Page 526
ਭਰਮੇ ਭੂਲੀ ਰੇ ਜੈ ਚੰਦਾ ॥
ਦੁਨੀਆਂ ਵਹਿਮ ਦੇ ਅੰਦਰ ਕੁਰਾਹੇ ਪਈ ਹੋਈ ਹੈ, ਹੇ ਜੈ ਚੰਦ,

ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ ॥
ਅਤੇ ਇਸ ਨੇ ਪਰਮ ਪ੍ਰਸੰਨਤਾ ਸਰੂਪ ਪ੍ਰਭੂ ਨੂੰ ਅਨੁਭਵ ਨਹੀਂ ਕੀਤਾ। ਠਹਿਰਾਉ।

ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥
ਤੂੰ ਹਰ ਗ੍ਰਿਹ ਵਿੱਚ ਖਾਂਦਾ ਫਿਰਦਾ ਹੈ, ਤੂੰ ਆਪਣਾ ਸਰੀਰ ਮੋਟਾ ਕਰ ਲਿਆ ਹੈ ਅਤੇ ਧਨ-ਦੌਲਤ ਦੀ ਖਾਤਰ ਖੱਫਣੀ ਤੇ ਮੁੰਦ੍ਰਾ ਪਾਈ ਫਿਰਦਾ ਹੈ।

ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥
ਤੂੰ ਆਪਣੀ ਦੇਹ ਨੂੰ ਸਿਵਿਆਂ ਦੀ ਸੁਆਹ ਮਲੀ ਹੋਈ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਤੈਨੂੰ ਅਸਲੀਅਤ ਦਾ ਪਤਾ ਨਹੀਂ ਲੱਗਾ।

ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥
ਹੇ, ਕਿਉਂ ਮੰਤ੍ਰ ਰਟਦਾ ਹੈ, ਹੇ, ਕਿਉਂ ਮੁਸ਼ੱਕਤਾਂ ਸਾਧਦਾ ਹੈ ਅਤੇ ਕਿਉਂ ਜਲ ਨੂੰ ਰਿੜਕਦਾ ਹੈ?

ਲਖ ਚਉਰਾਸੀਹ ਜਿਨ੍ਹ੍ਹਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥
ਤੂੰ ਉਸ ਪਵਿੱਤਰ ਪ੍ਰਭੂ ਦਾ ਚਿੰਤਨ ਕਰ, ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ।

ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥
ਹੇ ਭਗਵੇਂ ਵੇਸ ਵਾਲੇ ਯੋਗੀ, ਤੂੰ ਕਿਉਂ ਕਰ-ਮੰਡਲੀ ਚੁੱਕੀ ਫਿਰਦਾ ਹੈ ਅਤੇ ਕਾਹਦੇ ਲਈ ਅਠਾਹਟ ਤੀਰਥਾਂ ਉਤੇ ਰਟਨ ਕਰਦਾ ਹੈ?

ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥
ਤ੍ਰਿਲੋਚਨ ਆਖਦਾ ਹੈ, ਸੁਣ! ਹੇ ਫਾਨੀ ਬੰਦੇ! ਜਦ ਦਾਣੇ ਨਹੀਂ ਹਨ, ਤੂੰ ਗਾਹ ਕਾਹਦੇ ਲਈ ਪਾਉਂਦਾ ਹੈ?

ਗੂਜਰੀ ॥
ਗੂਜਰੀ।

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਅਖੀਰ ਦੇ ਸਮਨੂੰ, ਜੇ ਕੋਈ ਧਨ-ਦੌਲਤ ਨੂੰ ਯਾਦ ਕਰਦਾ ਹੈ ਤੇ ਐਸੇ ਫਿਕਰ ਵਿੱਚ ਮਰ ਜਾਂਦਾ ਹੈ।

ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਤਾਂ ਉਹ ਮੁੜ ਮੁੜ ਕੇ ਸੱਪ ਦੀ ਜੂਨੀ ਵਿੱਚ ਪੈਂਦਾ ਹੈ।

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਹੇ ਭੈਣੇ! ਮੈਨੂੰ ਸ੍ਰਿਸ਼ਟੀ ਦੇ ਸੁਆਮੀ ਦਾ ਨਾਮ ਕਦੇ ਭੀ ਨਾਂ ਭੁੱਲੇ। ਠਹਿਰਾਉ।

