ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥
ਆਤਮਕ ਅਡੋਲਤਾ ਨਾਲ ਨਾਮ ਦਾ ਸਿਮਰਨ ਕਰਨ ਦੁਆਰਾ ਬ੍ਰਹਿਮ ਵੀਚਾਰ ਪ੍ਰਕਾਸ਼ ਹੋ ਜਾਂਦੀ ਹੈ। ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥ ਹੇ ਮੇਰੀ ਜਿੰਦੜੀਏ! ਵਾਹਿਗੁਰੂ ਨੂੰ ਦੁਰੇਡੇ ਖਿਆਲ ਨਾਂ ਕਰ, ਹਮੇਸ਼ਾਂ ਹੀ ਉਸ ਨੂੰ ਆਪਣੇ ਐਨ ਲਾਗੇ ਦੇਖ। ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ ਉਹ ਹਮੇਸ਼ਾਂ ਸੁਣਦਾ ਹੈ, ਹਮੇਸ਼ਾਂ ਹੀ ਦੇਖਦਾ ਹੈ ਅਤੇ ਸੰਸਾਰ ਅੰਦਰ ਉਹ ਪਰੀਪੂਰਨ ਹੋ ਰਿਹਾ ਹੈ। ਠਹਿਰਾਉ। ਗੁਰਮੁਖਿ ਆਪੁ ਪਛਾਣਿਆ ਤਿਨ੍ਹ੍ਹੀ ਇਕ ਮਨਿ ਧਿਆਇਆ ॥ ਪਵਿੱਤਰ ਪੁਰਸ਼ ਆਪਣੇ ਆਪ ਨੂੰ ਸਮਝਦੇ ਹਨ। ਉਹ ਇਕ ਚਿੱਤ ਨਾਲ ਸੁਆਮੀ ਦਾ ਸਿਮਰਨ ਕਰਦੇ ਹਨ। ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥ ਹਮੇਸ਼ਾਂ ਹੀ ਉਹ ਆਪਣੇ ਸਾਹਿਬ ਨੂੰ ਮਾਣਦੇ ਹਨ ਅਤੇ ਸੱਚੇ ਨਾਮ ਦੇ ਰਾਹੀਂ ਉਹ ਆਰਾਮ ਪਾਉਂਦੇ ਹਨ। ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥ ਹੇ ਮੇਰੀ ਜਿੰਦੜੀਏ! ਤੈਡਾਂ ਕੋਈ ਨਹੀਂ! ਗੁਰਾਂ ਦੀ ਬਾਣੀ ਨੂੰ ਸੋਚ ਵਿਚਾਰ ਕੇ ਤੂੰ (ਇਹ ਗੱਲ) ਤਸਦੀਕ ਕਰ ਲੈ। ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥ ਤੂੰ ਦੌੜ ਕੇ ਵਾਹਿਗੁਰੂ ਦੀ ਪਨਾਹ ਲੈ ਲੈ। ਇਸ ਤਰ੍ਹਾਂ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾਂ। ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥ ਤੂੰ ਨਾਮ ਨੂੰ ਸੁਣ ਤੂੰ ਨਾਮ ਹੀ ਸਮਝ ਅਤੇ ਤੂੰ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜੀ ਰੱਖ। ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਨਵਿਰਤ ਕਰ, ਅਤੇ ਮਾਲਕ ਦੇ ਸੱਚੇ ਮੰਦਰ ਅੰਦਰ ਪ੍ਰਸੰਨਤਾ ਨੂੰ ਪ੍ਰਾਪਤ ਹੋ। ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ ਇਸ ਯੁੱਗ ਅੰਦਰ ਮਹਿਮਾ ਨਾਮ ਦੀ ਹੈ। ਸੁਆਮੀ ਦੇ ਨਾਮ ਦੇ ਬਾਝੋਂ ਮਹਿਮਾ ਪ੍ਰਾਪਤ ਨਹੀਂ ਹੁੰਦੀ। ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥ ਇਨ੍ਹਾਂ ਸੰਸਾਰੀ ਪਦਾਰਥਾਂ ਦੀ ਵਿਸ਼ਾਲਤਾ ਚਾਰ ਦਿਨ ਰਹਿੰਦੀ ਹੈ। ਅਲੋਪ ਹੁੰਦਿਆਂ ਇਸ ਨੂੰ ਦੇਰੀ ਨਹੀਂ ਲੱਗਦੀ। ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥ ਜੋ ਨਾਮ ਨੂੰ ਭੁਲਾਉਂਦੇ ਹਨ, ਉਹ ਮਰਦੇ ਹਨ ਅਤੇ ਮਰਦੇ ਰਹਿਣਗੇ। ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਨਹੀਂ ਮਾਣਦੇ, ਅਤੇ ਗੰਦਗੀ ਅੰਦਰ ਗਰਕ ਹੋ ਜਾਂਦੇ ਹਨ। ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥ ਕਈਆਂ ਨੂੰ ਸੁਆਮੀ ਖੁਦ ਰੈਣ ਦਿਹੁੰ ਨਾਮ ਨਾਲ ਜੋੜੀ ਰੱਖਦਾ ਹੈ। ਉਨ੍ਹਾਂ ਨੂੰ ਉਹ ਮਾਫੀ ਦੇ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥ ਉਹ ਸੱਚ ਦੀ ਕਮਾਈ ਕਰਦੇ ਹਨ, ਸੱਚ ਅੰਦਰ ਵੱਸਦੇ ਹਨ ਅਤੇ ਸਤਿਵਾਦੀ ਹੋਣ ਕਰਕੇ ਸੱਚ ਵਿੱਚ ਲੀਨ ਹੋ ਜਾਂਦੇ ਹਨ। ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨ੍ਹ੍ਹਾ ਭਰਮਾਇ ॥ ਨਾਮ ਦੇ ਬਗੈਰ ਦੁਨੀਆਂ ਨੂੰ ਕੁਝ ਸੁਣਦਾ ਤੇ ਦਿਸਦਾ ਨਹੀਂ। ਡੋਰੀ (ਬੋਲੀ) ਤੇ ਮੁਨਾਖੀ ਹੋਣ ਕਾਰਣ ਇਹ ਆਪ ਮੁਹਾਰੀ ਭਟਕਦੀ ਫਿਰਦੀ ਹੈ। ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥ ਨਾਮ ਦੇ ਬਾਝੋਂ ਇਹ ਤਸੀਹੇ ਕੱਟੇਗੀ। ਨਾਮ ਉਸ ਦੇ ਭਾਣੇ ਰਾਹੀਂ ਮਿਲਦਾ ਹੈ। ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥ ਪਵਿੱਤਰ ਅਤੇ ਮਕਬੂਲ ਹਨ, ਉਹ ਪੁਰਸ਼, ਜੋ ਆਪਣੇ ਮਨ ਨੂੰ ਗੁਰਾਂ ਦੀ ਬਾਦੀ ਨਾਲ ਜੋੜਦੇ ਹਨ। ਨਾਨਕ ਨਾਮੁ ਤਿਨ੍ਹ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥ ਨਾਨਕ, ਉਨ੍ਹਾਂ ਨੂੰ ਨਾਮ ਕਦਾਚਿੱਤ ਨਹੀਂ ਭੁਲਦਾ। ਸਾਹਿਬ ਦੇ ਦਰਬਾਰ ਅੰਦਰ ਉਹ ਸੱਚੇ ਜਾਣੇ ਜਾਂਦੇ ਹਨ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਸਬਦੌ ਹੀ ਭਗਤ ਜਾਪਦੇ ਜਿਨ੍ਹ੍ਹ ਕੀ ਬਾਣੀ ਸਚੀ ਹੋਇ ॥ ਸਾਧੂ, ਜਿੰਨ੍ਹਾਂ ਦਾ ਬਚਨ ਸੱਚਾ ਹੁੰਦਾ ਹੈ, ਸੁਆਮੀ ਦੇ ਨਾਮ ਦੇ ਰਾਹੀਂ ਪ੍ਰਸਿੱਧ ਹੁੰਦੇ ਹਨ। ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥ ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ, ਉਹ ਨਾਮ ਨੂੰ ਪੂਜਦੇ ਹਨ, ਅਤੇ ਸੱਚੇ ਸਾਹਿਬ ਨੂੰ ਮਿਲ ਪੈਦੇ ਹਨ। ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥ ਵਾਹਿਗੁਰੂ ਸੁਆਮੀ ਦੇ ਨਾਮ ਦੁਆਰਾ, ਉਨ੍ਹਾਂ ਦਾ ਗੋਲਾ ਇਜ਼ਤ ਆਬਰੂ ਪਾਉਂਦਾ ਹੈ। ਸਫਲੁ ਤਿਨ੍ਹ੍ਹਾ ਕਾ ਜਨਮੁ ਹੈ ਤਿਨ੍ਹ੍ਹ ਮਾਨੈ ਸਭੁ ਕੋਇ ॥੧॥ ਰਹਾਉ ॥ ਅਮੋਘ ਹੈ, ਉਨ੍ਹਾਂ ਦਾ ਆਗਮਨ। ਉਨ੍ਹਾਂ ਦੀ ਹਰ ਕੋਈ ਉਪਾਸਨਾ ਕਰਦਾ ਹੈ। ਠਹਿਰਾਉ। ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥ ਹੰਕਾਰ, ਅਪਣੱਤ, ਪਰਮ ਰੋਹ ਅਤੇ ਆਕੜ, ਇਨਸਾਨਾਂ ਦੀ ਜਾਤੀ (ਖਾਸਾ) ਹਨ। ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥ ਜੇਕਰ ਇਨਸਾਨ ਗੁਰਾਂ ਦੀ ਬਾਣੀ ਦੁਆਰਾ ਮਰ ਜਾਵੇ, ਤਦ ਉਹ ਇਸ ਜਾਤੀ ਤੋਂ ਖਲਾਸੀ ਪਾ ਜਾਂਦਾ ਹੈ, ਅਤੇ ਉਸ ਦਾ ਨੂਰ ਕੀਰਤੀਮਾਨ ਪ੍ਰਭੂ ਦੇ ਪਰਮ ਨੂਰ ਨਾਲ ਮਿਲ ਜਾਂਦਾ ਹੈ। ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥ ਪੂਰਨ ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਜੰਮਣਾ ਲਾਭਦਾਇਕ ਹੋ ਗਿਆ ਹੈ। ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥ ਮੈਂ ਵਾਹਿਗੁਰੂ ਦੇ ਨਾਮ ਦੇ ਨੌਂ ਖਜਾਨੇ ਪਾ ਲਏ ਹਨ, ਅਤੇ ਪਰੀਪੂਰਨ ਅਤੇ ਅਮੁੱਕ ਹਨ ਮੇਰੇ ਮਾਲ ਗੁਦਾਮ। ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨ੍ਹ੍ਹਾ ਨਾਮੁ ਪਿਆਰਾ ॥ ਏਥੇ, ਇਸ ਨਾਮ-ਰਸ ਦੇ ਵਪਾਰੀ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਹੈ, ਆਉਂਦੇ ਹਨ। ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਹ੍ਹਾ ਅੰਤਰਿ ਸਬਦੁ ਵੀਚਾਰਾ ॥੪॥ ਜੋ ਗੁਰੂ ਸਮਰਪਨ ਹੋ ਜਾਂਦੇ ਹਨ, ਉਹ ਇਸ ਦੌਲਤ ਨੂੰ ਪਾਉਂਦੇ ਹਨ, ਕਿਉਂਕਿ ਉਨ੍ਹਾਂ ਦੇ ਮਨ ਵਿੱਚ ਨਾਮ ਦਾ ਸਿਮਰਨ ਹੈ। ਭਗਤੀ ਸਾਰ ਨ ਜਾਣਨ੍ਹ੍ਹੀ ਮਨਮੁਖ ਅਹੰਕਾਰੀ ॥ ਮਗਰੂਰ, ਅਧਰਮੀ ਸੁਆਮੀ ਦੀ ਉਪਾਸਨਾ ਦੀ ਕਦਰ ਨੂੰ ਨਹੀਂ ਜਾਣਦੇ। ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥ ਪ੍ਰਭੂ ਨੇ ਆਪੇ ਹੀ ਉਨ੍ਹਾਂ ਨੂੰ ਗੁਮਰਾਹ ਕੀਤਾ ਹੈ, ਉਹ ਜੂਏ ਵਿੱਚ ਆਪਣੀ ਜੀਵਨ ਖੇਡ ਨੂੰ ਹਾਰ ਦਿੰਦੇ ਹਨ। ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥ ਪ੍ਰੀਤ ਦੇ ਬਗੈਰ ਸਿਮਰਨ ਕੀਤਾ ਨਹੀਂ ਜਾ ਸਕਦਾ, ਨਾਂ ਹੀ ਦੇਹਿ ਨੂੰ ਆਰਾਮ ਆਉਂਦਾ ਹੈ। ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥ ਪਿਆਰ ਦੀ ਦੌਲਤ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ। ਸਾਹਿਬ ਦੀ ਸੇਵਾ ਰਾਹੀਂ ਆਤਮਾ ਸਥਿਰ ਹੋ ਜਾਂਦੀ ਹੈ। ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥ ਕੇਵਲ ਓਹੀ ਸੁਆਮੀ ਦੀ ਸੇਵਾ ਕਰਦਾ ਹੈ, ਜਿਸ ਨੂੰ ਉਹ ਇਸ ਦੀ ਦਾਤ ਬਖਸ਼ਦਾ ਹੈ। ਅਤੇ ਉਹ ਗੁਰਬਾਣੀ ਦਾ ਚਿੰਤਨ ਕਰਦਾ ਹੈ। ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥ ਉਸ ਦੇ ਮਨ ਅੰਦਰ ਕੇਵਲ ਇੱਕ ਨਾਮ ਹੀ ਨਿਵਾਸ ਰੱਖਦਾ ਹੈ, ਅਤੇ ਉਹ ਆਪਣੀ ਹੰਗਤਾ ਦੇ ਦਵੈਤ ਭਾਵ ਨੂੰ ਦੂਰ ਕਰ ਦਿੰਦਾ ਹੈ। ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥ ਇੱਕ ਨਾਮ ਹੀ ਸਾਈਂ ਦੇ ਅਨੁਰਾਗੀਆਂ (ਪ੍ਰੇਮੀਆਂ) ਦੀ ਜਾਤ ਤੇ ਇਜ਼ਤ ਹੈ। ਉਹ ਖੁਦ ਹੀ ਉਹਨਾਂ ਨੂੰ ਸਸ਼ੋਭਤ ਕਰਦਾ ਹੈ। ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥ ਉਹ ਹਮੇਸ਼ਾਂ ਉਸ ਦੀ ਪਨਾਹ ਹੇਠਾਂ ਵਿਚਰਦੇ ਹਨ। ਅਤੇ ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਉਹਨਾਂ ਦੇ ਕੰਮ ਰਾਸ ਕਰਦਾ ਹੈ। copyright GurbaniShare.com all right reserved. Email |