ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥
ਬਜ਼ੂਰਗੀਆਂ ਸਾਹਿਬ ਦੇ ਹੱਥ ਹਨ। ਉਹ ਖੁਦ ਉਨ੍ਹਾਂ ਨੂੰ ਬਖਸ਼ਦਾ ਹੈ ਅਤੇ ਆਪਣੇ ਨਾਮ ਨਾਲ ਜੋੜਦਾ ਹੈ। ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥ ਨਾਮ ਦਾ ਖਜਾਨਾ ਨਾਨਕ ਦੇ ਰਿਦੇ ਅੰਦਰ ਟਿਕਿਆ ਹੈ। ਇਸ ਲਈ ਉਸ ਨੂੰ ਬਜੂਰਗੀ ਦੀ ਦਾਤ ਪ੍ਰਾਪਤ ਹੋਈ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥ ਹੇ ਬੰਦੇ! ਮੇਰੇ ਵੀਰ, ਤੂੰ ਸੁਆਮੀ ਦੇ ਨਾਮ ਨੂੰ ਸ੍ਰਵਣ ਕਰ ਅਤੇ ਆਪਣੇ ਹਿਰਦੇ ਅੰਦਰ ਟਿਕਾ। ਉਹ ਆਪ ਹੀ ਆ ਕੇ ਤੈਨੂੰ ਮਿਲ ਪਵੇਗਾ। ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥ ਰੈਣ ਦਿਹੁੰ ਸਾਹਿਬ ਦੀ ਦਿਲੀ ਉਪਾਸ਼ਨਾ ਧਾਰਨ ਕਰ, ਅਤੇ ਆਪਣੀ ਬਿਰਤੀ ਸਤਿਪੁਰਖ ਨਾਲ ਜੋੜ। ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥ ਤੂੰ ਇਕ ਨਾਮ ਦਾ ਆਰਾਧਨ ਕਰ, ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ, ਹੇ ਮੈਡੇ ਵੀਰ! ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥ ਆਪਣੀ ਹੰਗਤਾ ਅਤੇ ਦਵੈਤ-ਭਾਵ ਨੂੰ ਮੇਟ ਦੇ ਅਤੇ ਵਿਸ਼ਾਲ ਹੋ ਵੰਞੇਗੀ ਤੇਰੀ ਸ਼ਾਨ-ਸ਼ੌਕਤ। ਠਹਿਰਾਉ। ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥ ਸੁਆਮੀ ਦੇ ਏਸ ਸਿਮਰਨ ਨੂੰ ਦੇਵਤੇ, ਮਨੁਸ਼ ਅਤੇ ਚੁੱਪ ਧਾਰੀ ਰਿਸ਼ੀ ਤਰਸਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ। ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥ ਵਿਦਵਾਨ ਅਤੇ ਜੋਤਸ਼ੀ ਪੁਸਤਕਾਂ ਵਾਚਦੇ ਹਨ, ਪਰ ਉਨ੍ਹਾਂ ਨੂੰ ਗਿਆਤ ਹਾਸਲ ਨਹੀਂ ਹੁੰਦੀ। ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥ ਪ੍ਰਭੂ ਸਾਰਿਆਂ ਨੂੰ ਆਪਣੇ ਹੱਥ ਵਿੱਚ ਰਖਦਾ ਹੈ। ਹੋਰ ਕੁਛ ਆਖਿਆ ਨਹੀਂ ਜਾ ਸਕਦਾ। ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥ ਜੋ ਕੁਛ ਪ੍ਰਭੂ ਆਪ ਦਿੰਦਾ ਹੈ, ਉਸ ਨੂੰ ਹੀ ਇਨਸਾਨ ਪ੍ਰਾਪਤ ਕਰਦਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ। ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥ ਸਾਰੇ ਪ੍ਰਾਣੀ ਅਤੇ ਪਸ਼ੂ-ਪੰਛੀ ਉਸ ਦੇ ਹਨ ਅਤੇ ਉਹ ਸਾਰਿਆਂ ਦਾ ਹੈ। ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥ ਆਪਾਂ ਕੀਹਨੂੰ ਭੈੜਾ ਕਹੀਏ? ਜੇਕਰ ਕੋਈ ਹੋਰ ਹੋਵੇ ਤਾਂ ਆਪਾਂ ਭਾਵੇਂ ਆਖ ਸਕੀਏ। ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥ ਕੇਵਲ ਸੁਆਮੀ ਦਾ ਫੁਰਮਾਨ ਹੀ ਸਾਰਿਆਂ ਤੇ ਲਾਗੂ ਹੈ, ਅਤੇ ਉਨ੍ਹਾਂ ਦੇ ਸੀਸ ਉਤੇ ਇੱਕੋ ਸੁਆਮੀ ਦਾ ਲਾਇਆ ਹੋਇਆ ਫਰਜ ਹੈ। ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥ ਉਸ ਨੇ ਖੁਦ ਹੀ ਜੀਵਾਂ ਨੂੰ ਕੁਰਾਹੇ ਪਾਇਆ ਹੋਇਆ ਹੈ, ਇਸ ਲਈ ਉਨ੍ਹਾਂ ਦੇ ਦਿਲ ਅੰਦਰ ਲਾਲਚ ਤੇ ਗੁਨਾਹ ਵਸਦੇ ਹਨ। ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥ ਕਈਆਂ ਨੂੰ ਉਸ ਨੇ ਆਪੇ ਹੀ ਪਵਿੱਤਰ ਕੀਤਾ ਹੈ, ਅਤੇ ਉਹ ਸੁਆਮੀ ਨੂੰ ਸਮਝਦੇ ਅਤੇ ਸਿਮਰਦੇ ਹਨ। ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥ ਆਪਣੀ ਪ੍ਰੇਮ-ਮਈ ਸੇਵਾ ਭੀ ਉਹ ਉਨ੍ਹਾਂ ਨੂੰ ਪਰਦਾਨ ਕਰ ਦਿੰਦਾ ਹੈ। ਉਨ੍ਹਾਂ ਦੇ ਅੰਦਰ ਪਵਿੱਤਰਤਾ ਦਾ ਖ਼ਜ਼ਾਨਾ ਹੈ। ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥ ਬ੍ਰਹਿਮ ਬੇਤੇ ਨਿਰੋਲ ਸੱਚ ਨੂੰ ਹੀ ਜਾਣਦੇ ਹਨ। ਉਨ੍ਹਾਂ ਨੂੰ ਸੱਚ ਸਮਝ ਪ੍ਰਾਪਤ ਹੁੰਦੀ ਹੈ। ਓਇ ਭੁਲਾਏ ਕਿਸੈ ਦੇ ਨ ਭੁਲਨ੍ਹ੍ਹੀ ਸਚੁ ਜਾਣਨਿ ਸੋਈ ॥੭॥ ਕਿਸੇ ਦੇ ਕੁਰਾਹੇ ਪਾਏ ਹੋਏ, ਉਹ ਕੁਰਾਹੇ ਨਹੀਂ ਪੈਦੇ। ਉਹ ਸੱਚੇ ਸੁਆਮੀ ਨੂੰ ਹੀ ਜਾਣਦੇ ਹਨ। ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥ ਉਨ੍ਹਾਂ ਦੀ ਦੇਹਿ ਅੰਦਰ ਭੀ ਪੰਜ ਮੰਦੇ ਵਿਸ਼ੇ ਵੇਗ ਹਨ, ਪਰ ਏਥੇ ਪੰਜੇ ਹੀ ਸਿਆਣਪ ਨਾਲ ਪੇਸ਼ ਆਉਂਦੇ ਹਨ। ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਹ੍ਹੀ ਨਾਮਿ ਹਉਮੈ ਮਾਰੀ ॥੮॥੫॥੨੭॥ ਨਾਨਕ, ਸੱਚੇ ਗੁਰਾਂ ਦੇ ਬਾਝੋਂ ਉਹ ਕਾਬੂ ਨਹੀਂ ਆਉਂਦੇ। ਨਾਮ ਦੇ ਰਾਹੀਂ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥ ਤੇਰੇ ਆਪਣੇ ਗ੍ਰਹਿ ਵਿੱਚ ਹਰ ਚੀਜ਼ ਹੈ, ਹੇ ਬੰਦੇ! ਬਾਹਰ ਕੁਝ ਭੀ ਨਹੀਂ। ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥ ਗੁਰਾਂ ਦੀ ਦਇਆ ਦੁਆਰਾ ਹਰ ਸ਼ੈ ਪ੍ਰਾਪਤ ਹੋ ਜਾਂਦੀ ਹੈ ਅਤੇ ਮਨ ਦੇ ਦਰਵਾਜੇ ਖੁਲ੍ਹ ਜਾਂਦੇ ਹਨ। ਸਤਿਗੁਰ ਤੇ ਹਰਿ ਪਾਈਐ ਭਾਈ ॥ ਸੱਚੇ ਗੁਰਾਂ ਪਾਸੋਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਵੀਰ! ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥ ਨਾਮ ਦਾ ਖ਼ਜ਼ਾਨਾ ਇਨਸਾਨ ਦੇ ਅੰਦਰ ਹੈ, ਪੂਰਨ ਸਤਿਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ। ਠਹਿਰਾਉ। ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥ ਜੋ ਰੱਬ ਦੇ ਨਾਮ ਦਾ ਖਰੀਦਾਰ ਹੈ, ਉਹ ਇਸ ਨੂੰ ਪਾ ਲੈਦਾ ਹੈ ਅਤੇ ਸਿਮਰਨ ਦੇ ਮਾਨਕ ਨੂੰ ਹਾਸਲ ਕਰ ਲੈਦਾ ਹੈ। ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥ ਉਹ ਆਪਣੇ ਅੰਤਸ਼-ਕਰਨ ਨੂੰ ਖੋਲ੍ਹਦਾ ਹੈ ਅਤੇ ਰੱਬੀ ਨਜ਼ਰ ਦੁਆਰਾ ਮੋਖ਼ਸ਼ ਦੇ ਖ਼ਜ਼ਾਨੇ ਨੂੰ ਵੇਖਦਾ ਹੈ। ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥ ਸਰੀਰ ਦੇ ਵਿੱਚ ਘਣੇਰੇ ਮੰਦਰ ਹਨ ਅਤੇ ਆਤਮਾ ਊਨ੍ਹਾਂ ਅੰਦਰ ਵਸਦੀ ਹੈ। ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥ ਉਹ ਆਪਣਾ ਦਿਲ ਚਾਹੁੰਦਾ ਮੇਵਾ ਪਾ ਲੈਦਾ ਹੈ ਅਤੇ ਮੁੜ ਕੇ ਆਵਾਗਾਉਣ ਵਿੱਚ ਨਹੀਂ ਪੈਦਾ। ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥ ਪਾਰਖੂ ਗੁਰਾਂ ਪਾਸੋਂ ਸਮਝ ਪ੍ਰਾਪਤ ਕਰਦੇ ਹਨ, ਅਤੇ ਨਾਮ ਦੇ ਵੱਖਰ ਨੂੰ ਸੰਭਾਲ ਲੈਂਦੇ ਹਨ। ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥ ਨਾਮ ਦੀ ਧਨ-ਦੌਲਤ ਅਣਮੁੱਲੀ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ। ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥ ਜੋ ਬਾਹਰਵਾਰ ਲਭਦਾ ਹੈ, ਉਹ ਕੀ ਲੱਭ ਸਕਦਾ ਹੈ? ਅਸਲ ਚੀਜ਼ ਗ੍ਰਹਿ ਦੇ ਵਿੱਚ ਹੀ ਹੈ, ਹੇ ਵੀਰ! ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥ ਸਾਰਾ ਸੰਸਾਰ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਪ੍ਰਤੀਕੂਲ ਪੁਰਸ਼ ਆਪਣੀ ਇਜ਼ੱਤ ਗੁਆ ਲੈਦਾ ਹੈ। ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ ਕੂੜਾ ਬੰਦਾ ਆਪਣੇ ਝੱਗੇ ਅਤੇ ਬੂਹੇ ਨੂੰ ਤਿਆਗ ਕੇ ਹੋਰਨਾ ਦੇ ਮਕਾਨ ਤੇ ਜਾਂਦਾ ਹੈ। ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥ ਉਹ ਤਸਕਰ ਦੀ ਤਰ੍ਹਾਂ ਫੜ ਲਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਸੱਟਾਂ ਸਹਾਰਦਾ ਹੈ। ਜਿਨ੍ਹ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥ ਜੋ ਆਪਣੇ ਗ੍ਰਹਿ ਨੂੰ ਜਾਣਦੇ ਹਨ, ਉਹ ਅਨੰਦ-ਪ੍ਰਸੰਨ ਹਨ, ਹੇ ਵੀਰ! ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥ ਗੁਰਾਂ ਦੇ ਪਰਤਾਪ ਦੁਆਰਾ, ਉਹ ਆਪਣੇ ਦਿਲ ਵਿੱਚ ਸਰਬ-ਵਿਆਪਕ ਸੁਆਮੀ ਨੂੰ ਸਿੰਆਣ ਲੈਂਦੇ ਹਨ। ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥ ਸਾਹਿਬ ਖ਼ੁਦ ਦਾਤ ਦਿੰਦਾ ਹੈ ਅਤੇ ਖ਼ੁਦ ਹੀ ਸਮਝ ਪਰਦਾਨ ਕਰਦਾ ਹੈ, ਉਸ ਦੇ ਬਿਨਾ ਮੈਂ ਹੋਰ ਕਿਸ ਨੂੰ ਨਿਵੇਦਨ ਕਰਾਂ? ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥ ਨਾਨਕ ਤੂੰ ਨਾਮ ਦਾ ਆਰਾਧਨ ਕਰ, ਇਸ ਤਰ੍ਹਾਂ ਤੂੰ ਸੱਚੇ ਦਰਬਾਰ ਅੰਦਰ ਵਡਿਆਈ ਹਾਸਲ ਕਰੇਗਾ। copyright GurbaniShare.com all right reserved. Email |