ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥ ਮੈਂ ਆਪਣੀਆਂ ਸਾਰੀਆਂ ਉਮੈਦਾਂ ਤੇ ਖਾਹਿਸ਼ਾ ਭੁਲਾ ਛੱਡੀਆਂ ਹਨ ਅਤੇ ਮੇਰਾ ਮਨੂਆ ਸੰਸਾਰੀ ਪੁਆੜਿਆ ਤੋਂ ਖਲਾਸੀ ਪਾ ਗਿਆ ਹੈ। ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥ ਆਪਣੀ ਮਿਹਰ ਸਦਕਾ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ ਅਤੇ ਆਪਣੀ ਬਾਣੀ ਨਾਲ ਮੈਨੂੰ ਪ੍ਰਸੰਨ ਕਰ ਦਿੱਤਾ ਹੈ। ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥ ਦਾਸ ਨਾਨਕ ਨੂੰ ਅਖੁਟ ਦੌਲਤ ਪ੍ਰਾਪਤ ਹੋ ਗਈ ਹੈ, ਪ੍ਰਭੂ ਪ੍ਰਮੇਸ਼ਰ ਦਾ ਨਾਮ ਉਸ ਦੀ ਦੌਲਤ ਅਤੇ ਜਾਇਦਾਦਾ ਹੈ। ਪਉੜੀ ॥ ਪਉੜੀ। ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥ ਹੇ ਸੁਆਮੀ! ਤੂੰ ਵਿਸ਼ਾਲਾਂ ਦਾ ਮਹਾਨ ਵਿਸ਼ਾਲ, ਸ਼੍ਰੇਸ਼ਟ ਵਿੱਚ ਪਰਮ ਸ਼੍ਰੇਸ਼ਟ ਅਤੇ ਬੁਲੰਦ ਹੈਂ। ਸਾਰਿਆਂ ਤੋਂ ਪਰਮ ਉੱਚਾ, ਤੂੰ ਪ੍ਰਧਾਨਾਂ ਦਾ ਪਰਮ ਪ੍ਰਧਾਨ ਹੈ। ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥ ਜਿਹੜੇ ਆਪਣੇ ਬੇਅੰਤ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪ੍ਰਮੇਸ਼ਰ ਦਾ ਸਿਮਰਨ ਅਤੇ ਆਰਾਧਨ ਕਰਦੇ ਹਨ, ਉਹ ਸਰਸਬਜ਼ ਹੋ ਜਾਂਦੇ ਹਨ। ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥ ਜਿਹੜੇ ਤੇਰੀ ਮਹਿਮਾ ਗਾਉਂਦੇ ਅਤੇ ਸੁਣਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਕ੍ਰੋੜਾ ਹੀ ਪਾਪ ਨਸ਼ਟ ਹੋ ਜਾਂਦੇ ਹਨ। ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥ ਹੇ ਵਿiਾਲਾਂ ਪਰਮ ਵਿਸ਼ਾਲ ਸ਼੍ਰੇਮਣੀ ਸਾਹਿਬ, ਗੁਰਾਂ ਦੇ ਉਪਦੇਸ਼ ਅਤੇ ਸਿਖਮਤਿ ਰਾਹੀਂ ਮੈਂ ਪਰਮ ਵਡੇ ਭਾਗਾ ਵਾਲੇ ਈਸ਼ਵਰੀ ਪੁਰਸ਼ਾਂ ਨੂੰ ਤੇਰੇ ਵਰਗੇ ਹੀ ਜਾਣਦਾ ਹਾਂ। ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥ ਹਰ ਕੋਈ ਉਸ ਦਾ ਆਰਾਧਨ ਕਰੋ, ਜੋ ਐਨ ਆਰੰਭ ਅਤੇ ਯੁਗਾਂ ਦੇ ਆਰੰਭ ਵਿੱਚ ਸੱਚਾ ਸੀ। ਜੋ ਹੁਣ ਸੱਚਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਹੀ ਸੱਚਾ ਰਹੇਗਾ ਅਤੇ ਦਾਸ ਨਾਨਕ ਜਿਸ ਦੇ ਗੋਲਿਆਂ ਦਾ ਗੋਲਾ ਹੈ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥ ਮੇਰੇ ਮਨ ਅੰਦਰ, ਜਗਤ ਦੀ ਜਿੰਦ-ਜਾਨ ਵਾਹਿਗੁਰਾਂ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥ ਬੇਥਾਹ, ਸੋਚ ਸਮਝ ਤੋਂ ਪਰੇ ਅਤੇ ਅਪੁੱਜ ਹੈ ਮੇਰਾ ਸੁਆਮੀ ਮਾਲਕ ਅਤੇ ਉਹ ਸੁਆਮੀ ਸੁਤੇ ਸਿਧ ਹੀ ਆ ਕੇ ਮੈਨੂੰ ਮਿਲ ਪਿਆ ਹੈ। ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ ਆਪ ਹੀ ਸੁਆਮੀ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਆਪ ਹੀ ਸੁਆਮੀ-ਅਨੰਤ ਹੈ। ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ ਖੁਦ ਸੁਆਮੀ ਵਾਹਿਗੁਰੂ ਸਾਰੀਆਂ ਮੌਜਾਂ ਮਾਣਦਾ ਹੈ ਅਤੇ ਖੁਦ ਹੀ ਮਾਇਆ ਦਾ ਪਤੀ ਹੈ। ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਅਤੇ ਜੀਵ-ਜੰਤੂਆਂ ਨੂੰ ਜੋ ਉਸ ਨੇ ਰਚੇ ਹਨ, ਖੈਰ ਪਾਉਂਦਾ ਹੈ। ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥ ਹੇ ਮਿਹਰਬਾਨ ਵਾਹਿਗੁਰੂ ਸੁਆਮੀ ਮਾਲਕ! ਤੂੰ ਮੈਨੂੰ ਆਪਣੇ ਨਾਮ ਦੀ ਦਾਤ ਪ੍ਰਦਾਨ ਕਰ। ਤੇਰੇ ਗੋਲੇ ਅਤੇ ਸਾਧੂ ਸਦਾ ਹੀ ਇਸ ਦੀ ਯਾਚਨਾ ਕਰਦੇ ਹਨ। ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥ ਹੇ ਦਾਸ ਨਾਨਕ ਦੇ ਸੁਆਮੀ! ਤੂੰ ਆ ਕੇ ਮੈਨੂੰ ਮਿਲ ਪਊ ਮੈਂ ਤੇਰੇ ਜੱਸ ਦੇ ਗੀਤ ਗਾਉਂਦਾ ਹਾਂ, ਹੇ ਵਾਹਿਗੁਰੂ। ਮਃ ੪ ॥ ਚੌਥੀ ਪਾਤਿਸ਼ਾਹੀ। ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥ ਸੁਆਮੀ ਵਾਹਿਗੁਰੂ ਦਾ ਨਾਮ ਹੀ ਮੇਰਾ ਸੱਚਾ ਮਿੱਤਰ ਹੈ। ਵਾਹਿਗੁਰੂ ਦਾ ਨਾਮ ਮੇਰਾ ਜਿਸਮ, ਮਨੂਏ ਅਤੇ ਢਾਚੇ ਵਿੱਚ ਰਮਿਆ ਹੋਇਆ ਹੈ। ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥ ਗੁਰਾ ਦੀ ਦਇਆ ਦੁਆਰਾ, ਮੇਰੀਆਂ ਸਾਰੀਆਂ ਉਮੈਦਾ ਪੂਰੀਆਂ ਹੋ ਗਈਆਂ ਹਨ ਅਤੇ ਆਪਣੇ ਹਰੀ ਬਾਰੇ ਸੁਣ ਕੇ ਗੋਲੇ ਨਾਨਕ ਦਾ ਧੀਰਜ ਬੱਝ ਗਿਆ ਹੈ। ਪਉੜੀ ॥ ਪਉੜੀ। ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥ ਸੁਆਮੀ ਦਾ ਸ਼੍ਰੇਸ਼ਟ ਨਾਮ ਸਦਾ ਹੀ ਸਰਸਬਜ ਕਰਨ ਵਾਲਾ ਹੈ। ਪਵਿੱਤ੍ਰ ਪ੍ਰਭੂ ਪ੍ਰਮੇਸ਼ਰ ਪ੍ਰਾਣੀਆਂ ਦੀ ਕਲਿਆਨ ਕਰਨਹਾਰ ਹੈ। ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥ ਜੋ ਦਿਹੁੰ ਅਤੇ ਰੈਣ ਸਾਈਂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਨ੍ਹਾਂ ਦੇ ਪੈਰਾ ਨੂੰ ਮਾਇਆ ਦੀ ਦੇਵੀ ਸਦਾ ਹੀ ਪੂਜਦੀ ਹੈ। ਨਿਤ ਸਾਰਿ ਸਮ੍ਹ੍ਹਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ ਵਾਹਿਗੁਰੂ ਸਾਰੇ ਜੀਵ-ਜੰਤੂਆਂ ਦੀ ਸੰਭਾਲ ਕਰਦਾ ਹੈ, ਅਤੇ ਸਾਰਿਆ ਦੇ ਨੇੜੇ ਤੇ ਦੂਰ ਵਸਦਾ ਹੈ। ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ ਕੇਵਲ ਉਹ ਹੀ ਸੁਆਮੀ ਮਾਲਕ ਨੂੰ ਅਨੁਭਵ ਕਰਦਾ ਹੈ, ਜਿਸ ਨੂੰ ਉਹ ਸਦਾ ਦਰਸਾਉਂਦਾ ਹੈ ਅਤੇ ਜਿਸ ਉਤੇ ਸੱਚੇ ਗੁਰਦੇਵ ਜੀ ਦੀ ਰਹਿਮਤ ਹੈ। ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥ ਸਾਰੇ ਜਣੇ ਸੁਆਮੀ ਵਾਹਿਗੁਰੂ, ਹਾਂ ਸੁਆਮੀ ਵਾਹਿਗੁਰੂ, ਅਤੇ ਕੇਵਲ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰੋ। ਇਸ ਤਰ੍ਹਾਂ ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਇਨਸਾਨ ਗੁਣਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥ ਹੇ ਮੇਰੀ ਜਿੰਦੇ! ਅਡੋਲਤਾ ਦੀ ਤਾੜੀ ਅੰਦਰ ਲੀਨ ਹੋ ਤੂੰ ਨੀਦਰ ਵਿੱਚ ਭੀ ਆਪਣੇ ਹਰੀ ਸਾਈਂ ਦਾ ਸਿਮਰਨ ਕਰ। ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥ ਹੇ ਮਾਤਾ! ਗੋਲੇ ਨਾਨਕ ਦਾ ਚਿੱਤ ਆਪਣੇ ਸਾਈਂ ਹਰੀ ਨੂੰ ਵੇਖਣ ਲਈ ਲਲਚਾਉਂਦਾ ਹੈ ਅਤੇ ਜੇਕਰ ਗੁਰੂ ਜੀ ਉਸ ਉਤੇ ਮਿਹਰਬਾਨ ਹੋਣ, ਤਾਂ ਉਹ ਉਸ ਨੂੰ ਮਿਲ ਪਵੇਗਾ। ਮਃ ੪ ॥ ਚੋਥੀ ਪਾਤਿਸ਼ਾਹੀ। ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥ ਇਕ ਪ੍ਰਭੂ ਨਾਲ ਹੀ, ਮੇਰਾ ਪਿਆਰ ਹੈ ਅਤੇ ਇਕ ਵਾਹਿਗੁਰੂ ਨੂੰ ਹੀ ਮੈਂ ਆਪਣੇ ਰਿਦੇ ਵਿੱਚ ਟਿਕਾਉਂਦਾ ਹਾਂ। ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥ ਦਾਸ ਨਾਨਕ ਨੂੰ ਕੇਵਲ ਸੁਆਮੀ ਦਾ ਹੀ ਆਸਰਾ ਹੈ ਅਤੇ ਕੇਵਲ ਸੁਆਮੀ ਤੋਂ ਹੀ ਉਸ ਦੀ ਇਜ਼ਤ ਤੇ ਕਲਿਆਨ ਪ੍ਰਾਪਤ ਹੁੰਦੀ ਹੈ। ਪਉੜੀ ॥ ਪਉੜੀ। ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ ਗੁਰਾਂ ਦੇ ਉਪਦੇਸ਼ ਦੁਆਰਾ, ਮੇਰੇ ਮਨ ਅੰਦਰ ਪੰਜ ਧੁਨਾਂ ਗੂੰਜ ਦੀਆਂ ਹਨ ਅਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੈਨੂੰ ਬੈਕੂਠੀ ਕੀਰਤਨ ਦੀ ਗੂੰਜ ਸੁਣਾਈ ਦਿੰਦੀ ਹੈ। ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥ ਗੁਰਾਂ ਦੀ ਸਿਖਮਤ ਰਾਹੀਂ, ਸ਼੍ਰਿਸ਼ਟ ਦਾ ਸੁਆਮੀ ਮੇਰੇ ਉਤੇ ਨਾਜ਼ਲ ਹੋ ਗਿਆ ਹੈ ਅਤੇ ਮੈਂ ਹੁਣ ਖੁਸ਼ੀ ਦੇ ਸੋਮੇ ਸੁਆਮੀ ਨੂੰ ਹਰ ਥਾਂ ਵਿਆਪਕ ਵੇਖਦਾ ਹਾਂ। ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥ ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਸੁਆਮੀ ਦਾ ਕੇਵਲ ਇਕ ਸਰੂਪ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਹਿਰਦੇ ਅੰਦਰ ਹੁਣ ਮੈਂ ਕੇਵਲ ਸੁਆਮੀ ਵਾਹਿਗੁਰੂ ਦਾ ਹੀ ਸਿਮਰਨ ਕਰਦਾ ਹਾਂ। ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥ ਹੇ ਮੇਰੇ ਮਇਆਵਾਨ ਵਾਹਿਗੁਰੂ ਸੁਆਮੀ! ਵਾਹਿਗੁਰੂ ਸੁਆਮੀ, ਤੂੰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਅਤੇ ਆਪਣੇ ਗੋਲੇ ਦੀ ਇੱਜ਼ਤ-ਆਬਰੂ ਰੱਖ। copyright GurbaniShare.com all right reserved. Email |