ਏ ਮਨ ਰੂੜ੍ਹ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
ਏ ਮੇਰੀ ਸੁੰਦਰ ਰੰਗੀਲੀ (ਖਲੰਦੜੀ) ਆਤਮਾ! ਤੂੰ ਸੱਚੀ ਰੰਗਤ ਰੰਗਾ। ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥ ਜੇਕਰ ਤੂੰ ਸੁਹਣੀ ਗੁਰਬਾਣੀ ਨਾਲ ਰੰਗਿਆ ਜਾਵੇ ਤਾਂ ਇਹ ਰੰਗਤ ਨਾਂ ਉਤਰੇਗੀ, ਤੇ ਨਾਂ ਹੀ ਹੀ ਕਿਧਰੇ ਜਾਵੇਗੀ। ਠਹਿਰਾਉ। ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥ ਮੈਂ ਅਧਮ, ਪਲੀਤ, ਬੜਾ ਹੰਕਾਰੀ, ਗੁਨਾਹਗਾਰ ਅਤੇ ਹੋਰਸ ਦੀ ਪ੍ਰੀਤ ਨਾਲ ਜੁੜਿਆ ਹੋਇਆ ਹਾਂ। ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥ ਗੁਰੂ ਰਸਾਇਣ ਨਾਲ ਛੁਹ ਕੇ ਮੈਂ ਸੋਨਾ ਹੋ ਗਿਆ ਹਾਂ ਅਤੇ ਬੇਅੰਤ ਪ੍ਰਭੂ ਦੇ ਪਵਿੱਤਰ ਪਰਕਾਸ਼ ਨਾਲ ਅਭੇਦ ਥੀ ਗਿਆ ਹਾਂ। ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥ ਗੁਰਾਂ ਦੇ ਬਾਝੋਂ ਕੋਈ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਨਹੀਂ ਗਿਆ। ਗੁਰਾਂ ਨੂੰ ਮਿਲਨ ਨਾਲ ਰੰਗ ਚੜ੍ਹਦਾ ਹੈ। ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥ ਜੋ ਗੁਰਾਂ ਦੇ ਡਰ ਅਤੇ ਪਿਆਰ ਅੰਦਰ ਰੰਗੀਜੇ ਹਨ, ਉਹ ਸੱਚੇ ਸੁਆਮੀ ਦੀ ਕੀਰਤੀ ਅੰਦਰ ਲੀਨ ਹੋ ਜਾਂਦੇ ਹਨ। ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥ ਡਰ ਦੇ ਬਗੈਰ ਵਾਹਿਗੁਰੂ ਦਾ ਪਿਆਰ ਪੈਦਾ ਨਹੀਂ ਹੁੰਦਾ ਅਤੇ ਨਾਂ ਹੀ ਦਿਲ ਪਵਿੱਤਰ ਹੁੰਦਾ ਹੈ। ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥ ਡਰ ਦੇ ਬਗੈਰ ਕਰਮਕਾਂਡ ਕਰਨੇ ਕੂੜੇ ਹਨ, ਅਤੇ ਪ੍ਰਾਣੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥ ਜਿਸ ਨੂੰ ਸੁਆਮੀ ਖ਼ੁਦ ਰੰਗਦਾ ਹੈ, ਉਹੀ ਰੰਗਿਆ ਜਾਂਦਾ ਹੈ ਅਤੇ ਉਹ ਸਾਧ ਸੰਗਤ ਨਾਲ ਜੁੜ ਜਾਂਦਾ ਹੈ। ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥ ਸਾਧ ਸੰਗਤ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ ਅਤੇ ਸੁਖੈਨ ਹੀ, ਆਦਮੀ ਦੀ ਕੀਰਤੀਮਾਨ ਪ੍ਰੀਤ ਸਤਿਪੁਰਖ ਨਾਲ ਪੈ ਜਾਂਦੀ ਹੈ। ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ ਸਚਿਆਰਾ ਦੀ ਸੰਗਤ ਦੇ ਬਾਝੋਂ ਸਾਰੇ ਆਦਮੀ ਪਸ਼ੂਆਂ ਅਤੇ ਡੰਗਰਾਂ ਵਰਗੇ ਰਹਿੰਦੇ ਹਨ। ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥ ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ। ਨਾਮ ਦੇ ਬਾਝੋਂ ਸਾਰੇ ਤਸਕਰ ਹਨ। ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥ ਗੁਰਾਂ ਦੀ ਦਿੱਤੀ ਹੋਈ ਅਡੋਲਤਾ ਅਤੇ ਸੁਭਾ ਰਾਹੀਂ ਕਈ ਨੇਕੀਆਂ ਨੂੰ ਖਰੀਦਦੇ ਅਤੇ ਬਦੀਆਂ ਨੂੰ ਵੇਚਦੇ ਹਨ। ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥ ਗੁਰਾਂ ਦੀ ਘਾਲ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਸੁਆਮੀ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ। ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ ਇੱਕ ਸੁਆਮੀ ਹੀ ਸਾਰਿਆਂ ਨੂੰ ਦੇਣ ਵਾਲਾ ਹੈ, ਉਹ ਹਰ ਇਕ ਨੂੰ ਕੰਮ ਕਾਜ ਤੇ ਲਾਉਂਦਾ ਹੈ। ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥ ਹੇ ਨਾਨਕ! ਆਪਣੇ ਨਾਮ ਨਾਲ ਜੋੜ ਕੇ ਸਾਹਿਬ, ਬੰਦੇ ਨੂੰ ਸਸ਼ੋਭਤ ਕਰਦਾ ਹੈ ਅਤੇ ਗੁਰਬਾਣੀ ਦੇ ਜਰੀਏ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥ ਸਾਰੇ ਨਾਮ ਦੀ ਤਾਂਘ ਰਖਦੇ ਹਨ, ਪਰ ਕੇਵਲ ਓਹੀ ਇਸ ਨੂੰ ਪਾਉਂਦਾ ਹੈ, ਜਿਸ ਤੇ ਸਾਈਂ ਮਿਹਰ ਧਾਰਦਾ ਹੈ। ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥ ਨਾਮ ਦੇ ਬਾਝੋਂ ਸਮੂਹ ਤਕਲਫ਼ਿ ਹੀ ਹੈ। ਕੇਵਲ ਓਹੀ ਠੰਢ-ਚੈਨ ਨੂੰ ਪ੍ਰਾਪਤ ਹੁੰਦਾ ਹੈ, ਜਿਸ ਦੇ ਹਿਰਦੇ ਅੰਦਰ ਉਹ ਆਪਣਾ ਨਾਮ ਟਿਕਾਉਂਦਾ ਹੈ। ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥ ਤੂੰ ਹੇ ਸੁਆਮੀ! ਬੇਅੰਤ ਅਤੇ ਮਿਹਰਬਾਨ ਹੈਂ। ਮੈਂ ਤੇਰੀ ਪਨਾਹ ਚਾਹੁੰਦਾ ਹਾਂ। ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥ ਪੂਰਨ ਗੁਰਾਂ ਪਾਸੋਂ ਨਾਮ ਦੀ ਬਜ਼ੁਰਗੀ ਪ੍ਰਾਪਤ ਹੁੰਦੀ ਹੈ। ਠਹਿਰਾਉ। ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥ ਅੰਦਰ ਅਤੇ ਬਾਹਰ ਅਦੁੱਤੀ ਸਾਹਿਬ ਹੀ ਹੈ। ਉਸ ਨੇ ਅਨੇਕਾਂ ਕਿਸਮਾਂ ਦੀ ਦੁਨੀਆਂ ਸਾਜੀ ਹੈ। ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥ ਆਪਣੀ ਰਜ਼ਾ ਅਨੁਸਾਰ ਉਹ ਇਨਸਾਨ ਪਾਸੋਂ ਕੰਮ ਕਰਾਉਂਦਾ ਹੈ। ਹੋਰ ਕਿਹੜਾ ਹੈ ਜਿਸ ਦਾ ਜ਼ਿਕਰ ਕੀਤਾ ਜਾਵੇ, ਹੇ ਵੀਰ! ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥ ਸਮਝ ਅਤੇ ਬੇਸਮਝੀ ਤੇਰੀਆਂ ਰਚਨਾ ਹਨ, ਇਨ੍ਹਾਂ ਉੱਤੇ ਤੇਰੀ ਹਕੂਮਤ ਹੈ। ਇਕਨ੍ਹ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥ ਕਈਆਂ ਨੂੰ ਤੂੰ ਮਾਫ਼ ਕਰ ਕੇ ਆਪਣੇ ਨਾਲ ਮਿਲਾ ਲੈਦਾ ਹੈਂ ਅਤੇ ਕਈ ਝੂਠਿਆਂ ਨੂੰ ਤੂੰ ਕੁੱਟ ਫ਼ਾਟ ਕੇ ਆਪਣੇ ਦਰਬਾਰੋਂ ਬਾਹਰ ਕੱਢ ਦਿੰਦਾ ਹੈਂ। ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥ ਕਈ ਐਨ ਅਰੰਭ ਤੋਂ ਹੀ ਨਿਰਮਲ ਅਤੇ ਨੇਕ ਹਨ। ਉਨ੍ਹਾਂ ਨੂੰ ਤੂੰ ਆਪਣੇ ਨਾਲ ਜੋੜਿਆ ਹੋਇਆ ਹੈ। ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥ ਗੁਰਾਂ ਦੀ ਘਾਲ ਦੁਆਰਾ ਠੰਢ ਚੈਨ ਉਤਪੰਨ ਹੁੰਦੀ ਹੈ, ਅਤੇ ਸੱਚੇ ਨਾਮ ਰਾਹੀਂ ਬੰਦਾ ਸੁਆਮੀ ਨੂੰ ਸਮਝ ਲੈਦਾ ਹੈ। ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥ ਕਈ ਟੇਡੀ ਚਾਲ ਵਾਲੇ, ਗੰਦੇ ਤੇ ਵੇਸਵਾ-ਪਤੀ (ਕੰਜਰੀ-ਬਾਜ਼) ਹਨ ਸਾਈਂ ਨੇ ਖ਼ੁਦ ਉਨ੍ਹਾਂ ਨੂੰ ਨਾਮ ਤੋਂ ਗੁਮਰਾਹ ਕਰ ਛੱਡਿਆ ਹੈ। ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥ ਉਨ੍ਹਾਂ ਪਾਸ ਨਾਂ ਸੋਚ ਵੀਚਾਰ, ਨਾਂ ਅਕਲ ਹੈ, ਨਾਂ ਹੀ ਉਹ ਆਪਣੇ ਆਪ ਤੇ ਕਾਬੂ ਪਾਉਣ ਵਾਲੇ ਹਨ। ਉਹ ਬੌਦਲੇ ਹੋਏ ਭਟਕਦੇ ਫਿਰਦੇ ਹਨ। ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥ ਜਿਸ ਉੱਤੇ ਸਾਈਂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨੂੰ ਆਪਣਾ ਭਰੋਸਾ ਈਮਾਨ ਬਖਸ਼ਦਾ ਹੈ। ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥ ਪਵਿੱਤ੍ਰ ਗੁਰਬਾਣੀ ਨੂੰ ਸ੍ਰਵਣ ਕਰਕੇ, ਇਹ ਬੰਦਾ ਸੱਚ, ਸੰਤਸ਼ਟਤਾ ਅਤੇ ਸਵੈ-ਕਾਬੂ ਨੂੰ ਪਾ ਲੈਦਾ ਹੈ। ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥ ਸਾਈਂ ਦਾ ਹਿਸਾਬ-ਕਿਤਾਬ ਵਾਚਣ ਨਾਲ ਬੰਦਾ ਉਸ ਕੋਲ ਨਹੀਂ ਪੁਜ ਸਕਦਾ। ਆਖਣ ਤੇ ਕਥਨ ਦੁਆਰਾ ਉਸ ਦਾ ਓੜਕ ਨਹੀਂ ਲੱਭਦਾ। ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥ ਗੁਰਾਂ ਦੇ ਰਾਹੀਂ ਸੁਆਮੀ ਦੀ ਕਦਰ ਦਾ ਪਤਾ ਲੱਗਦਾ ਹੈ, ਅਤੇ ਸੱਚੇ ਨਾਮ ਰਾਹੀਂ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ। ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥ ਹੇ ਬੰਦੇ! ਗੁਰਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ, ਤੂੰ ਆਪਣੀ ਇਸ ਆਤਮਾ ਅਤੇ ਸਰੀਰ ਨੂੰ ਸੁਧਾਰ ਲੈ। ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥ ਨਾਨਕ, ਏਸ ਸਰੀਰ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ। ਗੁਰਾਂ ਵਾਸਤੇ ਬੇਅੰਤ ਪਿਆਰ ਦੇ ਰਾਹੀਂ ਇਹ ਖਜਾਨਾ ਪਾਇਆ ਜਾਂਦਾ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥ ਪਰਸੰਨ ਪਤਨੀਆਂ ਜੋ ਗੁਰਾਂ ਦੀ ਬਾਣੀ ਨਾਲ ਸ਼ਿੰਗਾਰੀਆਂ ਹੋਈਆਂ ਹਨ, ਸੱਚ ਵਿੱਚ ਰੰਗੀਆਂ ਜਾਂਦੀਆਂ ਹਨ। copyright GurbaniShare.com all right reserved. Email |