ਕਲਿ ਕਲੇਸ ਗੁਰ ਸਬਦਿ ਨਿਵਾਰੇ ॥
ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।ਆਵਣ ਜਾਣ ਰਹੇ ਸੁਖ ਸਾਰੇ ॥੧॥ ਆਉਣਾ ਤੇ ਜਾਣਾ ਮਿਟ ਜਾਂਦਾ ਹੈ ਤੇ ਸਭ ਆਰਾਮ ਮਿਲ ਜਾਂਦੇ ਹਨ।ਭੈ ਬਿਨਸੇ ਨਿਰਭਉ ਹਰਿ ਧਿਆਇਆ ॥ ਨਿਡਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰਾ ਡਰ ਦੂਰ ਹੋ ਗਿਆ ਹੈ।ਸਾਧਸੰਗਿ ਹਰਿ ਕੇ ਗੁਣ ਗਾਇਆ ॥੧॥ ਰਹਾਉ ॥ ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।ਚਰਨ ਕਵਲ ਰਿਦ ਅੰਤਰਿ ਧਾਰੇ ॥ ਸਾਹਿਬ ਦੇ ਚਰਨ ਕਮਲ ਮੈਂ ਆਪਣੇ ਚਿਰਦੇ ਅੰਦਰ ਟਿਕਾ ਲਏ ਹਨ।ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥੨॥ ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।ਬੂਡਤ ਜਾਤ ਪੂਰੈ ਗੁਰਿ ਕਾਢੇ ॥ ਮੈਂ ਡੁੱਬ ਰਿਹਾ ਸਾਂ, ਪੂਰਨ ਗੁਰਾਂ ਨੇ ਮੈਨੂੰ ਬਚਾ ਲਿਆ ਹੈ।ਜਨਮ ਜਨਮ ਕੇ ਟੂਟੇ ਗਾਢੇ ॥੩॥ ਗੁਰਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਅਨੇਕਾਂ ਜਨਮਾਂ ਤੋਂ ਵਿਛੁੜਿਆਂ ਹੋਇਆ ਸਾਂ।ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਨ੍ਹਾਂ ਗੁਰਾਂ ਉਤੇ ਵਾਰਨੇ ਜਾਂਦਾ ਹਾਂ,ਜਿਸੁ ਭੇਟਤ ਗਤਿ ਭਈ ਹਮਾਰੀ ॥੪॥੫੬॥੧੨੫॥ ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਸਾਧਸੰਗਿ ਤਾ ਕੀ ਸਰਨੀ ਪਰਹੁ ॥ ਸਤਿ ਸੰਗਤ ਅੰਦਰ ਉਸ ਦੀ ਸਰਣਾਗਤਿ ਸੰਭਾਲ।ਮਨੁ ਤਨੁ ਅਪਨਾ ਆਗੈ ਧਰਹੁ ॥੧॥ ਆਪਣੀ ਆਤਮਾ ਤੇ ਦੇਹਿ ਤੂੰ ਸਾਹਿਬ ਦੇ ਮੂਹਰੇ ਰੱਖ ਦੇ!ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ ॥ ਅੰਮ੍ਰਿਤ ਰੂਪੀ ਨਾਮ ਪਾਨ ਕਰ, ਹੇ ਮੇਰੇ ਵੀਰ!ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥੧॥ ਰਹਾਉ ॥ ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਅੱਗ ਪੂਰੀ ਤਰ੍ਹਾਂ ਬੁਝ ਜਾਂਦੀ ਹੈ। ਠਹਿਰਾਉ।ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ ॥ ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੇ ਜਨਮ ਤੇ ਮਰਣ ਨੂੰ ਖ਼ਤਮ ਕਰ ਲੈ।ਹਰਿ ਕੇ ਦਾਸ ਕੇ ਚਰਣ ਨਮਸਕਾਰਹੁ ॥੨॥ ਵਾਹਿਗੁਰੂ ਦੇ ਗੋਲੇ ਦੇ ਚਰਨਾ ਤੇ ਤੂੰ ਪਰਣਾਮ ਕਰ।