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਅਖੀਰ ਦੇ ਵੇਲੇ ਜਿਹੜਾ ਕੋਈ ਔਰਤ ਦਾ ਧਿਆਨ ਧਾਰਦਾ ਹੈ ਅਤੇ ਜੇਕਰ ਉਹ ਐਹੋ ਜੇਹੇ ਖਿਆਲ ਵਿੱਚ ਮਰ ਜਾਂਦਾ ਹੈ,

ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਤਾਂ ਉਹ ਮੁੜ ਮੁੜ ਕੇ ਵੇਸਵਾ ਦੀ ਜੂਨੀ ਪੈਂਦਾ ਹੈ।

ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਅਖੀਰ ਦੇ ਵੇਲੇ ਜਿਹੜਾ ਕੋਈ ਪੁੱਤਰਾਂ ਦਾ ਖਿਆਲ ਕਰਦਾ ਹੈ ਜੇਕਰ ਉਹ ਐਹੋ ਜੇਹੇ ਖਿਆਲ ਵਿੱਚ ਹੀ ਮਰ ਜਾਂਦਾ ਹੈ,

ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਉਹ ਮੁੜ ਮੁੜ ਕੇ ਸੂਰ ਦੀ ਜੂਨੀ ਪੈਂਦਾ ਹੈ।

ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਅਖੀਰ ਦੇ ਵੇਲੇ ਜੋ ਮਹਿਲ-ਮਾੜੀਆਂ ਦਾ ਖਿਆਲ ਕਰਦਾ ਹੈ ਅਤੇ ਜੇਕਰ ਉਹ ਐਹੋ ਜੇਹੇ ਧਿਆਨ ਅੰਦਰ ਮਰ ਜਾਂਦਾ ਹੈ,

ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਤਾਂ ਉਹ ਮੁੜ ਮੁੜ ਕੇ ਭੂਤ ਦੀ ਜੂਨ ਵਿੱਚ ਪੈਂਦਾ ਹੈ।

ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਅਖੀਰ ਦੇ ਵੇਲੇ ਜਿਹੜਾ ਕੋਈ ਪ੍ਰਭੂ ਦਾ ਧਿਆਨ ਧਾਰਦਾ ਹੈ ਅਤੇ ਉਹ ਐਹੋ ਜੇਹੇ ਖਿਆਲ ਵਿੱਚ ਪ੍ਰਾਣ ਤਿਆਗਦਾ ਹੈ;

ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
ਤ੍ਰਿਲੋਚਨ ਜੀ ਆਖਦੇ ਹਨ, ਉਹ ਇਨਸਾਨ ਮੋਖਸ਼ ਹੋ ਜਾਂਦਾ ਹੈ ਅਤੇ ਪੀਲੇ-ਬਸਤਰਾਂ ਵਾਲਾ ਪ੍ਰਭੂ ਉਸ ਦੇ ਦਿਲ ਅੰਦਰ ਨਿਵਾਸ ਕਰ ਲੈਂਦਾ ਹੈ।

ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
ਗੂਜਰੀ ਮਾਣਨੀਯ ਮਹਾਰਾਜ ਜੈਦੇਵ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥
ਐਨ ਅਰੰਭ ਵਿੱਚ ਲਾਸਾਨੀ ਪ੍ਰਭੂ ਜੀ, ਜੋ ਸਚਾਈ ਆਦਿਕ ਦੇ ਫਲਵਲਿਆਂ ਨੂੰ ਪਿਆਰ ਕਰਦਾ ਹੈ।

ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਉਹ ਪਰਮ ਅਸਚਰਜ ਅਤੇ ਕੁਦਰਤ ਤੋਂ ਪਰੇ ਹੈ, ਜਿਸ ਦਾ ਸਿਮਰਨ ਕਰਨ ਦੁਆਰਾ ਸਾਰੇ ਮੁਕਤੀ ਪਾ ਲੈਂਦੇ ਹਨ।

ਕੇਵਲ ਰਾਮ ਨਾਮ ਮਨੋਰਮੰ ॥
ਤੂੰ ਸਿਰਫ ਸਾਈਂ ਦੇ ਸੁੰਦਰ ਨਾਮ ਦਾ ਉਚਾਰਨ ਕਰ,

ਬਦਿ ਅੰਮ੍ਰਿਤ ਤਤ ਮਇਅੰ ॥
ਜੋ ਅੰਮ੍ਰਿਤ ਅਤੇ ਅਸਲੀਅਤ ਦਾ ਸਰੂਪ ਹੈ।

ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
ਜਿਸ ਨੂੰ ਆਰਾਧਨ ਕਰਨ ਦੁਆਰਾ, ਪੈਦਾਇਸ਼, ਬੁਢੇਪੇ ਅਤੇ ਮੌਤ ਦਾ ਡਰ ਇਨਸਾਨ ਨੂੰ ਨਹੀਂ ਵਾਪਰਦਾ। ਠਹਿਰਾਉ।

ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥
ਜੇਕਰ ਤੂੰ ਮੌਤ ਦੇ ਦੂਤ ਆਦਿਕ ਤੇ ਡਰ ਨੂੰ ਪਰੇ ਕਰਨਾ ਚਾਹੁੰਦਾ ਹੈ, ਤਦ ਤੂੰ ਅਨੰਦ ਸਰੂਪ ਸੁਆਮੀ ਦੀ ਕੀਰਤੀ ਗਾਇਨ ਕਰਨ ਦੇ ਸ਼ੁਭ ਕਾਰਜ ਨੂੰ ਕਰ।

ਭਵ ਭੂਤ ਭਾਵ ਸਮਬ੍ਯ੍ਯਿਅੰ ਪਰਮੰ ਪ੍ਰਸੰਨਮਿਦੰ ॥੨॥
ਵਰਤਮਾਨ, ਪਿਛਲੇ ਅਤੇ ਅਗਲੇ ਸਮਨੂੰ ਅੰਦਰ ਪ੍ਰਭੂ ਇਕਰਸ ਵਿਆਪਕ ਅਤੇ ਮਹਾਨ ਅਨੰਦ ਸਰੂਪ ਹੈ।

ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
ਜੇਕਰ ਤੂੰ ਸ਼ੁਭ ਚਾਲ-ਚੱਲਣ ਦਾ ਮਾਰਗ ਢੂੰਡਦਾ ਹੈ, ਤਾਂ ਲਾਲਚ ਆਦਿਕ ਅਤੇ ਹੋਰਨਾਂ ਦੀ ਜਾਇਦਾਦ ਤੇ ਔਰਤ ਨੂੰ ਤਾੜਨਾ ਛੱਡ ਦੇ।

ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ਸਾਰੇ ਮੰਦੇ ਕਰਮਾਂ ਅਤੇ ਮੰਦੀਆਂ ਰੁਚੀਆਂ ਨੂੰ ਤਲਾਜਲੀ ਦੇ ਦੇਹ ਅਤੇ ਚੱਕਰ ਧਾਰਨ ਕਰਨ ਵਾਲੇ ਪ੍ਰਭੂ ਦੀ ਸ਼ਰਣਾਗਤ ਵਿੱਚ ਦੌੜ ਜਾ।

ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
ਖਿਆਲ, ਅਮਲ ਅਤੇ ਬਚਨ-ਬਿਲਾਸ ਵਿੱਚ ਤੂੰ ਆਪਣੇ ਪਵਿੱਤ੍ਰ ਪ੍ਰਭੂ ਦੀ ਪ੍ਰੇਮਮਈ ਸੇਵਾ ਅਖਤਿਆਰ ਕਰ।

ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਯੋਗ ਤੇ ਤਪੱਸਿਆ ਕਮਾਉਣ ਦਾ ਕੀ ਲਾਭ ਹੈ ਅਤੇ ਕੀ ਹੈ ਭੋਜਨ ਛਕਾਉਣ ਅਤੇ ਪੁੰਨ ਕਰਨ ਦਾ?

ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
ਹੇ ਬੰਦੇ! ਤੂੰ ਸ੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਦਾ ਸਿਮਰਨ ਕਰ ਜੋ ਸਾਰੀਆਂ ਕਰਾਮਾਤੀ ਸ਼ਕਤੀਆਂ ਦਾ ਅਸਥਾਨ ਹੈ।

ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥
ਜੈ ਦੇਵ ਜ਼ਾਹਿਰਾ ਤੌਰ ਤੇ (ਦਿਲੋਂ ਵੱਜੋਂ) ਉਸ ਦੀ ਸ਼ਰਣੀ ਆਇਆ ਹੈ, ਜੋ ਵਰਤਮਾਨ ਪਿਛਲੇ ਅਤੇ ਅਗਲੇ ਸਮਨੂੰਂ ਅੰਦਰ ਸਾਰਿਆਂ ਨੂੰ ਮੁਕਤੀ ਸਖਸ਼ਦਾ ਹੈ।

copyright GurbaniShare.com all right reserved. Email