ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
ਉਸ ਦਾ ਪੰਜਾਂ ਤੱਤਾਂ (ਦਾ ਸਰੀਰ) ਤਦ ਸਤਿਪੁਰਖ ਦੇ ਡਰ ਵਿੱਚ ਰੰਗਿਆ ਜਾਂਦਾ ਹੈ ਅਤੇ ਸੱਚੀ ਰੋਸ਼ਨੀ ਉਸ ਦੇ ਅੰਤਰ ਆਤਮੇ ਚਮਕਦੀ ਹੈ। ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥ ਨਾਨਕ, ਉਹ ਪਾਪਾਂ ਨੂੰ ਭੁਲਾ (ਤਜ) ਦਿੰਦਾ ਹੈ, ਅਤੇ ਗੁਰੂ ਜੀ ਉਸ ਦੀ ਇਜ਼ਤ ਬਰਕਰਾਰ ਰਖਦੇ ਹੈਨ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਨਾਨਕ ਗੁਰਾਂ ਦੀ ਪ੍ਰਬੀਨ ਸਿਆਣਪ ਦੁਆਰਾ, ਸੱਚ ਦੀ ਕਿਸ਼ਤੀ ਇਨਸਾਨ ਨੂੰ ਪਾਰ ਲੈ ਜਾਂਦੀ ਹੈ। ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਹੰਕਾਰ ਨਾਲ ਪੂਰਤ ਮਨੁੱਖਾਂ ਦੇ ਸਮੁਦਾਇ ਵਿਚੋਂ ਕਈ ਆਉਂਦੇ ਤੇ ਕਈ ਜਾਂਦੇ ਹਨ। ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥ ਮਨੂਏ ਦੀ ਜ਼ਿੱਦ ਰਾਹੀਂ ਅਕਲ ਵਾਲਾ ਆਦਮੀ ਡੁੱਬ ਜਾਂਦਾ ਹੈ ਅਤੇ ਗੁਰਾਂ ਦੇ ਰਾਹੀਂ ਸੱਚਾ ਆਦਮੀ ਬਚ ਜਾਂਦਾ ਹੈ। ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥ ਗੁਰਾਂ ਦੇ ਬਗੈਰ ਆਦਮੀ ਕਿਸ ਤਰ੍ਹਾਂ ਪਾਰ ਹੋ ਅਤੇ ਆਰਾਮ ਪਰਾਪਤ ਕਰ ਸਕਦਾ ਹੈ? ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ, ਓਸੇ ਤਰ੍ਹਾਂ ਮੇਰੀ ਰਖਿਆ ਕਰ। (ਹੇ ਸੁਆਮੀ!) ਕੋਈ ਹੋਰ ਦੂਸਰਾ (ਮੇਰੀ ਸਹਾਇਤਾ ਕਰਨ ਵਾਲਾ) ਨਹੀਂ। ਠਹਿਰਾਉ। ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥ ਮੂਹਰਲੇ ਬੰਨੇ ਮੈਂ ਮੌਤ ਦੀ ਅੱਗ (ਪ੍ਰਾਣੀਆਂ ਨੂੰ) ਸਾੜਦੀ ਤੱਕਦਾ ਹਾਂ ਅਤੇ ਪਿਛਲੇ ਪਾਸੇ ਮੈਂ ਹਰੀਆਂ ਕਰੂੰਬਲਾ ਵੇਖਦਾ ਹਾਂ। ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥ ਜਿਥੇ ਉਹ ਜੰਮੇ ਹਨ ਉਥੇ ਹੀ ਉਹ ਲੀਨ ਹੋ ਜਾਂਦੇ ਹਨ। ਸੱਚਾ ਸੁਆਮੀ ਹਰਦਿਲ ਨੂੰ ਪਰੀ-ਪੂਰਨ ਕਰ ਰਿਹਾ ਹੈ। ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥ ਵਾਹਿਗੁਰੂ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੇ (ਅਤੇ ਤਾਂ ਉਹ) ਸੱਚੇ ਮੰਦਰ ਨੂੰ ਐਨ ਲਾਗੇ ਹੀ ਵੇਖ ਲੈਂਦਾ ਹੈ। ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥ ਹਰ ਸੁਆਸ ਨਾਲ ਮੈਂ ਤੇਰਾ ਸਿਮਰਨ ਕਰਦਾ ਹਾਂ, (ਹੇ ਸੁਆਮੀ!) ਅਤੇ ਕਦਾਚਿਤ ਭੀ ਤੈਨੂੰ ਨਹੀਂ ਭੁਲਾਉਂਦਾ। ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥ ਜਿਨ੍ਹਾਂ ਬਹੁਤਾ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ ਉਨ੍ਹਾਂ ਬਹੁਤਾ ਸੁਧਾ-ਰਸ ਮੈਂ ਗੁਰਾਂ ਦੇ ਰਾਹੀਂ ਪਾਨ ਕਰਦਾ ਹਾਂ। ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥ ਮੇਰੀ ਜਿੰਦੜੀ ਤੇ ਜਿਸਮ ਤੈਡੇਂ ਹਨ ਅਤੇ ਤੂੰ ਮੇਰਾ ਮਾਲਕ ਹੈਂ। ਮੇਰਾ ਹੰਕਾਰ ਦੂਰ ਕਰਕੇ ਮੈਨੂੰ ਆਪਣੇ ਵਿੱਚ ਲੀਨ ਕਰ ਲੈ। ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥ ਜਿਸ ਨੇ ਇਹ ਆਲਮ ਰਚਿਆ ਹੈ, ਉਸੇ ਨੇ ਹੀ ਤਿੰਨਾ ਜਹਾਨਾਂ ਦਾ ਪਸਾਰਾ ਕੀਤਾ ਹੈ। ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥ ਜਾਣ ਲੈ ਕਿ ਭਲੇ ਪੁਰਸ਼ ਰੱਬੀ ਰੋਸ਼ਨੀ ਵੇਖਦੇ ਹਨ ਅਤੇ ਪ੍ਰਤੀਕੂਲ ਮੂਰਖ ਆਤਮਕ ਘਨ੍ਹੇਰੇ ਅੰਦਰ ਰਹਿੰਦੇ ਹਨ। ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥ ਜੋ ਹਰ ਦਿਲ ਅੰਦਰ ਵਾਹਿਗੁਰੂ ਦਾ ਨੂਰ ਵੇਖਦਾ ਹੈ ਉਹ ਗੁਰਾਂ ਦੇ ਉਪਦੇਸ਼ ਦੇ ਤੱਤ ਨੂੰ ਨੂੰ ਸਮਝ ਲੈਂਦਾ ਹੈ। ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥ ਉਨ੍ਹਾਂ ਪਵਿੱਤਰ ਪੁਰਸ਼ਾਂ ਨੂੰ ਆਫਰੀਨ ਆਖ ਜੋ ਸੁਆਮੀ ਨੂੰ ਸਮਝਦੇ ਹਨ। ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥ ਉਹ ਸੱਚੇ ਸਾਹਿਬ ਨੂੰ ਭੇਟ ਕੇ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਉਨ੍ਹਾਂ ਅੰਦਰ ਸਤਿਪੁਰਖ ਦੀਆਂ ਸਰੇਸ਼ਟਤਾਈਆਂ ਪਰਗਟ ਹੋ ਜਾਂਦੀਆਂ ਹਨ। ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥ ਨਾਨਕ ਉਹ ਰੱਬ ਦੇ ਨਾਮ ਨਾਲ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਤਮਾ ਤੇ ਦੇਹ ਸੁਆਮੀ ਦੇ ਨਜ਼ਦੀਕ (ਸਪੁਰਦ) ਹਨ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ ਕੰਨ ਕਰ, ਹੇ ਮੇਰੀ ਮਿੱਠੜੀ ਦੌਸਤ ਜਿੰਦੜੀਏ! ਇਹ ਹੈ ਸਮਾਂ (ਸੁਆਮੀ ਨੂੰ) ਭੇਟਣ ਦਾ। ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥ ਜਦ ਤਾਈ ਜੁਆਨੀ ਤੇ ਸਾਹ ਹੈ, ਉਦੋਂ ਤਾਈ ਇਸ ਸਰੀਰ ਨੂੰ (ਸੁਆਮੀ ਦੀ ਸੇਵਾ ਵਿੱਚ) ਦੇ ਦੇ। ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥ ਨੇਕੀ ਦੇ ਬਾਝੋਂ ਇਹ ਕਿਸੇ ਕੰਮ ਦਾ ਨਹੀਂ ਡਿਗ ਕੇ ਸਰੀਰ ਮਿੱਟੀ ਦਾ ਅੰਬਾਰ ਹੋ ਜਾਏਗਾ। ਮੇਰੇ ਮਨ ਲੈ ਲਾਹਾ ਘਰਿ ਜਾਹਿ ॥ ਹੇ ਮੇਰੀ ਜਿੰਦੜੀਏ! ਗ੍ਰਿਹ ਜਾਣਾ ਤੋਂ (ਪਹਿਲਾਂ) ਕੁਝ ਨਫਾ ਕਮਾ ਲੈ। ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਨਾਮ ਦੀ ਪਰਸੰਸਾ ਕਰ ਇਸ ਤਰ੍ਹਾਂ ਹੰਕਾਰ ਦੀ ਅੱਗ ਬੁਝ ਜਾਂਦੀ ਹੈ। ਠਹਿਰਾਉ। ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥ (ਅਸੀਂ) ਬਾਰੰਬਾਰ ਸ੍ਰਵਣ ਕਰ ਕੇ ਕਹਾਣੀਆਂ ਘੜਦੇ ਹਾਂ। (ਏਸੇ ਤਰ੍ਹਾਂ ਹੀ ਆਪਾਂ ਇਲਮ ਦੇ) ਭਾਰੇ ਬੋਝ ਲਿਖਦੇ, ਵਾਚਦੇ ਅਤੇ ਸਮਝਦੇ ਹਾਂ। ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥ (ਤਾਂ ਭੀ) ਦਿਨ ਰੈਣ ਸਾਡੀਆਂ ਖ਼ਾਹਿਸ਼ਾਂ ਵਧਦੀਆਂ ਜਾਂਦੀਆਂ ਹਨ ਅਤੇ ਤਕੱਬਰ ਦੀ ਬੀਮਾਰੀ ਮੰਦ-ਵਿਸ਼ੇ ਪੈਦਾ ਕਰਦੀ ਹੈ। ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥ ਉਹ ਬੇ-ਮੁਹਤਾਜ ਪ੍ਰਭੂ ਅਜੋਖ ਹੈ ਅਤੇ ਉਸ ਦਾ ਅਸਲੀ ਮੁੱਲ ਗੁਰਾਂ ਦੇ ਉਪਦੇਸ਼ ਰਾਹੀਂ ਜਾਣਿਆ ਜਾਂਦਾ ਹੈ। ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥ ਜੇਕਰ ਆਦਮੀ ਲੱਖਾਂ ਅਕਲਮੰਦੀ ਦੇ ਕੰਮ ਕਰੇ ਅਤੇ ਲੱਖਾਂ ਬੰਦਿਆਂ ਨਾਲ ਪਿਆਰ ਤੇ ਮੇਲ-ਮੁਲਾਕਾਤ ਰੱਖੇ, ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥ ਪਰ ਸੰਤਾ ਦੇ ਸਮਾਗਮ ਬਗੈਰ ਉਸ ਨੂੰ ਰੱਜ ਨਹੀਂ ਆਉਂਦਾ ਤੇ ਨਾਮ ਦੇ ਬਾਝੋਂ ਉਹ ਕਸ਼ਟ ਤੇ ਗਮ ਸਹਾਰਦਾ ਹੈ। ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥ ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ, ਆਪਣੇ ਆਪ ਦੀ ਪਛਾਣ ਅਤੇ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੋ ਜਾਵੇਗੀ। ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥ ਮੈਂ ਆਪਣੀ ਦੇਹ ਤੇ ਆਤਮਾ ਗੁਰਾਂ ਕੋਲਿ ਵੇਚ ਛੱਡੇ ਹਨ ਅਤੇ ਆਪਣਾ ਦਿਲ ਤੇ ਸੀਸ ਭੀ ਸਾਥ ਹੀ ਦੇ ਦਿਤੇ ਹਨ। ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥ ਗੁਰਾਂ ਦੀ ਅਗਵਾਈ ਹੇਠ ਭਾਲ ਕੇ ਮੈਂ ਉਸ ਨੂੰ ਵੇਖ ਲਿਆ ਹੈ, ਜਿਸ ਨੂੰ ਮੈਂ ਤਿੰਨਾਂ ਜਹਾਨਾਂ ਅੰਦਰ ਲਭਦਾ ਤੇ ਟੋਲਦਾ ਫਿਰਦਾ ਸਾਂ। ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥ ਨਾਨਕ! ਸੱਚੇ ਗੁਰਦੇਵ ਜੀ ਨੇ ਮੈਨੂੰ ਉਸ ਠਾਕਰ ਦੇ ਮਿਲਾਪ ਅੰਦਰ ਜੋੜ ਦਿੱਤਾ ਹੈ ਜੋ ਸਦੀਵੀ ਹੀ ਮੇਰੇ ਸਾਥ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥ ਮੈਨੂੰ ਮੌਤ ਬਾਰੇ ਫ਼ਿਕਰ ਨਹੀਂ, ਨਾਂ ਹੀ ਜਿੰਦਗੀ ਦੀ ਉਮੀਦ (ਲਾਲਸਾ) ਹੈ। ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥ ਤੂੰ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈਂ (ਹੇ ਸੁਆਮੀ!) ਹਿਸਾਬ ਕਿਤਾਬ ਵਿੱਚ ਹਨ ਸਾਰਿਆਂ ਦੇ ਸਾਹ ਤੇ ਗਿਰਾਹੀਆਂ। ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥ ਗੁਰਾਂ ਦੁਆਰਾ, ਤੂੰ ਦਿਲ ਅੰਦਰ ਨਿਵਾਸ ਕਰਦਾ ਹੈਂ ਤੇ ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਤੂੰ ਫ਼ੈਸਲਾ ਕਰਦਾ ਹੈਂ। ਜੀਅਰੇ ਰਾਮ ਜਪਤ ਮਨੁ ਮਾਨੁ ॥ ਹੇ ਮੇਰੀ ਜਿੰਦੇ! ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਮਨੂਆ ਪਤੀਜ ਜਾਂਦਾ ਹੈ। ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥ ਗੁਰਾਂ ਦੀ ਸਿੱਖ-ਮੱਤ ਦੁਆਰਾ ਬ੍ਰਹਮ ਵਿਚਾਰ ਪਰਾਪਤ ਹੁੰਦੀ ਹੈ ਅਤੇ ਅੰਦਰ ਲੱਗੀ ਹੋਈ ਅੱਗ ਠੰਢੀ ਹੋ ਜਾਂਦੀ ਹੈ। ਠਹਿਰਾਉ। copyright GurbaniShare.com all right reserved. Email:- |