ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥
ਤੂੰ ਸੱਤਾਂ ਸਮੁੰਦਰਾਂ ਅੰਦਰ ਇਸ਼ਨਾਨ ਕਰ ਹੇ ਮੇਰੀ ਆਤਮਾਂ! ਅਤੇ ਪਵਿੱਤਰ ਹੋ ਵੰਞ। ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥ ਜਦ ਸੁਆਮੀ ਨੂੰ ਚੰਗਾ ਲੱਗਦਾ ਹੈ ਇਨਸਾਨ ਪਵਿੱਤਰ ਪਾਣੀ ਅੰਦਰ ਇਸ਼ਨਾਨ ਕਰ ਲੈਂਦਾ ਹੈ। ਅਤੇ ਸਿਮਰਨ ਦੇ ਦੁਆਰਾ ਪੰਜ ਗੁਣਾ ਨੂੰ ਪ੍ਰਾਪਤ ਹੋ ਜਾਂਦਾ ਹੈ। ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥ ਭੋਗ-ਵਿਲਾਸ, ਗੁੱਸੇ ਛਲ ਅਤੇ ਪ੍ਰਾਣ ਨਾਸਕ ਪਾਪਾਂ ਨੂੰ ਛੱਡ ਕੇ ਸੱਚੇ ਨਾਮ ਨੂੰ ਆਪਣੇ ਦਿਲ ਨਾਲ ਲਾ ਲੈਂਦਾ ਹੈ। ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥ ਜਦ ਹੰਕਾਰ ਲਾਲਚ ਅਤੇ ਤਮ੍ਹਾ ਦੇ ਤਰੰਗ ਮਿੱਟ ਜਾਂਦੇ ਹਨ ਤਾਂ ਇਨਸਾਨ ਮਸਕੀਨਾਂ ਦੇ ਮਿਹਰਬਾਨ ਮਾਲਕ ਨੂੰ ਮਿਲ ਪੈਂਦਾ ਹੈ। ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥ ਨਾਨਕ ਗੁਰਾਂ ਦੇ ਤੁਲ ਕੋਈ ਯਾਤਰਾ ਅਸਥਾਨ ਨਹੀਂ, ਸੱਚੇ ਗੁਰੂ ਜੀ ਖੁਦ ਪ੍ਰਿਥਵੀ ਦੇ ਪਾਲਕ ਪ੍ਰਭੂ ਹਨ। ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥ ਮੈਂ ਜੰਗਲ ਅਤੇ ਬੇਲੇ ਢੂੰਢੇ ਹਨ। ਅਤੇ ਘਾਹ ਦੀਆਂ ਤਿੜਾਂ ਵੀ ਸਮੂਹ ਤੱਕੀਆਂ ਹਨ। ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥ ਤਿੰਨੇ ਜਹਾਨ ਸਮੂਹ ਪ੍ਰਾਣਧਾਰੀ ਸਾਰਾ ਆਲਮ ਤੂੰ ਰਚਿਆ ਹੈ, ਹੇ ਸੁਆਮੀ! ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥ ਸਾਰੇ ਤੇਰੇ ਸਾਜੇ ਹੋਏ ਹਨ, ਕੇਵਲ ਤੂੰ ਹੀ ਸਦੀਵੀ ਸਥਿਰ ਹੈਂ, ਤੇਰੇ ਬਰਾਬਰ ਦਾ ਕੋਈ ਨਹੀਂ। ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥ ਤੂੰ ਦਾਤਾਰ ਹੈਂ, ਹੋਰ ਸਾਰੇ ਤੇਰੇ ਮੰਗਤੇ ਹਨ। ਤੇਰੇ ਬਗੈਰ ਮੈਂ ਕਾਹਦੀ ਤਰੀਫ ਕਰਾਂ? ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥ ਮੇਰੇ ਦਾਨੀ, ਤੂੰ ਬਿਨਾਂ ਮੰਗਿਆਂ ਦਾਤਾਂ ਦਿੰਦਾ ਹੈਂ। ਪਰੀ-ਪੂਰਨ ਹਨ ਤੈਡੇਂ ਸਿਮਰਨ ਦੇ ਖਜ਼ਾਨੇ। ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥ ਸੁਆਮੀ ਦੇ ਨਾਮ ਦੇ ਬਾਝੋਂ ਬੰਦਾ ਮੋਖਸ਼ ਨਹੀਂ ਹੁੰਦਾ, ਮਸਕੀਨ ਨਾਨਕ ਐਸ ਤਰ੍ਹਾਂ ਆਖਦਾ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥ ਮੇਰੀ ਜਿੰਦੜੀ, ਮੇਰੀ ਜਿੰਦੜੀ ਆਪਣੇ ਪ੍ਰੀਤਮ ਸੁਆਮੀ ਮਾਲਕ ਦੇ ਪਿਆਰ ਨਾਲ ਰੰਗੀ ਹੋਈ ਹੈ। ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥ ਸੱਚਾ ਅਤੇ ਬੇਅੰਤ ਹੈ ਆਦੀ ਸੁਆਮੀ ਮਾਲਕ! ਜੋ ਧਰਤੀ ਨੂੰ ਆਸਰਾ ਦੇ ਰਿਹਾ ਹੈ। ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥ ਪਹੁੰਚ ਤੋਂ ਪਰ੍ਹੇ ਸੋਚ ਸਮਝ ਤੋਂ ਉਚੇਰਾ, ਹੱਦਬੰਨਾ ਰਹਿਤ, ਅਤੇ ਲਾਸਾਨੀ ਪਰਮ ਮਾਲਕ, ਸਾਰਿਆਂ ਦਾ ਸ਼੍ਰੋਮਣੀ ਸਾਹਿਬ ਹੈ। ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ ਆਦੀ ਪ੍ਰਭੂ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਹੋਵੇਗਾ ਵੀ। ਹੋਰ ਸਾਰਿਆਂ ਨੂੰ ਕੂੜੇ ਕਰਕੇ ਜਾਣ। ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥ ਇਨਸਾਨ ਨੇਕ ਅਮਲਾਂ ਅਤੇ ਪਵਿੱਤਰਤਾ ਦੀ ਕਦਰ ਨੂੰ ਨਹੀਂ ਸਮਝਦਾ। ਉਹ ਉਚ ਗਿਆਨ ਅਤੇ ਮੋਖਸ਼ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ? ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥ ਨਾਨਕ ਪਵਿੱਤਰ ਪੁਰਸ਼ ਕੇਵਲ ਪ੍ਰਭੂ ਨੂੰ ਹੀ ਜਾਣਦਾ ਹੈ ਅਤੇ ਦਿਹੁੰ ਰੈਣ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ। ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥ ਮੇਰੀ ਆਤਮਾ, ਮੇਰੀ ਆਤਮਾ ਨੂੰ ਯਕੀਨ ਆ ਗਿਆ ਹੈ ਕਿ ਕੇਵਲ ਸੁਆਮੀ ਦਾ ਨਾਮ ਹੀ ਆਦਮੀ ਦਾ ਸਹਾਇਕ ਹੈ। ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥ ਹੰਗਤਾ, ਸੰਸਾਰੀ ਲਗਨ ਅਤੇ ਧਨ ਦੌਲਤ ਉਸ ਦੇ ਨਾਲ ਨਹੀਂ ਜਾਂਦੀਆਂ। ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥ ਅਮੜੀ, ਬਾਬਲ, ਵੀਰ, ਪੁੱਤਰ, ਚਾਲਾਕੀ, ਜਾਇਦਾਦ ਅਤੇ ਵਹੁਟੀ ਉਸ ਦਾ ਸਾਥ ਨਹੀਂ ਦਿੰਦੇ। ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥ ਸਾਹਿਬ ਦੇ ਸਿਮਰਨ ਦੇ ਰਾਹੀਂ ਮੈਂ ਸਮੁੰਦਰ ਦੀ ਲੜਕੀ, ਮਾਇਆ ਨੂੰ ਤਲਾਂਜਲੀ ਅਤੇ ਫਾਰਖਤੀ ਦੇ ਦਿੱਤੀ ਹੈ ਅਤੇ ਇਸ ਨੂੰ ਆਪਣੇ ਪੈਰਾਂ ਹੇਠ ਲਿਤਾੜ ਸੁੱਟਿਆ ਹੈ। ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥ ਆਦੀ ਪ੍ਰਭੂ ਨੇ ਇੱਕ ਅਲੌਕਿਕ ਦ੍ਰਿਸ਼ਯ ਵਿਖਾਲਿਆ ਹੈ ਕਿ ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਓਥੇ ਮੈਂ ਉਸ ਨੂੰ ਪਾਉਂਦਾ ਹਾਂ। ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥ ਨਾਨਕ ਮੈਂ ਪ੍ਰਭੂ ਦੀ ਪ੍ਰੇਮ ਮਈ ਸੇਵਾ ਨੂੰ ਨਹੀਂ ਤਿਆਗਦਾ। ਸੁਤੇ ਸਿਧ ਜੋ ਹੋਣਾ ਹੈ ਉਹ ਪਿਆ ਹੋਵੇ। ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥ ਮੇਰਾ ਹਿਰਦਾ, ਮੇਰਾ ਹਿਰਦਾ, ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਹੋ ਗਿਆ ਹੈ। ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥ ਬਦੀਆਂ ਮੈਂ ਮੇਟ ਛੱਡੀਆਂ ਹਨ ਅਤੇ ਮੈਂ ਹੁਣ ਗੁਣਵਾਨਾਂ ਦੀ ਸੰਗਤ ਨਾਲ ਤੁਰਦਾ ਹਾਂ। ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥ ਪਾਪਾਂ ਨੂੰ ਤਿਆਗ ਕੇ ਮੈਂ ਭਲੇ ਕਰਮ ਕਮਾਉਂਦਾ ਹਾਂ ਅਤੇ ਸੱਚੇ ਦਰਬਾਰ ਅੰਦਰ ਸੁਰਖਰੂ ਥੀਵਦਾ ਹਾਂ। ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥ ਮੇਰਾ ਆਉਣਾ ਤੇ ਜਾਣਾ ਵਰਜ ਅਤੇ ਰੋਕ ਦਿੱਤੇ ਗਏ ਹਨ, ਕਿਉਂਕਿ ਮੈਂ ਗੁਰਾਂ ਦੇ ਰਾਹੀਂ ਸਾਰ ਵਸਤੂ ਦਾ ਚਿੰਤਨ ਕੀਤਾ ਹੈ। ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥ ਮੇਰੇ ਮਾਲਕ ਤੂੰ ਮੇਰਾ ਯਾਰ, ਮਿੱਤਰ ਅਤੇ ਸਿਆਣਾ ਸਾਥੀ ਹੈਂ, ਮੈਨੂੰ ਆਪਣੇ ਸੱਚੇ ਨਾਮ ਦੀ ਕੀਰਤੀ ਪ੍ਰਦਾਨ ਕਰ। ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥ ਨਾਨਕ ਗੁਰਾਂ ਪਾਸੋਂ ਮੈਨੂੰ ਐਹੋ ਜਿਹਾ ਉਪਦੇਸ਼ ਪ੍ਰਾਪਤ ਹੋਇਆ ਹੈ ਕਿ ਨਾਮ ਦਾ ਜਵੇਹਰ ਮੇਰੇ ਤੇ ਪ੍ਰਗਟ ਹੋ ਆਇਆ ਹੈ। ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥ ਸੂਰਮਾਂ ਸੱਚ ਦਾ ਸੂਰਮਾਂ, ਮੈਂ ਸੰਭਾਲ ਕੇ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਮੈਂ ਪਵਿੱਤਰ ਪ੍ਰਭੂ ਨਾਲ ਰੰਗਿਆ ਗਿਆ ਹਾਂ। ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥ ਮੇਰੀ ਆਤਮਾਂ ਤੇ ਦੇਹਿ ਅੰਦਰ ਜਗਤ ਦੀ ਜਿੰਦਜਾਨ ਦਾਤਾਰ ਪ੍ਰਭੂ ਰਮ ਰਿਹਾ ਹੈ। ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥ ਮੇਰੀ ਜਿੰਦੜੀ ਸੰਸਾਰ ਦੀ ਜਿੰਦ ਜਾਨ ਉਦਾਰਚਿਤ ਵਾਹਿਗੁਰੂ ਨਾਲ ਰੰਗੀਜੀ ਹੋਈ ਹੈ ਅਤੇ ਸੁਖੈਨ ਹੀ ਉਸ ਨਾਲ ਅਭੇਦ ਹੋ ਗਈ ਹੈ। ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥ ਸਾਈਂ ਦੀ ਮਿਹਰ ਦੁਆਰਾ ਇਨਸਾਨ ਨੇਕਾਂ ਦੀ ਸੋਹਬਤ ਅਤੇ ਪਵਿੱਤਰ ਪੁਰਸ਼ਾਂ ਦੇ ਮੇਲ ਮਿਲਾਪ ਅੰਦਰ ਆਰਾਮ ਪਾਉਂਦਾ ਹੈ। ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥ ਜਗਤ-ਤਿਆਗੀ ਵਾਹਿਗੁਰੂ ਦੀ ਊਪਾਸਨਾ ਅੰਦਰ ਲੀਨ ਰਹਿੰਦੇ ਹਨ। ਅਤੇ ਲਗਨ ਤੇ ਖਾਹਿਸ਼ ਤੋਂ ਖਲਾਸੀ ਪਾ ਜਾਂਦੇ ਹਨ। ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥ ਨਾਨਕ ਕੋਈ ਟਾਵਾਂ ਹੀ ਇੱਛਾ ਰਹਿਤ, ਹਰੀ ਦਾ ਗੋਲਾ ਹੈ, ਜੋ ਆਪਣੀ ਹੰਗਤਾ ਨੂੰ ਮੇਟ ਕੇ ਸੁਆਮੀ ਨਾਲ ਪ੍ਰਸੰਨ ਰਹਿੰਦਾ ਹੈ। copyright GurbaniShare.com all right reserved. Email |