Page 1317

ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥
ਕੇਵਲ ਉਹ ਹੀ ਆਪਣੇ ਹਰੀ ਸਾਂਈਂ, ਹਰੀ ਸਾਈਂ ਨਾਲ ਮਿਲਦੇ ਹਨ, ਜਿਨ੍ਹਾਂ ਲਈ ਪ੍ਰਭੂ ਦਾ ਪ੍ਰੇਮ ਮੁੱਢ ਤੋਂ ਲਿਖਿਆ ਹੋਇਆ ਹੈ।

ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥
ਗੋਲਾ ਨਾਨਕ ਨਾਮ ਦਾ ਸਿਮਰਨ ਕਰਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਆਪਣੇ ਰਿਦੇ ਅਤੇ ਦਿਲ ਨਾਲ ਇਸ ਨੂੰ ਉਚਾਰਦਾ ਹੈ।

ਮਃ ੪ ॥
ਚੌਥੀ ਪਾਤਿਸ਼ਾਹੀ।

ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥
ਤੂੰ ਆਪਣੈ ਹਰੀ ਸਾਂਈਂ, ਮਿੱਤਰ ਨੂੰ ਲੱਭ। ਭਾਰੀ ਪ੍ਰਾਲਬਧ ਰਾਹੀਂ, ਉਹ ਪਰਮ ਚੰਗੇ ਨਸੀਬਾਂ ਵਾਲਿਆਂ ਦੇ ਮਨ ਅੰਦਰ ਵੱਸਦਾ ਹੈ।

ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥
ਪੂਰਨ ਗੁਰਾਂ ਦੇ ਰਾਹੀਂ ਹੀ ਹੇ ਨਾਨਕ! ਬੰਦਾ ਸਾਈਂ ਨੂੰ ਵੇਖ ਲੈਂਦਾ ਹੈ ਅਤੇ ਉਸ ਦੀ ਉਸ ਨਾਲ ਪ੍ਰੀਤ ਪੈ ਜਾਂਦੀ ਹੈ।

ਪਉੜੀ ॥
ਪਉੜੀ।

ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥
ਸੁਲੱਖਣੀ, ਸੁਲੱਖਣੀ, ਸੁੰਦਰ ਅਤੇ ਫਲਦਾਇਕ ਹੈ ਉਹ ਵੇਲਾ, ਜਦ ਵਾਹਿਗੁਰੂ ਦੀ ਟਹਿਲ ਸੇਵਾ ਬੰਦੇ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥
ਹੇ ਮੇਰੇ ਗੁਰੂ ਦੇ ਮੁਰੀਦੋ! ਤੁਸੀਂ ਵਾਹਿਗੁਰੂ ਸੁਆਮੀ ਦੀ ਈਸ਼ਵਰੀ ਅਕਹਿ ਵਾਰਤਾ ਅਤੇ ਸਾਖੀ ਦਾ ਉਚਾਰਨ ਕਰੋ।

ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥
ਮੈਂ ਆਪਣੇ ਸਰਬ-ਸਿਆਣੇ ਅਤੇ ਸਵਰਗ ਹਰੀ ਸਾਈਂ ਨੂੰ ਕਿਸ ਤਰ੍ਹਾਂ ਪਾ ਸਕਦਾ ਹਾਂ ਤੇ ਕਿਸ ਤਰ੍ਹਾਂ ਵੇਖ ਸਕਦਾ ਹਾਂ?

ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥
ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਆਪਣੇ ਆਪ ਨੂੰ ਬੰਦੇ ਤੇ ਜ਼ਾਹਿਰ ਕਰ ਦਿੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਮ ਵਿੱਚ ਲੀਨ ਕਰ ਦਿੰਦਾ ਹੈ।

ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥
ਨਾਨਕ ਉਹਨਾਂ ਉਤੋਂ ਘੋਲੀ ਵੰਞਦਾ ਹੈ, ਜੋ ਆਪਣੇ ਨਿਰਲੇਪ ਸੁਆਮੀ ਦਾ ਸਿਮਰਨ ਕਰਦੇ ਹਨ।

ਸਲੋਕ ਮਃ ੪ ॥
ਸਲੋਕ ਚੌਥੀ ਪਾਤਿਸ਼ਾਹੀ।

ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥
ਜਿਸਨੂੰ ਗੁਰੂ ਜੀ ਬ੍ਰਹਮਬੋਧ ਦਾ ਸਰੂਪ ਬਖਸ਼ਦੇ ਹਨ, ਉਸ ਦੀਆਂ ਅੱਖਾਂ ਹਰੀ ਸਾਈਂ ਦੇ ਪਿਆਰ ਨਾਲ ਰੰਗੀਆਂ ਜਾਂਦੀਆਂ ਹਨ।

ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥
ਮੈਂ ਆਪਣੇ ਸੁਆਮੀ ਮਿੱਤਰ ਨੂੰ ਪਾ ਲਿਆ ਹੈ, ਹੇ ਦਾਸ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਗਿਆ ਹਾਂ।

ਮਃ ੪ ॥
ਚੌਥੀ ਪਾਤਿਸ਼ਾਹੀ।

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
ਗੁਰੂ-ਅਨੁਸਾਰੀ ਦੇ ਮਨ ਅੰਦਰ ਠੰਢ-ਚੈਨ ਹੈ ਅਤੇ ਉਸ ਦੀ ਆਤਮਾਂ ਤੇ ਦੇਹ ਨਾਮ ਅੰਦਰ ਲੀਨ ਹੋਏ ਹੋਏ ਹਨ।

ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥
ਉਹ ਨਾਮ ਨੂੰ ਸਿਮਰਦਾ ਹੈ, ਨਾਮ ਨੂੰ ਵਾਚਦਾ ਹੈ ਅਤੇ ਉਹ ਕੇਵਲ ਨਾਮ ਨਾਲ ਹੀ ਪਿਰਹੜੀ ਪਾਈ ਰੱਖਦਾ ਹੈ।

ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥
ਉਸ ਨੂੰ ਪ੍ਰਭੂ ਦੇ ਨਾਮ ਦੀ ਦੌਲਤ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਫਿਕਰ ਦੂਰ ਹੋ ਜਾਂਦਾ ਹੈ।

ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥
ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਬੰਦੇ ਅੰਦਰ ਵਾਹਿਗੁਰੂ ਦਾ ਨਾਮ ਉਤਪੰਨ ਥੀ ਵੰਞਦਾ ਹੈ ਅਤੇ ਉਸ ਦੀ ਖਾਹਿਸ਼ ਤੇ ਖੁਧਿਆ ਸਮੂਹ ਦੂਰ ਹੋ ਜਾਂਦੀਆਂ ਹਨ।

ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥
ਨਾਨਕ, ਜੋ ਕੋਈ ਭੀ ਨਾਮ ਨਾਲ ਰੰਗਿਆ ਜਾਂਦਾ ਹੈ, ਉਹ ਨਾਮ ਨੂੰ ਆਪਣੀ ਝੋਲੀ ਵਿੱਚ ਪਾ ਲੈਂਦਾ ਹੈ।

ਪਉੜੀ ॥
ਪਉੜੀ।

ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥
ਖੁਦ ਹੀ ਸੰਸਾਰ ਨੂੰ ਰਚ ਕੇ, ਹੇ ਸੁਆਮੀ! ਤੂੰ ਖੁਦ ਹੀ ਇਸ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹੈਂ।

ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥
ਕਈਆਂ ਨੂੰ ਆਪ-ਹੁਦਰੇ ਬਣਾ, ਉਹਨਾਂ ਨੂੰ ਹਰਾ ਦਿੰਦਾ ਹੈਂ ਅਤੇ ਕਈਆਂ ਨੂੰ ਤੂੰ ਗੁਰਾਂ ਨਾਲ ਜੋੜ ਦਿੰਦਾ ਹੈਂ ਅਤੇ ਉਹ ਆਪਣੀ ਖੇਡ ਨੂੰ ਜਿੱਤ ਲੈਂਦੇ ਹਨ।

ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥
ਸ੍ਰੇਸ਼ਟ ਹੈ ਵਾਹਿਗੁਰੂ ਸੁਆਮੀ ਮਾਲਕ ਦਾ ਨਾਮ। ਕੇਵਲ ਚੰਗੀ ਪ੍ਰਾਲਬਧ ਵਾਲੇ ਹੀ ਗੁਰਾਂ ਦੀ ਬਾਣੀ ਰਾਹੀਂ ਇਸ ਦਾ ਉਚਾਰਨ ਕਰਦੇ ਹਨ।

ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥
ਜਦ ਗੁਰੂ ਜੀ ਪ੍ਰਾਣੀ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਕਰ ਦਿੰਦੇ ਹਨ, ਉਸ ਦੀ ਪੀੜ ਤੇ ਗਰੀਬੀ ਸਭ ਦੂਰ ਹੋ ਜਾਂਦੀਆਂ ਹਨ।

ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥
ਹਰ ਕਿਸੇ ਨੂੰ ਫਰੇਫਤਾ ਕਰਨ ਵਾਲੇ, ਜਿੰਦੜੀ ਨੂੰ ਫਰੇਫਤਾ ਕਰਨ ਵਾਲੇ, ਸੰਸਾਰ ਨੂੰ ਫਰੇਫਤਾ ਕਰਨ ਵਾਲੇ ਦੀ ਸੇਵਾ ਕਰਨੀ ਉਚਿਤ ਹੈ, ਜੋ ਸੰਸਾਰ ਨੂੰ ਰਚ ਕੇ ਸਾਰਿਆਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ।

ਸਲੋਕ ਮਃ ੪ ॥
ਸਲੋਕ ਚੌਥੀ ਪਾਤਿਸਾਹੀ।

ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥
ਮਨੁੱਖਾਂ ਦੇ ਹਿਰਦੇ ਅੰਦਰ ਹੰਕਾਰ ਦੀ ਬਿਮਾਰੀ ਹੈ ਅਤੇ ਪ੍ਰਤੀਕੂਲ ਮੰਦੇ ਪੁਰਸ਼ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।

ਨਾਨਕ ਰੋਗੁ ਵਞਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥
ਨਾਨਕ, ਸੱਚੇ ਗੁਰੂ-ਸੰਤ, ਮਿੱਤਰ ਨਾਲ ਮਿਲ ਕੇ ਮਨੁਸ਼ਾਂ ਦੀ ਬਿਮਾਰੀ ਕੱਟੀ ਜਾਂਦੀ ਹੈ।

ਮਃ ੪ ॥
ਚੌਥੀ ਪਾਤਿਸ਼ਾਹੀ।

ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥
ਮੇਰੀ ਜਿੰਦੜੀ ਅਤੇ ਦੇਹ ਕੇਵਲ ਤਦ ਹੀ ਸ਼ਿੰਗਾਰੀਆਂ ਜਾਂਣੀਆਂ ਹਨ, ਜਦ ਆਪਣਿਆਂ ਨੇਤਰਾਂ ਨਾਲ ਮੈਂ ਆਪਣੇ ਪ੍ਰਭੂ ਨੂੰ ਵੇਖਦਾ ਹਾਂ।

ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥
ਨਾਨਕ, ਉਸ ਪ੍ਰਭੂ ਨਾਲ ਮਿਲਣਾ ਲੋੜਦਾ ਹੈ ਜਿਸ ਦੀ ਆਵਾਜ਼ ਸੁਣਨ ਦੁਆਰਾ ਉਹ ਜੀਉਂਦਾ ਹੈ।

