ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ ॥ ਦਿਨ ਦੇ ਅਠੇ ਪਹਿਰ ਹੀ ਮੈਂ ਪ੍ਰਭੂ ਦਾ ਆਰਾਧਨ ਕਰਦਾ ਹਾਂ, ਅਤੇ ਹਮੇਸ਼ਾਂ ਹੀ ਉਸ ਦੀ ਸਿਫ਼ਤ ਸ਼ਲਾਘਾ ਗਾਉਂਦਾ ਹਾਂ। ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥ ਗੁਰੂ ਜੀ ਫੁਰਮਾਉਂਦੇ ਹਨ ਮੇਰੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਹੋ ਗਈਆਂ ਹਨ ਅਤੇ ਮੈਂ ਆਪਣੇ ਗੁਰੂ ਪ੍ਰੇਮਸ਼ਰ ਨੂੰ ਪਾ ਲਿਅ ਹੈ। ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥ ਨਾਮ ਦਾ ਚਿੰਤਨ ਕਰਨ ਦੁਆਰਾ ਮੇਰੇ ਪਾਪ ਮਿਟ ਗਏ ਹਨ, ਸਚੁ ਨਾਮੁ ਗੁਰਿ ਦੀਨੀ ਰਾਸੇ ॥ ਅਤੇ ਸਚੇ ਗੁਰਾਂ ਨੇ ਮੈਨੂੰ ਸਤਿਨਾਮ ਦੀ ਪੂੰਜੀ ਬਖਸ਼ ਦਿਤੀ ਹੈ। ਪ੍ਰਭ ਕੀ ਦਰਗਹ ਸੋਭਾਵੰਤੇ ॥ ਸੁਭਾਇਮਾਨ ਲਗਦੇ ਹਨ, ਸਾਹਿਬ ਦੇ ਗੋਲੇ ਉਸ ਦੇ ਦਰਬਾਰ ਅੰਦਰ, ਸੇਵਕ ਸੇਵਿ ਸਦਾ ਸੋਹੰਤੇ ॥੧॥ ਅਤੇ ਉਸ ਦੀ ਘਾਲ ਕਮਾ, ਸਾਹਿਬ ਦੇ ਗੋਲੇ ਸਦੀਵ ਹੀ ਸੁੰਦਰ ਦਿਸਦੇ ਹਨ। ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਹੇ ਮੇਰੇ ਵੀਰ! ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥ ਇਸ ਤਰ੍ਹਾਂ ਤੇਰੀਆਂ ਸਾਰੀਆਂ ਬੀਮਾਰੀਆਂ ਅਤੇ ਸਾਰੇ ਪਾਪ ਨਸ਼ਟ ਹੋ ਜਾਣਗੇ ਅਤੇ ਤੇਰੇ ਚਿੱਤ ਤੋਂ ਆਤਮਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਵੇਗਾ। ਠਹਿਰਾਉ। ਜਨਮ ਮਰਨ ਗੁਰਿ ਰਾਖੇ ਮੀਤ ॥ ਹੇ ਮੇਰੇ ਮਿੱਤਰ! ਗੁਰਾਂ ਨੇ ਮੈਨੂੰ ਜੰਮਣ ਤੇ ਮਰਨ ਤੋਂ ਬਚਾ ਲਿਆ ਹੈ, ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥ ਅਤੇ ਰੱਬ ਦੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ। ਕੋਟਿ ਜਨਮ ਕੇ ਗਏ ਕਲੇਸ ॥ ਮੇਰੇ ਕ੍ਰੋੜਾ ਹੀ ਜਨਮਾਂ ਦੇ ਦੁਖੜੇ ਦੂਰ ਹੋ ਗਏ ਹਨ। ਜੋ ਤਿਸੁ ਭਾਵੈ ਸੋ ਭਲ ਹੋਸ ॥੨॥ ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਭਲਾ ਹੈ। ਤਿਸੁ ਗੁਰ ਕਉ ਹਉ ਸਦ ਬਲਿ ਜਾਈ ॥ ਮੈਂ ਹਮੇਸ਼ਾਂ ਉਨ੍ਹਾਂ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ ॥ ਜਿਨ੍ਹਾਂ ਦੀ ਦਇਆ ਦੁਆਰ, ਮੈਂ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਐਸਾ ਗੁਰੁ ਪਾਈਐ ਵਡਭਾਗੀ ॥ ਚੰਗੇ ਭਾਗਾਂ ਰਾਹੀਂ ਐਹੋ ਜੇਹੇ ਗੁਰੂ ਜੀ ਪਰਾਪਤ ਹੁੰਦੇ ਹਨ, ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥ ਜਿਨ੍ਹਾਂ ਨਾਲ ਮਿਲਣ ਦੁਆਰਾ, ਜੀਵ ਦੀ ਪਿਰਹੜੀ ਪ੍ਰਭੂ ਨਾਲ ਪੈ ਜਾਂਦੀ ਹੈ। ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥ ਮੇਰੇ ਸ਼੍ਰੋਮਣੀ ਸਾਈਂ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ, ਸਗਲ ਘਟਾ ਕੇ ਅੰਤਰਜਾਮੀ ॥ ਹੇ ਸਾਰਿਆਂ ਦਿਲਾਂ ਦੀਆਂ ਜਾਨਣਹਾਰ। ਆਠ ਪਹਰ ਅਪੁਨੀ ਲਿਵ ਲਾਇ ॥ ਅੱਠੇ ਪਹਿਰ ਮੈਨੂੰ ਆਪਣੇ ਪਿਆਰ ਨਾਲ ਜੋੜੀ ਰੱਖ, ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥ ਨਫਰ ਨਾਨਕ, ਤੇਰੀ ਪਨਾਹ ਲੋੜਦਾ ਹੈ, ਹੇ ਮੇਰੇ ਸੁਆਮੀ! ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥ ਆਪਣੀ ਰਹਿਮਤ ਧਾਰ ਕੇ, ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ, ਹਰਿ ਕਾ ਨਾਮੁ ਜਪਨ ਕਉ ਦੀਏ ॥ ਅਤੇ ਸਿਮਰਨ ਕਰਨ ਲਈ ਮੈਨੂੰ ਆਪਣੇ ਨਾਮ ਬਖਸ਼ਿਆ ਹੈ। ਆਠ ਪਹਰ ਗੁਨ ਗਾਇ ਗੁਬਿੰਦ ॥ ਹਰ ਸਮੇਂ ਹੀ ਸੰਸਾਰ ਦੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ, ਭੈ ਬਿਨਸੇ ਉਤਰੀ ਸਭ ਚਿੰਦ ॥੧॥ ਮੇਰੇ ਡਰ ਦੂਰ ਹੋ ਗਏ ਹਨ ਤੇ ਸਾਰੀ ਚਿੰਤਾ ਲਹਿ ਗਈ ਹੈ। ਉਬਰੇ ਸਤਿਗੁਰ ਚਰਨੀ ਲਾਗਿ ॥ ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ, ਮੈਂ ਬੱਚ ਗਿਆ ਹਾਂ। ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥੧॥ ਰਹਾਉ ॥ ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਮੇਰੇ ਲਈ ਕੇਵਲ ਉਹੀ ਚੰਗਾ ਤੇ ਮਿੱਠਾ ਹੈ। ਮੈਂ ਆਪਣੇ ਚਿੱਤ ਦੀ ਸਿਆਣਪ ਛੱਡ ਦਿਤੀ ਹੈ। ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ ॥ ਮੇਰੇ ਚਿੱਤ ਤੇ ਦੇਹ ਅੰਦਰ ਉਹ ਹਰੀ ਸਾਈਂ ਵੱਸਦਾ ਹੈ। ਕਲਿ ਕਲੇਸ ਕਿਛੁ ਬਿਘਨੁ ਨ ਹੋਈ ॥ ਮੈਨੂੰ ਹੁਣ ਕੋਈ ਝਗੜੇ, ਦੁਖੜੇ ਅਤੇ ਔਕੜਾਂ ਨਹੀਂ ਵਿਆਪਦੀਆਂ। ਸਦਾ ਸਦਾ ਪ੍ਰਭੁ ਜੀਅ ਕੈ ਸੰਗਿ ॥ ਸਾਈਂ ਹੁਣ ਸਦੀਵ ਅਤੇ ਹਮੇਸ਼ਾਂ ਹੀ ਮੇਰੀ ਜਿੰਦੜੀ ਨਾਲ ਵੱਸਦਾ ਹੈ। ਉਤਰੀ ਮੈਲੁ ਨਾਮ ਕੈ ਰੰਗਿ ॥੨॥ ਨਾਮ ਦੇ ਪਿਆਰ ਨਾਲ, ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ। ਚਰਨ ਕਮਲ ਸਿਉ ਲਾਗੋ ਪਿਆਰੁ ॥ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਲਾਉਣ ਦੁਆਰਾ, ਬਿਨਸੇ ਕਾਮ ਕ੍ਰੋਧ ਅਹੰਕਾਰ ॥ ਬੰਦਾ ਵਿਸ਼ੇ ਭੋਗ, ਗੁੱਸੇ ਤੇ ਹੰਕਾਰ ਤੋਂ ਛੁਟਕਾਰਾ ਪਾ ਜਾਂਦਾ ਹੈ। ਪ੍ਰਭ ਮਿਲਨ ਕਾ ਮਾਰਗੁ ਜਾਨਾਂ ॥ ਮੈਂ ਹੁਣ ਆਪਣੇ ਸਾਈਂ ਦੇ ਮਿਲਣ ਦੇ ਰਾਹ ਨੂੰ ਜਾਣ ਲਿਆ ਹੈ। ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥੩॥ ਪਿਆਰੀ-ਉਪਾਸ਼ਨਾ ਦੇ ਰਾਹੀਂ, ਮੇਰਾ ਚਿੱਤ ਹੁਣ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਿਆ ਹੈ। ਸੁਣਿ ਸਜਣ ਸੰਤ ਮੀਤ ਸੁਹੇਲੇ ॥ ਹੇ ਮਿੱਤਰ! ਹੇ ਸਾਧੂ! ਹੇ ਮੇਰੇ ਕੀਰਤੀਮਾਨ ਯਾਰ! ਤੂੰ ਮੇਰੀ ਗੱਲ ਸੁਣ। ਨਾਮੁ ਰਤਨੁ ਹਰਿ ਅਗਹ ਅਤੋਲੇ ॥ ਬੇਥਾਹ ਅਤੇ ਅਜੋਖ ਹੈ ਸੁਆਮੀ ਦੇ ਨਾਮ ਦਾ ਜਵੇਹਰ। ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥ ਸਦੀਵ ਅਤੇ ਹਮੇਸ਼ਾਂ ਹੀ, ਤੂੰ ਨੇਕੀਆਂ ਦੇ ਖਜਾਨੇ ਆਪਣੇ ਵਾਹਿਗੁਰੂ ਦੀ ਉਸਤਤੀ ਗਾਇਨ ਕਰ। ਕਹੁ ਨਾਨਕ ਵਡਭਾਗੀ ਪਾਈਐ ॥੪॥੬॥ ਗੁਰੂ ਜੀ ਫਰਮਾਉਂਦੇ ਹਨ, ਸੁਆਮੀ ਪਰਮ ਚੰਗੇ ਕਰਮਾਂ ਰਾਹੀਂ ਹੀ ਪਾਇਆ ਜਾਂਦਾ ਹੈ। ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਸੇ ਧਨਵੰਤ ਸੇਈ ਸਚੁ ਸਾਹਾ ॥ ਕੇਵਲ ਉਹ ਹੀ ਧਨਾਢ ਹਨ ਅਤੇ ਉਹ ਹੀ ਸੱਚੇ ਸ਼ਾਹੂਕਾਰ, ਹਰਿ ਕੀ ਦਰਗਹ ਨਾਮੁ ਵਿਸਾਹਾ ॥੧॥ ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਆਪਣਾ ਇਤਬਾਰ ਜਮਾ ਲਿਆ ਹੈ। ਹਰਿ ਹਰਿ ਨਾਮੁ ਜਪਹੁ ਮਨ ਮੀਤ ॥ ਹੇ ਮੇਰੇ ਮਿੱਤਰ! ਆਪਣੇ ਹਿਰਦੇ ਅੰਦਰ ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥੧॥ ਰਹਾਉ ॥ ਕੇਵਲ ਚੰਗੇ ਕਰਮਾਂ ਦੁਆਰਾ ਹੀ ਪੂਰਨ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ ਅਤੇ ਤਦ ਪਵਿੱਤਰ ਤੇ ਮੁਕੰਮਲ ਹੋ ਜਾਂਦੀ ਹੈ ਜੀਵ ਦੀ ਜੀਵਨ ਰਹੁ-ਰੀਤੀ। ਠਹਿਰਾਉ। ਪਾਇਆ ਲਾਭੁ ਵਜੀ ਵਾਧਾਈ ॥ ਜਦ ਪ੍ਰਾਣੀ ਨਾਮ ਦਾ ਨਫਾ ਕਮਾ ਲੈਂਦਾ ਹੈ, ਉਸ ਨੂੰ ਸ਼ਾਬਾਸ਼ੇ ਮਿਲਦੀ ਹੈ, ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥੨॥ ਅਤੇ ਸਾਧੂਆਂ ਦੀ ਦਇਆ ਦੁਆਰਾ ਉਹ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ। ਸਫਲ ਜਨਮੁ ਜੀਵਨ ਪਰਵਾਣੁ ॥ ਫਲਦਾਇਕ ਹੈ ਆਗਮਨ ਅਤੇ ਪ੍ਰਮਾਣੀਕ ਹੈ ਉਸ ਦੀ ਜਿੰਦਗੀ, ਗੁਰ ਪਰਸਾਦੀ ਹਰਿ ਰੰਗੁ ਮਾਣੁ ॥੩॥ ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਪ੍ਰਭੂ ਦੇ ਪ੍ਰੇਮ ਦਾ ਆਨੰਦ ਲੈਂਦਾ ਹੈ। ਬਿਨਸੇ ਕਾਮ ਕ੍ਰੋਧ ਅਹੰਕਾਰ ॥ ਉਸ ਦਾ ਭੋਗ ਬਿਲਾਸ, ਗੁੱਸਾ ਅਤੇ ਹੰਕਾਰ ਨਾਸ ਹੋ ਜਾਂਦੇ ਹਨ, ਨਾਨਕ ਗੁਰਮੁਖਿ ਉਤਰਹਿ ਪਾਰਿ ॥੪॥੭॥ ਅਤੇ ਗੁਰਾਂ ਦੀ ਦਇਆ ਦੁਆਰਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ, ਹੇ ਨਾਨਕ! ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਗੁਰੁ ਪੂਰਾ ਪੂਰੀ ਤਾ ਕੀ ਕਲਾ ॥ ਪੂਰਨ ਹਨ ਗੁਰੂ ਜੀ ਅਤੇ ਪੂਰਨ ਹੈ ਉਨ੍ਹਾਂ ਦੀ ਸ਼ਕਤੀ। copyright GurbaniShare.com all right reserved. Email |