ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥
ਸੁਆਮੀ ਦੀ ਪ੍ਰਸਤਿਸ਼ (ਪੂਜਾ) ਇਸ ਗੱਲ ਵਿੱਚ ਅਨੋਖੀ ਹੈ ਕਿ ਇਹ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਜਾਣੀ ਜਾਂਦੀ ਹੈ। ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥ ਨਾਨਕ ਜਿਸ ਦੇ ਮਨ ਅੰਦਰ ਨਾਮ ਨਿਵਾਸ ਰੱਖਦਾ ਹੈ, ਉਹ ਪ੍ਰਭੂ ਦੇ ਡਰ ਅਤੇ ਅਨੁਰਾਗ ਰਾਹੀਂ ਉਸ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥ ਪ੍ਰਾਣੀ ਹੋਰਨਾਂ ਸਵਾਦਾਂ ਅੰਦਰ ਭਟਕਦਾ ਹੈ। ਨਾਮ ਦੇ ਬਾਝੋਂ ਤਕਲੀਫ ਉਠਾਉਂਦਾ ਹੈ। ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥ ਉਹ ਰੱਬ ਰੂਪ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਜੋ ਸੱਚੀ ਗਿਆਤ ਦਰਸਾਉਂਦੇ ਹਨ। ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥ ਹੇ ਮੈਡੀ! ਕਮਲੀ ਜਿੰਦੜੀਏ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਅਤੇ ਇਸ ਦਾ ਸਵਾਦ ਮਾਣ। ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥ ਹੋਰਨਾਂ ਭੋਗ ਬਿਲਾਸਾਂ ਨਾਲ ਜੁੜੀ ਹੋਈ ਤੂੰ ਭਟਕਦੀ ਫਿਰਦੀ ਹੈਂ। ਤੂੰ ਆਪਣਾ ਜੀਵਨ ਬੇਫਾਇਦਾ ਵੰਞਾ ਰਹੀ ਹੈਂ। ਠਹਿਰਾਉ। ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥ ਇਸ ਯੁਗ ਅੰਦਰ ਬੇਦਾਗ ਹਨ ਗੁਰੂ ਅਨਸਾਰੀ, ਜੋ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥ ਭਾਗਾਂ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਆਪਾਂ ਕੀ ਆਖ ਜਾਂ ਕਰ ਸਕਦੇ ਹਾਂ? ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥ ਜੋ ਆਪਣੇ ਹਿਰਦੇ ਵਿੱਚੋਂ ਬਦੀ ਨੂੰ ਕੱਢ ਦਿੰਦਾ ਹੈ, ਅਤੇ ਗੁਰਾਂ ਦੀ ਬਾਣੀ ਦੁਆਰਾ ਮਰ ਵੰਞਦਾ ਹੈ, ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ। ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥ ਜੋ ਗੁਰਾਂ ਦੀ ਛਤ੍ਰ-ਛਾਇਆ ਹੇਠ, ਦੌੜ ਕੇ ਚਲੇ ਜਾਂਦੇ ਹਨ, ਉਨ੍ਹਾਂ ਨੂੰ ਮਾਫੀ ਦੇਣ ਵਾਲਾ ਮਾਫੀ ਦੇ ਦਿੰਦਾ ਹੈ। ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥ ਨਾਮ ਦੇ ਬਾਝੋਂ ਆਰਾਮ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਦਰਦ ਅੰਦਰੋਂ ਦੂਰ ਹੁੰਦਾ ਹੈ। ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥ ਇਹ ਸੰਸਾਰ ਧਨ-ਦੌਲਤ ਦੀ ਲਗਨ ਵਿੱਚ ਖੱਚਤ ਹੋਇਆ ਹੋਇਆ ਹੈ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਇਆ ਹੋਇਆ ਹੈ। ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥ ਕੂੜੀਆਂ ਪਤਨੀਆਂ ਆਪਣੇ ਪਤੀ ਦੀ ਕਦਰ ਨਹੀਂ ਜਾਣਦੀਆਂ, ਉਹ ਹਾਰ ਸ਼ਿੰਗਾਰ ਲਾ ਕੇ ਕੀ ਕਰਨਗੀਆਂ? ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥ ਰੈਣ-ਦਿਹੁੰ ਉਹ ਹਮੇਸ਼ਾਂ ਸੜਦੀਆਂ ਰਹਿੰਦੀਆਂ ਹਨ ਅਤੇ ਆਪਣੇ ਕੰਤ ਦੇ ਪਲੰਘ ਨੂੰ ਨਹੀਂ ਮਾਣਦੀਆਂ। ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥ ਆਪਣੀ ਸਵੈ-ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਸੱਚੀਆਂ ਪਤਨੀਆਂ ਆਪਣੇ ਸੁਆਮੀ ਦੇ ਮੰਦਰ ਨੂੰ ਹਾਂਸਲ ਕਰ ਲੈਦੀਆਂ ਹਨ! ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥ ਗੁਰਾਂ ਦੀ ਬਾਣੀ ਨਾਲ ਉਹ ਸਜੀਆਂ ਧਜੀਆਂ ਹਨ ਅਤੇ ਉਹਨਾਂ ਦਾ ਖਸਮ ਉਹਨਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥ ਧਨ-ਦੌਲਤ ਦੀ ਲਗਨ ਦੇ ਅੰਨ੍ਹੇਰੇ ਵਿੱਚ, ਬੰਦੇ ਨੇ ਆਪਣੇ ਚਿੱਤੋਂ ਮੌਤ ਨੂੰ ਭੁਲਾ ਛੱਡਿਆ ਹੈ। ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥ ਆਪ-ਹੁਦਰੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ। ਉਹ ਫੇਰ ਮਰਦੇ ਹਨ ਅਤੇ ਮੌਤ ਦੇ ਬੂਹੇ ਤੇ ਦੁਖੀ ਹੁੰਦੇ ਹਨ। ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥ ਜਿੰਨ੍ਹਾਂ ਨੂੰ ਮਾਲਕ ਖੁਦ ਮਿਲਾਉਂਦਾ ਹੈ, ਉਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਉਸ ਨਾਲ ਮਿਲ ਜਾਂਦੇ ਹਨ। ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥ ਨਾਨਕ, ਉਸ ਸੱਚੀ ਦਰਗਾਹ ਅੰਦਰ ਸੁਰਖ਼ਰੂ ਹੋ ਜਾਂਦੇ ਹਨ-ਉਨ੍ਹਾਂ ਦੇ ਚਿਹਰੇ ਜੋ ਪ੍ਰਭੂ ਦੇ ਨਾਮ ਅੰਦਰ ਲੀਨ ਹੋਏ ਹਨ। ਆਸਾ ਮਹਲਾ ੫ ਅਸਟਪਦੀਆ ਘਰੁ ੨ ਆਸਾ ਪੰਜਵੀਂ ਪਾਤਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਪੰਚ ਮਨਾਏ ਪੰਚ ਰੁਸਾਏ ॥ ਜਦ ਮੈਂ ਗੁਣਾਂ ਨਾਲ ਬਾਣੀ ਲਈ ਅਤੇ ਪੰਜਾਂ ਬਦੀਆਂ ਨਾਲ ਵਿਗਾੜ ਪਾ ਲਿਆ, ਪੰਚ ਵਸਾਏ ਪੰਚ ਗਵਾਏ ॥੧॥ ਤਾਂ ਪੰਜਾਂ ਨੂੰ ਮੈਂ ਆਪਣੇ ਅੰਦਰ ਟਿਕਾ ਲਿਆ, ਅਤੇ ਪੰਜਾਂ ਨੂੰ ਪਰੇ ਸੁਟ ਦਿੱਤਾ। ਇਨ੍ਹ੍ਹ ਬਿਧਿ ਨਗਰੁ ਵੁਠਾ ਮੇਰੇ ਭਾਈ ॥ ਇਸ ਤਰੀਕੇ ਨਾਲ ਮੇਰੀ ਦੇਹ ਦਾ ਪਿੰਡ ਆਬਾਦ ਹੋ ਗਿਆ। ਹੇ ਮੇਰੇ ਵੀਰ! ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥ ਪਾਪ ਦੂਰ ਹੋ ਗਿਆ ਅਤੇ ਗੁਰਾਂ ਨੇ ਮੇਰੇ ਅੰਦਰ ਬ੍ਰਹਮ ਗਿਆਤ ਅਸਥਾਪਨ ਕਰ ਦਿੱਤੀ। ਠਹਿਰਾਓ। ਸਾਚ ਧਰਮ ਕੀ ਕਰਿ ਦੀਨੀ ਵਾਰਿ ॥ ਇਸ ਗ੍ਰਾਮ ਦੇ ਉਦਾਲੇ ਗੁਰਾਂ ਨੇ ਸੱਚੇ ਪੰਥ ਦੀ ਵਾੜ ਕਰ ਦਿੱਤੀ ਹੈ। ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥ ਗੁਰਾਂ ਦੇ ਦਿੱਤੇ ਹੋਏ ਬ੍ਰਹਮ ਬੋਧ ਅਤੇ ਬੰਦਗੀ ਦੇ ਮਜਬੂਤ ਫਟਿਆਂ ਇਸ ਦਾ ਦਰਵਾਜਾ ਬਣਾਇਆ ਹੋਇਆ ਹੈ। ਨਾਮੁ ਖੇਤੀ ਬੀਜਹੁ ਭਾਈ ਮੀਤ ॥ ਸੁਆਮੀ ਦੇ ਨਾਮ ਦੀ ਫਸਲ ਬੀਜ ਹੁਣ ਮੇਰੇ ਵੀਰਾ ਅਤੇ ਮਿੱਤਰ! ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥ ਨਿਤਾਪ੍ਰਤੀ ਗੁਰਾਂ ਦੀ ਚਾਕਰੀ ਕਮਾਉਣ ਦਾ ਵਣਜ ਕਰ। ਸਾਂਤਿ ਸਹਜ ਸੁਖ ਕੇ ਸਭਿ ਹਾਟ ॥ ਠੰਢ-ਚੈਨ, ਅਡੋਲਤਾ ਅਤੇ ਪ੍ਰਸੰਨਤਾ ਨਾਲ ਸਾਰੀਆਂ ਹੱਟੀਆਂ ਭਰੀਆਂ ਹੋਈਆਂ ਹਨ। ਸਾਹ ਵਾਪਾਰੀ ਏਕੈ ਥਾਟ ॥੪॥ ਗੁਰੂ ਸ਼ਾਹੂਕਾਰ ਅਤੇ ਸਿੱਖ ਵਣਜਾਰਾ ਇਕੋ ਹੀ ਟਿਕਾਣੇ ਤੇ ਵੱਸਦੇ ਹਨ। ਜੇਜੀਆ ਡੰਨੁ ਕੋ ਲਏ ਨ ਜਗਾਤਿ ॥ ਕੋਈ ਕਾਫਰਾਨਾ ਟੈਕਸ, ਜੁਰਮਾਨਾ ਅਤੇ ਮਸੂਲ ਚੂੰਗੀ ਨਹੀਂ ਲੱਗਦੇ, ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥ ਜਦ ਸੱਚੇ ਗੁਰਾਂ ਨੇ ਵਾਹਿਗੁਰੂ ਦੀ ਮੋਹਰ-ਛਾਪ ਲਾ ਦਿੱਤੀ ਹੈ। ਵਖਰੁ ਨਾਮੁ ਲਦਿ ਖੇਪ ਚਲਾਵਹੁ ॥ ਨਾਮ ਦੇ ਸੌਦੇ ਸੂਤ ਨੂੰ ਤੂੰ ਬਾਰ ਕਰ ਅਤੇ ਸੁਦਾਗਰੀ ਦੇ ਮਾਲ ਨੂੰ ਰਵਾਨਾ ਕਰ। ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥ ਇਸ ਤਰ੍ਹਾਂ ਤੂੰ ਗੁਰਾਂ ਦੇ ਉਪਦੇਸ਼ ਤਾਬੇ ਨਫਾ ਕਮਾ ਕੇ ਆਪਣੇ ਗ੍ਰਹਿ ਨੂੰ ਆਵੇਗਾਂ। ਸਤਿਗੁਰੁ ਸਾਹੁ ਸਿਖ ਵਣਜਾਰੇ ॥ ਸੱਚੇ ਗੁਰੂ ਜੀ ਥੋਕ ਦੇ ਵਪਾਰੀ ਹਨ ਅਤੇ ਉਖ਼ਸ ਦੇ ਸਿੱਖ ਪਰਚੂਨ ਦੇ ਵੰਜਾਰੇ। ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥ ਮਾਲਮੱਤਾ ਸੁਆਮੀ ਦਾ ਨਾਮ ਹੈ ਅਤੇ ਸੱਚੇ ਸਾਈਂ ਦਾ ਸਿਮਰਨ ਹਿਸਾਬ ਕਿਤਾਬ। ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥ ਜੋ ਪੂਰਨ ਗੁਰਾਂ ਦੀ ਘਾਲ ਕਮਾਉਂਦਾ ਹੈ, ਓਹੀ ਇਸ ਰੱਬੀ-ਘਰ ਵਿੱਚ ਰਹਿੰਦਾ ਹੈ। ਅਬਿਚਲ ਨਗਰੀ ਨਾਨਕ ਦੇਵ ॥੮॥੧॥ ਹੇ ਨਾਨਕ! ਨਾਂ-ਚਲਾਇਮਾਨ ਹੈ ਸਾਹਿਬ ਦਾ ਸ਼ਹਿਰ। copyright GurbaniShare.com all right reserved. Email |