ਸਾਸਿ ਸਾਸਿ ਪ੍ਰਭੁ ਮਨਹਿ ਸਮਾਲੇ ॥ ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥੩॥ ਉਹ ਦੌਲਤ ਇਕੱਤਰ ਕਰ ਜਿਹੜੀ ਤੇਰੇ ਸਾਥ ਜਾਵੇ!ਤਿਸਹਿ ਪਰਾਪਤਿ ਜਿਸੁ ਮਸਤਕਿ ਭਾਗੁ ॥ ਕੇਵਲ ਉਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ!ਕਹੁ ਨਾਨਕ ਤਾ ਕੀ ਚਰਣੀ ਲਾਗੁ ॥੪॥੫੭॥੧੨੬॥ ਗੁਰੂ ਜੀ ਫ਼ੁਰਮਾਉਂਦੇ ਹਨ ਤੂੰ ਉਸ ਸਾਹਿਬ ਦੇ ਪੈਰੀ ਪੈ ਜਾ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਸੂਕੇ ਹਰੇ ਕੀਏ ਖਿਨ ਮਾਹੇ ॥ ਸੁੱਕਿਆਂ ਸੜਿਆ ਨੂੰ ਹਰੀ ਇਕ ਛਿਨ ਵਿੱਚ ਸਰਸਬਜ਼ ਕਰ ਦਿੰਦਾ ਹੈ।ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥੧॥ ਉਸ ਦੀ ਅੰਮ੍ਰਿਤ ਰੂਪੀ ਨਜ਼ਰ ਉਨ੍ਹਾਂ ਨੂੰ ਸਿੰਚ ਕੇ ਸੁਰਜੀਤ ਕਰ ਦਿੰਦੀ ਹੈ।ਕਾਟੇ ਕਸਟ ਪੂਰੇ ਗੁਰਦੇਵ ॥ ਪੂਰਨ ਤੇ ਪ੍ਰਕਾਸ਼ਵਾਨ ਗੁਰਾਂ ਨੇ ਮੇਰੇ ਦੁਖੜੇ ਦੂਰ ਕਰ ਦਿੱਤੇ ਹਨ।ਸੇਵਕ ਕਉ ਦੀਨੀ ਅਪੁਨੀ ਸੇਵ ॥੧॥ ਰਹਾਉ ॥ ਆਪਣੇ ਟਹਿਲੂਏ ਨੂੰ ਉਹ ਆਪਣੀ ਚਾਕਰੀ ਬਖ਼ਸ਼ਦਾ ਹੈ। ਠਹਿਰਾਉ।ਮਿਟਿ ਗਈ ਚਿੰਤ ਪੁਨੀ ਮਨ ਆਸਾ ॥ ਫਿਕਰ ਦੂਰ ਹੋ ਗਿਆ ਹੈ ਅਤੇ ਦਿਲ ਦੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ,ਕਰੀ ਦਇਆ ਸਤਿਗੁਰਿ ਗੁਣਤਾਸਾ ॥੨॥ ਜਦ ਗੁਣਾ ਦਾ ਖ਼ਜਾਨਾ ਸੱਚਾ ਗੁਰੂ ਆਪਣੀ ਮਿਹਰ ਧਾਰਦਾ ਹੈ।ਦੁਖ ਨਾਠੇ ਸੁਖ ਆਇ ਸਮਾਏ ॥ ਦਰਦ ਦੌੜ ਜਾਂਦਾ ਹੈ ਅਤੇ ਆਰਾਮ ਆ ਕੇ, ਉਸ ਦੀ ਥਾਂ ਲੈ ਲੈਂਦਾ ਹੈ,ਢੀਲ ਨ ਪਰੀ ਜਾ ਗੁਰਿ ਫੁਰਮਾਏ ॥੩॥ ਜਦ ਗੁਰੂ ਹੁਕਮ ਕਰਦਾ ਹੈ, ਇਸ ਵਿੱਚ ਕੋਈ ਦੇਰੀ ਨਹੀਂ ਲਗਦੀ।ਇਛ ਪੁਨੀ ਪੂਰੇ ਗੁਰ ਮਿਲੇ ॥ ਜਦ ਪੂਰਨ ਗੁਰੂ ਮਿਲ ਪੈਂਦਾ ਹੈ ਤਾਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,ਨਾਨਕ ਤੇ ਜਨ ਸੁਫਲ ਫਲੇ ॥੪॥੫੮॥੧੨੭॥ ਹੇ ਨਾਨਕ! ਉਹ ਸਰੇਸ਼ਟ ਮੇਵਿਆਂ ਨਾਲ ਮੋਲਦੇ ਹਨ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਤਾਪ ਗਏ ਪਾਈ ਪ੍ਰਭਿ ਸਾਂਤਿ ॥ ਬੁਖ਼ਾਰ ਉਤਰ ਗਿਆ ਹੈ ਅਤੇ ਸਾਈਂ ਨੇ ਠੰਢ-ਂਚੈਨ ਵਰਤਾ ਦਿੱਤੀ ਹੈ।ਸੀਤਲ ਭਏ ਕੀਨੀ ਪ੍ਰਭ ਦਾਤਿ ॥੧॥ ਸਾਰੇ ਸ਼ਾਂਤ ਹੋ ਗਏ ਹਨ। ਸਾਹਿਬ ਨੇ ਆਪਣੀ ਬਖ਼ਸ਼ਸ਼ ਕੀਤੀ ਹੈ।ਪ੍ਰਭ ਕਿਰਪਾ ਤੇ ਭਏ ਸੁਹੇਲੇ ॥ ਸੁਆਮੀ ਦੀ ਦਇਆ ਦੁਆਰਾ ਅਸੀਂ ਸੁਖਾਲੇ ਹੋ ਗਏ ਹਨ।