ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥ ਸਾਰੇ ਜਣੇ ਆਖੋ ਮੁਬਾਰਕ ਮੁਬਾਰਕ ਹਨ ਵੱਡੇ ਸੱਚੇ ਗੁਰਦੇਵ ਜੀ, ਵੱਡੇ ਸੱਚੇ ਗੁਰਦੇਵ ਜੀ, ਜਿਨ੍ਹਾਂ ਨਾਲ ਮਿਲਣ ਦੁਆਰਾ ਪ੍ਰਭੂ ਪ੍ਰਾਣੀ ਦੇ ਐਬ ਢਕ ਦਿੰਦਾ ਹੈ। ਸਲੋਕੁ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥ ਪਰੀਪੂਰਨ ਹੈ ਸ਼ਰਧਾ-ਪ੍ਰੇਮ ਦਾ ਤਾਲਾਬ! ਕੰਢਿਆ ਤਾਈਂ ਪੂਰਤ ਹੋ ਇਹ ਵਗ ਰਿਹਾ ਹੈ। ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡ ਭਾਗ ਲਹੰਨਿ ॥੧॥ ਕੇਵਲ ਪਰਮ ਚੰਗੇ ਨਸੀਬਾ ਵਾਲੇ, ਜੋ ਸੱਚੇ ਗੁਰਾਂ ਦੀ ਆਗਿਆ ਦਾ ਪਾਲਣ ਕਰਦੇ ਹਨ, ਇਸ ਨੂੰ ਪਾ ਲੈਂਦੇ ਹਨ, ਹੇ ਗੋਲੇ ਨਾਨਕ! ਮਃ ੪ ॥ ਚੌਥੀ ਪਾਤਿਸ਼ਾਹੀ। ਹਰਿ ਹਰਿ ਨਾਮ ਅਸੰਖ ਹਰਿ ਹਰਿ ਕੇ ਗੁਨ ਕਥਨੁ ਨ ਜਾਹਿ ॥ ਅਣਗਿਣਤ ਹਨ ਸੁਆਮੀ ਵਾਹਿਗੁਰੂ ਦੇ ਨਾਮ। ਸੁਆਮੀ ਮਾਲਕ ਦੀਆਂ ਨੇਕੀਆਂ ਆਖੀਆਂ ਨਹੀਂ ਜਾ ਸਕਦੀਆਂ। ਹਰਿ ਹਰਿ ਅਗਮੁ ਅਗਾਧਿ ਹਰਿ ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥ ਪਹੁੰਚ ਤੋਂ ਪਰ੍ਹੇ ਅਤੇ ਬੇਬਾਹ ਹੈ ਪ੍ਰਭੂ ਪ੍ਰਮੇਸਰ। ਕਿਸ ਤਰੀਕੇ ਨਾਲ ਸਾਈਂ ਦੇ ਗੋਲੇ ਉਸ ਦੇ ਮਿਲਾਪ ਅੰਦਰ ਮਿਲ ਸਕਦੇ ਹਨ? ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ ॥ ਸਾਧੂ ਸੁਆਮੀ ਮਾਲਕ ਦੀ ਮਹਿਮਾਂ ਆਖਦੇ ਅਤੇ ਉਚਾਰਨ ਕਰਦੇ ਹਨ, ਪਰੰਤੂ ਉਸ ਦੇ ਮੁੱਲ ਨੂੰ ਇੱਕ ਭੋਰਾ ਭਰ ਭੀ ਨਹੀਂ ਜਾਣਦੇ। ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲਿ ਲੈਹੁ ਲੜਿ ਲਾਇ ॥੨॥ ਹੇ ਦਾਸ ਨਾਨਕ! ਪਹੁੰਚ ਤੋਂ ਪਰ੍ਹੇ ਹੇ ਸੁਆਮੀ ਮਾਲਕ। ਆਪਣੇ ਪੱਲੇ ਨਾਲ ਜੋੜ ਕੇ, ਹੇ ਵਾਹਿਗੁਰੂ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਪਉੜੀ ॥ ਪਉੜੀ। ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ ॥ ਬੇਬਾਹ, ਅਗਾਧ ਅਤੇ ਅਜੋਖ ਹੈ ਪ੍ਰਭੂ ਪ੍ਰਮੇਸਰ। ਮੈਂ ਕਿਸ ਤਰ੍ਹਾਂ ਉਸ ਦਾ ਦੀਦਾਰ ਦੇਖ ਸਕਦਾ ਹਾਂ? ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ ॥ ਜੇਕਰ ਰੱਬ ਕੋਈ ਮਾਦੀ ਸ਼ੈ ਹੋਵੇ, ਮੈਂ ਉਸ ਨੂੰ ਬਿਆਨ ਕਰਾਂ, ਪ੍ਰੰਤੂ ਉਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ। ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥ ਜਿਸ ਕਿਸੇ ਨੂੰ ਉਹ ਸਿਖਮਤ ਦਿੰਦਾ ਹੈ, ਕੇਵਲ ਉਸ ਨੂੰ ਹੀ ਸਿਖਮਤ ਆਉਂਦੀ ਹੈ। ਐਹੋ ਜਿਹਾ ਪੁਰਸ਼ ਸਾਈਂ ਦੇ ਦੀਦਾਰ ਨੂੰ ਵੇਖ ਲੈਂਦਾ ਹੈ। ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ ਸੱਚੇ ਗੁਰਾਂ ਦੀ ਸੁਹਬਤ ਇੱਕ ਪਾਠਸ਼ਾਲਾ ਹੈ, ਜਿਥੇ ਪ੍ਰਾਣੀ ਨੂੰ ਸੁਆਮੀ ਦੀਆਂ ਨੇਕੀਆਂ ਬਾਰੇ ਸਿਖਮਤ ਆਉਂਦੀ ਹੈ। ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥੮॥ ਮੁਬਾਰਕ, ਮੁਬਾਰਕ ਹੈ ਉਹ ਜੀਭ, ਮੁਬਾਰਕ ਹੱਥ ਅਤੇ ਮੁਬਾਰਕ ਹਨ ਉਹ ਸੱਚੇ ਗੁਰੂ ਉਸਤਾਦ, ਜਿਨ੍ਹਾਂ ਨਾਲ ਮਿਲ ਕੇ ਹਰੀ ਦਾ ਹਿਸਾਬ-ਕਿਤਾਬ ਲਿਖਿਆ ਜਾਂਦਾ ਹੈ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥ ਅਮਿਉ ਵਰਗਾ ਮਿੱਠਾ ਹੈ ਸੁਆਮੀ ਵਾਹਿਗੁਰੂ ਦਾ ਨਾਮ। ਜੇਕਰ ਜੀਵ ਸੱਚੇ ਗੁਰਾਂ ਨਾਲ ਪ੍ਰੇਮ ਕਰੇ, ਕੇਵਲ ਤਾਂ ਹੀ ਉਹ ਆਪਣੇ ਸੁਆਮੀ ਦਾ ਸਿਮਰਨ ਕਰ ਸਕਦਾ ਹੈ। ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥ ਪਾਵਨ-ਪਵਿੱਤਰ ਹੈ ਸੁਆਮੀ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੇ ਨਾਮ ਨੂੰ ਸਿਮਰਨ ਤੇ ਸੁਣਨ ਨਾਲ, ਪੀੜ ਦੂਰ ਹੋ ਜਾਂਦੀ ਹੈ। ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥ ਕੇਵਲ ਉਹ ਹੀ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਹਰੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥ ਜਿਨ੍ਹਾਂ ਪੁਰਸ਼ਾਂ ਦੇ ਚਿੱਤ ਵਿੱਚ ਹਰੀ ਆ ਕੇ ਟਿਕ ਜਾਂਦਾ ਹੈ, ਉਹਨਾਂ ਨੂੰ ਸਾਈਂ ਦੇ ਦਰਬਾਰ ਅੰਦਰ ਖਿੱਲਤ ਪਹਿਰਾਈ ਜਾਂਦੀ ਹੈ। ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥ ਹੇ ਗੋਲੇ ਨਾਨਕ! ਰੌਸ਼ਨ ਹਨ ਉਹਨਾਂ ਦੇ ਚਿਹਰੇ, ਜੋ ਪ੍ਰਭੂ ਦੇ ਨਾਮ ਨੂੰ ਦਿਲੀ-ਪਿਆਰ ਨਾਲ ਸੁਣਦੇ ਹਨ। ਮਃ ੪ ॥ ਚੌਥੀ ਪਾਤਿਸ਼ਾਹੀ। ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ ਖੁਸ਼ੀ ਦਾ ਖਜਾਨਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੀ ਦਇਆ ਦੁਆਰਾ, ਜੀਵ ਇਸ ਨੂੰ ਹਾਂਸਲ ਕਰਦਾ ਹੈ। ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥ ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹਨਾਂ ਨੂੰ ਸੱਚੇ ਗੁਰਦੇਵ ਆ ਕੇ ਮਿਲ ਪੈਦੇ ਹਨ। ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥ ਉਹਨਾਂ ਦੀ ਦੇਹ ਅਤੇ ਆਤਮਾਂ, ਠੰਢੀਆਂ ਥੀ ਵੰਞਦੀਆਂ ਹਨ ਅਤੇ ਅਮਨ-ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ। ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥੨॥ ਨਾਨਕ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕੰਗਾਲਤਾ ਅਤੇ ਪੀੜ ਸਮੂਹ ਦੂਰ ਹੋ ਜਾਂਦੇ ਹਨ। ਪਉੜੀ ॥ ਪਉੜੀ। ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥ ਹਮੇਸ਼ਾਂ, ਹਮੇਸ਼ਾਂ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਪ੍ਰੀਤਮ ਸੱਚਾ ਗੁਰੂ ਵੇਖਿਆ ਹੈ। ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥ ਕੇਵਲ ਉਹ ਹੀ ਮੇਰੇ ਸੱਚੇ ਗੁਰਾਂ ਨੂੰ ਮਿਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਬੇਬਾਹ ਹਰੀ ਦਾ ਸਿਮਰਨ ਕਰਦਾ ਹਾਂ। ਉਸ ਸੁਆਮੀ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ। ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥ ਜੋ ਗੁਰਾਂ ਦੀ ਬਾਣੀ ਦੁਆਰਾ, ਪਹੁੰਚ ਤੋਂ ਪਰ੍ਹੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਹ ਗੋਲੇ ਆਪਣੇ ਮਾਲਕ ਨੂੰ ਮਿਲ ਕੇ ਉਸ ਨਾਲ ਇੱਕ ਮਿੱਕ ਹੋ ਜਾਂਦੇ ਹਨ। ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥੯॥ ਤੁਸੀਂ ਆਪਣੇ ਮੂੰਹ ਨਾਲ ਮਨੁਸ਼-ਸ਼ੇਰ ਸਰੂਪ ਹਰੀ, ਮਨੁਸ਼-ਸ਼ੇਰ ਸਰੂਪ ਹਰੀ, ਮਨੁਸ਼-ਸ਼ੇਰ ਸਰੂਪ ਹਰੀ ਦੇ ਨਾਮ ਦਾ ਉਚਾਰਨ ਕਰੋ। ਸ੍ਰੇਸ਼ਟ ਹੈ ਮੁਨਾਫ਼ਾ ਸੁਆਮੀ ਵਾਹਿਗੁਰੂ ਦੇ ਸਿਮਰਨ ਦਾ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥ ਸਾਹਿਬ ਦਾ ਨਾਮ ਸਾਰੇ ਵਿਆਪਕ ਅਤੇ ਪਰੀਪੂਰਨ ਹੋ ਰਿਹਾ ਹੈ। ਤੂੰ ਕੇਵਲ ਵਿਆਪਕ ਸਾਹਿਬ ਦੇ ਨਾਮ ਦਾ ਹੀ ਉਚਾਰਨ ਕਰ। ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥ ਹਰ ਦਿਲ ਅੰਦਰ, ਸਰ ਵਿਆਪਕ ਰੂਹ ਰਮ ਰਹੀ ਹੈ, ਸੁਆਮੀ ਨੇ ਸੰਸਾਰ ਦੀ ਖੇਡ ਅਨੇਕਾਂ ਰੰਗਤਾਂ ਅਤੇ ਅਨੇਕਾਂ ਤਰੀਕਿਆਂ ਨਾਲ ਰਚੀ ਹੈ। ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥ ਜਗਤ ਦੀ ਜਿੰਦ ਜਾਨ ਸੁਆਮੀ ਨਿਹਾਇਤ ਹੀ ਨੇੜੇ ਵੱਸਦਾ ਹੈ। ਗੁਰੂ ਮਿੱਤਰ ਨੇ ਮੇਰੇ ਤਾਂਈ ਇਹ ਸਪੱਸ਼ਟ ਕਰ ਦਿੱਤਾ ਹੈ। copyright GurbaniShare.com all right reserved. Email |