ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥
ਸੱਚੇ ਗੁਰਾਂ ਨੂੰ ਭੇਟ ਕੇ ਬਾਹਰ ਜਾਂਦੀ ਹੋਈ ਆਤਮਾ ਸਥਿਰ ਹੋ ਜਾਂਦੀ ਹੈ ਅਤੇ ਦਸਮੇ ਦੁਆਰ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ ਉਥੇ ਆਬਿਹਿਯਾਤ ਬੰਦੇ ਦੀ ਖੁਰਾਕ ਹੈ, ਅਤੇ ਗੂੰਜਦਾ ਹੈ ਉਥੇ ਇਲਾਹੀ ਕੀਰਤਨ ਜਿਸ ਰਾਗ ਦੇ ਨਾਲ ਜਹਾਨ ਥੰਮਿਆ ਹੋਇਆ ਹੈ। ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥ ਉਥੇ ਘਣੇਰੇ ਸੰਗੀਤਕ ਸਾਜ ਅਤੇ ਖੁਦ-ਬ-ਖੁਦ ਹੋਣ ਵਾਲੇ ਕੀਰਤਨ ਸਦੀਵ ਹੀ ਗੂੰਜਦੇ ਹਨ ਅਤੇ ਪ੍ਰਾਣੀ ਸੱਚੇ ਸਾਹਿਬ ਅੰਦਰ ਲੀਨ ਰਹਿੰਦਾ ਹੈ। ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥ ਗੁਰੂ ਜੀ ਇਸ ਤਰ੍ਹਾਂ ਆਖਦੇ ਹਨ, ਸੱਚੇ ਗੁਰਾਂ ਨੂੰ ਭੇਟਣ ਦੁਆਰਾ ਭੱਜਾ ਫਿਰਦਾ ਮਨ ਅਹਿਲ ਹੋ ਜਾਂਦਾ ਹੈ ਅਤੇ ਆ ਕੇ ਆਪਣੇ ਨਿੱਜ ਦੇ ਧਾਮ ਅੰਦਰ ਟਿੱਕ ਜਾਂਦਾ ਹੈ। ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮੇਰੀ ਆਤਮਾ! ਤੂੰ ਰੱਬੀ ਨੂਰ ਦਾ ਰੂਪ ਹੈਂ ਇਸ ਲਈ ਆਪਣੇ ਮੁੱਢ ਨੂੰ ਸਮਝ। ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਹੇ ਮੇਰੀ ਜਿੰਦੜੀਏ! ਪੂਜਯ ਪ੍ਰਭੂ ਤੇਰੇ ਅੰਗ ਸੰਗ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪ੍ਰੀਤ ਦਾ ਅਨੰਦ ਲੈ। ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਜੇਕਰ ਤੂੰ ਆਪਣੇ ਮੰਥੇ ਨੂੰ ਸਿੰਆਣ ਲਵੇਂ, ਤਦ ਤੂੰ ਆਪਣੇ ਕੰਤ ਨੂੰ ਜਾਣ ਲਵੇਗੀਂ ਅਤੇ ਮੌਤ ਤੇ ਪੈਦਾਇਸ਼ ਦੇ ਭੇਤ ਦੀ ਤੈਨੂੰ ਸਮਝ ਆ ਜਾਵੇਗੀ। ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ ਗੁਰਾਂ ਦੀ ਦਇਆ ਦੁਆਰਾ ਜੇਕਰ ਤੂੰ ਇਕ ਸੁਆਮੀ ਨੂੰ ਅਨੁਭਵ ਕਰ ਲਵੇਂ ਤਦ ਤੇਰੀ ਹੋਰਸ (ਮਾਇਆ) ਦੀ ਮੁਹੱਬਤ ਮਿਟ ਜਾਵੇਗੀ। ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ ਜੇਕਰ ਤੇਰੇ ਚਿੱਤ ਅੰਦਰ ਠੰਢ-ਚੈਨ ਆ ਜਾਵੇ ਅਤੇ ਖੁਸ਼ੀ ਗੂੰਜੇ, ਕੇਵਲ ਤਾਂ ਹੀ ਤੂੰ ਪ੍ਰਮਾਣੀਕ ਹੋਵੇਗਾਂ। ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ ਗੁਰੂ ਜੀ ਇਸ ਤਰ੍ਹਾਂ ਆਖਦੇ ਹਨ, ਹੇ ਮੇਰੀ ਜਿੰਦੜੀਏ! ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਤਸਵੀਰ ਹੈਂ। ਤੂੰ ਆਪਣੇ ਵਜੂਦ ਦੇ ਅਸਲੀ ਮੰਥੇ ਨੂੰ ਅਨੁਭਵ ਕਰ। ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥ ਹੇ ਇਨਸਾਨ! ਤੂੰ ਹੰਕਾਰ ਨਾਲ ਪਰੀਪੂਰਨ ਹੈਂ ਅਤੇ ਹੰਕਾਰ ਨਾਲ ਭਰਿਆ ਹੋਇਆ ਹੀ ਟੁਰ ਜਾਵੇਗਾਂ। ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ ਫਰੇਫਤਾ ਕਰਨ ਵਾਲੀ ਸ਼ਕਤੀ ਨੇ ਤੈਨੂੰ ਫਰੇਫਤਾ ਕਰ ਲਿਆ ਹੈ ਅਤੇ ਮੁੜ ਮੁੜ ਕੇ ਤੂੰ ਜੂਨੀਆਂ ਅੰਦਰ ਧੱਕਿਆ ਜਾਵੇਗਾਂ। ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥ ਹੰਕਾਰ ਨੂੰ ਚਿਮੜਿਆ ਹੋਇਆ ਤੂੰ ਲੱਗਾ ਫਿਰਦਾ ਹੈਂ, ਹੇ ਮੂਰਖ ਬੰਦੇ! ਅਖੀਰ ਨੂੰ ਟੁਰਦਾ ਹੋਇਆ ਤੂੰ ਪਸਚਾਤਾਪ ਕਰੇਗਾਂ। ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥ ਹੰਗਤਾ ਤੇ ਖਾਹਿਸ਼ ਦੀ ਬੀਮਾਰੀ ਤੈਨੂੰ ਚਿਮੜੀ ਹੋਈ ਹੈ ਅਤੇ ਤੂੰ ਆਪਣਾ ਜੀਵਨ ਵਿਅਰਥ ਬਰਬਾਦ ਕਰ ਰਿਹਾ ਹੈਂ। ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥ ਆਪ-ਹੁੱਦਰਾ ਮੂਰਖ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅਗਾਹ (ਪ੍ਰਲੋਕ) ਨੂੰ ਟੁਰਦਾ ਹੋਇਆ ਅਫਸੋਸ ਕਰਦਾ ਹੈ। ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥ ਨਾਨਕ ਇਸ ਤਰ੍ਹਾਂ ਆਖਦਾ ਹੈ: ਹੇ ਇਨਸਾਨ! ਤੂੰ ਹੰਕਾਰ ਨਾਲ ਭਰਿਆ ਹੋਇਆ ਹੈਂ ਅਤੇ ਹੰਕਾਰ ਨਾਲ ਲੱਦਿਆ ਲਦਾਇਆ ਹੀ ਟੁਰ ਜਾਵੇਗਾਂ। ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ ਹੇ ਮਨ! ਤੂੰ ਹੰਕਾਰ ਨਾਂ ਕਰ ਕਿ ਤੂੰ ਕੁਝ ਜਾਣਦਾ ਹੈਂ। ਤੂੰ ਪਵਿੱਤ੍ਰ ਅਤੇ ਅਜਿਜ਼ ਥੀਂ ਵੰਞ। ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥ ਤੇਰੇ ਅੰਦਰ ਬੇਸਮਝੀ ਅਤੇ ਅਕਲ ਦਾ ਹੰਕਾਰ ਹੈ। ਸੱਚੀ ਗੁਰਬਾਣੀ ਦੁਆਰਾ ਇਸ ਮੈਲ ਨੂੰ ਧੋ ਸੁਟ। ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ ਸੱਚੇ ਗੁਰਦੇਵ ਜੀ ਦੇ ਮੂਹਰੇ ਮਸਕੀਣ ਬਣ ਅਤੇ ਆਪਣੇ ਆਪ ਨੂੰ ਜਾਹਰ ਨਾਂ ਕਰ। ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥ ਆਪਣੇ ਗ਼ਰੂਰ ਅੰਦਰ ਸੰਸਾਰ ਸੜ ਰਿਹਾ ਹੈ। ਤੂੰ ਭੀ ਆਪਣੇ ਆਪ ਨੂੰ ਏਸ ਤਰ੍ਹਾਂ ਹੀ ਤਬਾਹ ਨਾਂ ਕਰ ਲਈਂ। ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ॥ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਆਪਣਾ ਕਾਰ ਵਿਹਾਰ ਕਰ ਅਤੇ ਸੱਚੇ ਗੁਰਾਂ ਦੀ ਰਜ਼ਾ ਦੇ ਨਾਲ ਜੁੜਿਆ ਰਹੁ। ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥ ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਤੂੰ ਆਪਣੀ ਸਵੈ ਹੰਗਤਾ ਨੂੰ ਤਿਆਗ ਦੇ ਅਤੇ ਮਸਕੀਨ ਬਣਿਆ ਰਹੁ, ਹੇ ਬੰਦੇ! ਐਕੁਰ ਤੈਨੂੰ ਖੁਸ਼ੀ ਹਾਸਲ ਹੋਵੇਗੀ। ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥ ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ ਅਤੇ ਉਸ ਭਰਤੇ ਵਾਹਿਗੁਰੂ ਨੂੰ ਯਾਦ ਕੀਤਾ। ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥ ਮੈਂ ਸੁਭਾਵਕ ਹੀ ਪਰਮ ਪ੍ਰਸੰਨ ਹੋ ਗਿਆ ਅਤੇ ਮੈਨੂੰ ਦਿਲ ਅਤੇ ਦੇਹਿ ਦਾ ਆਰਾਮ ਪ੍ਰਾਪਤ ਹੋ ਗਿਆ। ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥ ਮੈਂ ਉਸ ਕੰਤ ਨੂੰ ਯਾਦ ਕੀਤਾ ਹੈ, ਉਸ ਨੂੰ ਆਪਣੇ ਮਨ ਅੰਦਰ ਟਿਕਾਇਆ ਹੈ ਅਤੇ ਸਾਰੀਆਂ ਬਦੀਆਂ ਭੁਲਾ ਛੱਡੀਆਂ ਹਨ। ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥ ਜਦ ਉਸ ਨੂੰ ਚੰਗਾ ਲੱਗਾ ਮੇਰੇ ਵਿੱਚ ਨੇਕੀਆਂ ਜ਼ਾਹਰ ਹੋ ਆਈਆਂ ਅਤੇ ਗੁਰਦੇਵ ਜੀ ਨੇ ਖੁਦ ਮੈਨੂੰ ਸਸ਼ੋਭਤ ਕਰ ਦਿੱਤਾ। ਸੇ ਜਨ ਪਰਵਾਣੁ ਹੋਏ ਜਿਨ੍ਹ੍ਹੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ ॥ ਜੋ ਪੁਰਸ਼ ਇਕ ਨਾਮ ਨਾਲ ਪੱਕੀ ਤਰ੍ਹਾਂ ਜੁੜ ਜਾਂਦੇ ਹਨ ਅਤੇ ਹੋਰਸ ਦੀ ਪ੍ਰੀਤ ਨੂੰ ਤਿਆਗ ਦਿੰਦੇ ਹਨ, ਉਹ ਕਬੂਲ ਪੈ ਜਾਂਦੇ ਹਨ। ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥ ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ-ਭਾਗਾਂ ਭਰਿਆ ਹੈ ਉਹ ਵਕਤ, ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ ਅਤੇ ਉਸ ਆਪਣੇ ਪਤੀ ਨੂੰ ਚੇਤੇ ਕੀਤਾ। ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥ ਕਈ ਲੋਕੀਂ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ। ਉਨ੍ਹਾਂ ਨੂੰ ਕੰਤ ਨੇ ਖੁਦ ਗੁਮਰਾਹ ਕਰ ਛੱਡਿਆ ਹੈ। ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥ ਉਹ ਹੋਰਸ ਦੇ ਪਿਆਰ ਅੰਦਰ ਭਟਕਦੇ ਹਨ ਅਤੇ ਹੰਕਾਰ ਅੰਦਰ ਆਪਣੇ ਕਾਰ-ਵਿਹਾਰ ਕਰਦੇ ਹਨ। ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥ ਉਨ੍ਹਾਂ ਨੂੰ ਸੁਆਮੀ ਨੇ ਆਪੇ ਹੀ ਗੁਮਰਾਹ ਕੀਤਾ ਹੈ ਅਤੇ ਖੋਟੇ ਰਸਤੇ ਪਾਇਆ ਹੈ। ਉਨ੍ਹਾਂ ਦੇ ਅਖਤਿਆਰ ਵਿੱਚ ਕੁਝ ਨਹੀਂ। ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥ ਉਨ੍ਹਾਂ ਦਾ ਚੜ੍ਹਾਉ ਤੇ ਉਤਰਾਉ ਕੇਵਲ ਤੂੰ ਹੀ ਜਾਣਦਾ ਹੈਂ, ਤੂੰ, ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ। ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥ ਪਰਮ ਕਠਨ ਹੈ ਤੇਰੇ ਫੁਰਮਾਨ ਤੇ ਅਮਲ ਕਰਨਾ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਅਨੁਭਵ ਕਰਦਾ ਹੈ। ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥ ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਗਰੀਬ ਜੀਵ ਕੀ ਕਰ ਸਕਦੇ ਹਨ, ਜਦ ਤੂੰ ਉਨ੍ਹਾਂ ਨੂੰ ਸੰਦੇਹ ਅੰਦਰ ਭੁਲਾ ਦਿੰਦਾ ਹੈਂ? copyright GurbaniShare.com all right reserved. Email |