ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥
ਉਸ ਦੇ ਆਉਣੇ, ਜਾਣੇ, ਸੰਦੇਹ ਅਤੇ ਡਰ ਨੱਸ ਜਾਂਦੇ ਹਨ ਅਤੇ ਉਹ ਵਾਹਿਗੁਰੂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ। ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥ ਉਸ ਦੇ ਅਨੇਕਾਂ ਜਨਮ ਦੇ ਪਾਪ ਤੇ ਦੁੱਖੜੇ ਧੋਤੇ ਜਾਂਦੇ ਹਨ ਅਤੇ ਉਹ ਮਾਲਕ ਸੁਆਮੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥ ਜਿਨ੍ਹਾਂ ਦੀ ਮੁੱਢ ਦੀ ਲਿਖੀ ਹੋਈ ਐਸੀ ਕਿਸਮਤ ਹੈ, ਉਹ ਵਾਹਿਗੁਰੂ ਦਾ ਆਰਾਧਨ ਕਰਦੇ ਹਨ ਅਤੇ ਫਲਦਾਇਕ ਤੇ ਪ੍ਰਮਾਣੀਕ ਹੋ ਵੰਞਦਾ ਹੈ ਉਨ੍ਹਾਂ ਦਾ ਆਗਮਨ। ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥ ਜਿਸ ਦੀ ਆਤਮਾਂ ਸੁਆਮੀ ਮਾਲਕ ਨੂੰ ਮੁਹੱਬਤ ਕਰਦੀ ਹੈ, ਉਹ ਮਹਾਨ ਖੁਸ਼ੀ ਨੂੰ ਪਾ ਲੈਂਦਾ ਹੈ ਅਤੇ ਮੋਖਸ਼ ਦੀ ਅਵਸਥਾ ਦੀ ਸ਼ਕਲ ਵਿੱਚ ਵਾਹਿਗੁਰੂ ਦਾ ਮੁਨਾਫਾ ਉਠਾ ਲੈਂਦਾ ਹੈ। ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥ ਸਿਰ-ਕੱਢਵੇ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ। ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥ ਵਾਹਿਗੁਰੂ ਦਾ ਨਾਮ ਉਨ੍ਹਾਂ ਦੀ ਇੱਜ਼ਤ ਆਬਰੂ ਹੈ ਅਤੇ ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਮਦਦਗਾਰ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੇ ਹਨ। ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥ ਵਾਹਿਗੁਰੂ ਦੇ ਸੁਧਾਰਸ ਨੂੰ ਉਹ ਮਾਣਦੇ ਹਨ ਅਤੇ ਪਰਮ ਨਿਰਲੇਪ ਰਹਿੰਦੇ ਹਨ। ਪਰਮ ਚੰਗੀ ਕਿਸਮਤ ਰਾਹੀਂ ਉਹ ਸੁਆਮੀ ਦੇ ਆਬਿਹਿਯਾਤ ਨੂੰ ਪਾਉਂਦੇ ਹਨ। ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥ ਮਹਾਨ ਮੁਬਾਰਕ ਅਤੇ ਸੱਚੀ ਮੁੱਚੀ ਦੇ ਪੂਰਨ ਪੁਰਸ਼ ਹਨ ਉਹ, ਜੋ ਗੁਰਾਂ ਦੀ ਸਿਖਮਤ ਦੇ ਰਾਹੀਂ ਨਾਮ ਦਾ ਸਿਮਰਨ ਕਰਦੇ ਹਨ। ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥ ਨਫਰ ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜਿਸ ਦੇ ਨਾਲ ਉਸ ਦੀ ਆਤਮਾਂ ਗ਼ਮ ਅਤੇ ਵਿਛੋੜੇ ਤੋਂ ਖਲਾਸੀ ਪਾ ਜਾਂਦੀ ਹੈ। ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥ ਸਿਰ-ਕੱਢਵੇਂ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ। ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥ ਸੱਚ ਦੇ ਯੁੱਗ ਅੰਦਰ ਸਾਰੇ ਬੰਦੇ ਸਬਰ ਵਾਲੇ ਤੇ ਸਿਮਰਨ ਕਰਨ ਵਾਲੇ ਸਨ ਅਤੇ ਮਜ਼ਹਬ ਦੇ ਚਾਰ ਪੈਰ ਸਨ। ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥ ਆਪਣੇ ਚਿੱਤ ਤੇ ਦੇਹਿ ਨਾਲ ਉਹ ਭਗਵਾਨ ਨੂੰ ਗਾਉਂਦੇ ਸਨ ਅਤੇ ਮਹਾਨ ਆਰਾਮ ਪਾਉਂਦੇ ਸਨ। ਹਰ ਇੱਕਸ, ਦਿਲ ਅੰਦਰ, ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਦੀ ਗਿਆਤ ਸੀ। ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥ ਸੁਆਮੀ ਦੀਆਂ ਖੂਬੀਆਂ ਦੀ ਸਮਝ ਉਨ੍ਹਾਂ ਦਾ ਧਨ ਵਾਹਿਗੁਰੂ ਦਾ ਨਾਮ ਉਨ੍ਹਾਂ ਦੀ ਕਾਮਯਾਬੀ ਅਤੇ ਨੇਕ ਬਣਨ ਉਨ੍ਹਾਂ ਦੀ ਨਾਮਵਾਰੀ ਸੀ। ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥ ਅੰਦਰ ਅਤੇ ਬਾਹਰ ਉਹ ਇਕ ਵਾਹਿਗੁਰੂ ਸੁਆਮੀ ਨੂੰ ਵੇਖਦੇ ਸਨ ਉਨ੍ਹਾਂ ਲਈ ਕੋਈ ਹੋਰ ਦੂਸਰਾ ਨਹੀਂ ਸੀ। ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥ ਵਾਹਿਗੁਰੂ ਦੇ ਨਾਮ ਨਾਲ ਊਹ ਆਪਣੀ ਬਿਰਤੀ ਜੋੜਦੇ ਸਨ, ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਸਹਾਇਕ ਸੀ ਅਤੇ ਵਾਹਿਗੁਰੂ ਦੇ ਦਰਬਾਰ ਵਿੱਚ ਉਹ ਇੱਜਤ ਪਾਉਂਦੇ ਹਨ। ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥ ਸੱਚੇ ਯੁਗ ਵਿੱਚ ਹਰ ਕੋਈ ਸਬਰ ਵਾਲਾ ਅਤੇ ਬੰਦਗੀ ਕਰਨ ਵਾਲਾ ਸੀ। ਅਤੇ ਮਜਹਬ ਦੇ ਚਾਰ ਪੈਰ ਸਨ। ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥ ਫਿਰ ਚਾਂਦੀ ਦਾ ਯੁਗ ਆ ਗਿਆ, ਅਤੇ ਤਾਕਤ ਨੇ ਮਨੁਖਾਂ ਦੇ ਮਨਾਂ ਤੇ ਕਾਬੂ ਪਾ ਲਿਆ। ਇਨਸਾਨ ਪਾਕਦਾਮਨੀ ਪਵਿੱਤਤਰਤਾ ਅਤੇ ਸਵੈ ਜਬਤੀ ਦੇ ਅਮਲ ਕਮਾਉਂਦਾ ਹੈ। ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥ ਧਰਮ ਦਾ ਚੌਥਾ ਪੈਰ ਝੜ ਗਿਆ। ਤਿੰਨ ਪੈਰ ਰਹਿ ਗਏ ਅਤੇ ਬੰਦਿਆਂ ਦੇ ਚਿੱਤਾਂ ਦੇ ਦਿਲਾਂ ਅੰਦਰ ਗੁੱਸਾ ਬਲ ਉਠਿਆ। ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥ ਆਦਮੀਆਂ ਦੇ ਮਨਾਂ ਅਤੇ ਦਿਲਾਂ ਅੰਦਰ ਗੁੱਸੇ ਦਾ ਪਰਮ ਜਹਿਰੀਲਾ ਮਾਦਾ ਸੀ। ਲੜਾਈਆਂ ਵਿੱਚ ਰਾਜੇ ਧਾਵਾ ਬੋਲਦੇ ਸਨ। ਅਤੇ ਤਕਲੀਫ ਉਠਾਉਂਦੇ ਸਨ। ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥ ਪ੍ਰਾਣੀਆਂ ਦੇ ਮਨਾਂ ਨੂੰ ਅਪਣੱਤ ਦੀ ਬਿਮਾਰੀ ਲੱਗ ਗਈ ਸੀ। ਅਤੇ ਉਨ੍ਹਾਂ ਦੀ ਸਵੈ-ਹੰਗਤਾ ਅਤੇ ਹੈਕੜਪੁਣਾ ਵਧੇਰੇ ਹੋ ਗਿਆ ਸੀ। ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥ ਜੇਕਰ ਵਾਹਿਗੁਰੂ ਸੁਆਮੀ ਮੇਰਾ ਮਾਲਕ ਮਿਹਰ ਕਰੇ ਤਾਂ ਗੁਰਾਂ ਦੇ ਉਪਦੇਸ਼ ਅਤੇ ਵਾਹਿਗੁਰੂ ਦੇ ਨਾਮ ਦੇ ਜਰੀਏ ਜ਼ਹਿਰ ਦੂਰ ਹੋ ਜਾਂਦੀ ਹੈ। ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥ ਫਿਰ ਚਾਂਦੀ ਦਾ ਯੁਗ ਆਇਆ ਅਤੇ ਆਦਮੀਆਂ ਨੇ ਮਨੁਖਾਂ ਦੇ ਮਨਾਂ ਤੇ ਗਲਵਾ ਪਾ ਲਿਆ। ਇਨਸਾਨ ਪਵਿੱਤਤਰਤਾ ਤੇ ਸਵੈ-ਰੋਕਥਾਮ ਦੀ ਕਾਰ ਕਮਾਉਂਦੇ ਸਨ। ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥ ਪਿੱਤਲ ਦਾ ਯੁਗ ਆਇਆ, ਇਨਸਾਨ ਸੰਦੇਹ ਅੰਦਰ ਭਟਕ ਗਏ। ਵਾਹਿਗੁਰੂ ਨੇ ਗੁਆਲਣਾ ਅਤੇ ਕ੍ਰਿਸ਼ਨ ਪੈਦਾ ਕੀਤੇ। ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥ ਤਪੱਸਵੀ ਤਪ ਕਰਦੇ ਸੀ, ਬੰਦਿਆਂ ਨੇ ਪਵਿੱਤਰ ਸਦ-ਵਰਤ ਤੇ ਦਾਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਅਨੇਕਾਂ ਧਾਰਮਿਕ ਰਸਮਾਂ ਅਤੇ ਵਿਧੀ ਸੰਸਕਾਰ ਕਰਦੇ ਸਨ। ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥ ਉਹ ਧਾਰਮਕ ਰਸਮਾਂ ਅਤੇ ਵਿਧੀ ਸੰਸਕਾਰ ਕਰਦੇ ਸਨ। ਧਰਮ ਦੀਆਂ ਦੋ ਲੱਤਾਂ ਡਿੱਗ ਪਈਆਂ ਅਤੇ ਦੋ ਲੱਤਾਂ ਟਿਕੀਆਂ ਰਹੀਆਂ। ਮਹਾ ਜੁਧ ਜੋਧ ਬਹੁ ਕੀਨ੍ਹ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥ ਬਹੁਤਿਆਂ ਯੋਧਿਆਂ ਨੇ ਭਾਰੀ ਲੜਾਈਆਂ ਲੜੀਆਂ ਅਤੇ ਹੰਕਾਰ ਦੇ ਅੰਦਰ ਉਹ ਬਰਬਾਦ ਹੋ ਗਏ ਅਤੇ ਹੋਰਨਾਂ ਨੂੰ ਬਰਬਾਦ ਕਰ ਦਿੱਤਾ। ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥ ਗਰੀਬਾਂ ਤੇ ਮਿਹਰਵਾਨ ਸੁਆਮੀਆਂ ਨੇ ਪ੍ਰਾਣੀਆਂ ਨੂੰ ਸਤਿਗੁਰਾਂ ਨਾਲ ਮਿਲਾ ਦਿੱਤਾ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਗੰਦਗੀ ਧੋਤੀ ਜਾਂਦੀ ਹੈ। ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥੩॥ ਪਿੱਤਲ ਦਾ ਯੁਗ ਆ ਗਿਆ ਅਤੇ ਲੋਕ ਵਹਿਮ ਦੇ ਅੰਦਰ ਭਟਕਣੇ ਸ਼ੁਰੂ ਹੋ ਗਏ। ਪ੍ਰਭੂ ਨੇ ਗੁਆਲਣਾਂ ਅਤੇ ਕ੍ਰਿਸ਼ਨ ਨੂੰ ਪੈਦਾ ਕਰ ਦਿੱਤਾ। copyright GurbaniShare.com all right reserved. Email |