Page 439
ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥
ਉਹ ਮੇਵਾ ਸਮੁੰਦਰ ਵਿੱਚ ਉਤਪੰਨ ਹੋਈਆਂ ਲਹਿਰ ਦੀ ਮਾਨਿੰਦ ਅਤੇ ਬਿਜਲੀ ਦੀ ਲਿਸ਼ਕ ਦੇ ਮਾਨਿੰਦ ਆਰਜੀ ਹੈ।

ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥
ਵਾਹਿਗੁਰੂ ਦੇ ਬਗੈਰ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਅਤੇ ਉਸ ਨੂੰ ਤੂੰ ਭੁਲਾ ਛੱਡਿਆ ਹੈ।

ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥
ਨਾਨਕ ਸੱਚ ਆਖਦਾ ਹੈ, ਇਸ ਨੂੰ ਸੋਚ ਸਮਝ, ਹੇ ਬੰਦੇ! ਤੂੰ ਮਰ ਵੰਞੇਗਾ ਹੇ ਕਾਲਿਆ ਮਿਰਗਾ!

ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥
ਹੇ ਭਉਰੇ! ਤੂੰ ਫੁੱਲਾਂ ਵਿੱਚ ਚੱਕਰ ਕੱਟਦਾ ਫਿਰਦਾ ਹੈਂ। ਖਰੀ ਬਹੁਤੀ ਬਣੇਗੀ ਤੈਨੂੰ ਮੁਸੀਬਤ।

ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥
ਮੈਂ ਆਪਣੇ ਗੁਰਾਂ ਪਾਸੋਂ ਸੱਚੀ ਗਿਆਤ ਬਾਰੇ ਪਤਾ ਕੀਤਾ ਹੈ।

ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥
ਹੇ ਵੇਲਾਂ ਦੇ ਫੁੱਲਾਂ ਨਾਲ ਮਸਤ ਹੋਏ ਹੋਏ ਭਉਰੇ, ਮੈਂ ਪ੍ਰਭੂ ਦੀ ਗਿਆਤ ਬਾਰੇ ਆਪਣੇ ਸੱਚੇ ਗੁਰਾਂ ਪਾਸੋਂ ਪਤਾ ਕੀਤਾ ਹੈ।

ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥
ਜਦ ਸੂਰਜ ਉਦੈ ਹੁੰਦਾ ਤੇ ਮੌਤ ਆਉਂਦੀ ਹੈ, ਦੇਹਿ ਡਿਗ ਪੈਦੀ ਹੈ ਅਤੇ ਜਿੰਦੜੀ ਤੱਤੇ ਤੇਲ ਵਿੱਚ ਉਬਾਲੀ ਜਾਂਦੀ ਹੈ।

ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥
ਹੇ ਭੂਤਨੇ ਮਨੁੱਖ! ਵਾਹਿਗੁਰੂ ਦੇ ਨਾਮ ਦੇ ਬਾਝੋਂ ਤੂੰ ਮੌਤ ਦੇ ਰਾਹ ਉਤੇ ਨਰੜਿਆਂ ਜਾਵੇਗਾਂ ਅਤੇ ਸੱਟਾਂ ਸਹਾਰੇਗਾਂ।

ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥
ਨਾਨਕ ਸੱਚ ਆਖਦਾ ਹੈ, ਸਾਹਿਬ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਤੂੰ ਮਰ ਵੰਞੇਗਾ, ਹੇ ਕਾਲੇ ਭਊਰਿਆ!

ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥
ਹੇ ਮੇਰੀ ਬਿਦੇਸਣ ਜਿੰਦੜੀਏ! ਤੂੰ ਕਿਉਂ ਧੰਦਿਆਂ ਦੀਆਂ ਫਾਹੀਆਂ ਵਿੱਚ ਪੈਦੀ ਹੈਂ?

ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥
ਜਦ ਸੱਚਾ ਸੁਆਮੀ ਤੇਰੇ ਚਿੱਤ ਅੰਦਰ ਵੱਸਦਾ ਹੈ, ਤਾਂ ਤੂੰ ਕਿਉਂ ਮੌਤ ਦੀ ਫਾਹੀ ਵਿੱਚ ਫਸੇਗੀਂ?

ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥
ਮੱਛੀਆਂ ਫੜਨ ਵਾਲਾ ਫੰਧਾ ਸੁੱਟਦਾ ਹੈ ਅਤੇ ਹੰਝੂ ਭਰੀਆਂ ਅੱਖਾਂ ਨਾਲ ਮੱਛੀ ਪਾਣੀ ਨਾਲੋਂ ਵੱਖਰੀ ਹੁੰਦੀ ਹੈ।

ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥
ਜਗਤ ਨੂੰ ਸੰਸਾਰੀ ਪਦਾਰਥਾਂ ਦਾ ਪਿਆਰ ਮਿੱਠਾ ਲੱਗਦਾ ਹੈ, ਪਰ ਅਖੀਰ ਨੂੰ ਇਹ ਵਹਿਮ ਨਵਿਰਤ ਹੋ ਜਾਂਦਾ ਹੈ।

ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥
ਆਪਣੇ ਵਾਹਿਗੁਰੂ ਦੀ ਘਾਲ ਕਮਾ, ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ ਅਤੇ ਆਪਣੇ ਚਿੱਤ ਦੇ ਫਿਕਰ ਦੂਰ ਕਰ ਦੇ।

ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥
ਨਾਨਕ ਸੱਚ ਆਖਦਾ ਹੈ, ਤੂੰ ਆਪਣੇ ਹਿਰਦੇ ਅੰਦਰ ਸਾਹਿਬ ਦਾ ਸਿਮਰਨ ਕਰ, ਹੇ ਮੇਰੀ ਬਿਦੇਸਣ ਜਿੰਦੜੀਏ!

ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥
ਦਰਿਆਵਾਂ ਦੇ ਵਹਿਣ, ਜੋ ਨਿੱਖੜ ਜਾਂਦੇ ਹਨ, ਰੱਬ ਸਬੱਬੀ ਹੀ ਮੁੜ ਕੇ ਮਿਲਦੇ ਹਨ।

ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥
ਹਰ ਯੁੱਗ ਅੰਦਰ ਜੋ ਕੁਛ ਮਿੱਠਾ ਹੈ ਉਹ ਵਿਹੁ ਨਾਲ ਭਰਿਆ ਹੋਇਆ ਹੁੰਦਾ ਹੈ। ਕੋਈ ਵਿਰਲਾ ਤਿਆਗੀ ਹੀ ਇਸ ਨੂੰ ਸਮਝਦਾ ਹੈ।

ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥
ਕੋਈ ਵਿਰਲਾ ਪੁਰਸ਼ ਜੋ ਸੱਚੇ ਗੁਰਾਂ ਨੂੰ ਯਾਦ ਕਰਦਾ ਹੈ, ਬ੍ਰਹਿਮ ਗਿਆਨ ਸਮਝਦਾ ਤੇ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ।

ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥
ਰੱਬ ਦੇ ਨਾਮ ਦੇ ਬਗੈਰ ਬੇਖਬਰ ਬੇਵਕੂਫ ਵਹਿਮ ਅੰਦਰ ਭੁੱਲੇ ਫਿਰਦੇ ਹਨ ਅਤੇ ਬਰਬਾਦ ਹੋ ਜਾਂਦੇ ਹਨ।

ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸੱਚਾ ਨਾਮ ਅਤੇ ਅਨੁਰਾਗ (ਪ੍ਰੇਮ) ਨਹੀਂ ਉਹ ਅਖੀਰ ਦੇ ਵੇਲੇ ਭੁੱਬਾਂ ਮਾਰ ਕੇ ਵਿਰਲਾਪ ਕਰਦੇ ਹਨ।

ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥
ਨਾਨਕ ਸੱਚ ਆਖਦਾ ਹੈ, ਸੱਚੀ ਗੁਰਬਾਣੀ ਰਾਹੀਂ ਮੁੱਦਤਾਂ ਤੋਂ ਵਿਛੁੜੀਆਂ ਹੋਈਆਂ ਰੂਹਾਂ ਸੁਆਮੀ ਨੂੰ ਮਿਲ ਪੈਦੀਆਂ ਹਨ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਆਸਾ ਮਹਲਾ ੩ ਛੰਤ ਘਰੁ ੧ ॥
ਆਸੀ ਤੀਜੀ ਪਾਤਸ਼ਾਹੀ। ਛੰਦ।

ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥
ਮੇਰੇ ਧਾਮ ਵਿੱਚ ਸੱਚੀ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ। ਸੱਚੀ ਗੁਰਬਾਣੀ ਨਾਲ ਮੇਰਾ ਧਾਮ ਸਸ਼ੋਭਤ ਹੋਇਆ ਹੋਇਆ ਹੈ।

ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥
ਪਤਨੀ ਆਪਣੇ ਪਤੀ ਨੂੰ ਮਿਲ ਪਈ ਹੈ ਅਤੇ ਸੁਆਮੀ ਮਾਲਕ ਨੇ ਖੁਦ ਹੀ ਮਿਲਾਪ ਕੀਤਾ ਹੈ।

ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥
ਵਹੁਟੀ ਬ੍ਰਹਿਮ ਗਿਆਨ ਨਾਲ ਮਤਵਾਲੀ ਹੋਈ ਹੋਈ ਹੈ, ਕਿਉਂਕਿ ਉਸ ਨੇ ਸੱਚਾ ਨਾਮ ਆਪਣੇ ਰਿਦੇ ਅੰਦਰ ਟਿਕਾਇਆ ਹੋਇਆ ਹੈ, ਅਤੇ ਸਾਹਿਬ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ।

ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥
ਗੁਰਬਾਣੀ ਨਾਲ ਸਸ਼ੋਭਤ ਹੋ, ਸੱਚ ਨਾਲ ਸਜਧਜ ਕੇ ਅਤੇ ਪਿਆਰ ਅੰਦਰ ਰੰਗੀਜ ਕੇ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ।

ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥
ਆਪਣੀ ਹੰਗਤਾ ਨੂੰ ਮਾਰ ਕੇ ਉਹ ਵਾਹਿਗੁਰੁ ਆਪਣੇ ਪਤੀ ਨੂੰ ਪਾ ਲੈਂਦੀ ਹੈ ਅਤੇ ਤਦ ਵਾਹਿਗੁਰੂ ਦਾ ਅੰਮ੍ਰਿਤ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥
ਗੁਰੂ ਜੀ ਫੁਰਮਾਉਂਦੇ ਹਨ, ਫਲਦਾਇਕ ਹੈ ਉਸ ਦਾ ਸਾਰਾ ਜੀਵਨ ਜੋ ਗੁਰਬਾਣੀ ਨਾਲ ਸਜੀ ਧਜੀ ਹੋਈ ਹੈ।

ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥
ਮੁਟਿਆਰ, ਜੋ ਦਵੈਤ-ਭਾਵ ਅਤੇ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ, ਉਹ ਵਾਹਿਗੁਰੂ ਆਪਣੇ ਪਤੀ ਨੂੰ ਪ੍ਰਾਪਤ ਨਹੀਂ ਹੁੰਦੀ।

ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥
ਵਹੁੱਟੀ ਵਿੱਚ ਕੋਈ ਚੰਗਿਆਈ ਨਹੀਂ ਇਸ ਲਈ ਉਹ ਆਪਣੀ ਜਿੰਦਗੀ ਬੇਫ਼ਾਇਦਾ ਗੁਆ ਲੈਂਦੀ ਹੈ।

ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥
ਆਪ ਹੁਦਰੀ ਬੇਸਮਝ ਅਤੇ ਗੁਨਾਹਗਾਰ ਤ੍ਰੀਮਤ ਆਪਣਾ ਜੀਵਨ ਵਿਅਰਥ ਵੰਞਾ ਲੈਂਦੀ ਹੈ ਅਤੇ ਓੜਕ ਨੂੰ ਪਛਤਾਉਂਦੀਂ ਹੈ।

ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥
ਜਦ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦੀ ਹੈ, ਉਹ ਅਮਰ ਆਰਾਮ ਨੂੰ ਪਾ ਲੈਂਦੀ ਹੈ ਅਤੇ ਤਦ ਉਸ ਦਾ ਪ੍ਰੀਤਮ ਉਸ ਨੂੰ ਐਨ ਪ੍ਰਤੱਖ ਹੀ ਮਿਲ ਪੈਂਦਾ ਹੈ।

ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥
ਆਪਣੇ ਪਤੀ ਨੂੰ ਵੇਖ ਕੇ ਉਹ ਖਿੜ ਜਾਂਦੀ ਹੈ। ਆਪਣੇ ਦਿਲ ਅੰਦਰ ਖੁਸ਼ ਹੁੰਦੀ ਹੈ, ਅਤੇ ਸੱਚੇ ਨਾਮ ਨਾਲ ਸੁਭਾਇਮਾਨ ਹੋ ਜਾਂਦੀ ਹੈ।

ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥
ਨਾਨਕ ਨਾਮ ਦੇ ਬਾਝੋਂ ਪਤਨੀ ਸੰਦੇਹ ਅੰਦਰ ਭਟਕਦੀ ਹੈ ਅਤੇ ਆਪਣੇ ਕੰਤ ਨੂੰ ਮਿਲ ਕੇ ਆਰਾਮ ਪਾਉਂਦੀਂ ਹੈ।

copyright GurbaniShare.com all right reserved. Email