸਤਕ ਨੂੰ ਲਾ ਲਵਾਂ।

ਕਾਨੜਾ ਮਹਲਾ ੪ ॥
ਕਾਨੜਾ ਚੋਥੀ ਪਾਤਿਸ਼ਾਹੀ।

ਮਨੁ ਹਰਿ ਰੰਗਿ ਰਾਤਾ ਗਾਵੈਗੋ ॥
ਹਰੀ ਦੀ ਪ੍ਰੀਤ ਨਾਲ ਰੰਗੀ ਹੋਈ, ਮੇਰੀ ਜਿੰਦੜੀ ਉਸ ਦਾ ਜੱਸ ਗਾਉਂਦੀ ਹੈ।

ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥
ਪ੍ਰਭੂ ਦੇ ਭੈ ਰਾਹੀਂ ਅਤੇ ਗੁਰਾਂ ਦੇ ਉਪਦੇਸ਼ ਦੀ ਪਾਹ ਲਾ ਕੇ, ਮੈਂ ਹੋਰਨਾ ਡਰ ਅਤੇ ਤੌਖਲਿਆ ਤੋਂ ਖਲਾਸੀ ਪਾ, ਪਾਵਨ ਪਵਿੱਤਰ ਹੋ ਗਿਆ ਹਾਂ। ਠਹਿਰਾਉ।

ਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥
ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਰਹਿੰਦਾ ਅਤੇ ਰੱਬ ਦੇ ਨੇੜੇ ਵਸਦਾ ਹੈ। ਪ੍ਰਭੂ ਉਸ ਦੇ ਧਾਮ ਅੰਦਰ ਆ ਜਾਂਦਾ ਹੈ।

ਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥੧॥
ਜੇਕਰ ਮੈਨੂੰ ਉਨ੍ਹਾਂ ਦੇ ਪੈਰਾ ਦੀ ਖਾਕ ਪ੍ਰਾਪਤ ਹੋ ਜਾਵੇ, ਕੇਵਲ ਤਦ ਹੀ ਮੈਂ ਜੀਊ ਸਕਦਾ ਹਾਂ। ਆਪਣੀ ਰਹਿਮਤ ਧਾਰ ਪ੍ਰਭੂ ਖੁਦ ਹੀ ਇਸ ਦੀ ਦਾਤ ਦਿੰਦਾ ਹੈ।

ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥
ਫਾਨੀ ਬੰਦੇ ਦਵੈਤ-ਭਾਵ ਅਤੇ ਲਾਲਚ ਨਾਲ ਚਿੜੇ ਹੋਏ ਹਨ। ਉਨ੍ਹਾਂ ਦੇ ਪਾਹ-ਰਹਿਤ ਮਨੂਏ ਨੂੰ ਪ੍ਰਭੂ ਦੀ ਰੰਗਤ ਨਹੀਂ ਚੜ੍ਹਦੀ।

ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥
ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਦੀ ਜੀਵਨ ਰਹੁ-ਰੀਤੀ ਤਬਦੀਲ ਹੋ ਜਾਂਦੀ ਹੈ ਅਤੇ ਸਰਬ-ਸ਼ਕਤੀਵਾਨ ਗੁਰਾਂ ਨਾਲ ਪਮਲ, ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।

ਇੰਦ੍ਰੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ ॥
ਦਸ ਅੰਗ ਹਨ ਅਤੇ ਦਸੇ ਹੀ ਭਟਕਦੇ ਰਹਿੰਦੇ ਹਨ ਅਤੇ ਤਿੰਨਾਂ ਲੱਛਣਾ ਵਾਲਾ ਮਨ ਇਕ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ।

ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥੩॥
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬੰਦਾ ਉਨ੍ਹਾਂ ਤੇ ਕਾਬੂ ਪਾ ਲੈਂਦਾ ਹੈ ਅਤੇ ਤਦ ਉਹ ਕਲਿਆਣ ਤੇ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ।

ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥
ਕੇਵਲ ਇਕ ਸੁਆਮੀ ਹੀ ਸਾਰੀ ਥਾਈ ਵਿਆਪਕ ਹੋ ਰਿਹਾ ਹੈ ਅਤੇ ਹਰ ਸ਼ੈ ਅੰਤ ਨੂੰ ਇਕ ਸੁਆਮੀ ਵਿੱਚ ਹੀ ਲੀਨ ਹੋ ਜਾਉਗੀ।

ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥੪॥
ਇਕ ਸਰੂਪ ਵਾਲਾ ਸੁਆਮੀ ਅਨੇਕਾਂ ਸਰੂਪਾ ਵਿੱਚ ਪ੍ਰਗਟ ਹੋਇਆ ਹੋਇਆ ਹੈ ਅਤੇ ਸਾਰਿਆਂ ਨੂੰ ਉਹ ਆਪਣੇ ਇਕ ਹੁਕਮ ਅੰਦਰ ਚਲਾਉਂਦਾ ਹੈ।

ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥
ਗੁਰੂ-ਅਨੁਸਾਰੀ ਕੇਵਲ ਇਕ ਵਾਹਿਗੁਰੂ ਨੂੰ ਹੀ ਅਨੁਭਵ ਕਰਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ, ਉਹ ਕੇਵਲ ਇਕ ਨੂੰ ਹੀ ਜਾਣਦਾ ਹੈ?

ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ ॥੫॥
ਪਵਿੱਤਰ ਪੁਰਸ਼ ਉਸ ਦੇ ਮੰਦਰ ਵਿੱਚ ਜਾ ਕੇ ਸੁਆਮੀ ਨੂੰ ਮਿਲ ਪੈਦਾ ਹੈ ਅਤੇ ਫਿਰ ਉਸ ਦੇ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।

ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥
ਸੁਆਮੀ ਨੇ ਸਮੂਹ ਜੀਵ ਜੰਤੂ ਅਤੇ ਸੰਸਾਰ ਰਚਿਆ ਹੈ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ।

ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ ॥੬॥
ਗੁਰਾ ਨਾਲ ਮਿਲਣ ਦੇ ਬਗੈਰ, ਇਨਸਾਨ ਨੂੰ ਪ੍ਰਭੂ ਦੀ ਹਜੂਰੀ ਪ੍ਰਾਪਤ ਨਹੀਂ ਹੁੰਦੀ ਅਤੇ ਆਉਣ ਤੇ ਜਾਣ ਅੰਦਰ ਉਹ ਤਕਲੀਫ ਉਠਾਉਂਦਾ ਰਹਿੰਦਾ ਹੈ।

ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥
ਅਣਗਿਣਤ ਜਨਮਾਂ ਤੋਂ ਮੈਂ ਆਪਣੇ ਪਿਆਰੇ ਨਾਲੋ ਵਿਛੜਿਆ ਹੋਇਆ ਹਾਂ। ਮਿਹਰ ਧਾਰ ਕੇ ਗੁਰੂ ਜੀ ਮੈਨੂੰ ਉਸ ਨਾਲ ਮਿਲਾ ਦੇਣਗੇ।

ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥੭॥
ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਪਲੀਤ ਮਨੂਆ ਪ੍ਰਫੁਲਤ ਹੋ ਗਿਆ ਹੈ।

ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ ਨਾਮਿ ਲਗਾਵੈਗੋ ॥
ਹੇ ਸੁਆਮੀ ਮਾਲਕ! ਜਗਤ ਦੀ ਜਿੰਦਜਾਨ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਅੰਦਰ ਆਪਣੇ ਨਾਮ ਵਿੱਚ ਭਰੋਸਾ ਪੈਦਾ ਕਰ।

ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥
ਹੇ ਨਾਨਕ! ਵਿਸ਼ਾਲ ਵਾਹਿਗੁਰੂ ਦੀ ਸੱਚਾ ਗੁਰੂ ਹੈ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਅੰਦਰ ਹੀ ਮੈਂ ਹਮੇਸ਼ਾਂ ਵਸਾਂਗਾ।

ਕਾਨੜਾ ਮਹਲਾ ੪ ॥
ਕਾਨੜਾ ਚੋਥੀ ਪਾਤਿਸ਼ਾਹੀ।

ਮਨ ਗੁਰਮਤਿ ਚਾਲ ਚਲਾਵੈਗੋ ॥
ਹੇ ਬੰਦੇ! ਤੂੰ ਉਸ ਮਾਰਗ ਤੁਰ ਜੋ ਗੁਰਾਂ ਦੇ ਉਪਦੇਸ਼ ਦੇ ਅਨੁਸਾਰ ਹੈ।

ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ ॥
ਜਿਸ ਤਰ੍ਹਾਂ ਮਤਵਾਲਾ ਹਾਥੀ ਲੋਹੇ ਦੇ ਕੁੰਡੇ ਹੇਠਾ ਹੋਇਆ ਕਾਬੂ ਆ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰਾਂ ਦੇ ਉਪਦੇਸ਼ ਦੇ ਕੁੰਡੇ ਨਾਲ ਮਨ ਨਿਯਮ ਅਨੁਸਾਰ ਕਰ ਲਿਆ ਜਾਂਦਾ ਹੈ। ਠਹਿਰਾਉ।

ਚਲਤੌ ਚਲੈ ਚਲੈ ਦਹ ਦਹ ਦਿਸਿ ਗੁਰੁ ਰਾਖੈ ਹਰਿ ਲਿਵ ਲਾਵੈਗੋ ॥
ਚਲਾਇਮਾਨ ਮਨੂਆ ਦਸੀ, ਹਾਂ, ਦਸੀ ਪਾਸੀ ਭੌਦਾ ਅਤੇ ਭਟਕਦਾ ਹੈ ਪ੍ਰੰਤੂ ਗੁਰਾਂ ਦੀ ਰਖਿਆ ਦੁਆਰਾ ਇਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।

ਸਤਿਗੁਰੁ ਸਬਦੁ ਦੇਇ ਰਿਦ ਅੰਤਰਿ ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥
ਸੱਚੇ ਗੁਰਦੇਵ ਜੀ ਗੁਰਸ਼ਬਦ ਮਨੁਸ਼ ਦੇ ਮਨ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਸੁਧਾ ਸਰੂਪ ਨਾਮ-ਅੰਮ੍ਰਿਤ ਉਸ ਦੇ ਮੂੰਹ ਵਿੱਚ ਟਪਕਦਾ ਹੈ।

ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥
ਆਦਮੀ ਪਾਪਾਂ ਦੀ ਸਰਪਵਰਗੀ ਜ਼ਹਿਰ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਪ੍ਰੰਤੂ ਗੁਰਾ ਦੇ ਉਪਦੇਸ਼ ਦਾ ਜ਼ਹਿਰ ਮੁਹਰਾ ਉਨ੍ਹਾਂ ਸਾਰਿਆ ਨੂੰ ਖਾ ਜਾਂਦਾ ਹੈ।

ਮਾਇਆ ਭੁਇਅੰਗ ਤਿਸੁ ਨੇੜਿ ਨ ਆਵੈ ਬਿਖੁ ਝਾਰਿ ਝਾਰਿ ਲਿਵ ਲਾਵੈਗੋ ॥੨॥
ਮੋਹਣੀ ਦਾ ਸਰੂਪ ਉਸ ਦੇ ਨੇੜੇ ਨਹੀਂ ਲਗਦਾ ਜੋ ਪਾਪਾ ਦੀ ਜ਼ਹਿਰ ਤੋਂ ਸੱਖਣਾ ਹੈ ਅਤੇ ਜਿਸ ਦੀ ਪ੍ਰਭੂ ਨਾਲ ਪਿਰਹੜੀ ਪਈ ਹੋਈ ਹੈ।

ਸੁਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥
ਲਾਲਚ ਦਾ ਕੁੱਤਾ ਦੇਹ ਦੇ ਪਿੰਡ ਵਿੱਚ ਬੜਾ ਬਲਵਾਨ ਹੈ, ਪ੍ਰੰਤੂ ਇਕ ਮੁਹਤ ਵਿੱਚ ਗੁਰੂ ਜੀ ਇਸ ਨੂੰ ਮਾਰ ਕੁਟ ਕੇ ਬਾਹਰ ਕੱਢ ਦਿੰਦੇ ਹਨ।

ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥
ਸੱਚ, ਸੰਤੁਸ਼ਟਤਾ ਅਤੇ ਈਮਾਨ, ਗੁਰੂ ਜੀ ਦੇਹ ਦੇ ਪਿੰਡਾ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਤਦ ਜੀਵ ਸਾਈਂ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ।

copyright GurbaniShare.com all right reserved. Email