ਪਉੜੀ ॥
ਪਉੜੀ।

ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥
ਮੇਰਾ ਸਿਰਜਨਹਾਰ ਸੁਆਮੀ ਸੰਸਾਰ ਦਾ ਸਾਂਈਂ, ਆਲਮ ਦਾ ਮਾਲਕ, ਬੇਅੰਤ, ਸਰਬ-ਸ਼ਕਤੀਮਾਨ ਅਤੇ ਅਮਾਪ ਹੈ।

ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥
ਹੇ ਮੇਰੇ ਗੁਰੂ ਦੇ ਮੁਰੀਦੋ! ਤੁਸੀਂ ਸੁਆਮੀ ਦੇ ਨਾਮ ਦਾ ਸਿਮਰਨ ਕਰੋ। ਸ੍ਰੇਸ਼ਟ ਹੈ ਵਾਹਿਗੁਰੂ ਸੁਆਮੀ ਅਤੇ ਅਣਮੁੱਲਾ ਹੈ ਉਸ ਦਾ ਨਾਮ,

ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥
ਜੋ, ਦਿਹੁੰ ਅਤੇ ਰੈਣ, ਦਿਲ ਨਾਲ ਆਪਣੇ ਵਾਹਿੀਗੁਰੂ ਦਾ ਸਿਮਰਨ ਕਰਦੇ ਹਨ, ਉਹ ਉਸ ਨਾਲ ਮਿਲ ਜਾਂਦੇ ਹਨ ਅਤੇ ਇਸ ਇਸ ਵਿੱਚ ਕੋਈ ਸੰਦੇਹ ਨਹੀਂ।

ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥
ਭਾਰੀ ਚੰਗੀ ਪ੍ਰਾਲਬਧ ਦੁਆਰਾ, ਸਾਧ ਸੰਗਤ ਅਤੇ ਵਿਸ਼ਾਲ ਸੱਚੇ ਗੁਰਾਂ ਦੀ ਪੂਰਨ ਬਾਣੀ ਦੀ ਦਾਤ ਪ੍ਰਾਪਤ ਹੁੰਦੀ ਹੈ।

ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥
ਸਮੂਹ ਜੀਵਾਂ ਨੂੰ ਆਪਣੇ ਸੁਆਮੀ, ਸੱਚੇ ਸੁਆਮੀ ਦਾ ਸਿਮਰਨ ਕਰਨਾ ਉਚਿਤ ਹੈ, ਜਿਸ ਦੁਆਰਾ ਮੌਤ ਦੇ ਦੂਤ ਦੇ ਨਾਲ ਸਾਰੇ ਝਗੜੇ ਅਤੇ ਬਖੇੜੇ ਮੁੱਕ ਜਾਂਦੇ ਹਨ।

ਸਲੋਕ ਮਃ ੪ ॥
ਸਲੋਕ ਚੌਥੀ ਪਾਤਿਸ਼ਾਹੀ।

ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥
ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ। ਬੇਸਮਝ ਬੰਦਾ, ਉਸ ਉਤੇ ਤੀਰ ਸਿੰਨ੍ਹਦਾ ਹੈ।

ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥
ਨਾਨਕ ਰੱਬ ਦਾ ਗੋਲਾ ਰੱਬ ਦੀ ਪ੍ਰੀਤ ਰਾਹੀਂ ਬਚ ਜਾਂਦਾ ਹੈ ਅਤੇ ਤੀਰ ਪਿੱਛੇ ਮੁੜ ਉਸ ਨੂੰ ਹੀ ਮਾਰ ਸੁਟਦਾ ਹੈ, ਜਿਸ ਨੇ ਇਸ ਦਾ ਨਿਸ਼ਾਨਾ ਬੰਨਿ੍ਹਆਂ ਸੀ।

copyright GurbaniShare.com all right reserved. Email