Page 1380

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥
ਸ਼ੇਖ ਫਰੀਦ ਬਿਰਧ ਹੋ ਗਿਆ ਹੈ ਅਤੇ ਉਸ ਦਾ ਸਰੀਰ ਕੰਬਣ ਲੱਗ ਗਿਆ ਹੈ।

ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥
ਜੇਕਰ ਉਹ ਸੈਂਕੜੇ ਸਾਲ ਭੀ ਜੀਉਂਦਾ ਰਹੇ, ਓੜਕ ਨੂੰ ਉਸ ਦੀ ਦੇਹ ਮਿੱਟੀ ਹੋ ਜਾਵੇਗੀ।

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਫਰੀਦ ਫਰਿਆਦ ਕਰਦਾ ਹੈ ਕਿ ਹੇ ਮੇਰੇ ਸੁਆਮੀ ਤੂੰ ਮੈਨੂੰ ਹੋਰਸ ਦੇ ਬੂਹੇ ਉਤੇ ਨਾਂ ਬਿਠਾਲ।

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
ਜੇਕਰ ਤੂੰ ਮੈਨੂੰ ਇਸ ਤਰ੍ਹਾਂ ਹੀ ਰਖਨਾ ਹੈ, ਤਾਂ ਤੂੰ ਮੇਰੀ ਦੇਹ ਵਿਚੋਂ ਜਾਨ ਨੂੰ ਕੱਢ ਲੈ।

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥
ਮੋਢੇ ਉਤੇ ਕੁਠਾਰ ਅਤੇ ਮੂਡ ਤੇ ਪਾਣੀ ਦੀ ਮਟਕੀ ਲੈ ਲੁਹਾਰ ਰੁਪ ਵਢਣ ਲਈ ਤਿਆਰ (ਦੇ ਸਿਰ ਉਤੇ ਖੜਾ) ਹੈ।

ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥੪੩॥
ਫਰੀਦ! ਮੈਂ ਆਪਣੇ ਕੰਤ ਨੂੰ ਚਾਹੁੰਦਾ ਹਾਂ ਅਤੇ ਤੂੰ ਕੋਲੇ ਚਾਹੁੰਦਾ ਹੈ।

ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥
ਫਰੀਦ! ਕਈਆਂ ਕੋਲ ਬਹੁਤ ਜਿਆਦਾ ਆਟਾ ਹੈ, ਅਤੇ ਕਈਆਂ ਕੋਲ ਲੂਣ ਭੀ ਨਹੀਂ।

ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥
ਜਦ ਉਹ ਦੋਨੋ ਪਰਲੋਕ ਵਿੱਚ ਜਾਣਗੇ ਉਦੋਂ ਪਤਾ ਲਗੂਗਾ ਕਿ ਸੱਟਾਂ ਕੌਣ ਸਹਾਰਦਾ ਹੈ?

ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥
ਜਿਨ੍ਹਾਂ ਕੋਲ ਨਗਾਰੇ ਤੇ ਢੋਲ ਅਤੇ ਸਿਰ ਉਤੇ ਛਤ੍ਰ ਸਨ ਅਤੇ ਜਿਨ੍ਹਾਂ ਦੀਆਂ ਸਿਫਤਾਂ ਭੱਟ ਗਾਉਂਦੇ ਹਨ।

ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥
ਉਹ ਜਾ ਕੇ ਕਬਰਸਤਾਨ ਅੰਦਰ ਸੌ ਗਏ ਹਨ ਅਤੇ ਯਤੀਮਾਂ ਦੀ ਨਿਆਈ ਦਬੇ ਪਏ ਹਨ।

ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
ਫਰੀਦ! ਜਿਨ੍ਹਾਂ ਨੇ ਮਕਾਨ ਮੰਦਰ ਅਤੇ ਉਚੀਆਂ ਇਮਾਰਤਾ ਬਣਾਈਆਂ ਸਨ, ਉਹ ਭੀ ਟੁਰ ਗਏ ਹਨ।

ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥
ਉਨ੍ਹਾਂ ਨੇ ਝੂਠਾ ਵਣਜ ਵਿਹਾਝਿਆ ਅਤੇ ਕਬਰਾਂ ਵਿੱਚ ਆ ਡਿਗੇ।

ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥
ਫਰੀਦ! ਖਫਨੀ ਤੇ ਘਣੇਰੇ ਤੋਪੇ ਲਗੇ ਹੋਏ ਹਨ, ਪ੍ਰੰਤੂ ਜਿੰਦੜੀ ਨੂੰ ਕੋਈ ਭੀ ਤੋਪਾ ਨਹੀਂ।

ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥
ਸ਼ੇਖ ਅਤੇ ਉਨ੍ਹਾਂ ਦੇ ਮੁਰੀਦ ਸਾਰੇ ਹੀ ਆਪੇ ਆਪਣੀ ਵਾਰੀ ਸਿਰ ਕੂਚ ਕਰ ਗਏ ਹਨ।

ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥
ਫਰੀਦ! ਜਦ ਅੱਖਾਂ ਦੇ ਦੋਨੋ ਲੈਂਪ ਜਗਦੇ ਹੁੰਦੇ ਹਨ, ਮੌਤ ਦਾ ਦੂਤ ਆ ਕੇ ਬੈਠ ਜਾਂਦਾ ਹੈ।

ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥
ਉਹ ਕਿਲ੍ਹੇ ਨੂੰ ਫਤਹ ਕਰ ਲੈਂਦਾ ਹੈ, ਇਸ ਦੀ ਆਤਮਾ ਨੂੰ ਲੁਟ ਲੈ ਜਾਂਦਾ ਹੈ, ਅਤੇ ਦੀਵਿਆਂ ਨੂੰ ਗੁਲ ਕਰ ਟੁਰ ਜਾਂਦਾ ਹੈ।

ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥
ਫਰੀਦ! ਦੇਖ ਕਪਾਹ ਨਾਲ ਕੀ ਹੋਇਆ ਹੈ ਅਤੇ ਤਿਲਾਂ ਦੇ ਸਿਰ ਤੇ ਕੀ ਬੀਤੀ ਹੈ,

ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥
ਅਤੇ ਇਸ ਕਾਗਜ, ਮਿੱਟੀ ਦੇ ਭਾਂਡਿਆਂ ਅਤੇ ਕੋਲੇ ਦੀ ਕੀ ਦਸ਼ਾ ਹੋਈ ਹੈ?

ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥੪੯॥
ਜੋ ਮਾੜੇ ਕਰਮ ਕਮਾਉਂਦੇ ਹਨ, ਏਸੇ ਤਰ੍ਹਾਂ ਹੀ ਉਨ੍ਹਾਂ ਨੂੰ ਸਜਾ ਮਿਲਦੀ ਹੈ।

ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਫਰੀਦ! ਤੇਰੇ ਮੋਢੇ ਤੇ ਨਮਾਜ ਪੜ੍ਹਨ ਵਾਲੀ ਫੂੜੀ ਹੈ ਅਤੇ ਤੇਰੀ ਦੇਹ ਤੇ ਸੂਫੀਆਂ ਵਾਲੀ ਪੁਸ਼ਾਕ ਅਤੇ ਤੂੰ ਮਿੱਠਾ ਬੋਲਦਾ ਹੈ, ਪ੍ਰੰਤੂ ਤੇਰੇ ਦਿਲ ਅੰਦਰ ਛੁਰੀ ਹੈ।

ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥
ਬਾਹਰ ਵਾਰੋ, ਤੂੰ ਰੋਸ਼ਨ ਮਲੂਮ ਹੁੰਦਾ ਹੈ, ਪ੍ਰੰਤੂ ਤੇਰੇ ਦਿਲ ਅੰਦਰ ਕਾਲੀ ਬੋਲੀ ਰੈਣ ਹੈ।

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥
ਫਰੀਦ! ਜੇਕਰ ਕੋਈ ਜਣਾ ਮੇਰੀ ਦੇਹ ਨੂੰ ਵੱਢੇ ਟੁਕੇ ਤਾਂ ਇਸ ਵਿਚੋਂ ਇਕ ਭੋਰਾ ਭੀ ਲਹੁ ਨਹੀਂ ਨਿਕਲੇਗਾ।

ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥
ਜਿਹੜੀਆਂ ਦੇਹਾਂ, ਵਾਹਿਗੁਰੂ ਨਾਲ ਰੰਗੀਆਂ ਹੋਈਆਂ ਹਨ, ਉਨ੍ਹਾਂ ਦੇਹਾਂ ਵਿੱਚ ਲਹੁ ਨਹੀਂ ਹੁੰਦਾ।

ਮਃ ੩ ॥
ਤੀਜੀ ਪਾਤਿਸ਼ਾਹੀ।

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
ਇਹ ਦੇਹ ਸਮੂਹ ਲਹੂ ਹੀ ਹੈ। ਲਹੂ ਦੇ ਬਗੈਰ, ਦੇਹ ਰਹਿ ਹੀ ਨਹੀਂ ਸਕਦੀ।

ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥
ਜਿਹੜੇ ਆਪਣੇ ਕੰਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਦੇਹ ਅੰਦਰ ਲਾਲਚ ਦਾ ਲਹੂ ਨਹੀਂ ਹੁੰਦਾ।

ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥
ਜਦ ਪ੍ਰਭੂ ਦਾ ਡਰ ਦੇਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਤਦ ਇਹ ਦੁਬਲੀ ਹੋ ਜਾਂਦੀ ਹੈ ਅਤੇ ਲਾਲਚ ਦਾ ਲਹੂ ਅੰਦਰੋ ਦੂਰ ਹੋ ਜਾਂਦਾ ਹੈ।

