Page 527
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਮਨਾ ਅਤੇ ਸਵੈ-ਪ੍ਰਕਾਸ਼ਵਾਨ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
ਰਾਗ ਦੇਵ ਗੰਧਾਰੀ। ਚਉਥੀ ਪਾਤਿਸ਼ਾਹੀ।

ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
ਜੋ ਸੁਆਮੀ ਦੇ ਗੋਲੇ ਦੇ ਗੁਮਾਸ਼ਤੇ ਥੀ ਵੰਞਦੇ ਹਨ, ਉਨ੍ਹਾਂ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ।

ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥
ਜਿਹੜੇ, ਗੁਰਾਂ ਦੇ ਉਪਦੇਸ਼ ਤਾਬੇ, ਤੇਰੀ ਸਿਫ਼ਤ-ਸਲਾਹ ਉਚਾਰਨ ਕਰਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਚਿਹਰੇ ਉਤੇ ਚੰਗੇ ਨਸੀਬ ਹੀ ਨਹੀਂ, ਸਗੋਂ ਬਹੁਤ ਚੰਗੇ ਨਸੀਬ ਲਿਖੇ ਹੋਏ ਹਨ। ਠਹਿਰਾਉ।

ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
ਸੁਆਮੀ ਮਾਲਕ ਦੇ ਨਾਮ ਨਾਲ ਬਿਰਤੀ ਜੋੜਨ ਦੁਆਰਾ ਮੋਹਨੀ ਮਾਇਆ ਦੇ ਜੂੜ ਅਤੇ ਜਾਲ ਕੱਟੇ ਜਾਂਦੇ ਹਨ।

ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥
ਫਰੇਫਤਾ ਕਰਨਹਾਰ (ਮੋਹ ਲੈਣ ਵਾਲੇ) ਗੁਰੂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ। ਉਸ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ।

ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
ਸਾਰੀ ਅਨ੍ਹੇਰੀ ਰਾਤ ਮੈਂ ਸੁੱਤੀ ਹੀ ਰਹੀ। ਗੁਰਾਂ ਦੀ ਛਿਨ ਮਾਤ੍ਰ ਦਇਆ ਦੁਆਰਾ ਮੈਂ ਜਾਗ ਉਠੀ।

ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
ਹੇ ਗੋਲੇ ਨਾਨਕ ਦੇ ਸੁਨੱਖੇ ਸੁਆਮੀ ਮਾਲਕ, ਮੈਨੂੰ ਤੇਰੇ ਬਰਾਬਰ ਦਾ ਕੋਈ ਵੀ ਮਲੂਮ ਨਹੀਂ ਹੁੰਦਾ।

ਦੇਵਗੰਧਾਰੀ ॥
ਦੇਵ ਗੰਧਾਰੀ।

ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥
ਮੈਨੂੰ ਦੱਸ, ਕਿ ਕਿਹੜੇ ਕੂਚੇ ਵਿੱਚ ਮੈਨੂੰ ਮੇਰਾ ਸੋਹਣਾ ਸੁਆਮੀ ਮਿਲੂਗਾ?

ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥
ਹੇ ਵਾਹਿਗੁਰੂ ਦੇ ਸੰਤੋ! ਮੈਨੂੰ ਰਸਤਾ ਦਿਖਾਓਂ, ਜਿਸ ਮਗਰ ਮੈਂ ਤੁਰੀ ਜਾਵਾਂ। ਠਹਿਰਾਉ।

ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥
ਮੇਰੇ ਪ੍ਰੀਤਮ ਦੇ ਬਚਨ ਬਿਲਾਸ ਮੈਂਡੇ ਮਨ ਨੂੰ ਚੰਗੇ ਲੱਗਦੇ ਹਨ। ਸ੍ਰੇਸ਼ਟ ਹੈ ਇਹ ਰੀਤ, ਜੋ ਕਾਇਮ ਹੋ ਗਈ ਹੈ।

ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥
ਕੁੱਬੀ ਅਤੇ ਨਿਕੜੀ ਜਿਹੀ ਹੋਣ ਦੇ ਬਾਵਜੂਦ, ਜੇਕਰ ਉਹ ਆਪਣੇ ਸਾਹਿਬ ਨੂੰ ਚੰਗੀ ਲੱਗਦੀ ਹੈ ਤਾਂ ਉਹ ਸੁਹਣੀ ਹੋ ਜਾਂਦੀ ਹੈ ਅਤੇ ਮੋਮ ਹੋ ਕੇ ਮਾਲਕ ਨੂੰ ਮਿਲ ਪੈਂਦੀ ਹੈ।

ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥
ਪ੍ਰੀਤਮ ਕੇਵਲ ਇਕੋ ਹੀ ਹੈ ਅਤੇ ਸਾਰੀਆਂ ਪ੍ਰੀਤਮ ਦੀਆਂ ਪਤਨੀਆਂ ਹਨ, ਜਿਹੜੀ ਪਤੀ ਨੂੰ ਚੰਗੀ ਲੱਗਦੀ ਹੈ, ਉਹੀ ਸ੍ਰੇਸ਼ਟ ਹੈ।

ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥
ਨਿਮਾਣਾ ਅਤੇ ਨਿਰਬਲ ਨਾਨਕ ਕੀ ਕਰ ਸਕਦਾ ਹੈ? ਉਹ ਉਸ ਰਸਤੇ ਟੁਰਦਾ ਹੈ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।

ਦੇਵਗੰਧਾਰੀ ॥
ਦੇਵ ਗੰਧਾਰੀ।

ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।

ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥
ਗੁਰੂ-ਪਿਆਰੀ ਪੋਸਤ ਦੇ ਫੁੱਲ ਵਾਂਙੂੰ ਲਾਲ ਰੰਗਤ ਨਾਲ ਰੰਗੀਜੀ ਹੋਈ ਹੈ ਅਤੇ ਉਸ ਦਾ ਚੋਗਾ ਆਪਣੇ ਸੁਆਮੀ ਦੀ ਪ੍ਰੀਤ ਨਾਲ ਤਰੋ-ਤਰ ਹੋਇਆ ਹੋਇਆ ਹੈ। ਠਹਿਰਾਉ।

ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥
ਉਸ ਪਿਆਰੇ ਵਾਹਿਗੁਰੂ ਦੇ ਲਈ ਮੈਂ ਪਗਲੀ ਦੀ ਮਾਨੰਦ ਹੈਰਾਨ ਪ੍ਰੇਸ਼ਾਨ ਹੋ ਭੌਂਦੀ ਫਿਰਦੀ ਹਾਂ।

ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥
ਜਿਹੜਾ ਕੋਈ ਭੀ ਮੈਨੂੰ ਮੇਰੇ ਸਨੇਹੀ ਦਿਲਜਾਨੀ ਨਾਲ ਮਿਲਾ ਦੇਵੇ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ ਹਾਂ।

ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥
ਮੈਂ ਆਪਣੇ ਬਲਵਾਨ ਸੱਚੇ ਗੁਰਾਂ ਨੂੰ ਪ੍ਰਸੰਨ ਕਰਦਾ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰ ਕੇ, ਖੁਸ਼ੀ ਵਿੱਚ ਝੂਮਦਾ ਹਾਂ।

ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥
ਗੁਰੂ ਦੀ ਮਿਹਰਵਾਨੀ ਰਾਹੀਂ ਗੋਲੇ ਨਾਨਕ ਨੇ ਆਪਣੀ ਸਰੀਰ ਨੂੰ ਖੋਜ ਕੇ ਵਾਹਿਗੁਰੂ ਨੂੰ ਲੱਭ ਕੇ ਪ੍ਰਾਪਤ ਕਰ ਲਿਆ ਹੈ।

ਦੇਵਗੰਧਾਰੀ ॥
ਦੇਵ ਗੰਧਾਰੀ।

ਅਬ ਹਮ ਚਲੀ ਠਾਕੁਰ ਪਹਿ ਹਾਰਿ ॥
ਮੈਂ ਹੁਣ ਹਾਰ ਹੁੱਟ ਕੇ ਆਪਣੇ ਮਾਲਕ ਕੋਲ ਆ ਗਈ ਹਾਂ।

ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
ਹੁਣ ਜਦ ਮੈਂ ਤੇਰੀ ਪਨਾਹ ਲੈ ਲਈ ਹੈ, ਹੇ ਮੇਰੇ ਸੁਆਮੀ ਮਾਲਕ! ਤੂੰ ਚਾਹੇ ਮੈਨੂੰ ਮਾਰ, ਚਾਹੇ ਰੱਖ। ਠਹਿਰਾਉ।

copyright GurbaniShare.com all right reserved. Email