ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥
ਮੈਂ, ਠੱਗੀ ਹੋਈ ਪਤਨੀ ਸੰਸਾਰੀ ਕੰਮਾਂ-ਕਾਜਾਂ ਮਗਰ ਭੱਜੀ ਫਿਰਦੀ ਹਾਂ। ਮੈਂ ਕੰਤ-ਵਿਹੂਣੇ ਵਹੁਟੀ ਵਾਲੇ ਮੰਦੇ ਅਮਲ ਕਮਾਉਂਦੀ ਹਾਂ ਤੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ। ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥ ਹਰ ਗ੍ਰਹਿ ਵਿੱਚ (ਪ੍ਰਮੇਸ਼ਰ) ਪਤੀ, ਦੀਆਂ ਪਤਨੀਆਂ ਹਨ। ਸੱਚੀਆਂ ਪਤਨੀਆਂ ਆਪਣੇ ਸੁੰਦਰ ਪਤੀ ਨਾਲ ਪ੍ਰੇਮ ਤੇ ਮੁਹੱਬਤ ਕਰਦੀਆਂ ਹਨ। ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥ ਮੈਂ ਆਪਣੇ ਸੱਚੇ ਪਤੀ ਦਾ ਜੱਸ ਗਾਇਨ ਕਰਦੀ ਹਾਂ ਅਤੇ ਪਤੀ ਦੇ ਨਾਮ ਰਾਹੀਂ ਹੀ ਮੈਂ ਪ੍ਰਫੁਲਤ ਹੁੰਦੀ ਹਾਂ। ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥ ਗੁਰਾਂ ਨੂੰ ਮਿਲਣ ਨਾਲ ਪਤਨੀ ਦੀ ਪੁਸ਼ਾਕ ਬਦਲ ਜਾਂਦੀ ਹੈ ਤੇ ਉਹ ਸੱਚ ਨਾਲ ਆਪਣੇ ਆਪ ਨੂੰ ਸਸ਼ੋਭਤ ਕਰਦੀ ਹੈ। ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥ ਮੇਰੀਓ ਸਖੀਓ, ਮੈਨੂੰ ਆ ਕੇ ਮਿਲ, ਆਓ ਆਪਾਂ ਕਰਤਾਰ ਦਾ ਆਰਾਧਨ ਕਰੀਏ। ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥ ਨਾਮ ਦੇ ਰਾਹੀਂ ਵਹੁਟੀ ਆਪਣੇ ਮਾਲਕ ਦੀ ਪਿਆਰੀ ਥੀ ਵੰਞਦੀ ਹੈ ਅਤੇ ਸੱਚਾ ਨਾਮ ਉਸ ਨੂੰ ਸਸ਼ੋਭਤ ਕਰਨ ਵਾਲਾ ਹੈ। ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥ ਇਸ ਲਈ ਵਿਛੋੜੇ ਦੇ ਕੀਰਨੇ ਨਾਂ ਗਾਓ, ਹੇ ਨਾਨਕ! ਸਗੋਂ ਤੁਸੀਂ ਸੁਆਮੀ ਦੇ ਨਾਮ ਦਾ ਸਿਮਰਨ ਕਰੋ। ਵਡਹੰਸੁ ਮਹਲਾ ੧ ॥ ਵਡਹੰਸ ਪਹਿਲੀ ਪਾਤਸ਼ਾਹੀ। ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ ਜੋ ਸੰਸਾਰ ਨੂੰ ਸਾਜਦਾ ਹੈ ਅਤੇ ਮਿਸਮਾਰ ਕਰਦਾ ਹੈ, ਕੇਵਲ ਉਹ ਸੁਆਮੀ ਹੀ ਆਪਣੀ ਅਪਾਰ ਸ਼ਕਤੀ ਨੂੰ ਜਾਣਦਾ ਹੈ। ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ ਸਤਿਪੁਰਖ ਦੀ ਦੁਰੇਡੇ ਖੋਜ-ਭਾਲ ਨਾਂ ਕਰ, ਤੂੰ ਸੁਆਮੀ ਨੂੰ ਹਰ ਦਿਲ ਅੰਦਰ ਸਿਞਾਣ। ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ ਤੂੰ ਸੱਚੇ ਸੁਆਮੀ ਨੂੰ ਸਮਝ ਅਤੇ ਉਸ ਨੂੰ ਦੁਰੇਡੇ ਖਿਆਲ ਨਾਂ ਕਰ, ਜਿਸ ਨੇ ਇਹ ਸੰਸਾਰ ਸਾਜਿਆ ਹੈ। ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥ ਜਦ ਇਨਸਾਨ ਨਾਮ ਦਾ ਚਿੰਤਨ ਕਰਦਾ ਹੈ, ਤਦ ਉਹ ਆਰਾਮ ਪਾਉਂਦਾ ਹੈ। ਨਾਮ ਦੇ ਬਾਝੋਂ ਉਹ ਹਾਰ ਜਾਣ ਵਾਲੀ ਖੇਡ ਖੇਡਦਾ ਹੈ। ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥ ਜੋ ਸ੍ਰਿਸ਼ਟੀ ਨੂੰ ਅਸਥਾਪਨ ਕਰਦਾ ਹੈ ਓਹੀ ਇਸ ਨੂੰ ਸਹਾਰਾ ਦੇਣ ਦਾ ਰਸਤਾ ਜਾਣਦਾ ਹੈ। ਕੋਈ ਕੀ ਆਖ ਤੇ ਬਿਆਨ ਕਰ ਸਕਦਾ ਹੈ? ਜਿਨਿ ਜਗੁ ਥਾਪਿ ਵਤਾਇਆ ਜਾਲੋੁ ਸੋ ਸਾਹਿਬੁ ਪਰਵਾਣੋ ॥੧॥ ਜਿਸ ਨੇ ਸੰਸਾਰ ਸਾਜਿਆ ਹੈ, ਤੇ ਇਸ ਉਤੇ ਮਾਇਆ ਫੰਧਾ ਪਾਇਆ ਹੈ, ਉਸ ਨੂੰ ਆਪਣਾ ਮਾਲਕ ਸਵੀਕਾਰ ਕਰ। ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥ ਹੇ ਪਿਤਾ! ਏਥੇ ਆ ਕੇ, ਬੰਦੇ ਨੇ ਟੁਰ ਜਾਣਾ ਹੈ। ਇਹ ਜਗਤ ਇਕ ਨਿਰਾ ਅੱਧ-ਵਾਟੇ ਦਾ ਪੜਾ ਹੀ ਹੈ। ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥ ਉਨ੍ਹਾਂ ਦਾ ਪੂਰਬਲੇ ਕਰਮਾ ਦਾ ਖਿਆਲ ਕਰ ਕੇ ਸੱਚਾ ਸਾਈਂ ਸਾਰਿਆਂ ਬੰਦਿਆਂ ਦੇ ਮੱਥੇ ਤੇ ਗਮੀ ਤੇ ਖੁਸ਼ੀ ਲਿਖ ਦਿੰਦਾ ਹੈ। ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥ ਕੀਤੇ ਹੋਏ ਅਮਲਾਂ ਦੇ ਅਨੁਸਾਰ ਸੁਆਮੀ ਤਕਲੀਫ ਤੇ ਆਰਾਮ ਦਿੰਦਾ ਹੈ ਤੇ ਉਹ ਆਤਮਾ ਦੇ ਨਾਲ ਰਹਿੰਦੇ ਹਨ। ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥ ਪ੍ਰਾਣੀ ਐਹੋ ਜੇਹੇ ਕੰਮ-ਕਾਜ ਕਰਦਾ ਹੈ, ਜੇਹੋ ਜਿਹੇ ਸਿਰਜਣਹਾਰ ਉਸ ਪਾਸੋਂ ਕਰਵਾਉਂਦਾ ਹੈ। ਉਹ ਕਿਸੇ ਹੋਰਸ ਕੰਮ ਦੀ ਤਲਾਸ਼ ਹੀ ਨਹੀਂ ਕਰਦਾ। ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥ ਖੁਦ ਪ੍ਰਭੂ ਨਿਰਲੇਪ ਹੈ, ਮਗਰ ਸੰਸਾਰ ਪੁਆੜਿਆਂ ਅੰਦਰ ਫਾਬਾ ਹੋਇਆ ਹੈ। ਆਪਣੀ ਰਜਾ ਦੁਆਰਾ ਉਹ ਇਸ ਨੂੰ ਬੰਦ-ਖਲਾਸ ਕਰ ਦਿੰਦਾ ਹੈ। ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥ ਦਵੈਤ-ਭਾਵ ਨਾਲ ਜੁੜਿਆ ਹੋਇਆ ਉਹ ਪਾਪ ਕਰਦਾ ਹੈ। ਸੁਆਮੀ ਦੇ ਸਿਮਰਨ ਨੂੰ ਅੱਜ-ਆਥਣ ਜਾਂ ਕਲ੍ਹ ਤਾਂਈਂ ਮੁਲਤਵੀ ਕਰਦੇ ਕਰਦੇ ਉਸ ਨੂੰ ਮੌਤ ਆ ਪਕੜਦੀ ਹੈ। ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥ ਮੌਤ ਦਾ ਰਸਤਾ, ਸੁੰਨਸਾਨ ਤੇ ਪਰਮ ਕਾਲਾ-ਬੋਲਾ ਹੈ ਅਤੇ ਰਾਹ ਦਿਸ ਨਹੀਂ ਸਕਦਾ। ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥ ਨਾਂ ਪਾਣੀ, ਰਜ਼ਾਈ ਤੇ ਗਦੇਲਾ ਤੇ ਨਾਂ ਹੀ ਰੰਗ ਬਰੰਗੇ ਖਾਣ ਉਥੇ ਮਿਲਦੇ ਹਨ। ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥ ਉਥੇ ਪ੍ਰਾਣੀ ਨੂੰ ਨਾਂ ਹੀ ਖੁਰਾਕ, ਪਿਆਰ ਦੇ ਸੀਤਲ ਜੱਲ ਮਿਲਦਾ ਹੈ ਤੇ ਨਾਂ ਹੀ ਖੁਸ਼ਨਮਾ ਪੁਸ਼ਾਕ ਮਿਲਦੀ ਹੈ। ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥ ਉਸ ਦੀ ਗਰਦਨ ਜ਼ੰਗੀਰ ਨਾਲ ਜਕੜੀ ਜਾਂਦੀ ਹੈ, ਜਮਦੂਤ ਸਿਰ ਉਤੇ ਖੜੋਤਾ ਉਸ ਨੂੰ ਮਾਰਦਾ ਹੈ ਅਤੇ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ (ਆਪਣੇ ਗ੍ਰਹਿ ਦਾ ਬੂਹਾ ਨਹੀਂ ਦਿਸਦਾ)। ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥ ਇਸ ਰਸਤੇ ਦੇ ਬੀਜੇ ਹੋਏ ਦਾਣੇ ਜੰਮਦੇ ਨਹੀਂ ਅਤੇ ਪਾਪਾਂ ਦਾ ਬੋਝ ਆਪਣੇ ਸਿਰ ਉਤੇ ਲਈ ਜਾਂਦਾ ਅਫਸੋਸ ਕਰਦਾ ਹੈ। ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥ ਸੱਚੇ ਸੁਆਮੀ ਦੇ ਬਾਝੋਂ ਇਨਸਾਨ ਦਾ ਕੋਈ ਭੀ ਮਿੱਤਰ ਨਹੀਂ ਕੇਵਲ ਇਹੀ ਸੱਚੀ ਸੋਚ ਵਿਚਾਰ ਹੈ। ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥ ਹੇ ਪਿਤਾ! ਅਸਲ ਵਿੱਚ (ਵੈਰਾਗਮਈ ਹੋ) ਕੇਵਲ ਉਹੀ ਰੌਦੇ ਤੇ ਵਿਰਲਾਪ ਕਰਦੇ ਜਾਣੇ ਜਾਂਦੇ ਹਨ, ਜੋ ਇਕੱਤਰ ਹੋ ਕੇ, ਸਾਹਿਬ ਦੀ ਕੀਰਤੀ ਉਚਾਰਨ ਕਰਦੇ ਹੋਏ ਹੰਝੂ ਕੇਰਦੇ ਹਨ। ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥ ਧਨ-ਦੌਲਤ ਦੇ ਠੱਗੇ ਹੋਏ ਅਤੇ ਆਪਣੇ ਸੰਸਾਰੀ ਕੰਮਾਂ ਦੀ ਖਾਤਿਰ ਰੋਣ ਵਾਲੇ ਰੋਂਦੇ ਹਨ। ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥ ਸੁਫਨੇ ਵਰਗੇ ਜਗਤ ਅੰਦਰ ਉਹ ਸੰਸਾਰੀ ਕੰਮਾਂ ਦੇ ਵਾਸਤੇ ਰੋਂਦੇ ਹਨ ਅਤੇ ਆਪਣੀ ਪਾਪ-ਮੈਲ ਨੂੰ ਨਹੀਂ ਧੋਂਦੇ। ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥ ਜਿਸ ਤਰ੍ਹਾਂ ਮਦਾਰੀ ਸੰਦੇਹ ਭਰੀ ਖੇਡ ਅੰਦਰ ਭੁੱਲ ਜਾਂਦਾ ਹੈ, ਏਸੇ ਤਰ੍ਹਾਂ ਹੀ ਆਦਮੀ ਕੂੜ ਤੇ ਕਪਟ ਦੇ ਹੰਕਾਰ ਵਿੱਚ ਗ੍ਰਹਸਤ ਹੈ। ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥ ਸੁਆਮੀ ਖੁਦ ਰਸਤਾ ਦਿਖਾਉਣ ਵਾਲਾ ਹੈ ਤੇ ਖੁਦ ਹੀ ਕੰਮਾਂ ਦੇ ਕਰਨ ਵਾਲਾ। ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥ ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੁਰਨ ਗੁਰਦੇਵ ਜੀ ਸੁਭਾਵਕ ਹੀ ਰੱਖਿਆ ਕਰਦੇ ਹਨ। ਵਡਹੰਸੁ ਮਹਲਾ ੧ ॥ ਵਡਹੰਸ ਪਹਿਲੀ ਪਾਤਿਸ਼ਾਹੀ। ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ ਹੇ ਮਿੱਤ੍ਰ, ਜੋ ਕੋਈ ਭੀ ਏਥੇ ਆਇਆ ਹੈ, ਨਿਸਚਿਤ ਹੀ ਉਹ ਉਠ ਕੇ ਟੁਰ ਜਾਵੇਗਾ, ਇਹ ਜਗਤ ਨਿਰਾ ਕੂੜਾ ਦਿਖਾਵਾ ਹੈ। ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥ ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਇਨਸਾਨ ਸੱਚਾ ਧਾਮ ਪਾ ਲੈਂਦਾ ਹੈ ਤੇ ਸਤਿਵਾਦੀ ਹੋਣ ਨਾਲ ਅਸਲੀਂ ਸਚਾਈ। ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥ ਝੂਠ ਤੇ ਲਾਲਚ ਦੇ ਰਾਹੀਂ ਜਦ ਬੰਦਾ ਏਥੇ ਕਬੂਲ ਨਹੀਂ ਪੈਂਦਾ ਤਾਂ ਉਸ ਨੂੰ ਪ੍ਰਲੋਕ ਵਿੱਚ ਭੀ ਪਨਾਹ ਨਹੀਂ ਮਿਲਦੀ। ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥ ਉਸ ਨੂੰ ਕੋਈ ਨਹੀਂ ਆਖਦਾ, "ਅੰਦਰ ਆ ਕੇ ਬੈਠ ਜਾਓ ਜੀ" ਉਹ ਉਜੜੇ ਮਕਾਨ ਵਿੱਚ ਕਾਂ ਦੀ ਨਿਆਈ ਹੈ। ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥ ਜੰਮਣ ਤੇ ਮਰਨ ਦੇ ਚੱਕਰ ਵਿੱਚ ਫਸ ਕੇ ਪ੍ਰਾਣੀ ਮਾਲਕ ਤੋਂ ਵੱਡੇ ਸਮਨੂੰ ਲਈ ਵਿਛੜ ਜਾਂਦਾ ਹੈ। ਇਸ ਤਰ੍ਹਾਂ ਸਾਰਾ ਸੰਸਾਰ ਤਬਾਹ ਹੋ ਰਿਹਾ ਹੈ। ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥ ਲਾਲਚ, ਸੰਸਾਰੀ ਪੁਆੜਿਆਂ ਅਤੇ ਧਨ-ਦੌਲਤ ਨੇ ਸੰਸਾਰ ਨੂੰ ਛਲਿਆ ਹੋਇਆ ਹੈ। ਸਿਰ ਤੇ ਖਲੋਤੀ ਹੋਈ ਮੌਤ, ਇਸ ਨੂੰ ਰੁਆ ਰਹੀ ਹੈ। copyright GurbaniShare.com all right reserved. Email |