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
ਇਸ ਤਰ੍ਹਾਂ ਅੱਗ ਨਾਲ ਧਾਤ ਨਿਰਮਲ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਪ੍ਰਭੂ ਦਾ ਡਰ ਮੰਦੀਆਂ ਰੁਚੀਆਂ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ।

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥
ਨਾਨਕ, ਸੁੰਦਰ ਹਨ ਉਹ ਪੁਰਸ਼ ਜੋ ਆਪਣੇ ਵਾਹਿਗੁਰੂ ਦੇ ਪਿਆਰ ਨਾਲ ਰੰਗੀਜੇ ਹਨ।

ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
ਫਰੀਦ ਤੂੰ ਉਸ ਤਾਲਾਬ ਨੂੰ ਭਾਲ, ਜਿਥੇ ਅਸਲੀ ਵਸਤੂ ਲਭਣੀ ਹੈ।

ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
ਟੋਭੇ ਵਿੱਚ ਭਾਲਣ ਦਾ ਕੀ ਫਾਇਦਾ ਹੈ? ਬੰਦੇ ਦਾ ਹੱਥ ਗਾਰੇ ਵਿੱਚ ਹੀ ਖੁਭਦਾ ਹੈ।

ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥
ਫਰੀਦ! ਜਦ ਜੁਆਨ ਹੁੰਦੀ ਹੈ ਪਤਨੀ ਆਪਣੇ ਪਤੀ ਨੂੰ ਨਹੀਂ ਮਾਣਦੀ, ਜਦ ਉਹ ਬਿਰਧ ਹੋ ਜਾਂਦੀ ਹੈ ਉਹ ਮਰ ਵੰਞਦੀ ਹੈ।

ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥
ਕਬਰ ਵਿੱਚ ਪਈ ਹੋਈ ਪਤਨੀ ਪੁਕਾਰਦੀ ਹੈ, " ਹੇ ਮੇਰੇ ਪਤੀ! ਮੈਂ ਤੈਨੂੰ ਮਿਲ ਨਾਂ ਸਕੀ।

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥
ਫਰੀਦ ਮੇਰੇ ਮੂੰਡ ਦੇ ਵਾਲ ਚਿੱਟੇ ਹਨ, ਮੇਰੀ ਦਾੜ੍ਹੀ ਚਿੱਟੀ ਹੈ ਅਤੇ ਮੇਰੀਆਂ ਮੁੱਛਾ ਭੀ ਚਿੱਟੀਆਂ ਹਨ।

ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥
ਹੇ ਮੇਰੀ ਬੇਖਬਰ ਅਤੇ ਝੱਲੀ ਜਿੰਦੜੀਏ! ਤੂੰ ਕਿਉਂ ਰੰਗ ਰਲੀਆਂ ਅੰਦਰ ਬਹਾਰਾ ਕਰ ਰਹੀ ਹੈ?

ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥
ਫਰੀਦ ਤੂੰ ਕਿੰਨੇ ਚਿਰ ਲਈ ਮਕਾਨ ਦੀ ਛਤ ਤੇ ਭੱਜ ਸਕਦਾ ਹੈ? ਆਪਣੇ ਪਿਆਰੇ ਲਈ ਨੀਂਦਰ ਨੂੰ ਤਰਕ ਕਰ ਦੇ।

ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥
ਗਿਣਤੀ ਦੇ ਦਿਨ, ਜੋ ਤੈਨੂੰ ਮਿਲੇ ਸਨ, ਉਹ ਬੀਤਦੇ ਬੀਤਦੇ ਬੀਤ ਗਏ ਹਨ।

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥
ਫਰੀਦ ਮਕਾਨ, ਮਦਰ ਅਤੇ ਬਾਲਾਪਾਨੇ, ਇਨ੍ਹਾਂ ਨਾਲ ਤੂੰ ਆਪਣੇ ਮਨ ਨੂੰ ਨਾਂ ਜੋੜ।

ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥
ਜਦੋ ਅਣਤੋਲੀ ਮਿੱਟੀ ਤੇਰੇ ਉਤੇ ਪਵੇਗੀ ਤਾਂ ਇਨ੍ਹਾਂ ਵਿਚੋਂ ਕੋਈ ਭੀ ਤੇਰਾ ਮਿੱਤਰ ਨਹੀਂ ਬਣਨਾ।

ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
ਫਰੀਦ! ਤੂੰ ਆਪਣੇ ਦਿਲ! ਮਹਿਲਾ ਅਤੇ ਦੌਲਤ ਨਾਲ ਨਾਂ ਜੋੜ ਅਤੇ ਤੂੰ ਬਲਵਾਨ ਮੌਤ ਨੂੰ ਯਾਦ ਰਖ।

copyright GurbaniShare.com all right reserved. Email