ਜਨਮ ਜਨਮ ਕੇ ਬਿਛੁਰੇ ਮੇਲੇ ॥੧॥ ਰਹਾਉ ॥ ਅਨੇਕਾਂ ਜਨਮਾ ਦੇ ਵਿਛੁੜਿਆਂ ਹੋਇਆ ਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਠਹਿਰਾਉ।ਸਿਮਰਤ ਸਿਮਰਤ ਪ੍ਰਭ ਕਾ ਨਾਉ ॥ ਸੁਆਮੀ ਦੇ ਨਾਮ ਦਾ ਇਸ ਰਸ ਆਰਾਧਨ ਕਰਨ ਦੁਆਰਾ,ਸਗਲ ਰੋਗ ਕਾ ਬਿਨਸਿਆ ਥਾਉ ॥੨॥ ਸਮੂਹ ਬੀਮਾਰੀਆਂ ਦਾ ਡੇਰਾ ਪੁਟਿਆ ਗਿਆ ਹੈ।ਸਹਜਿ ਸੁਭਾਇ ਬੋਲੈ ਹਰਿ ਬਾਣੀ ॥ ਧੀਰਜ ਅਤੇ ਸ਼੍ਰੇਸ਼ਟ ਪਿਆਰ ਨਾਲ ਵਾਹਿਗੁਰੂ ਦੇ ਸ਼ਬਦਾ ਦਾ ਉਚਾਰਨ ਕਰ।ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ ॥੩॥ ਦਿਨ ਦੇ ਅੱਠੇ ਪਹਿਰ ਹੀ ਸੁਆਮੀ ਦਾ ਚਿੰਤਨ ਕਰ ਹੇ ਜੀਵ!ਦੂਖੁ ਦਰਦੁ ਜਮੁ ਨੇੜਿ ਨ ਆਵੈ ॥ ਪੀੜ ਤਸੀਹਾ ਅਤੇ ਮੌਤ ਦਾ ਦੂਤ ਉਸਦੇ ਨੇੜੇ ਨਹੀਂ ਆਉਂਦੇ,ਕਹੁ ਨਾਨਕ ਜੋ ਹਰਿ ਗੁਨ ਗਾਵੈ ॥੪॥੫੯॥੧੨੮॥ ਗੁਰੂ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਭਲੇ ਦਿਨਸ ਭਲੇ ਸੰਜੋਗ ॥ ਸ਼ੁਭ ਹੈ ਉਹ ਦਿਹਾੜਾ ਅਤੇ ਸ਼ੁਭ ਉਹ ਢੋ-ਮੇਲ,ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥੧॥ ਜਦ ਮੈਂ ਨਿਰਲੇਪ, ਸ਼੍ਰੋਮਣੀ ਨੂੰ ਮਿਲਿਆ।ਓਹ ਬੇਲਾ ਕਉ ਹਉ ਬਲਿ ਜਾਉ ॥ ਉਸ ਵਕਤ ਉਤੋਂ ਮੈਂ ਕੁਰਬਾਨ ਜਾਂਦਾ ਹਾਂ,ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥੧॥ ਰਹਾਉ ॥ ਜਦ ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਹੈ। ਠਹਿਰਾਉ।ਸਫਲ ਮੂਰਤੁ ਸਫਲ ਓਹ ਘਰੀ ॥ ਮੁਬਾਰਕ ਹੈ ਉਹ ਮੁਹਤ, ਅਤੇ ਮੁਬਾਰਕ ਉਹ ਸਮਾਂ,ਜਿਤੁ ਰਸਨਾ ਉਚਰੈ ਹਰਿ ਹਰੀ ॥੨॥ ਜਦ ਮੇਰੀ ਜੀਭਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਹੈ।ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥ ਕੀਰਤੀਮਾਨ ਹੈ ਉਹ ਮਸਤਕ ਜੋ ਸਾਧੂਆਂ ਅੱਗੇ ਨਿਉਂਦਾ ਹੈ।ਚਰਣ ਪੁਨੀਤ ਚਲਹਿ ਹਰਿ ਮਾਰਗਿ ॥੩॥ ਪਵਿੱਤ੍ਰ ਹਨ ਉਹ ਪੈਰ, ਜਿਹੜੇ ਰੱਬ ਦੇ ਰਾਹੇ ਟੁਰਦੇ ਹਨ।ਕਹੁ ਨਾਨਕ ਭਲਾ ਮੇਰਾ ਕਰਮ ॥ ਗੁਰੂ ਜੀ ਆਖਦੇ ਹਨ ਮੁਬਾਰਕ ਹੈ ਮੇਰੀ ਕਿਸਮਤ,ਜਿਤੁ ਭੇਟੇ ਸਾਧੂ ਕੇ ਚਰਨ ॥੪॥੬੦॥੧੨੯॥ ਜਿਸ ਦੀ ਬਰਕਤ ਮੈਂ ਸੰਤਾਂ (ਗੁਰਾਂ) ਦੇ ਪੈਰੀ ਲੱਗਾ। copyright GurbaniShare.com all right reserved. Email:- |